ਭਗਤ ਕਬੀਰ ਜੀ ਦੇ ਇਤਿਹਾਸ ਤੇ ਸੰਖੇਪ ਝਾਤ

ਭਗਤ ਕਬੀਰ ਜੀ ਦੇ ਇਤਿਹਾਸ ਤੇ ਸੰਖੇਪ ਝਾਤ ਮਾਰੀਏ ਜੀ ।
ਕਬੀਰ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ ਜਿਸ ਦਾ ਅਰਥ ਹੈ ਵੱਡਾ ਜਾ ਮਹਾਨ । ਭਗਤ ਕਬੀਰ ਦਾ ਸਿੱਖ ਧਰਮ ਤੇ ਡੂੰਘਾ ਪ੍ਰਭਾਵ ਹੈ। ਕਬੀਰ ਜੀ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅੱਗੇ ਲਿਜਾ ਰਿਹਾ ਹੈ। ਇਹ ਪੰਥ ਇੱਕ ਧਾਰਮਿਕ ਪੰਥ ਹੈ ਜਿਸ ਦੇ (1901 ਦੀ ਜਨਗਣਨਾ ਮੁਤਾਬਕ) 843,171 ਅਨੁਆਯੀ ਕਬੀਰ ਨੂੰ ਆਪਣਾ ਬਾਨੀ ਮੰਨਦੇ ਹਨ। ਇਹ ਸੰਤ ਮਤ ਪੰਥਾਂ ਵਿਚੋਂ ਇੱਕ ਹੈ ਅਤੇ ਇਸ ਦੇ ਅਨੁਆਈ ਉਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ। ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ।
ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦੇ ਜਨਮ ਸੰਬੰਧੀ ਵੱਖ ਵੱਖ ਸਾਖੀਆਂ ਪ੍ਰਚਲਿਤ ਹਨ। ਕੁਝ ਇਤਿਹਾਸਕਾਰ ਉਨ੍ਹਾਂ ਦਾ ਜਨਮ 1440 ਵਿੱਚ ਲਾਹੌਰ, ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ, ਵਿਖੇ ਹੋਇਆ ਮੰਨਿਆ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਦਾ ਲਿਖਿਆ ‘ਮਹਾਂਨ ਕੋਸ਼’ ਅਨੁਸਾਰ ਭਗਤ ਕਬੀਰ ਜੀ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਸੰਮਤ 1455 (1398 ਈਸਵੀ)ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਲਗਪਗ 71 ਸਾਲ ਪਹਿਲਾਂ ਹੋਇਆ। ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ; ਜਿਸ ’ਤੇ ਤਰਸ ਖਾ ਕੇ ਅਲੀ (ਨੀਰੂ) ਜੁਲਾਹੇ ਜਿਸਦੀ ਆਪਣੀ ਔਲਾਦ ਨਹੀਂ ਸੀ ਨੇ ਲਿਆ ਕੇ ਆਪਣੀ ਪਤਨੀ ਨੀਮਾ ਦੇ ਹਵਾਲੇ ਕਰ ਦਿਤਾ ,ਜਿਸ ਨੇ ਬਚੇ ਨੂੰ ਆਪਣਾ ਪੁੱਤਰ ਸਮਝ ਨੇ ਪਾਲਣਾ ਕੀਤੀ । ਮੋਲਵੀ ਨੂੰ ਘਰ ਬੁਲਾ ਕੇ ਇਨ੍ਹਾ ਦਾ ਕਬੀਰ ਰਖ ਦਿਤਾ ਮਾਤਾ ਪਿਤਾ ਨੇ ਉਨ੍ਹਾਂ ਨੂੰ ਇਸਲਾਮ ਦੀ ਸਿੱਖਿਆ ਦਿੱਤੀ, ਪਰ ਕਬੀਰ ਜੀ ਦਾ ਸੁਭਾਵਕ ਝੁਕਾਅ ਹਿੰਦੂ ਮਤ ਵੱਲ ਸੀ।
ਵਡੇ ਹੋਣ ਤੇ ਉਨ੍ਹਾ ਦਾ ਵਿਆਹ ‘ਬੀਬੀ ਲੋਈ’ ਨਾਲ ਹੋ ਗਿਆ , ਜਿਸ ਤੋਂ ਇਕ ਪੁੱਤਰ ‘ਕਮਾਲ’ ਤੇ ਇਕ ਧੀ ‘ਕਮਾਲੀ’ ਪੈਦਾ ਹੋਈ । ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸ਼ਨਵ ਮਤ ਧਾਰਣ ਕੀਤਾ। ਕਾਸ਼ੀ ਵਿਦਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧੀ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵੱਡੇ ਨਿਪੁੰਨ ਹੋ ਗਏ। ਬਹੁਤ ਚਿਰ ਪੂਰਨ ਗਿਆਨੀਆਂ ਦੀ ਸੰਗਤ ਕਰਕੇ ਆਪ ਤੱਤ ਗਿਆਨੀ ਹੋ ਗਏ ।
