ਸ਼ਹਾਦਤ ਭਾਈ ਹਕੀਕਤ ਰਾਏ ਜੀ

ਸ਼ਹੀਦ ਭਾਈ ਹਕੀਕਤ ਰਾਏ ਜੀ ਦਾ ਪਰਿਵਾਰ ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪੂਰਨ ਸ਼ਰਧਾਪੂਰਨ ਸਿੱਖ ਸੀ।
ਇਹ ਭਾਈ ਨੰਦ ਲਾਲ ਜੀ ਦੇ ਪੋਤਰੇ ਸਨ ਅਤੇ ਭਾਈ ਕਨ੍ਹਈਆ ਜੀ ਦੇ ਪੜਦੋਹਿਤੇ ਸਨ।
ਭਾਈ ਹਕੀਕਤ ਰਾਏ ਦਾ ਜਨਮ,1724 ਈਸਵੀ ਵਿਚ ਭਾਈ ਭਾਗ ਮੱਲ ਖੱਤਰੀ ਦੇ ਘਰ, ਸਿਆਲਕੋਟ ਵਿਖੇ ਹੋਇਆ।
ਉਸਦੇ ਨਾਨਕੇ ਸਿੱਖ ਸਨ ਤੇ ਉਸਦਾ ਛੋਟੀ ਉਮਰ ਵਿਚ ਹੀ ਸਿੱਖਾਂ ਦੇ ਘਰ ਸਰਦਾਰ ਕਿਸ਼ਨ ਸਿੰਘ ਦੀ ਪੁਤਰੀ ਦੁਰਗੀ ਨਾਲ ਵਿਆਹ ਕਰ ਦਿੱਤਾ ਗਿਆ।
ਮੁਗਲਾਂ ਦੇ ਰਾਜ ਵਿਚ ਬੱਚੇ ਮੌਲਵੀ ਪਾਸੋਂ ਫਾਰਸੀ ਪੜ੍ਹਨ ਲਈ ਮਸੀਤਾਂ ਵਿਚ ਜਾਇਆ ਕਰਦੇ ਸਨ। ਭਾਈ ਹਕੀਕਤ ਰਾਏ ਵੀ ਮੌਲਵੀ ਪਾਸੋਂ ਫ਼ਾਰਸੀ ਸਿੱਖਣ ਜਾਂਦਾ ਸੀ।
ਉਹ ਇੱਕ ਹਿੰਦੂ ਤੇ ਬਾਕੀ ਸਾਰੇ ਉਸਦੇ ਜਮਾਤੀ ਮੁਸਲਮਾਨ ਸਨ। ਇੱਕ ਦਿਨ ਮੌਲਵੀ ਬਾਹਰ ਗਿਆ ਹੋਇਆ ਸੀ।
ਭਾਈ ਹਕੀਕਤ ਰਾਏ ਦਾ ਇੱਕ ਲੜਕੇ ਨਾਲ ਝਗੜਾ ਹੋ ਗਿਆ। ਉਸਨੇ ਭਾਈ ਹਕੀਕਤ ਰਾਏ ਨੂੰ ਚਿੜਾਉਣ ਲਈ ਮਾਤਾ ਨੂੰ ਗਾਲ਼ ਕੱਢ ਦਿੱਤੀ।
ਅੱਗੇ ਭਾਈ ਹਕੀਕਤ ਰਾਏ ਨੇ ਗੁੱਸੇ ਵਿਚ ਬੀਬੀ ਫਾਤਮਾ ਨੂੰ ਗਾਲ੍ਹ ਕੱਢ ਦਿੱਤੀ। ਮੁਸਲਮਾਨ ਲੜਕਿਆਂ ਨੇ ਜਦੋਂ ਉਸਨੂੰ ਗਾਲ਼ ਕੱਢਦੇ ਸੁਣਿਆ ਤਾਂ ਉਨ੍ਹਾਂ ਸਾਰਿਆਂ ਨੇ ਉਸ ਨੂੰ ਬਹੁਤ ਮਾਰਿਆ।
ਉਹ ਰੋਂਦਾ-ਰੋਂਦਾ ਘਰ ਆ ਗਿਆ।ਸ਼ਾਮ ਨੂੰ ਮੁਸਲਮਾਨ ਲੜਕੇ ਇਕੱਠੇ ਹੋ ਕੇ ਮੌਲਵੀ ਨੂੰ ਜਾ ਕੇ ਕਹਿਣ ਲੱਗੇ, “ਅੱਜ ਅਸੀਂ ਹਕੀਕਤ ਰਾਏ ਨੂੰ ਕਿਹਾ ਕਿ ਉਨ੍ਹਾਂ ਦੇ ਦੇਵੀ-ਦੇਵਤੇ ਮਿੱਟੀ ਦੇ ਬਣੇ ਹੋਏ ਹਨ ਤੇ ਸਭ ਝੂਠੇ ਹਨ ਤਾਂ ਉਸਨੇ ਬੀਬੀ ਫਾਤਮਾ ਨੂੰ ਝੂਠਾ ਕਿਹਾ ਤੇ ਗਾਲਾਂ ਕੱਢੀਆਂ।
ਮੌਲਵੀ ਨੇ ਕਿਹਾ,“ਉਸ ਕਾਫ਼ਰ ਨੇ ਬੀਬੀ ਫਾਤਮਾ ਨੂੰ ਗਾਲਾਂ ਕੱਢੀਆਂ ?”
ਲੜਕਿਆਂ ਅੱਗੋਂ ਹੋਰ ਵਧਾ ਕੇ ਦੱਸਿਆ,“ਜਦੋਂ ਅਸੀਂ ਉਸ ਨੂੰ ਕਿਹਾ ਕਿ ਅਸੀਂ ਤੇਰੀ ਸ਼ਿਕਾਇਤ ਮੌਲਵੀ ਪਾਸ ਕਰਾਂਗੇ ਤਾਂ ਉਸ ਨੇ ਕਿਹਾ ਕਿ ਉਹ ਮੌਲਵੀ ਪਾਸੋਂ ਨਹੀਂ ਡਰਦਾ।
ਉਸਦੇ ਮਾਮੇ ਤੇ ਉਸਦੇ ਸਹੁਰੇ ਸਿੱਖ ਹਨ। ਉਹ ਉਨ੍ਹਾਂ ਪਾਸੋਂ ਮੌਲਵੀ ਦਾ ਕੰਡਾ ਕਢਵਾ ਦੇਵੇਗਾ।
ਮੌਲਵੀ ਨੂੰ ਇਹ ਸੁਣ ਕੇ ਬਹੁਤ ਗੁੱਸਾ ਆਇਆ। ਉਸਨੇ ਲੜਕਿਆਂ ਨੂੰ ਕਿਹਾ, “ਉਸ ਕਾਫ਼ਰ ਨੂੰ ਮੇਰੇ ਪਾਸ ਬੁਲਾ ਕੇ ਲਿਆਉ।” ਲੜਕਿਆਂ ਦੇ ਜਾ ਕੇ ਕਹਿਣ ਉੱਪਰ, ਭਾਈ ਹਕੀਕਤ ਰਾਏ ਤੇ ਉਸਦਾ ਪਿਤਾ ਮੋਲਵੀ ਪਾਸ ਚਲੇ ਗਏ।
ਮੌਲਵੀ ਨੇ ਭਾਈ ਹਕੀਕਤ ਰਾਏ ਨੂੰ ਪਹੁੰਚਦੇ ਹੀ ਫੜ ਕੇ ਮਾਰਨਾ ਸ਼ੁਰੂ ਕਰ ਦਿੱਤਾ। ਮੌਲਵੀ ਨੇ ਹਕੀਕਤ ਰਾਏ ਨੂੰ ਮਾਰ ਮਾਰ ਕੇ ਬੇਹੋਸ਼ ਕਰ ਦਿੱਤਾ,ਪਰ ਮੌਲਵੀ ਦਾ ਗੁੱਸਾ ਠੰਢਾ ਨਾ ਹੋਇਆ।
ਉਸਨੇ ਭਾਈ ਹਕੀਕਤ ਰਾਏ ਨੂੰ ਬੰਦੀ ਬਣਾ ਕੇ ਸਿਆਲਕੋਟ ਦੇ ਹਾਕਮ ਅਮੀਰ ਬੇਗ ਪਾਸ ਭੇਜ ਦਿੱਤਾ। ਅਗਲੇ ਦਿਨ ਕਾਜ਼ੀ ਨੇ ਭਾਈ ਹਕੀਕਤ ਰਾਏ ਨੂੰ ਅਦਾਲਤ ਵਿਚ ਕਿਹਾ,
“ਤੂੰ ਬੀਬੀ ਫਾਤਮਾ ਨੂੰ ਗਾਲਾਂ ਕੱਢ ਕੇ ਮੋਮਨਾਂ ਦੇ ਦਿਲ ਦੁਖਾਏ ਹਨ, ਜਿਸ ਦੀ ਤੈਨੂੰ ਬਹੁਤ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ।
ਤੈਨੂੰ ਇਸ ਗੁਨਾਹ ਦੇ ਬਦਲੇ ਤੇਲ ਪਾ ਕੇ ਜ਼ਿੰਦਾ ਸਾੜਿਆ ਜਾ ਸਕਦਾ ਹੈ। ਤੈਨੂੰ ਜ਼ਿੰਦਾ ਕੁੱਤਿਆਂ ਪਾਸੋਂ ਪੜਵਾਇਆ ਜਾ ਸਕਦਾ ਹੈ, ਪਰ ਜੇ ਤੂੰ ਮੁਸਲਮਾਨ ਬਣ ਜਾਵੇਂ ਤਾਂ ਤੇਰਾ ਗੁਨਾਹ ਮੁਆਫ਼ ਹੋ ਸਕਦਾ ਹੈ।
ਭਾਈ ਹਕੀਕਤ ਰਾਏ ਨੇ ਮੁਸਲਮਾਨ ਬਣਨ ਤੋਂ ਇਨਕਾਰ ਕਰ ਦਿੱਤਾ।
ਅਮੀਰ ਬੇਗ ਦੇ ਹੁਕਮ ਨਾਲ ਭਾਈ ਹਕੀਕਤ ਰਾਏ ਨੂੰ ਦਰੱਖਤ ਨਾਲ ਉਲਟਾ ਲਟਕਾ ਕੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ, ਪਰ ਉਸਨੇ ਮੁਸਲਮਾਨ ਬਣਨਾ ਕਬੂਲ ਨਾ ਕੀਤਾ।
ਅਮੀਰ ਬੇਗ ਨੇ ਭਾਈ ਹਕੀਕਤ ਰਾਏ ਨੂੰ ਸਜ਼ਾ ਦਿਵਾਉਣ ਲਈ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਪਾਸ ਭੇਜ ਦਿੱਤਾ।
ਭਾਈ ਹਕੀਕਤ ਰਾਏ ਨੂੰ ਉਸ ਦੀ ਮਾਤਾ ਗੋਰਾਂ ਨੇ ਕਿਹਾ, “ਬੇਟਾ, ਤੇਰੀ ਮੌਤ ਨਾਲ ਮੈਂ ਨਪੁੱਤੀ ਤਾਂ ਹੋ ਜਾਵਾਂਗੀ, ਪਰ ਜੋ ਤੂੰ ਧਰਮ ਤਿਆਗ ਦਿੱਤਾ ਤਾਂ ਮੈਂ ਬੇਮੁਖ ਤੇ ਅਧਰਮੀ ਪੁੱਤਰ ਦੀ ਮਾਂ ਅਖਵਾਵਾਂਗੀ।
ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਤੈਨੂੰ ਧਰਮ ਨਿਭਾਉਣ ਦੀ ਹਿੰਮਤ ਬਖ਼ਸ਼ੇ, ਭਾਵੇਂ ਸ਼ਹੀਦੀ ਦੇਣੀ ਪਵੇ ਦੇ ਦੇਵੀ।”
ਹੋਰ ਮਾਰਨ ਉੱਪਰ ਵੀ ਭਾਈ ਹਕੀਕਤ ਰਾਏ ਨੇ ਜਦੋਂ ਮੁਸਲਮਾਨ ਬਣਨਾ ਕਬੂਲ ਨਾ ਕੀਤਾ ਤਾਂ ਸੂਬੇਦਾਰ ਦੇ ਹੁਕਮ ਨਾਲ ਜਨਵਰੀ 1735 ਈਸਵੀ ਨੂੰ ਭਾਈ ਹਕੀਕਤ ਰਾਏ ਨੂੰ ਸ਼ਹੀਦ ਕਰ ਦਿੱਤਾ ਗਿਆ।
ਬਾਅਦ ਵਿਚ ਉਸ ਦੇ ਸਹੁਰਾ ਸਰਦਾਰ ਕਿਸ਼ਨ ਸਿੰਘ, ਉਸ ਦੇ ਭਰਾ ਮਲ ਸਿੰਘ, ਦਲ ਸਿੰਘ ਅਤੇ ਹੋਰ ਸਿੰਘਾਂ ਨੇ ਕਾਜ਼ੀ ਨੂੰ ਮਾਰ ਦਿੱਤਾ ਸੀ।
ਫੌਜਦਾਰ ਆਮਿਰ ਖਾਨ, ਜਿਸ ਨੇ ਹਕੀਕਤ ਸਿੰਘ ਜੀ ਨੂੰ ਲਾਹੌਰ ਭਿਜਵਾਇਆ ਸੀ, ਨੂੰ ਮਾਰ ਦਿੱਤਾ ਗਿਆ ਅਤੇ ਉਸਦਾ ਸਿਰ ਬਟਾਲਾ ਦੀਆਂ ਸੜਕਾਂ ‘ਤੇ ਦਿਖਾਇਆ ਗਿਆ ਸੀ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top