22 ਫਰਵਰੀ ਦਾ ਇਤਿਹਾਸ – ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ

ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਦੇ ਵੰਸ਼ ਵਿੱਚੋ ਗੁਰੂ ਅਰਜਨ ਸਾਹਿਬ ਦੇ ਪੜਪੋਤੇ , ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ , ਬਾਬਾ ਗੁਰਦਿੱਤਾ ਜੀ ਦੇ ਪੁੱਤਰ , ਮਹਾਂਬਲੀ ਯੋਧੇ ਫੌਲਾਦ ਵਾਂਗ ਮਜਬੂਰ ਸਰੀਰ ਦੇ ਮਾਲਿਕ ਫੁੱਲਾਂ ਦੀ ਤਰਾਂ ਨਰਮ ਦਿਲ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਮਾਤਾ ਨਿਹਾਲ ਕੌਰ ਜੀ ਦੀ ਪਵਿੱਤਰ ਕੁੱਖ ਤੋ ੧੪ ਫਰਵਰੀ ੧੬੩੦ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਸੀ । ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਪੋਤਰੇ ਹਰਿਰਾਇ ਸਾਹਿਬ ਜੀ ਨੂੰ ਬਚਪਨ ਤੋ ਹੀ ਬਹੁਤ ਪਿਆਰ ਕਰਦੇ ਸਨ । ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪੋਤਰੇ ਹਰਿਰਾਇ ਸਾਹਿਬ ਜੀ ਦੀ ਸਾਰੀ ਸਿੱਖਿਆ ਆਪਣੀ ਰੇਖ – ਦੇਖ ਹੇਠ ਕਰਵਾਈ। ਗੁਰੂ ਹਰਿਰਾਇ ਸਾਹਿਬ ਜੀ ਬਚਪਨ ਤੋ ਹੀ ਏਨੇ ਕੋਮਲ ਦਿਲ ਦੇ ਮਾਲਿਕ ਸਨ ਇਕ ਵਾਰ ਆਪ ਜੀ ਜਲੰਧਰ ਵਾਲੇ ਕਰਤਾਰਪੁਰ ਸਾਹਿਬ ਵਿੱਚ ਇਕ ਬਾਗ ਵਿੱਚ ਟਹਿਲ ਰਹੇ ਸਨ । ਅਚਾਨਕ ਥੋੜੀ ਤੇਜ ਹਵਾ ਚੱਲ ਪਈ ਆਪ ਨੇ ਸਰੀਰ ਦੇ ਉਪਰ ਕਾਫੀ ਖੁੱਲਾ ਚੋਲਾ ਪਾਇਆ ਹੋਇਆ ਸੀ । ਹਵਾ ਨਾਲ ਗੁਰੂ ਹਰਿਰਾਇ ਸਾਹਿਬ ਜੀ ਦਾ ਚੋਲਾ ਫੁੱਲਾ ਨਾਲ ਅੜ ਗਿਆ ਜਿਸ ਨਾਲ ਫੁੱਲ ਦੀਆਂ ਕੁਝ ਪੱਤੀਆਂ ਟੁੱਟ ਕੇ ਮਿੱਟੀ ਵਿੱਚ ਖਿੱਲੜ ਗਈਆਂ । ਇਹ ਵੇਖ ਕੇ ਆਪ ਜੀ ਦੁੱਖੀ ਜਹੇ ਹੋ ਕੇ ਫੁੱਲਾਂ ਦੇ ਬੂਟਿਆਂ ਕੋਲ ਖਲੋ ਗਏ ਅਤੇ ਮਨ ਵਿੱਚ ਕਹਿਣ ਲੱਗੇ ਇਹ ਸੁੰਦਰ ਫੁੱਲ ਟਾਹਣੀਆਂ ਨਾਲ ਲੱਗੇ ਕਿੰਨੇ ਸੋਹਣੇ ਲੱਗ ਰਹੇ ਸਨ। ਪਰ ਮੇਰੇ ਚੋਲੇ ਨਾਲ ਅੜ ਕੇ ਇਹ ਘੱਟੇ ਮਿੱਟੀ ਵਿੱਚ ਜਾ ਪਏ ਹਨ ਫੁੱਲਾਂ ਦੀ ਸੁੰਦਰਤਾਂ ਦਾ ਮਿੱਟੀ ਵਿੱਚ ਰੁਲਣਾ ਮਾੜੀ ਗੱਲ ਹੈ । ਗੁਰੂ ਹਰਿਰਾਇ ਸਾਹਿਬ ਜੀ ਸੋਚੀ ਪਏ ਫੁੱਲਾਂ ਕੋਲ ਖੜੇ ਸਨ ਕਿ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਉਥੇ ਆ ਗਏ। ਆਪਣੇ ਕੋਮਲ ਚਿਤ ਤੇ ਖੁਸ਼ ਦਿਲ ਪੋਤਰੇ ਪਾਸੋ ਸਹਿਮੇ ਜਹੇ ਹੋਣ ਦਾ ਕਾਰਨ ਪੁੱਛਿਆ ਤਾ ਗੁਰੂ ਹਰਿਰਾਇ ਸਾਹਿਬ ਜੀ ਨੇ ਫੁੱਲ ਵਾਲੀ ਸਾਰੀ ਘਟਨਾਂ ਦੱਸੀ । ਅਗੋ ਗੁਰੂ ਹਰਿਗੋਬਿੰਦ ਸਾਹਿਬ ਜੀ ਬੋਲੇ ਬੇਟਾ , ਜਦ ਏਹੋ ਜਿਹਾ ਜਾਮਾਂ ਪਾਇਆ ਹੋਵੇ ਜੋ ਖਿੰਡ ਕੇ ਦੂਰ ਤੱਕ ਜਾ ਸਕਦਾ ਹੋਵੇ ਤੇ ਕੋਮਲ ਚੀਜਾਂ ਨੂੰ ਨੁਕਸਾਨ ਪਹੁੰਚ ਸਕਦਾ ਹੋਵੇ ਤਾ ਆਪਣੇ ਚੋਲੇ ਨੂੰ ਸੰਕੋਚ ਕੇ ਚੱਲਣਾ ਚਾਹੀਦਾ ਹੈ । ਮੀਰੀ ਪੀਰੀ ਦੇ ਮਾਲਿਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਮਹਾਂਬਲੀ ਸੰਤ ਸਿਪਾਹੀ ਪੋਤਰੇ ਨੂੰ ਇਹ ਸਿਖਿਆ ਦਿੱਤੀ ਕਿ ਬੰਦੇ ਨੂੰ ਆਪਣੀ ਤਾਕਤ ਸੋਚ ਸਮਝ ਕੇ ਵਰਤਨੀ ਚਾਹੀਦੀ ਹੈ । ਸੁੱਤੇ ਸਿਧ ਜਾ ਵਿੱਸਰ ਭੋਲੇ ਵੀ ਕਿਸੇ ਨੂੰ ਅਜਾਈ ਦੁੱਖ ਤਕਲੀਫ਼ ਦੇਣੋ ਸੰਕੋਚ ਕਰਨਾਂ ਚਾਹੀਦਾ ਹੈ । ਜਿੰਨੀ ਤਾਕਤ ਵਧੇਰੇ ਹੋਵੇ ਓਨੀ ਹੀ ਵਧੇਰੇ ਜ਼ਿੰਮੇਵਾਰੀ ਮਹਿਸੂਸ ਕਰਨੀ ਚਾਹੀਦੀ ਹੈ ।
ਸ੍ਰੀ ਹਰਿਰਾਇ ਸਾਹਿਬ ਨੇ ਦਾਦਾ – ਗੁਰੂ ਜੀ ਦਾ ਇਹ ਉਪਦੇਸ਼ ਘੁੱਟ ਕੇ ਪੱਲੇ ਬੰਨ੍ਹਿਆ । ਸਾਰੀ ਉਮਰ ਇਸ ਅਨੁਸਾਰ ਵਰਤੋਂ ਕੀਤੀ ਅਤੇ ਤਾਣ ਹੁੰਦਿਆਂ ਨਿਤਾਣੇ ਹੋ ਕੇ ਵਰਤ ਕੇ ਵਿਖਾਇਆ । ਆਪ ਕਿਸੇ ਦਾ ਦਿਲ ਦੁਖਾਉਣ ਨੂੰ ਪਾਪ ਸਮਝਦੇ ਸਨ ।
ਅਨੋਖੇ ਸ਼ਿਕਾਰੀ— ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਾਂਗੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਵੀ ਸ਼ਿਕਾਰ ਦੇ ਪ੍ਰੇਮੀ ਅਤੇ ਤਕੜੇ ਸ਼ਿਕਾਰੀ ਸਨ , ਪਰ ਨਾਲ ਹੀ ਆਪ ਸ਼ਿਕਾਰ ਨੂੰ ਮਾਰਨ ਦੀ ਥਾਂ ਜਿਉਂਦੇ ਫੜਨ ਦਾ ਯਤਨ ਕਰਦੇ ਸਨ । ਜਿਹੜੇ ਜਾਨਵਰ ਫੜੇ ਜਾਂਦੇ ਸਨ , ਉਨ੍ਹਾਂ ਨੂੰ ਆਪਣੇ ਬਾਗ ਵਿੱਚ ਲਿਆ ਕੇ ਉਨ੍ਹਾਂ ਦੀ ਪਾਲਨਾ ਕਰਦੇ ਕਰਾਉਂਦੇ ਸਨ । ਆਪ ਦਾ ਬਾਗ ਇਸ ਤਰ੍ਹਾਂ ਇਕ ਤਰ੍ਹਾਂ ਦਾ ਚਿੜੀਆ – ਘਰ ਬਣ ਗਿਆ ਸੀ । ਦਵਾਈਖਾਨਾ- ਸ੍ਰੀ ਗੁਰੂ ਹਰਿਰਾਇ ਸਾਹਿਬ ਰੋਗੀ ਤੇ ਦੁਖੀ ਦਿਲਾਂ ਨੂੰ ਨਾਮ ਦਾਨ ਦੇ ਕੇ ਅਰੋਗ ਤੇ ਸੁਖੀ ਕਰਦੇ ਸਨ । ਉਨ੍ਹਾਂ ਵਿੱਚੋਂ ਬਦੀਆਂ ਔਗੁਣ ਕੱਢ ਕੇ , ਪਾਪ ਵਾਲੇ ਪਾਸੇ ਦੀਆਂ ਰੁਚੀਆਂ ਨੂੰ ਉਚੇ – ਸੁਚੇ ਜੀਵਨ ਵੱਲ ਪ੍ਰੇਰ ਕੇ ਅਤੇ ਢਹਿੰਦੀਆਂ ਕਲਾਂ ਵਾਲੇ ਰਾਹੋਂ ਹਟਾ ਕੇ ਚੜ੍ਹਦੀਆਂ ਕਲਾਂ ਵਿੱਚ ਵਿਚਰਨ ਦੀ ਜਾਚ ਦੱਸ ਕੇ ਉਨ੍ਹਾਂ ਨੂੰ ਨਰੋਏ ਤੇ ਬਲਵਾਨ ਬਣਾਉਂਦੇ ਸਨ । ਨਾਲ ਹੀ ਆਪ ਇਨਸਾਨਾਂ ਦੇ ਰੋਗੀ ਤਨਾਂ ਦੇ ਰੋਗ ਮਿਟਾਉਣ ਅਤੇ ਉਨ੍ਹਾਂ ਨੂੰ ਨਰੋਏ ਤੇ ਸੁਖੀ ਬਣਾਉਣ ਦਾ ਵੀ ਪ੍ਰਬੰਧ ਕਰਦੇ ਸਨ । ਆਪ ਨੇ ਬੜਾ ਵੱਡਾ ਦਵਾਈਖਾਨਾ ਖੋਲ੍ਹਿਆ ਅਤੇ ਉਸ ਵਿੱਚ ਬੜੀਆਂ ਕੀਮਤੀ ਤੇ ਦੁਰਲੱਭ ਦਵਾਈਆਂ ਮੰਗਵਾ ਕੇ ਰੱਖੀਆਂ । ਕੋਈ ਰੋਗੀ ਕਿਸੇ ਵੇਲੇ ਵੀ ਆ ਜਾਂਦਾ , ਉਸ ਨੂੰ ਮੁਫਤ ਦਵਾਈ ਤੇ ਖੁਰਾਕ ਮਿਲਦੀ ਅਤੇ ਉਸ ਦੀ ਪ੍ਰੇਮ ਨਾਲ ਟਹਿਲ ਸੇਵਾ ਕੀਤੀ ਜਾਂਦੀ । ਆਪ ਦਾ ਦਵਾਈਖਾਨਾ ਇੰਨਾਂ ਪ੍ਰਸਿੱਧ ਹੋ ਗਿਆ ਕਿ ਏਥੋਂ ਦਵਾਈਆਂ ਲੈਣ ਵਾਸਤੇ ਦੂਰੋਂ – ਦੂਰੋਂ ਲੋਕ ਆਇਆ ਕਰਦੇ ਸਨ । ਇਕ ਵਾਰ ਸ਼ਾਹ ਜਹਾਨ ਬਾਦਸ਼ਾਹ ਦਾ ਪੁੱਤ , ਦਾਰਾ ਸ਼ਿਕੋਹ , ਸਖ਼ਤ ਬੀਮਾਰ ਹੋ ਗਿਆ । ਹਕੀਮਾਂ ਨੇ ਖਾਸ ਕਿਸਮ ਦੇ ਵਜ਼ਨ ਦੀ ਹਰੜ ਤੇ ਲੌਂਗ ਦਵਾਈ ਲਈ ਤਜਵੀਜ਼ ਕੀਤੇ । ਸ਼ਾਹ ਜਹਾਨ ਨੇ ਸਭ ਥਾਵਾਂ ਤੋਂ ਪਤਾ ਕੀਤਾ , ਪਰ ਇਹ ਵਸਤਾਂ ਕਿਤਿਓਂ ਨਾ ਮਿਲੀਆਂ । ਅਖ਼ੀਰ ਵਿੱਚ ਉਸ ਨੂੰ ਗੁਰੂ ਜੀ ਦੇ ਦਵਾਈਖਾਨੇ ਦੀ ਦੱਸ ਪਈ । ਪਹਿਲਾਂ ਤਾਂ ਉਹ ਝਕਿਆ ਕਿ ਮੇਰਾ ਤਾਂ ਗੁਰੂ – ਘਰ ਨਾਲ ਵੈਰ ਰਿਹਾ ਹੈ , ਮੈਂ ਕਿਹੜੇ ਮੂੰਹ ਨਾਲ ਸਵਾਲ ਕਰਾਂ ਤੇ ਉਹ ਇਹ ਸ਼ੈਆਂ ਮੈਨੂੰ ਦੇਣ ਵੀ ਕਿਥੇ ਲੱਗੇ ਹਨ ? ਪਰ ਅੰਤ ਨੂੰ ਉਸ ਨੇ ਚਿੱਠੀ ਦੇ ਕੇ ਇਕ ਆਦਮੀ ਭੇਜ ਹੀ ਦਿੱਤਾ । ਬੁਰੇ ਤੇ ਵੈਰੀ ਦਾ ਵੀ ਭਲਾ ਕਰਨਾ ਗੁਰੂ – ਘਰ ਦੀ ਮੁੱਢ ਤੋਂ ਹੀ ਰੀਤੀ ਰਹੀ ਹੈ । ਇਸ ਮੂਜਬ ਸ੍ਰੀ ਗੁਰੂ ਹਰਿਰਾਇ ਜੀ ਨੇ ਲੋੜੀਂਦੀ ਹਰੜ ਤੇ ਲੌਂਗਾਂ ਦੇ ਦੇਣ ਤੋਂ ਇਲਾਵਾ ਇਕ ਜਗਮੋਤੀ ਵੀ ਦਿੱਤਾ ਅਤੇ ਕਿਹਾ ਕਿ ਇਸ ਨੂੰ ਪੀਹ ਕੇ ਨਾਲ ਹੀ ਦੇ ਦੇਣਾ , ਦਵਾਈ ਵਧੇਰੇ ਗੁਣ ਕਰੇਗੀ । ਦਾਰਾ ਸ਼ਿਕੋਹ ਰਾਜ਼ੀ ਹੋ ਗਿਆ । ਉਸ ਨੇ ਕੀਰਤਪੁਰ ਪਹੁੰਚ ਕੇ ਗੁਰੂ ਜੀ ਦਾ ਧੰਨਵਾਦ ਕੀਤਾ । ਗੁਰੂ ਜੀ ਦੇ ਉਪਦੇਸ਼ ਸੁਣ ਕੇ ਅਤੇ ਉਨ੍ਹਾਂ ਦੇ ਸਿੱਖਾਂ ਦੀ ਰਹਿਣੀ ਬਹਿਣੀ ਵੇਖ ਕੇ ਉਸ ਦੇ ਮਨ ਉਪਰ ਬੜਾ ਅਸਰ ਹੋਇਆ । ਦਾਰਾ ਸ਼ਿਕੋਹ ਦੀ ਸਹਾਇਤਾ— ਅੱਗੇ ਦੱਸ ਆਏ ਹਾਂ ਕਿ ਛੇਵੇਂ ਸਤਿਗੁਰ ਦੀ ਆਗਿਆ ਮੂਜਬ ਸ੍ਰੀ ਗੁਰੂ ਹਰਿਰਾਇ ਜੀ ਨੇ ੨੨੦੦ ਹਥਿਆਰਬੰਦ ਤੇ ਤਿਆਰ – ਬਰ – ਤਿਆਰ ਸਵਾਰ ਰੱਖੇ ਹੋਏ ਸਨ , ਤਾਂ ਜੁ ਅਚਨਚੇਤ ਲੋੜ ਪੈਣ ‘ ਤੇ ਉਨ੍ਹਾਂ ਨੂੰ ਵਰਤਿਆ ਜਾ ਸਕੇ ਪਰ ਉਂਜ ਆਪ ਅਮਨ ਦੇ ਚਾਹਵਾਨ ਸਨ ਅਤੇ ਅਮਨ ਵਿੱਚ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਤੇ ਜਗਤ ਦਾ ਉਧਾਰ ਕਰਨਾ ਚਾਹੁੰਦੇ ਸਨ । ਜਦ ਸ਼ਾਹ ਜਹਾਨ ਅਤੇ ਉਸ ਦੇ ਪੁੱਤ ਵਿਚਕਾਰ ਦਿੱਲੀ ਦੇ ਤਖ਼ਤ ਬਾਰੇ ਲੜਾਈ ਛਿੜੀ , ਤਾਂ ਇਕ ਸਮੇਂ ਅਤੀ . ਭੀੜ ਵਿੱਚ ਪਏ ਲੋੜਵੰਦ ਤੇ ਭਲੇ ਦੀ ਸਹਾਇਤਾ ਖਾਤਰ ਸ੍ਰੀ ਗੁਰੂ ਹਰਿਰਾਇ ਸਾਹਿਬ ਨੂੰ ਆਪਣੀ ਫੌਜ ਮੈਦਾਨ ਵਿੱਚ ਲਿਆਉਣੀ ਪਈ , ਆਪ ਨੇ ਅਜਿਹਾ ਢੰਗ ਧਾਰਨ ਕੀਤਾ ਕਿ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਬਚ ਰਹੇ ਵਾਲੀ ਗੱਲ ਹੋ ਜਾਵੇ ; ਲੋੜਵੰਦ ਦੀ ਸਹਾਇਤਾ ਦਾ ਮਨੋਰਥ ਵੀ ਪੂਰਾ ਹੋ ਜਾਵੇ ਅਤੇ ਲਹੂ ਡੋਲ੍ਹਣਾ ਵੀ ਨਾ ਪਵੇ । ਗੱਲ ਇਉਂ ਹੋਈ : ਦਾਰਾ ਸ਼ਿਕੋਹ ਔਰੰਗਜ਼ੇਬ ਤੋਂ ਹਾਰ ਖਾ ਕੇ ਲਾਹੌਰ ਵੱਲ ਨੂੰ ਭੱਜਾ । ਉਸ ਨੂੰ ਫੜਨ ਲਈ ਔਰੰਗਜ਼ੇਬ ਨੇ ਉਸ ਦੇ ਮਗਰ ਫੌਜ ਲਾਈ । ਜਾਨ ਦੀ ਖਾਤਰ ਨੱਠੇ ਜਾਂਦੇ ਦਾਰਾ ਸ਼ਿਕੋਹ ਨੂੰ ਪਤਾ ਲੱਗਾ ਕਿ ਗੁਰੂ ਹਰਿਰਾਇ ਜੀ ਇਸ ਵੇਲੇ ਗੋਂਇਦਵਾਲ ਹਨ । ਉਹ ਉਨ੍ਹਾਂ ਨੂੰ ਮਿਲਿਆ । ਉਸ ਨੇ ਆਪਣੀ ਹਾਲਤ ਦੱਸੀ ਅਤੇ ਬੇਨਤੀ ਕੀਤੀ ਕਿ ਜੇ ਮੇਰੇ ਮਗਰ ਲੱਗੀ ਤੇ ਮਾਰੋ – ਮਾਰ ਕਰਦੀ ਆ ਰਹੀ ਫੌਜ ਨੂੰ ਤੁਸੀਂ ਇਕ ਦਿਨ ਦਰਿਆ ਪਾਰ ਕਰਨੋਂ ਰੋਕ ਛੱਡੋ , ਤਾਂ ਮੈਂ ਲਾਹੌਰ ਪਹੁੰਚ ਜਾਵਾਂ ਅਤੇ ਮੇਰੀ ਜਾਨ ਬਚ ਜਾਵੇ । ਸ਼ਰਨ ਆਏ ਦੁਖੀ ਲੋੜਵੰਦ ਦੀ ਬਾਂਹ ਫੜਨੀ ਤਾਂ ਮੁੱਢ ਤੋਂ ਹੀ ਗੁਰੂ ਨਾਨਕ ਦੇ ਘਰ ਦਾ ਪਹਿਲਾ ਨੇਮ ( ਅਸੂਲ ) ਰਿਹਾ ਹੈ । ਗੁਰੂ ਹਰਿਰਾਇ ਜੀ ਨੇ ਦਾਰਾ ਸ਼ਿਕੋਹ ਨੂੰ ਧੀਰਜ ਦਿੱਤੀ , ਪ੍ਰਸ਼ਾਦ ਪਾਣੀ ਛਕਾਇਆ ਅਤੇ ਵਿਦਾ ਕੀਤਾ । ਫੇਰ ਆਪ ਆਪਣੇ ੨੨੦੦ ਸਵਾਰ ਲੈ ਕੇ ਬਿਆਸ ਦੇ ਕੰਢੇ ‘ ਤੇ ਜਾ ਖੜੋਤੇ ਅਤੇ ਸਭ ਬੇੜੀਆਂ ਆਪਣੇ ਕਾਬੂ ਕਰ ਲਈਆਂ । ਇਸ ਤਰ੍ਹਾਂ ਉਨ੍ਹਾਂ ਨੇ ਔਰੰਗਜ਼ੇਬੀ ਫੌਜ ਨੂੰ ਇਕ ਦਿਨ ਦਰਿਆ ਪਾਰ ਕਰਨੋਂ ਰੋਕ ਛੱਡਿਆ । ਇਸ ਤਰ੍ਹਾਂ ਦਾਰਾ ਸ਼ਿਕੋਹ ਨੂੰ ਦਿੱਤਾ ਬਚਨ ਪੂਰਾ ਹੋ ਗਿਆ , ਅਮਨ ਵੀ ਭੰਗ ਨਾ ਹੋਇਆ ਅਤੇ ਕਿਸੇ ਦਾ ਲਹੂ ਵੀ ਨਾ ਡੁਲ੍ਹਿਆ । ਗੁਰੂ ਹਰਿਰਾਇ ਸਾਹਿਬ ਜੀ ਨੇ ਸਾਰਿਆਂ ਨੂੰ ਹਰ ਗਰੀਬ ਤੇ ਕਮਜੋਰ ਦੀ ਮੱਦਦ ਕਰਨਾ ਤੇ ਵਾਹਿਗੁਰੂ ਜੀ ਦਾ ਜਾਪ ਕਰਨ ਨੂੰ ਤਰਜੀਹ ਦਿੱਤੀ । ਆਪ ਜੀ ਨੇ ਸਿੱਖੀ ਦਾ ਬਹੁਤ ਪਰਚਾਰ ਤੇ ਪ੍ਰਸਾਰ ਕੀਤਾ ਜਦ ਆਪ ਨੇ ਜਾਣਿਆ ਕਿ ਸਾਡੀ ਸੱਚ – ਖੰਡ ਵਾਪਸੀ ਦਾ ਸਮਾਂ ਆ ਰਿਹਾ ਹੈ ਤਾਂ ਆਪ ਨੇ ਆਪਣੇ ਸਾਹਿਬਜ਼ਾਦੇ , ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਗੁਰ – ਗੱਦੀ ਲਈ ਨੀਅਤ ਕੀਤਾ ਅਤੇ ਸਭ ਸੰਗਤਾਂ ਨੂੰ ਆਗਿਆ ਕੀਤੀ ਕਿ ਰਾਮਰਾਇ ਆਦਿ ਗੁਰੂ – ਘਰ ਦੇ ਵਿਰੋਧੀਆਂ ਦੇ ਝਾਂਸੇ ਵਿੱਚ ਆਉਣੋਂ ਬਚਣਾ ਅਤੇ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਹੀ ਗੁਰੂ ਸਮਝਣਾ । ਆਪ ਕੱਤਕ ਵਦੀ ੯ ( ੫ ਕੱਤਕ ) ਸੰਮਤ ੧੭੧੮ ਨੂੰ ਐਤਵਾਰ ਵਾਲੇ ਦਿਨ ਕੀਰਤਪੁਰ ਵਿੱਚ ਜੋਤੀ – ਜੋਤਿ ਸਮਾ ਗਏ । ਉਸ ਦਿਨ ਅੰਗਰੇਜ਼ੀ ਸੰਨ ੧੬੬੧ ਦੇ ਅਕਤੂਬਰ ਮਹੀਨੇ ਦੀ ੬ ਤਰੀਕ ਸੀ । ਆਪ ਦੀ ਦੇਹ ਦਾ ਸਸਕਾਰ ਸਤਿਲੁਜ ਦੇ ਕੰਢੇ ਪਾਸ ‘ ਪਾਤਾਲਪੁਰੀ ’ ਨਾਂ ਦੇ ਗੁਰ – ਅਸਥਾਨ ਵਾਲੀ ਥਾਂ ਕੀਤਾ ਗਿਆ ।
ਜੋਰਾਵਰ ਸਿੰਘ ਤਰਸਿੱਕਾ ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top