ਜਦ ਸਿਕੰਦਰ ਲੋਧੀ ਸੰਮਤ 1547 ਵਿੱਚ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮੁਤੱਸਵੀ ਮੁਸਲਮਾਨਾਂ ਦੀ ਤੰਗ ਦ੍ਰਿਸ਼ਟੀ ਕਰਕੇ ਬਹੁਤ ਕਸ਼ਟ ਦਿੱਤੇ ਗਏ, ਜਿਸ ਦਾ ਜ਼ਿਕਰ ਕਬੀਰ ਜੀ ਨੇ ਗੋਂਡ ਰਾਗੁ ਵਿੱਚ ਉਚਾਰਨ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 870 ਉੱਪਰ ਦਰਜ ਸ਼ਬਦ ਵਿੱਚ ਇਸ ਤਰ੍ਹਾਂ ਕੀਤਾ ਹੈ:
‘‘ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥ ਹਸਤਿ ਭਾਗਿ ਕੈ ਚੀਸਾ ਮਾਰੈ ॥ ਇਆ ਮੂਰਤਿ ਕੈ ਹਉ ਬਲਿਹਾਰੈ॥’’
ਭਾਵ ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਨੇ ਹਾਥੀ ਅੱਗੇ) ਸੁੱਟ ਦਿੱਤਾ, (ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਕੁੰਡੀ ਦੀ ਚੋਟ) ਮਾਰੀ। ਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੀ ਬਜਾਏ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ, (ਜਿਵੇਂ ਆਖਦਾ ਹੋਵੇ ਕਿ) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ। ਪਰ ਅੰਤ ਉਸ ਰਾਜੇ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ।
ਪੁਜਾਰੀ ਵਰਗ ਵੱਲੋਂ ਪ੍ਰਚਲਿਤ ਕੀਤੀ ਇਸ ਗ਼ਲਤ ਮਨੌਤ ਕਿ ‘ਕਾਸ਼ੀ ਵਿੱਚ ਮਰਨ ਵਾਲੇ ਨੂੰ ਮੁਕਤੀ ਮਿਲਦੀ ਹੈ ਅਤੇ ਮਗਹਰ ਮਰਨ ਵਾਲੇ ਦੀ ਗਤਿ ਨਹੀਂ ਹੁੰਦੀ’ ਦਾ ਖੰਡਨ ਕਰਨ ਲਈ ਕਬੀਰ ਸਾਹਿਬ ਜੀ ਆਪਣੇ ਦੇਹਾਂਤ ਤੋਂ ਕੁਛ ਸਮਾਂ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵੱਲ 15 ਮੀਲ ਦੀ ਦੂਰੀ ’ਤੇ ਹੈ) ਜਾ ਕੇ ਵੱਸ ਗਏ।
ਭਗਤੀ ਸੰਪਰਦਾਇ ਦੇ ਸੰਤ ਕਵੀਆਂ ਵਿੱਚ ਕਬੀਰ ਦਾ ਪ੍ਰਮੁੱਖ ਸਥਾਨ ਹੈ। ਡਾ: ਰਤਨ ਸਿੰਘ ਜੱਗੀ ਅਨੁਸਾਰ ਕਬੀਰ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਦੱਸਿਆ ਹੈ। ਕਿ ਪ੍ਰਭੂ ਦਾ ਸਿਮਰਨ ਮਨੁੱਖ ਲਈ ਬਹੁਤ ਜਰੂਰੀ ਹੈ। ਇਸ ਵਿੱਚ ਰੁਚੀ ਰੱਖਣ ਦੀ ਦਾਤ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ। ਉਚ ਕੋਟੀ ਦੇ ਭਗਤ ਹੋਣ ਦੇ ਬਾਵਜੂਦ ਵੀ ਉਹ ਬਹੁਤ ਨਿਮਰ ਸਨ ਤੇ ਆਪਣਾ ਸਭ ਕੁਝ ਬੜੀ ਨਿਮਰਤਾ ਸਹਿਤ ਪ੍ਰਭੂ ਦੇ ਚਰਨਾਂ ਵਿੱਚ ਅਰਪਿਤ ਕਰ ਦਿੰਦੇ ਸਨ ।
” ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਹੈ ਸੋ ਤੇਰਾ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ”॥
ਉਂਨੀਵੀਂ ਸਦੀ ਤੋਂ ਪਹਿਲਾਂ ਹਰ ਕਿਸੇ ਲਈ ਗੁਰੂ ਬਣਾਉਣਾ ਜਰੂਰੀ ਸੱਮਝਿਆ ਜਾਂਦਾ ਸੀ। ਜੋ ਗੁਰੂ ਨਾ ਧਾਰਣ ਕਰੇ ਉਹ ਨਿਗੁਰਾ ਹੁੰਦਾ ਅਤੇ ਉਸਦੇ ਹੱਥ ਤੋਂ ਕੋਈ ਦਾਨ ਨਹੀਂ ਸੀ ਲੈਂਦਾ, ਇਥੋਂ ਤਕ ਕੀ ਨਿਗੁਰੇ ਦੇ ਹੱਥਾਂ ਦਾ ਕੋਈ ਪਾਣੀ ਪੀਣਾ ਵੀ ਪਸੰਦ ਨਹੀਂ ਸੀ ਕਰਦਾ । ਕਬੀਰ ਜੀ ਰਾਮ ਸਿਮਰਨ ਵਿੱਚ ਤਾਂ ਲੱਗ ਗਏ ਪਰ ਹੁਣੇ ਤੱਕ ਉਨ੍ਹਾਂ ਨੇ ਕੋਈ ਗੁਰੂ ਨਹੀਂ ਸੀ ਧਾਰਣ ਕੀਤਾ। ਜਨਮ ਜਾਤੀ ਨੀਵੀਂ ਹੋਣ ਦੇ ਕਾਰਣ, ਬ੍ਰਹਮਣ ਜਾਂ ਪੰਡਤ ਕੋਈ ਵੀ ਉਨ੍ਹਾਂ ਨੂੰ ਆਪਣਾ ਚੇਲਾ ਨਹੀਂ ਸੀ ਬਣਾਉਂਦਾ ਆਪ ਖੁਦ ਹੀ ਬਾਣੀ ਉਚਾਰਦੇ ਅਤੇ ਭਜਨਾਂ ਦੇ ਰੂਪ ਸੜਕਾਂ ਤੇ ਬਜਾਰਾਂ ਵਿੱਚ ਗਾਉਂਦੇ ਰਹਿੰਦੇ ।
ਉਸ ਸਮੇਂ ਬਨਾਰਸ ਵਿੱਚ ਇਕ ਪ੍ਰਸਿੱਧ ਭਗਤ ਗੁਰੂ ਸਵਾਮੀ ਰਾਮਾਨੰਦ ਜੀ ਸਨ ਜਿਨ੍ਹਾ ਦੇ ਸੈਂਕੜੇ ਚੇਲੇ ਸਨ। । ਇਨ੍ਹਾਂ ਦੀ ਸ਼ੋਭਾ, ਭਗਤੀ ਅਤੇ ਵਿਦਿਅਵਤਾ ਬਨਾਰਸ ਦੇ ਬਾਹਰ ਵੀ ਸੁਗੰਧੀ ਦੀ ਤਰ੍ਹਾਂ ਬਿਖਰੀ ਹੋਈ ਸੀ। ਉਹ ਹਮੇਸ਼ਾ ਇੱਕ ਹੀ ਸ਼ਬਦ ਕਹਿੰਦੇ ਸਨ– “ਪੁੱਤਰ ਰਾਮ ਕਹੋ।” ਕਬੀਰ ਜੀ ਹੁਣ ਸਾਧੂ ਬਿਰਤੀ ਵਾਲੇ ਹੋ ਗਏ ਸਨ ਤੇ ਸਾਧੂਆਂ ਦੀ ਸੰਗਤ ਵਿਚ ਬੈਠਣ ਲਈ ਉਨ੍ਹਾ ਦਾ ਮਨ ਹਰ ਵਕਤ ਲੋਚਦਾ ਰਹਿੰਦਾ ਉਨ੍ਹਾ ਲਈ ਗੁਰੂ ਧਾਰਣ ਕਰਨਾ ਜਰੂਰੀ ਹੋ ਗਿਆ । ਉਹ ਰਾਤ ਦਿਨ ਗੁਰੂ ਨੂੰ ਤਲਾਸ਼ ਕਰਣ ਲੱਗੇ। ਉਹ ਕਈ ਭਗਤਾਂ ਦੇ ਕੋਲ ਅਤੇ ਸਾਧੂ ਮੰਡਲੀਆਂ ਵਿੱਚ ਗਏ ਪਰ ਕਿਸੇ ਨੇ ਉਨ੍ਹਾ ਨੂੰ ਨੀਵੀਂ ਜਾਤ ਹੋਣ ਕਰਕੇ ਆਪਣਾ ਚੇਲਾ ਬਣਾਉਣ ਲਈ ਹਾਂ ਨਹੀਂ ਕੀਤੀ। ਹਰ ਜਗਹ ਉਨ੍ਹਾ ਨੂੰ ਤ੍ਰਿਸਕਾਰ ਮਿਲਦਾ ਸੀ, ਗੁਰੂ ਦੀ ਚਰਨ ਛੋਹ ਲਈ ਤਰਸ ਗਏ ।
ਸਵਾਮੀ ਰਾਮਾਨੰਦ ਜੀ ਅਮ੍ਰਿਤ ਵੇਲੇ ,ਹਨੇਰੇ ਵਿਚ ਹੀ ਗੰਗਾ ਇਸ਼ਨਾਨ ਨੂੰ ਜਾਇਆ ਕਰਦੇ ਸਨ। ਕਬੀਰ ਜੀ ਦੇ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਉਹ ਉਸ ਰਸਤੇ ਉੱਤੇ ਲੇਟ ਜਾਇਆ ਕਰਣ ਜਿਸ ਰਸਤੇ ਉੱਤੇ ਸਵਾਮੀ ਰਾਮਾਨੰਦ ਜੀ ਜਾਂਦੇ ਹਨ ? ਕਦੇ ਨਾ ਕਦੇ ਹਨੇਰੇ ਵਿਚ ਜਰੂਰ ਉਨ੍ਹਾਂ ਦੇ ਚਰਣਾਂ ਦੀ ਛੋਹ ਪ੍ਰਾਪਤ ਹੋ ਜਾਵੇਗੀ। ਆਤਮਕ ਖੁਰਾਕ ਦੀ ਭਾਲ ਵਿਚ ਉਹ ਤੜਕੇ ਹੀ ਗੰਗਾ ਕੰਡੇ ਜਾਣ ਲੱਗੇ। ਉਹ ਜਾਕੇ ਗੰਗਾ ਦੀਆਂ ਪਉੜਿਆਂ ਉੱਤੇ ਲੇਟ ਜਾਂਦੇ । ਕਈ ਦਿਨ ਤੱਕ ਲੇਟਦੇ ਰਹੇ ਪਰ ਮੇਲ ਨਹੀਂ ਹੋਇਆ। ਧੀਰਜ, ਸੰਤੋਖ ਦੀ ਮਹਾਨ ਸ਼ਕਤੀ ਉਨ੍ਹਾ ਵਿਚ ਸੀ ਜਿਸ ਅਗੇ ਇਕ ਦਿਨ ਰੱਬ ਵੀ ਹਾਰ ਗਿਆ । ਇਕ ਦਿਨ ਰੱਬ ਨੇ ਸਵਾਮੀ ਰਾਮਾਨੰਦ ਜੀ ਦੇ ਚਰਣਾਂ ਨੂੰ ਉਸ ਵੱਲ ਮੋੜ ਦਿੱਤਾ ਜਿਸ ਵੱਲ ਕਬੀਰ ਜੀ ਲੇਟੇ ਹੋਏ ਸਨ। ਸਵਾਮੀ ਰਾਮਾਨੰਦ ਜੀ ਸਿਮਰਨ ਕਰਦੇ ਅਨਜਾਣੇ ਸੁਤੇ ਹੋਏ ਕਬੀਰ ਜੀ ਦੇ ਸ਼ਰੀਰ ਨਾਲ ਟਕਰਾਏ। ਸਵਾਮੀ ਜੀ ਨੇ ਬਚਨ ਕੀਤਾ: ਉੱਠੋ ਰਾਮ ਕਹੋ ! ਇਹ ਸੁਣਕੇ ਕਬੀਰ ਜੀ ਨੇ ਉਨ੍ਹਾਂ ਦੇ ਚਰਣਾਂ ਉੱਤੇ ਆਪਣਾ ਮੱਥਾ ਰੱਖ ਦਿੱਤਾ ਅਤੇ ਕੰਬਦੇ ਹੱਥਾਂ ਵਲੋਂ ਉਨ੍ਹਾਂ ਦੇ ਚਰਨ ਫੜ ਲਏ। ਸਵਾਮੀ ਜੀ ਨੇ ਝੁਕਕੇ ਉਨ੍ਹਾਂ ਨੂੰ ਕਿਹਾ: ਉੱਠੋ ਪੁੱਤਰ ਰਾਮ ਕਹੋ। ਸਵਾਮੀ ਜੀ ਅੱਗੇ ਚੱਲ ਪਏ ਅਤੇ ਉਨ੍ਹਾਂ ਦੇ ਪਿੱਛੇ–ਪਿੱਛੇ ਰਾਮ ਨਾਮ ਦਾ ਸਿਮਰਨ ਕਰਦੇ ਹੋਏ ਕਬੀਰ ਜੀ ਵੀ ਆਪਣੇ ਘਰ ਆ ਗਏ। ਉਸ ਦਿਨ ਤੋਂ ਜਿਵੇਂ ਲੋਹਾ ਪਾਰਸ ਨੂੰ ਛੂਹ ਕੇ ਕੰਚਨ ਬਣ ਜਾਂਦਾ ਹੈ ,ਕਬੀਰ ਜੀ ਦੇ ਚਿਹਰੇ ਉੱਤੇ ਇਕ ਅਲੋਲਿਕ ਨੂਰ ਛਾ ਗਿਆ ਅਜਿਹਾ ਨੂਰ ਜੋ ਤਪਦੇ ਹੋਏ ਦਿਲਾਂ ਨੂੰ ਸ਼ਾਂਤ ਕਰਣ ਵਾਲਾ, “ਮੂਰਦਿਆਂ” ਨੂੰ “ਜੀਵਨ ਦਾਨ” ਦੇਣ ਵਾਲਾ ਅਤੇ ਭਟਕੇ ਜੀਵਾਂ ਨੂੰ ਭਵ ਸਾਗਰ ਤੋਂ ਤਾਰਣ ਵਾਲਾ ਸੀ। ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿਚ ਇਸ ਘਟਨਾ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ
” ਕਬੀਰ ਪਕਰੀ ਟੇਕ ਰਾਮ ਦੀ ਤੁਰਕ ਰਹੇ ਪਚਿਹਾਈਂ ” ॥
ਹੋਇ ਬਿਰਕਤੁ ਬਨਾਰਸੀ ਰਹਿੰਦਾ ਰਾਮਾਨੰਦੁ ਗੁਸਾਈਂ ॥
ਅਮ੍ਰਿਤੁ ਵੇਲੇ ਉਠਿ ਕੈ ਜਾਂਦਾ ਗੰਗਾ ਨਾਹਵਣ ਤਾਈਂ ॥
ਅਗੇ ਹੈ ਏ ਜਾਇ ਕੈ ਲਂਮਾ ਪਿਆ ਕਬੀਰ ਤਿਥਾਈ ॥
ਪੈਰੀ ਟੁਂਬ ਉਠਾਲਿਆ ਬੋਲਹਨ ਰਾਮ ਸਿਖ ਸਮਝਾਈ ॥(ਵਾਰ 10)
ਸਾਧੂ, ਬ੍ਰਹਮਣਾ, ਜੋਗੀਆਂ, ਜਾਗੀਰਦਾਰਾਂ ਅਤੇ ਕਾਜੀਆਂ ਨੇ ਵੇਖਿਆ ਕਿ ਇੱਕ ਨੀਵੀਂ ਜਾਤਿ ਦਾ ਜੁਲਾਹੇ ਨੀਰਾਂ ਦਾ ਪੁੱਤਰ ਕਬੀਰ ਸਚਮੁੱਚ ਹੀ ਇਕ ਉਚੀ ਅਵਸਥਾ ਵਿਚ ਪਹੁੰਚ ਗਿਆ ਹੈ । ਕਾਸ਼ੀ ਦੀਆਂ ਗਲੀਆਂ, ਮੰਦਿਰ, ਆਸ਼ਰਮਾ ਦੇ ਅਗੇ , ਗੰਗਾ ਕੰਢੇ ,ਸਾਰਾ ਦਿਨ ਰਾਮ ਧੁਨ ਗਾਉਂਦਾ ਫਿਰਦਾ ਹੈ।ਕਬੀਰ ਦੀ ਚਰਚਾ ਘਰ ਘਰ ਵਿਚ ਹੋਣ ਲਗੀ, ਕਿਸੇ ਨੇ ਅੱਛਾ ਕਿਹਾ, ਕਿਸੇ ਨੇ ਬੁਰਾ, ਪਰ ਸਾਰਿਆਂ ਨੂੰ ਤੋਖਲਾ ਸੀ ਜਾਣਨ ਦਾ ਕਿ ਕਬੀਰ ਦਾ ਗੁਰੂ ਕੌਣ ਹੈ ? ਕਿਸ ਨੇ ਇਸ ਮਲੇਛ ਨੂੰ ਸਿੱਖਿਆ ਦਿੱਤੀ ਜਾਂ ਫਿਰ ਇਹ ਨਿਗੁਰਾ ਹੀ ਫਿਰ ਰਿਹਾ ਹੈ ? ਇਨ੍ਹਾਂ ਸਵਾਲਾਂ ਦਾ ਜਵਾਬ ਜਦ ਕਿਸੇ ਨੂੰ ਵੀ ਨਹੀਂ ਮਿਲਿਆ ਤਾਂ ਰਸਤੇ ਵਿੱਚ ਜਾਂਦੇ ਸਾਧੂਆਂ ਨੇ ਕਬੀਰ ਕੋਲੋਂ ਹੀ ਪੁਛ ਲਿਆ ਤਾਂ ਕਬੀਰ ਨੇ ਕਿਹਾ ਕਿ ਮੇਰਾ ਗੁਰੂ, ਸਵਾਮੀ ਰਾਮਾਨੰਦ ਗੋਸਾਂਈ। ਜਵਾਬ ਸੁਣਕੇ ਸਾਰੇ ਚੌਂਕ ਗਏ।
ਸਵਾਮੀ ਰਾਮਾਨੰਦ ਜੀ ਕਬੀਰ ਜੀ ਦੇ ਗੁਰੂ ਹਨ, ਇਹ ਗੱਲ ਪੂਰੀ ਕਾਸ਼ੀ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ। ਬਸ ਫਿਰ ਕੀ ਸੀ, ਕਈ ਜਾਤੀ ਦੇ ਹੰਕਾਰੀ ਸਵਾਮੀ ਜੀ ਦੇ ਕੋਲ ਗਏ ਅਤੇ ਬੋਲੇ: “ਮਹਾਰਾਜ ! ਇਹ ਤੁਸੀਂ ਕੀ ਕੀਤਾ ਇੱਕ ਨੀਵੀਂ ਜਾਤੀ ਵਾਲੇ ਜੁਲਾਹੇ ਕਬੀਰ ਨੂੰ ਧਰਮ- ਉਪਦੇਸ਼ ਦੇ ਦਿੱਤਾ ਹੈ”। ਸਵਾਮੀ ਜੀ ਇਹ ਸੁਣਕੇ ਸੋਚ ਵਿੱਚ ਪੈ ਗਏ ਕਿ ਉਨ੍ਹਾਂ ਨੇ ਕਦੋਂ ਕਬੀਰ ਜੀ ਨੂੰ ਉਪਦੇਸ਼ ਦਿੱਤਾ ਹੈ ,ਕੁੱਝ ਵੀ ਯਾਦ ਨਹੀਂ ਆਇਆ। ਉਹ ਬਹੁਤ ਦੀ ਪ੍ਰੇਮਮਈ ਬਾਣੀ ਵਿੱਚ ਬੋਲੇ: ਹੇ ਭਗਤੋ ! ਮੈਂ ਕਿਸੇ ਕਬੀਰ ਨੂੰ ਧਰਮ–ਉਪਦੇਸ਼ ਨਹੀਂ ਦਿੱਤਾ। ਪਤਾ ਨਹੀਂ ਭਗਵਾਨ ਦੀ ਮਾਇਆ ਕੀ ਹੈ ? ਮੇਰਾ ਰਾਮ ਹੀ ਜਾਣੇ ? ਸਾਧੂ ਕਰੋਧਵਾਨ ਹੋਕੇ ਬੋਲੇ: “ਮਹਾਰਾਜ” ! ਤਾਂ ਕੀ “ਕਬੀਰ” ਲੋਕਾਂ ਨੂੰ ਝੂਠ ਕਹਿ ਰਿਹਾ ਹੈ। ਸਵਾਮੀ ਰਾਮਾਨੰਦ ਜੀ ਨੇ ਕਿਆ ਕਿ ਤੁਸੀਂ ਕਬੀਰ ਨੂੰ ਇੱਥੇ ਲੈ ਆਓ, ਉਹ ਹੀ ਦੱਸੇਗਾ ਕੀ ਮਾਜਰਾ ਹੈ । ਕਬੀਰ ਜੀ ਨੂੰ ਜਦ ਪਤਾ ਲਗਾ ਕਿ ਗੁਰੂ ਜੀ ਮੈਨੂੰ ਸੱਦ ਰਹੇ ਹਨ ਤਾਂ ਬਹੁਤ ਹੀ ਖੁਸ਼ ਹੋਇਆ ਲੋਕ ਇਕੱਠੇ ਹੋ ਗਏ ਕਈ ਸਚ ਜਾਣਨ ਲਈ ਤੇ ਕਈ ਤਮਾਸ਼ਾ ਦੇਖਣ ਲਈ ।
