ਇਤਿਹਾਸ – ਦੀਵਾਨ ਕੌੜਾ ਮੱਲ ( ਲਾਹੌਰ ਦਾ ਇੱਕ ਦੀਵਾਨ )
(ਸਿਖਾਂ ਦੇ ਹਮਾਇਤੀ ਅਤੇ ਮਿੱਤਰ ਦੀਵਾਨ ਕੌੜਾ ਮੱਲ ਜੀ ਨੂੰ ਕੋਟਿਨ-ਕੋਟਿ ਪ੍ਰਣਾਮ!)
ਦੀਵਾਨ ਕੌੜਾ ਮੱਲ ਲਾਹੌਰ ਦਾ ਇੱਕ ਦੀਵਾਨ ਸੀ ਜੋ ਸੂਬੇਦਾਰ ਮੀਰ ਮੰਨੂ ਦਾ ਸਮਕਾਲੀ ਸੀ। ਉਸਨੂੰ ਸਿੱਖ ਕੌਮ ਦਾ ਹਿਤੈਸ਼ੀ ਮੰਨਿਆ ਜਾਂਦਾ ਹੈ ਕਿਉਂਕਿ ਉਸਨੇ ਨਨਕਾਣਾ ਸਾਹਿਬ ਵਿੱਚ ਤਿੰਨ ਲੱਖ ਦੀ ਲਾਗਤ ਨਾਲ ਗੁਰਦੁਆਰਾ ਬਾਲ ਲੀਲਾ ਦੀ ਇਮਾਰਤ ਤੇ ਸਰੋਵਰ ਦੀ ਉਸਾਰੀ ਕਰਵਾਈ ਸੀ। ਸਿੱਖ ਇਤਿਹਾਸ ਵਿੱਚ ਉਸਨੂੰ ਮਿੱਠਾ ਮੱਲ ਵੀ ਕਿਹਾ ਜਾਂਦਾ ਹੈ।
ਦੀਵਾਨ ਕੌੜਾ ਮੱਲ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਝੰਗ ਦੇ ਕਸਬੇ ਸ਼ੋਰਕੋਟ ਦੇ ਨਜ਼ਦੀਕ ਕਿਸੇ ਪਿੰਡ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਵਾਲਿਦ ਰਾਮ ਸੀ ਮੁਫ਼ਤੀ ਅਲਾਉਦੀਨ ਇਬਰਤਨਾਮੇ ਵਿੱਚ ਉਸ ਨੂੰ ਕੌੜਾ ਮੱਲ ਅਰੋੜਾ ਕਾਨੂੰਗੋ ਮੁਲਤਾਨੀ ਸੰਬੋਧਨ ਕਰਦਾ ਹੈ। ਇਸ ਤੋਂ ਲੱਗਦਾ ਹੈ ਕਿ ਉਹ ਵੀ ਆਪਣੇ ਬਾਪ ਦਾਦੇ ਵਾਂਗ ਮਾਲ ਮਹਿਕਮੇ ਦਾ ਅਧਿਕਾਰੀ ਸੀ। ਇੱਥੋਂ ਉਹ ਲਾਹੌਰ ਚਲਾ ਗਿਆ ਤੇ ਆਪਣੀ ਕਾਬਲੀਅਤ ਦੇ ਸਿਰ ਉੱਤੇ ਤਰੱਕੀ ਕਰਦਾ ਹੋਇਆ ਉੱਚ ਸੈਨਿਕ ਅਧਿਕਾਰੀ ਤੇ ਕੁਸ਼ਲ ਪ੍ਰਸ਼ਾਸਕ ਬਣਿਆ। ਉਸ ਬਾਰੇ ਸਭ ਤੋਂ ਪਹਿਲਾਂ ਵੇਰਵਾ ਲਿਖਾਰੀ ਸ਼ਾਹ ਨਵਾਜ਼ ਦੀ ਲਿਖਤ ਮਦੱਸਰ-ਉਲ-ਮਰਦ ਵਿੱਚ ਆਉਂਦਾ ਹੈ। ਉਸ ਮੁਤਾਬਕ ਕੌੜਾ ਮੱਲ ਨੇ ਸੂਬੇਦਾਰ ਜ਼ਕਰੀਆ ਖ਼ਾਨ ਦੇ ਹੁਕਮ ਨਾਲ ਮਸ਼ਹੂਰ ਡਾਕੂ ਪਨਾਹ ਭੱਟੀ ਨੂੰ 1738 ਵਿੱਚ ਮਾਰ ਦਿੱਤਾ। ਪਨਾਹ ਭੱਟੀ ਦਾ ਸਿੱਕਾ ਰਾਵੀ ਦਰਿਆ ਤੋਂ ਹਸਨ ਅਬਦਾਲ ਤਕ ਚੱਲਦਾ ਸੀ। ਖ਼ੁਸ਼ ਹੋ ਕੇ ਜ਼ਕਰੀਆ ਖ਼ਾਨ ਨੇ ਉਸ ਨੂੰ ਮੁਲਤਾਨ ਦਾ ਦੀਵਾਨ ਥਾਪ ਦਿੱਤਾ। ਜ਼ਕਰੀਆ ਖ਼ਾਨ ਦੇ ਮਰਨ ਉੱਤੇ ਯਾਹੀਆ ਖ਼ਾਨ ਲਾਹੌਰ ਤੇ ਉਸ ਦਾ ਛੋਟਾ ਭਰਾ ਸ਼ਾਹ ਨਵਾਜ਼ ਮੁਲਤਾਨ ਦਾ ਸੂਬੇਦਾਰ ਬਣ ਗਿਆ। 1746 ਵਿੱਚ ਜਦੋਂ ਲਖਪਤ ਰਾਏ ਨੇ ਆਪਣੇ ਭਰਾ ਜਸਪਤ ਰਾਏ ਦੇ ਕਤਲ ਦਾ ਬਦਲਾ ਲੈਣ ਲਈ ਲਾਹੌਰ ਵਿੱਚ ਵੱਸਦੇ ਵਪਾਰੀ, ਨੌਕਰੀ ਪੇਸ਼ਾ ਤੇ ਗ਼ਰੀਬ ਸਿੱਖ ਕਤਲ ਕਰਨੇ ਸ਼ੁਰੂ ਕੀਤੇ ਤਾਂ ਕੌੜਾ ਮੱਲ ਨੇ ਉਸ ਨੂੰ ਵਰਜਿਆ, ਪਰ ਉਹ ਨਾ ਟਲਿਆ। ਸਿੱਖਾਂ ਦਾ ਕਤਲੇਆਮ ਹੁੰਦਾ ਵੇਖ ਕੇ ਕੌੜਾ ਮੱਲ ਮੁਲਤਾਨ ਚਲਾ ਗਿਆ, ਜਿਥੇ ਸ਼ਾਹ ਨਵਾਜ਼ ਨੇ ਉਸ ਨੂੰ ਮੁੜ ਦੀਵਾਨ ਥਾਪ ਦਿੱਤਾ। 21 ਮਾਰਚ 1747 ਵਿੱਚ ਸ਼ਾਹ ਨਵਾਜ਼ ਨੇ ਯਾਹੀਆ ਖ਼ਾਨ ਨੂੰ ਹਰਾ ਕੇ ਲਾਹੌਰ ਉੱਤੇ ਕਬਜ਼ਾ ਕਰ ਕੇ ਕੌੜਾ ਮੱਲ ਨੂੰ ਲਾਹੌਰ ਦਾ ਦੀਵਾਨ ਥਾਪ ਦਿੱਤਾ ਤੇ ਲਖਪਤ ਰਾਏ ਨੂੰ ਕੈਦ ਕਰ ਲਿਆ। ਸ਼ਾਹ ਨਵਾਜ਼ 21 ਮਾਰਚ 1747 ਤੋਂ 11 ਜਨਵਰੀ 1748 ਤਕ ਲਾਹੌਰ ਦਾ ਸੂਬੇਦਾਰ ਰਿਹਾ। 11 ਜਨਵਰੀ 1748 ਨੂੰ ਉਹ ਅਬਦਾਲੀ ਹੱਥੋਂ ਹਾਰ ਕੇ ਦਿੱਲੀ ਭੱਜ ਗਿਆ। ਅਬਦਾਲੀ ਨੇ ਜੁਮਲਾ ਖ਼ਾਨ ਕਸੂਰੀ ਨੂੰ ਲਾਹੌਰ ਦਾ ਸੂਬੇਦਾਰ ਤੇ ਲਖਪਤ ਰਾਏ ਨੂੰ ਦੁਬਾਰਾ ਦੀਵਾਨ ਥਾਪ ਦਿੱਤਾ। ਅਬਦਾਲੀ 11 ਮਾਰਚ 1748 ਨੂੰ ਮਾਣੂਪੁਰ ਦੀ ਲੜਾਈ ਵਿੱਚ ਮੀਰ ਮੰਨੂ ਹੱਥੋਂ ਹਾਰ ਕੇ ਕਾਬਲ ਮੁੜ ਗਿਆ। ਅਪਰੈਲ 1748 ਨੂੰ ਮੀਰ ਮੰਨੂ ਲਾਹੌਰ ਤੇ ਮੁਲਤਾਨ ਦਾ ਸੂਬੇਦਾਰ ਬਣ ਕੇ ਲਾਹੌਰ ਪਹੁੰਚ ਗਿਆ ਤੇ ਕੌੜਾ ਮੱਲ ਨੂੰ ਦੀਵਾਨ ਥਾਪ ਦਿੱਤਾ। ਉਸ ਨੇ ਲਖਪਤ ਰਾਏ ਉੱਤੇ ਤਿੰਨ ਲੱਖ ਦਾ ਹਰਜ਼ਾਨਾ ਲਾਇਆ। ਹਰਜ਼ਾਨਾ ਨਾ ਭਰ ਸਕਣ ’ਤੇ ਲਖਪਤ ਰਾਏ ਤੇ ਹੋਰ ਪੁਰਾਣੇ ਅਫ਼ਸਰ ਕੈਦ ਕਰ ਲਏ ਗਏ। ਕੌੜਾ ਮੱਲ ਗੁਰੂਘਰ ਦਾ ਸ਼ਰਧਾਲੂ ਸੀ। ਉਹ ਲਖਪਤ ਰਾਏ ਦੁਆਰਾ ਛੋਟੇ ਘੱਲੂਘਾਰੇ ਸਮੇਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਤੋਂ ਦੁਖੀ ਸੀ। ਉਸ ਨੇ ਮੀਰ ਮੰਨੂ ਨੂੰ ਬੇਨਤੀ ਕੀਤੀ ਕਿ ਹਰਜ਼ਾਨਾ ਉਹ ਭਰ ਦਿੰਦਾ ਹੈ ਪਰ ਲਖਪਤ ਰਾਏ ਉਸ ਨੂੰ ਸੌਂਪ ਦਿੱਤਾ ਜਾਵੇ। ਮੀਰ ਮੰਨੂ ਮੰਨ ਗਿਆ। ਕੌੜਾ ਮੱਲ ਨੇ ਹਰਜ਼ਾਨਾ ਭਰ ਕੇ ਲਖਪਤ ਰਾਏ ਨੂੰ ਦਲ ਖ਼ਾਲਸਾ ਦੇ ਹਵਾਲੇ ਕਰ ਦਿੱਤਾ। ਸਿੱਖਾਂ ਨੇ ਲਖਪਤ ਰਾਏ ਨੂੰ ਗੰਦਗੀ ਨਾਲ ਭਰੇ ਤਹਿਖਾਨੇ ਵਿੱਚ ਬੰਦ ਕਰ ਦਿੱਤਾ, ਜਿੱਥੇ ਉਹ ਛੇ ਮਹੀਨੇ ਨਰਕ ਭੋਗ ਕੇ ਮਰਿਆ। ਅਬਦਾਲੀ ਦੇ ਹਮਲੇ ਦੇ ਰੌਲੇ ਗੌਲੇ ਵੇਲੇ ਮੁਲਤਾਨ ’ਤੇ ਜ਼ਾਹਿਦ ਖ਼ਾਨ ਸੱਦੋਜ਼ਈ ਨੇ ਕਬਜ਼ਾ ਕਰ ਲਿਆ। ਮੀਰ ਮੰਨੂ ਦੇ ਹੁਕਮਾਂ ’ਤੇ ਦੀਵਾਨ ਕੌੜਾ ਮੱਲ ਨੇ ਜ਼ਾਹਿਦ ਖ਼ਾਨ ਨੂੰ ਹਰਾ ਕੇ ਮੁਲਤਾਨ ’ਤੇ ਕਬਜ਼ਾ ਜਮਾ ਲਿਆ। ਇਸ ਪਿੱਛੋਂ ਉਸ ਨੇ ਜੰਮੂ ਦੇ ਡੋਗਰਿਆਂ ਨੂੰ ਦਬਾਇਆ। ਸਤੰਬਰ 1749 ਨੂੰ ਮੀਰ ਮੰਨੂ ਦੇ ਹੁਕਮ ’ਤੇ ਜਲੰਧਰ ਦੁਆਬ ਦੇ ਫ਼ੌਜਦਾਰ ਅਦੀਨਾ ਬੇਗ਼ ਤੇ ਲਾਹੌਰੀ ਫ਼ੌਜ ਨੇ ਅੰਮ੍ਰਿਤਸਰ ਵਿੱਚ ਕਿਲ੍ਹਾ ਰਾਮ ਰੌਣੀ ਨੂੰ ਘੇਰਾ ਪਾ ਲਿਆ। ਕਿਲ੍ਹੇ ਵਿੱਚ ਉਸ ਵੇਲੇ 500 ਸਿੰਘ ਸਨ। ਦੋ-ਤਿੰਨ ਮਹੀਨਿਆਂ ਵਿੱਚ 200-250 ਸਿੰਘ ਸ਼ਹੀਦ ਹੋ ਗਏ ਤੇ ਬਾਕੀ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਗਏ। ਉਸ ਵੇਲੇ ਜੱਸਾ ਸਿੰਘ ਰਾਮਗੜ੍ਹੀਆ ਅਦੀਨਾ ਬੇਗ਼ ਕੋਲ ਨੌਕਰੀ ਕਰਦਾ ਸੀ। ਉਹ ਆਪਣੇ ਸਾਥੀਆਂ ਸਮੇਤ ਕੁਝ ਰਸਦ ਲੈ ਕੇ ਕਿਲ੍ਹੇ ਅੰਦਰ ਪਹੁੰਚ ਗਿਆ। ਲਾਹੌਰੀ ਫ਼ੌਜ ਨਾਲ ਕੌੜਾ ਮੱਲ ਵੀ ਆਇਆ ਸੀ। ਜੱਸਾ ਸਿੰਘ ਨੇ ਅੰਦਰੋਂ ਕੌੜਾ ਮੱਲ ਨੂੰ ਸੁਨੇਹਾ ਭੇਜਿਆ ਕਿ ਇਸ ਵੇਲੇ ਉਹੀ ਸਿੱਖਾਂ ਦੀ ਮਦਦ ਕਰ ਸਕਦਾ ਹੈ। ਕੌੜਾ ਮੱਲ ਨੇ ਮੀਰ ਮੰਨੂ ਨੂੰ ਸਮਝਾਇਆ ਕਿ ਸਿੱਖਾਂ ਨਾਲ ਦੁਸ਼ਮਣੀ ਠੀਕ ਨਹੀਂ। ਮੀਰ ਮੰਨੂ ਨੇ ਨਵੰਬਰ 1748 ਨੂੰ ਘੇਰਾ ਚੁੱਕ ਲਿਆ। ਦਸੰਬਰ 1748 ਨੂੰ ਅਬਦਾਲੀ ਨੇ ਭਾਰਤ ’ਤੇ ਦੂਜਾ ਹਮਲਾ ਕੀਤਾ ਤੇ ਉਹ ਮੀਰ ਮੰਨੂ ਕੋਲੋਂ 14 ਲੱਖ ਖਰਾਜ ਵਸੂਲ ਕਰ ਕੇ ਤੇ ਸਾਲਾਨਾ ਖਰਾਜ ਨਿਸ਼ਚਿਤ ਕਰ ਕੇ ਲਾਹੌਰ ਤੋਂ ਵਾਪਸ ਮੁੜ ਗਿਆ। ਸ਼ਾਹ ਨਵਾਜ਼ ਨੇ ਮਈ 1749 ਨੂੰ ਮੁਲਤਾਨ ’ਤੇ ਕਬਜ਼ਾ ਜਮਾ ਲਿਆ। ਮੀਰ ਮੰਨੂ ਨੇ ਫ਼ੌਜ ਨਾਲ ਕੌੜਾ ਮੱਲ ਨੂੰ ਮੁਲਤਾਨ ਦਾ ਕਬਜ਼ਾ ਬਹਾਲ ਕਰਨ ਲਈ ਭੇਜ ਦਿੱਤਾ। ਕੌੜਾ ਮੱਲ ਨੇ 10000 ਸਿੱਖ ਆਪਣੀ ਮਦਦ ਲਈ ਨਾਲ ਲੈ ਲਏ। ਮੁਲਤਾਨ ਤੋਂ 4-5 ਕਿਲੋਮੀਟਰ ਬਾਹਰ ਜੰਗ ਹੋਈ। ਦੀਵਾਨ ਕੌੜਾ ਮੱਲ ਨੇ ਸਿੱਖ ਫ਼ੌਜ ਨੂੰ ਰਿਜ਼ਰਵ ਰੱਖਿਆ ਤੇ ਮੈਦਾਨ ਵਿੱਚ ਕੁੱਦ ਪਿਆ। ਸ਼ਾਹ ਨਵਾਜ਼ ਨੇ ਕੌੜਾ ਮੱਲ ਦੀ ਫ਼ੌਜ ਦਾ ਬੜਾ ਨੁਕਸਾਨ ਕੀਤਾ। ਬਾਜ਼ੀ ਹੱਥੋਂ ਨਿਕਲਦੀ ਵੇਖ ਕੇ ਕੌੜਾ ਮੱਲ ਦਲ ਖ਼ਾਲਸਾ ਕੋਲ ਪੁੱਜਿਆ ਤੇ ਬੋਲਿਆ, “ਜੇ ਅੱਜ ਪੰਥ ਦੇ ਹੁੰਦਿਆਂ ਵੀ ਮੇਰੀ ਹਾਰ ਹੋ ਗਈ ਤਾਂ ਫਿਰ ਮੈਂ ਕਿਸ ਦੀ ਸ਼ਰਨ ਵਿੱਚ ਜਾਵਾਂ?” ਸਿੱਖ ਜੱਸਾ ਸਿੰਘ ਆਹਲੂਵਾਲੀਆ ਤੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਦੀ ਅਗਵਾਈ ਹੇਠ ਸ਼ਾਹ ਨਵਾਜ਼ ’ਤੇ ਟੁੱਟ ਪਏ। ਪਲਾਂ ਵਿੱਚ ਲੜਾਈ ਦਾ ਪਾਸਾ ਪਲਟ ਗਿਆ। ਸਿੱਖਾਂ ਦੀ ਗੋਲੀਬਾਰੀ ਕਾਰਨ ਸ਼ਾਹ ਨਵਾਜ਼ ਜ਼ਖ਼ਮੀ ਹੋ ਕੇ ਘੋੜੇ ਤੋਂ ਥੱਲੇ ਡਿੱਗ ਪਿਆ ਤਾਂ ਇੱਕ ਸੂਰਮੇ ਭੀਮ ਸਿੰਘ ਨੇ ਉਸ ਦਾ ਸਿਰ ਵੱਢ ਦਿੱਤਾ। ਕੌੜਾ ਮੱਲ ਨੇ ਸ਼ਾਹ ਨਵਾਜ਼ ਦਾ ਸਿਰ ਮੀਰ ਮੰਨੂ ਕੋਲ ਲਾਹੌਰ ਭੇਜ ਦਿੱਤਾ ਤੇ ਧੜ ਸ਼ਮਸ਼ ਤਬਰੇਜ਼ ਦੇ ਮਕਬਰੇ ਦੇ ਅਹਾਤੇ ਵਿੱਚ ਦਫ਼ਨਾ ਦਿੱਤਾ। ਮੀਰ ਮੰਨੂ ਨੇ ਦੀਵਾਨ ਕੌੜਾ ਮੱਲ ਨੂੰ ਮੁਲਤਾਨ ਦਾ ਸੂਬੇਦਾਰ ਥਾਪ ਦਿੱਤਾ ਤੇ ਮਹਾਰਾਜ ਬਹਾਦਰ ਦਾ ਖ਼ਿਤਾਬ ਦਿੱਤਾ। ਦਸੰਬਰ 1751 ਨੂੰ ਅਬਦਾਲੀ ਆਪਣੇ ਤੀਜੇ ਹਮਲੇ ਦੌਰਾਨ ਲਾਹੌਰ ਨੇੜੇ ਪਹੁੰਚ ਗਿਆ। ਮੀਰ ਮੰਨੂ ਨੇ ਮਦਦ ਵਾਸਤੇ ਕੌੜਾ ਮੱਲ ਨੂੰ ਮੁਲਤਾਨ ਤੇ ਅਦੀਨਾ ਬੇਗ਼ ਨੂੰ ਜਲੰਧਰੋਂ ਬੁਲਾ ਲਿਆ। ਛੇ ਮਾਰਚ 1752 ਨੂੰ ਮੀਰ ਮੰਨੂ ਅਤੇ ਅਬਦਾਲੀ ਵਿੱਚ ਜੰਗ ਹੋਈ। ਅਦੀਨਾ ਬੇਗ਼, ਦੀਵਾਨ ਕੌੜਾ ਮੱਲ ਦੀ ਚੜ੍ਹਾਈ ਤੋਂ ਸੜਦਾ ਸੀ। ਰਣ ਤੱਤੇ ਵਿੱਚ ਕੌੜਾ ਮੱਲ ਦਾ ਹਾਥੀ ਕਬਰ ਵਿੱਚ ਪੈਰ ਪੈਣ ਕਾਰਨ ਡਿੱਗ ਪਿਆ। ਜਦ ਉਹ ਹਾਥੀ ਬਦਲਣ ਲੱਗਾ ਤਾਂ ਅਦੀਨਾ ਬੇਗ਼ ਨੇ ਇੱਕ ਕਸੂਰੀ ਪਠਾਣ ਤੋਂ ਉਸ ਦੇ ਮੱਥੇ ਵਿੱਚ ਗੋਲੀ ਮਰਵਾ ਦਿੱਤੀ। ਕੌੜਾ ਮੱਲ ਦੇ ਮਰਦੇ ਸਾਰ ਹੀ ਮੋਰਚਾ ਟੁੱਟ ਗਿਆ ਤੇ ਫ਼ੌਜ ਹਾਰ ਗਈ। ਆਖੀਰ ਕੌੜਾ ਮੱਲ 6 ਮਾਰਚ 1752 ਨੂੰ ਸ਼ਹੀਦ ਹੋ ਗਿਆ।