ਸਾਧੂਆਂ ਨਾਲ ਸਵਾਮੀ ਜੀ ਦੇ ਆਸ਼ਰਮ ਵਿੱਚ ਕਬੀਰ ਜੀ…

ਵੀ ਪਹੁੰਚ ਗਏ। ਆਸ਼ਰਮ ਵਿੱਚ ਬਹੁਤ ਰੌਣਕ ਸੀ । ਸਾਰੇ ਚੇਲੇ ਅਤੇ ਸ਼ਹਿਰਵਾਸੀ ਇੱਕਠੇ ਹੋਏ ਸਨ। ਕਬੀਰ ਜੀ ਨੇ ਸਵਾਮੀ ਜੀ ਨੂੰ ਜਾਂਦੇ ਹੀ ਮੱਥਾ ਟੇਕਿਆ ਅਤੇ ਉਨ੍ਹਾਂ ਦੇ ਸਾਹਮਣੇ ਜਾਕੇ ਖੜੇ ਹੋ ਗਏ। ਸਵਾਮੀ ਰਾਮਾਨੰਦ ਜੀ ਨੇ ਕਬੀਰ ਜੀ ਤੋਂ ਪਹਿਲਾ ਸਵਾਲ ਕੀਤਾ “ਹੇ ਰਾਮ ਭਗਤ ! ਤੁਹਾਡਾ ਗੁਰੂ ਕੌਣ ਹੈ ? ਕਬੀਰ ਜੀ ਨੇ ਆਨੰਦ ਵਿਚ ਆਕੇ ਜਵਾਬ ਦਿੱਤਾ ਕਿ ਮੇਰੇ ਗੁਰੂ ! ਸਵਾਮੀ ਰਾਮਾਨੰਦ ਜੀ ਹਨ । ਇਹ ਸੁਣਕੇ ਸਾਰੇ ਹੈਰਾਨ ਹੋ ਗਏ। ਸਵਾਮੀ ਰਾਮਾਨੰਦ ਜੀ ਨੇ ਕਿਹਾ,” ਮੈਂ ਤਾਂ ਤੈਨੂੰ ਕਦੇ ਉਪਦੇਸ਼ ਨਹੀਂ ਦਿੱਤਾ। ਕਬੀਰ ਜੀ ਨੇ ਹੱਥ ਜੋੜਕੇ ਨਿਮਰਤਾ ਵਲੋਂ ਕਿਹਾ: ਗੁਰੂਦੇਵ ! ਇਹ ਠੀਕ ਹੈ ਕਿ ਤੁਸੀਂ ਮੈਨੂੰ ਚੇਲਿਆਂ ਵਿੱਚ ਬਿਠਾਕੇ ਭਾਵੇਂ ਉਪਦੇਸ਼ ਨਹੀਂ ਦਿੱਤਾ ਪਰ ਫਿਰ ਵੀ ਮੈਂ ਤੁਹਾਡਾ ਚੇਲਾ ਬਣ ਗਿਆ। ਰਾਮ ਜੀ ਨੇ ਸੰਜੋਗ ਲਿਖਿਆ ਸੀ।ਇਸਤੋਂ ਬਾਅਦ ਕਬੀਰ ਨੇ ਆਪਣੀ ਸਾਰੀ ਹੱਡ-ਬੀਤੀ ਸੁਣਾ ਦਿਤੀ ।
। ਕਬੀਰ ਜੀ ਦੀ ਹਡ-ਬੀਤੀ ਸੁਣ ਕੇ ਰਾਮਾ-ਨੰਦ ਜੀ ਵਿਸਮਾਦ ਵਿੱਚ ਗੁੰਮ ਹੋ ਗਏ। ਆਤਮਕ ਜੀਵਨ ਦੇ ਜਿਸ ਪੜਾਉ ਉੱਤੇ ਕਬੀਰ ਜੀ ਪਹੁੰਚੇ ਸਨ, ਰਾਮਾ ਨੰਦ ਜੀ ਨੂੰ ਸਮਝ ਆ ਗਈ। ਸਵਾਮੀ ਰਾਮਾਨੰਦ ਜੀ ਮਸਤ ਹੋਕੇ ਕਹਿਣ ਲੱਗੇ: ਕਬੀਰ ਮੇਰਾ ਪੁੱਤਰ ਹੈ ! “ਮੇਰਾ ਚੇਲਾ” ਹੈ ! ਇਸ ਵਿੱਚ ਅਤੇ ਰਾਮ ਵਿੱਚ ਕੋਈ ਭੇਦ ਨਹੀਂ, ਮੈਂ ਬਹੁਤ ਖੁਸ਼ ਹਾਂ ਕਬੀਰ ਵਰਗੇ ਚੇਲਿਆਂ ਨੂੰ ਪਾਕੇ। ਰਾਮਾ ਨੰਦ ਨੇ ਸਭ ਦੇ ਸਾਮਣੇ ਕਬੂਲ ਕੀਤਾ, । ਸਵਾਮੀ ਰਾਮਾਨੰਦ ਜੀ ਦੀ ਗੱਲ ਸੁਣਕੇ ਸਾਰੇ ਪੰਡਤ, ਸਾਧੂ ਅਤੇ ਪਿੰਡ ਦੇ ਚੌਧਰੀ ਛਟਪਟਾਏ ਤਾਂ ਸਹੀ ਪਰ ਕੁੱਝ ਕਰ ਨਹੀਂ ਸਕੇ, ਕਿਉਂਕਿ ਉਹ ਸਾਰੇ ਸਵਾਮੀ ਰਾਮਾਨੰਦ ਜੀ ਦੀ ਆਤਮਕ ਸ਼ਕਤੀ ਨੂੰ ਜਾਣਦੇ ਸਨ। ਸਵਾਮੀ ਰਾਮਾਨੰਦ ਜੀ ਨੇ ਕਬੀਰ ਜੀ ਨੂੰ ਕਿਹਾ: ਓ ਰਾਮ ਦੇ ਕਬੀਰੇ ! ਜਾਓ ਰਾਮ ਕਹੋ ! ਤੁਹਾਡਾ ਰਾਮ ਰਾਖਾ। ਕਬੀਰ ਜੀ ਇਤਨੇ ਖੁਸ਼ ਕਿ ਆਲੋਕਿਕ ਆਨੰਦ ਵਿਚ ਕੁਦਣ ਲੱਗ ਪਏ । ਉਨ੍ਹਾਂ ਨੇ ਸਵਾਮੀ ਜੀ ਦੇ ਚਰਣਾਂ ਵਿੱਚ ਮੱਥਾ ਟੇਕਿਆ।
ਪੁਜਾਰੀ ਵਰਗ ਦਾ ਮਾਨਨਾ ਸੀ ਕੀ ਮਗਹਰ ਵਿਚ ਰਹਿਣ ਵਾਲਿਆਂ ਦੀ ਮੁਕਤੀ ਨਹੀਂ ਹੁੰਦੀ ਜਿਸਦਾ ਖੰਡਣ ਕਰਨ ਲਈ ਤੇ ਲੋਕਾਂ ਨੂੰ ਇਨ੍ਹਾ ਵਹਿਮਾ ਭਰਮਾ ਵਿਚੋਂ ਕੱਢਣ ਲਈ ਉਨ੍ਹਾ ਨੇ ਆਪਣੇ ਆਖਰੀ ਸਮਾਂ ਕਾਸ਼ੀ ਛਡ ਕੇ ਮਗਹਰ ਗੁਜਾਰਿਆ ਜੈਸਾ ਮਗਹਰੁ, ਤੈਸੀ ਕਾਸੀ; ਹਮ ਏਕੈ ਕਰਿ ਜਾਨੀ ॥ ਹਮ ਨਿਰਧਨ ਜਿਉ ਇਹੁ ਧਨੁ ਪਾਇਆ; ਮਰਤੇ ਫੂਟਿ ਗੁਮਾਨੀ ॥3॥’’ (ਭਗਤ ਕਬੀਰ ਜੀ /ਪੰਨਾ 969) ਆਖਿਰ ਸੰਨ 1518 , ਮਘਹਰ ਵਿਚ ਹੀ ਉਹ ਪ੍ਰਲੋਕ ਸਿਧਾਰ ਗਏ ਕਈ ਇਤਿਹਾਸ ਕਰ ਇਨ੍ਹਾ ਦਾ ਅੰਤਕਾਲ 1448 ਈਸਵੀ ਦਸਦੇ ਹਨ ।
ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ ‘ਕਬੀਰ ਚੌਰਾ’ ਨਾਉਂ ਤੋਂ ਪ੍ਰਸਿੱਧ ਹੈ। ਲਹਿਰ ਤਲਾਉ ’ਤੇ ਭੀ ਆਪ ਜੀ ਦਾ ਮੰਦਿਰ ਹੈ। ਰਿਆਸਤ ਰੀਵਾ ਵਿੱਚ ‘ਕਬੀਰ ਬੀਜਕ’ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ 1521 ਦਾ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ।
ਬਾਣੀ
ਗੁਰੂ ਗ੍ਰੰਥ ਵਿੱਚ ਮਿਲਦੀ ਕਬੀਰ ਦੀ ਬਾਣੀ ਰਾਗਾਂ ਅਨੁਸਾਰ ਹੇਠ ਲਿਖਿਤ ਹੈ-
ਸਿਰੀ ਰਾਗ-2 ਸ਼ਬਦ
ਰਾਗ ਗਉੜੀ-74 ਸ਼ਬਦ(1 ਅਸ਼ਟਪਦੀ ਸਹਿਤ) ਬਾਵਨ ਅਖਰੀ-45, ਥਿਤੀ-16, ਵਾਰ ਸਤ-8=/43
ਰਾਗ ਆਸਾ -37 ਸ਼ਬਦ
ਰਾਗ ਗੂਜਰੀ -2 ਸ਼ਬਦ
ਰਾਗ ਸੋਰਠਿ – 11 ਸ਼ਬਦ
ਰਾਗ ਧਨਾਸਰੀ-5 ਸ਼ਬਦ
ਰਾਗ ਤਿਲੰਗ-1 ਸ਼ਬਦ
ਰਾਗ ਸੂਹੀ- 5 ਸ਼ਬਦ
ਰਾਗ ਬਿਲਾਵਲ -12 ਸ਼ਬਦ
ਰਾਗ ਗੋਡ -11 ਸ਼ਬਦ
ਰਾਗ ਰਾਮਕਲੀ-12 ਸ਼ਬਦ
ਰਾਗ ਮਾਰੂ -12 ਸ਼ਬਦ
ਰਾਗ ਕੇਦਾਰਾ -6 ਸ਼ਬਦ
ਰਾਗ ਭੈਰਉ – 19 ਸ਼ਬਦ
ਰਾਗ ਬਸੰਤ – 8 ਸ਼ਬਦ
ਰਾਗ ਸਾਰੰਗ – 3 ਸ਼ਬਦ
ਰਾਗ ਪ੍ਰਭਾਤੀ – 5 ਸ਼ਬਦ
ਇਸ ਤਰਾ ਕਬੀਰ ਜੀ ਦੇ ਕੁੱਲ 225 ਸ਼ਬਦ, 1 ਬਾਵਨ ਅੱਖਰੀ,1 ਥਿਤੀ,1 ਸਤਵਾਰਾ ਤੇ 243 ਸਲੋਕ ਸੰਕਲਿਤ ਹਨ। ਆਪ ਜੀ ਦੀ ਬਾਣੀ 17 ਰਾਗਾ ਵਿੱਚ ਵਿਉਤਬੱਧ ਹੈ। ਆਪ ਦੀ 8 ਪਦਾਂ ਦੀ ਵਾਰ ਤੇ ਤਿੰਨ ਅਸ਼ਟਪਦੀਆ ਹਨ। ਸ਼ਬਦਾਂ ਤੋਂ ਇਲਾਵਾ ਸਲੋਕ ਵੀ ਹਨ। ਕਬੀਰ ਜੀ ਦੇ ਦੋਹੇ ਵਿਸ਼ਵ ਭਰ ਵਿੱਚ ਪ੍ਰਸਿਦ ਹਨ ਅਤੇ ਕਈ ਭਾਸ਼ਾਵਾ ਵਿੱਚ ਮੋਜੂਦ ਹਨ।
ਕਬੀਰ ਜੀ ਦੀ ਬਾਣੀ ਵਿੱਚ ਅਵਧੀ, ਭੋਜਪੁਰੀ, ਬ੍ਰਿਜ, ਮਾਰਵਾੜੀ, ਪੰਜਾਬੀ, ਅਰਬੀ, ਫਾਰਸੀ, ਆਦਿ ਭਾਸ਼ਾਵਾਂ ਦੀ ਸ਼ਬਦਾਵਲੀ ਮਿਲ ਜਾਂ ਪਰਿਭਾਸਿਕ ਵੀ ਹੈ। ਮੁਸਲਮਾਨਾ ਨੂੰ ਸੰਬੋਧਿਨ ਕਰਦਿਆਂ ਭਾਸ਼ਾ ਵਿੱਚ ਅਰਬੀ- ਫਾਰਸੀ ਰੰਗ ਆ ਗਿਆ ਹੈ।
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਇ ਟੁਕੁ ਦਮੁ ਕਰਾਰੀ ਜਉ ਕਰਹੁ ਜਾਹਿਰ ਹਜੂਰਿ ਖਦਾਇ ।।
ਕਬੀਰ ਜੀ ਦੀ ਬਾਣੀ ਦਾ ਦੂਜਾ ਵੱਡਾ ਅਤੇ ਪ੍ਰਮਾਣਿਕ ਸਰੋਤ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ਕਬੀਰ ਫ਼ਿਲਾਸਫ਼ੀ ਦਾ ਗੁਰਮਤਿ ਵਿਚਾਰਧਾਰਾ ਨਾਲ ਬਹੁਤ ਸੁਮੇਲ ਹੈ। ਇਹੀ ਕਾਰਣ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਦਾ ਕਬੀਰ ਸਾਹਿਬ ਜੀ ਦੀ ਬਾਣੀ 17 ਰਾਗਾਂ ਵਿਚ ਕੁੱਲ 225 ਸ਼ਬਦ, 3 ਅਸਟਪਦੀਆਂ, ਬਾਵਨ ਅੱਖਰੀ, ਥਿਤੀ, ਸਤ ਵਾਰ ਤੇ 243 ਸਲੋਕ ਦਰਜ ਹਨ। ਕਬੀਰ ਜੀ ਦੀ ਬਾਣੀ ਸੱਚ ’ਤੇ ਪਹਿਰਾ ਅਤੇ ਝੂਠ (ਕਰਮਕਾਂਡਾਂ) ਦਾ ਵਿਰੋਧ ਕਰਦੀ ਹੈ । ਗੁਰਮਤਿ ਨਾਲ ਇਤਨਾ ਜ਼ਿਆਦਾ ਮੇਲ਼ ਹੋਣ ਕਾਰਨ ਆਮ ਮਨੁੱਖ ਨਹੀਂ ਪਛਾਣ ਸਕਦਾ ਕਿ ਇਸ ਦੇ ਕਰਤਾ ਗੁਰੂ ਨਾਨਕ ਸਾਹਿਬ ਜੀ ਹਨ ਜਾਂ ਭਗਤ ਕਬੀਰ ਜੀ; ਜਿਵੇਂ: ‘‘ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ ॥’’ (ਕਬੀਰ ਜੀ/1105) ਅਤੇ ਗੁਰੂ ਨਾਨਕ ਸਾਹਿਬ ਜੀ ਆਖ ਰਹੇ ਹਨ: ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥’’ (ਮ: 1/1412)ਇਸ ਲਈ ਆਮ ਗ੍ਰੰਥੀ ਸਿੰਘ ਵੀ ਇਹ ਟਪਲਾ ਖਾ ਜਾਂਦੇ ਹਨ ਕਿ ਉਕਤ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਾਂ ਭਗਤ ਕਬੀਰ ਸਾਹਿਬ ਜੀ ਦਾ।
ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਕਬੀਰ ਜੀ ਦੀਆਂ ਰਮੈਣੀਆ ਦੇ ਇੱਕ ਸੰਗ੍ਰਹਿ ਨੂੰ ‘ਬਾਵਨ ਅੱਖਰੀ` ਕਿਹਾ ਜਾਂਦਾ ਹੈ ਜਿਸ ਵਿਚ 52 ਅੱਖਰਾਂ ਦੀ “ਵਿਆਖਿਆ” ਅਤੇ ਇਨ੍ਹਾਂ ਅੱਖਰਾਂ ਨੂੰ ਆਧਾਰ ਬਣਾ ਕੇ ਦਿੱਤੇ ਗਏ ਉਪਦੇਸ਼ਾਂ ਵਾਲੀ ਰਚਨਾ ਨੂੰ ‘ਬਾਵਨ ਅਖਰੀ’ ਦਾ ਨਾਮ ਦਿੱਤਾ ਗਿਆ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਇਸ ਸਿਰਲੇਖ ਹੇਠ ਦੋ ਰਚਨਾਵਾਂ ਮਿਲਦੀਆਂ ਹਨ –ਗੁਰੂ ਅਰਜਨ ਪਾਤਸ਼ਾਹ ਜੀ ਅਤੇ ਭਗਤ ਕਬੀਰ ਜੀ ਦੀਆਂ ਜੋ ਕਿ ਗਉੜੀ ਰਾਗ ਵਿੱਚ ਦਰਜ ਹਨ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਇਸ ਰਚਨਾ ਦੀ 55 ਪਉੜੀਆਂ ਹਨ ਤੇ ਭਗਤ ਕਬੀਰ ਜੀ ਦੀ ਰਚਨਾ ਦੇ 45 ਛੰਤ ਹਨ।ਇਸੇ ਪ੍ਰਕਾਰ ਦੀ ਇੱਕ ਰਚਨਾ ਨੂੰ ‘ਬੀਜਕ` ਦਾ ਨਾ ਦਿੱਤਾ ਹੈ।
ਕਬੀਰ ਨੇ ਪਖੰਡੀ ਪੁਜਾਰੀ ਵਰਗ ਜੋ ਪ੍ਰਭੂ ਨੂੰ ਵਿਸਾਰ ਕੇ ਉਪਰੋਂ ਸਾਧੂਆਂ ਦੇ ਚਿਨ੍ਹ ਲਗਾਕੇ ਆਪਣੇ ਲੋਭ -ਲਾਲਚ ਖਾਤਰ ਲੋਕਾਂ ਨੂੰ ਕਰਮਕਾਂਡਾਂ ਵਿਚ ਪਾਕੇ ਗੁਮਰਾਹ ਕਰਦੇ ਹਨ, ਦਾ ਜਮ ਕੇ ਵਿਰੋਧ ਕੀਤਾ । ਉਹ ਫੁਰਮਾਂਦੇ ਹਨ ਕਿ ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ ਸਮਝ ਲਿਆ ਹੈ ਕਿ? (- ‘‘ਮਾਥੇ ਤਿਲਕੁ, ਹਥਿ ਮਾਲਾ ਬਾਨਾਂ॥ ਲੋਗਨ, ਰਾਮੁ ਖਿਲਉਨਾ ਜਾਨਾਂ ॥’’ (ਕਬੀਰ ਜੀ/ 1158)
ਉਹ ਕਹਿੰਦੇ ਹਨ ਕਿ ਸਾਰੀਆਂ ਜੀਵਾਂ ਦੀ ਉਤਪਤੀ ਪ੍ਰਮਾਤਮਾ ਦੇ ਅੰਸ਼ ਤੋ ਹੋਈ ਹੈ ਫਿਰ ਕੋਈ ਬ੍ਰਾਹਮਣ ਤੇ ਕੋਈ ਸ਼ੂਦਰ ਕਿੰਜ ਹੋ ਸਕਦਾ ਹੈ । ਉਹ ਬ੍ਰਾਹਮਣ ਨੂੰ ਆਪਣੀ ਬਾਣੀ ਰਾਹੀਂ ਵੰਗਾਰਦੇ ਹਨ ਕੀ ਜਦ ਅਸੀਂ ਦੋਨੋ ਹੀ ਮਾਂ ਦੇ ਪੇਟ ਵਿਚੋਂ ਪੈਦਾ ਹੋਏ ਹਾਂ, ਜੇ ਸਾਡੇ ਅੰਦਰ ਲਹੂ ਹੈ ਤੇ ਤੇਰੇ ਅੰਦਰ ਕਿਹੜਾ ਦੁਧ ਹੈ ਫਿਰ ਤੂੰ ਬ੍ਰਾਹਮਣ ਤੇ ਅਸੀਂ ਸ਼ੂਦਰ ਕਿਵੇਂ ਹੋਏ ਉਹ ਫੁਰਮਾਂਦੇ ਹਨ ਬ੍ਰਾਹਮਣ ਉਹੀ ਹੈ ਜੋ ਬ੍ਰਹਮ ਵਿਚਾਰਦਾ ਹੈ ਤੇ ਉਸਦੇ ਦਸੇ ਰਾਹ ਤੇ ਚਲਦਾ ਹੈ ।
‘‘ਗਰਭ ਵਾਸ ਮਹਿ, ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ, ਸਭ ਉਤਪਾਤੀ॥
’’ ‘‘ਕਹੁ ਕਬੀਰ ! ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ, ਕਹੀਅਤੁ ਹੈ ਹਮਾਰੈ ॥4॥’’ (ਭਗਤ ਕਬੀਰ/੩੨੪)
ਮਨੁੱਖ ਨੂੰ ਜੀਵਣ-ਮਰਨ ਦੇ ਚੱਕਰ ਦੀ ਚਿੰਤਾ ਤੋਂ ਮੁਕਤ ਹੋਣ ਲਈ ਪ੍ਰਭੂ ਜੀ ਦੀ ਭਗਤੀ ਵੱਲ ਪ੍ਰੇਰਦੇ ਹਨ। ਕਬੀਰ ਜੀ ਨੂੰ ਮਰਨ ਦਾ ਕੋਈ ਵੀ ਭੈਅ ਨਹੀਂ ਸਤਾਉਂਦਾ, ਉਹ ਕਹਿੰਦੇ ਹਨ ਕਿ ਦੁਨਿਆਵੀ ਬੰਧਨਾਂ ਵਿੱਚ ਫਸ ਕੇ ਜੀਵ-ਆਤਮਾਵਾਂ ਦੁੱਖ ਭੋਗਦੀਆਂ ਹਨ। ਮਰਨ ਤੋਂ ਬਾਅਦ ਹੀ ਅਸਲ ਮੁਕਤੀ ਪ੍ਰਾਪਤ ਹੁੰਦੀ ਹੈ।‘‘ਕਬੀਰ ! ਜਿਸੁ ਮਰਨੇ ਤੇ ਜਗੁ ਡਰੈ, ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ, ਪਾਈਐ ਪੂਰਨੁ ਪਰਮਾਨੰਦੁ ॥’’ (ਕਬੀਰ ਜੀ/1365) ਕਬੀਰ ਜੀ ਅਨੁਸਾਰ ਸਾਡਾ ਸਾਰਾ ਜੀਵਨ ਦੋ ਧਾਰਮਿਕ ਸਿਧਾਂਤਾਂ ਦੇ ਇਰਦ-ਗਿਰਦ ਹੀ ਘੁੰਮਦਾ ਹੈ: ਇੱਕ ਤਾਂ ਸਾਡੀ ਜੀਵ ਆਤਮਾ ਹੈ ਤੇ ਦੂਜਾ ਪ੍ਰਮਾਤਮਾ ਹੈ। ਕਬੀਰ ਜੀ ਇਨ੍ਹਾਂ ਦੋਹਾਂ ਸਿਧਾਂਤਾਂ ਵਿੱਚ ਮੇਲ਼ ਹੋਣ ਨੂੰ ਮੁਕਤੀ ਦਾ ਰਾਹ ਦੱਸਦੇ ਹਨ।
ਆਪ ਜੀ ਦੇ ਵਚਨ ਹਨ ਕਿ ਅਗਰ ਪਾਣੀ ਵਿਚ ਚੁੱਭੀ ਲਾਇਆਂ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਰਹਿੰਦੇ ਹਨ । ਨਾਮ ਤੋਂ ਬਿਨਾਂ ਕੇਵਲ ਤੀਰਥ ਇਸ਼ਨਾਨਾ ਵਿਚ ਸਮਾ ਬਰਬਾਦ ਕਰਦੇ ਹਨ, ਸਦਾ ਜੂਨਾਂ ਵਿਚ ਪਏ ਰਹਿੰਦੇ ਹਨ: ‘‘ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥’’ (ਕਬੀਰ ਜੀ/484)
ਕਰਮਕਾਂਡਾਂ ਦੀਆਂ ਜਨਮ ਦਾਤੀਆਂ ਸਿੰਮ੍ਰਿਤੀਆਂ ਤੋਂ ਸੁਚੇਤ ਕਰਦੇ ਹੋਏ ਭਗਤ ਜੀ ਫੁਰਮਾਂਦੇ ਹਨ ਕਿ ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ’ਤੇ ਬਣੀ ਹੈ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ ਸੰਗਲ ਤੇ ਕਰਮਕਾਂਡਾਂ ਦੀਆਂ ਰੱਸੀਆਂ ਲੈ ਕੇ ਆਈ ਹੈ: ‘‘ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥’’ (ਕਬੀਰ ਜੀ/ 329)
ਲੁਕਾਈ ਨੂੰ ਵਿਕਾਰਾਂ ਵੱਲੋਂ ਸੁਚੇਤ ਕਰਦੇ ਆਪ ਜੀ ਵਚਨ ਕਰਦੇ ਹਨ ਹੇ ਜਗਤ ਦੇ ਲੋਕੋ ! ਸੁਚੇਤ ਰਹੋ, ਜਾਗਦੇ ਰਹੋ, ਤੁਸੀਂ ਤਾਂ ਆਪਣੇ ਵਲੋਂ ਜਾਗਦਿਆਂ ਮਤਲਬ ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਹੁੰਦਿਆਂ ਹੀ ਲੁਟੇ ਜਾ ਰਹੇ, ਜਨਮ ਮਰਨ ਦੇ ਗੇੜ ਤੋਂ ਅਜਾਦ ਨਹੀਂ ਹੋਏ ‘‘ਦੁਨੀਆ ਹੁਸੀਆਰ ਬੇਦਾਰ, ਜਾਗਤ ਮੁਸੀਅਤ ਹਉ ਰੇ ਭਾਈ ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥’’ (ਕਬੀਰ ਜੀ/ 972)
ਨਾਮ ਸਿਮਰਨ ਨੂੰ ਛੱਡ ਕੇ ਕੇਵਲ ਕਰਮਕਾਂਡਾਂ ਦੀ ਸਿੱਖਿਆ ਦੇਣ ਵਾਲੇ ਪੁਜਾਰੀ, ਪੰਡਿਤਾਂ ਤੇ ਮੁਲਾਣਿਆਂ ਤੋਂ ਸੁਚੇਤ ਕਰਦੇ ਹੋਏ ਭਗਤ ਕਬੀਰ ਜੀ ਲਿਖਦੇ ਹਨ ਕਿ ਮੈਂ ਜਿਉਂ ਜਿਉਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ। ‘‘ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥’’ (ਭੈਰਉ/ ਪੰਨਾ 1159)
ਜੋਰਾਵਰ ਸਿੰਘ ਤਰਸਿੱਕਾ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top