24 ਸਤੰਬਰ ਦਾ ਇਤਿਹਾਸ – ਜਨਮ ਬਾਬਾ ਸ਼੍ਰੀ ਚੰਦ ਜੀ ਉਦਾਸੀਨ

ਉਦਾਸੀ ਸੰਪਰਦਾਇ ਇੱਕ ਧਾਰਮਿਕ ਅਤੇ ਸਾਹਿਤਿਕ ਪਰੰਪਰਾ ਹੈ, ਜਿਸਦੇ ਬਾਨੀ ਬਾਬਾ ਸ੍ਰੀ ਚੰਦ ਸਨ । ਉਦਾਸੀਨ ਸ਼ਬਦ ਵਿਆਕਰਨਿਕ ਦ੍ਰਿਸ਼ਟੀ ਤੋਂ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ -ਉਤੂ+ਅਧੀਨ ਭਾਵ ਜੋ ਨਾਸ਼ਵਾਨ ਸੰਸਾਰ ਤੋਂ ਉੱਪਰ ਉਠ ਕੇ ਸੂਖਮ ਜਗਤ ਵਿੱਚ ਨਿਵਾਸ ਰਖਦਾ ਹੈ। ਸੰਸਾਰਿਕ ਜੀਵਨ ਤੋਂ ਉਪਰਾਮ ਤੇ ਸੰਸਾਰਿਕ ਮੋਹ ਮਾਇਆ ਤੋਂ ਨਿਰਲੇਪ ਰਹਿਕੇ , ਗਿਆਨ ਦੁਆਰਾ ਆਪਣੀਆਂ ਸਾਰੀਆਂ ਸ਼ਕਤੀਆਂ ਅਤੇ ਬਿਰਤੀਆਂ ਬ੍ਰਹਮ ਨਾਲ ਜੋੜਨ ਦੀ ਸ਼ਕਤੀ ਰਖਦਾ ਹੋਵੇl ਕਈ ਉਦਾਸੀ ਸਾਧੂਆਂ ਨੇ ਬਹੁਤ ਸਾਰੇ ਸਾਹਿਤ ਦੀ ਰਚਨਾ ਕੀਤੀ, ਜਿਸ ਦਾ ਖੇਤਰ ਸਦਾਚਾਰਿਕਤਾ ਅਤੇ ਅਧਿਆਤਮਿਕਤਾ ਤੱਕ ਸੀਮਿਤ ਰਿਹਾ ਹੈ। ਇਹਨਾਂ ਰਚਨਾਵਾਂ ਵਿੱਚ ਚਮਤਕਾਰੀ ਸਾਹਿਤਿਕ ਗੁਣ ਅਤੇ ਭਾਸ਼ਾਈ ਵਿਸ਼ੇਸ਼ਤਾਵਾਂ ਮੋਜੂਦ ਹਨ। ਬਾਬਾ ਸ਼੍ਰੀਚੰਦ ਦੁਆਰਾ ਰਚਿਤ ‘ਆਰਤਾ ਨਾਨਕ ਸ਼ਾਹ ਦਾ’ ਪ੍ਰਾਪਤ ਹੁੰਦਾ ਹੈ। ਜੋ ਇਸ ਪ੍ਰਕਾਰ ਹੈ –
ਚਾਰ ਕੂਟ ਕੀ ਧਰਮਸ਼ਾਲਾ,
ਸੰਗਤ ਗਾਵੈ ਸ਼ਬਦ ਰਸਾਲਾ।
ਆਰਤਾ ਕੀਜੈ ਨਾਨਕ ਪਾਤਸ਼ਾਹ ਕਾ,
ਦੀਨ ਦੁਨੀ ਕੇ ਸ਼ਾਹ ਕਾ।
ਬਾਬਾ ਸ੍ਰੀ ਚੰਦ ਤੋਂ ਇਲਾਵਾ ਹੋਰ ਸਾਧੂ ਬਾਬਾ ਦਿਆਲ ਅਨੇਮੀ(ਗੱਦੀਕਾਰ), ਬਾਬਾ ਸੰਤ ਦਾਸ ਦੇ ਚੇਲੇ ਚਤੁਰਦਾਸ ਅਤੇ ਬਾਬਾ ਲਾਲ ਆਦਿ ਹੋਏ ਹਨ,ਜਿਹਨਾਂ ਨੇ ਸਾਹਿਤ ਰਚਿਆ।
ਬਾਬਾ ਸ੍ਰੀ ਚੰਦ ,ਗੁਰੂ ਨਾਨਕ ਦੇਵ ਜੀ ਦੇ ਵਡੇ ਸਪੁਤਰ ਉਦਾਸੀ ਸੰਪਰਦਾ ਦੇ ਬਾਨੀ ਹੋਏ ਹਨ. ਜਿਨ੍ਹਾ ਤੇ ਗੁਰੂ ਨਾਨਕ ਸਾਹਿਬ ਦੀ ਸਿਖੀ ਦਾ ਵੀ ਪੂਰਾ ਪੂਰਾ ਅਸਰ ਸੀl ਜਤੀ ਸਤੀ ਰਹਿ ਕੇ ਵੀ ਉਨ੍ਹਾ ਨੇ ਸਿਖ ਧਰਮ ਦਾ ਪ੍ਰਚਾਰ ਕੀਤਾ ਤੇ ਉਨ੍ਹਾ ਚਮਤਕਾਰ ਵੀ ਕੀਤੇ ਜੋ ਕਿ ਗੁਰੂ ਨਾਨਕ ਦੀ ਸਿਖੀ ਤੋਂ ਦੇ ਬਿਲਕੁਲ ਉਲਟ ਹਨ l ਗੁਰੂ ਨਾਨਕ ਸਾਹਿਬ ਦੇ ਜਿਓੰਦੇ ਜੀ ਉਹ ਹਿੰਦੂ ਧਰਮ, ਸਿਖ ਧਰਮ ਤੇ ਬ੍ਰਾਹਮਣਾ ਵਾਦ ਦੇ ਵਿਚਕਾਰ ਭਟਕਦੇ ਰਹੇl ਜਿਸ ਵਿਚ ਉਨ੍ਹਾ ਦਾ ਕਸੂਰ ਘਟ ਤੇ ਹਾਲਾਤਾਂ ਦਾ ਕਸੂਰ ਜ਼ਿਆਦਾ ਸੀ l ਬਾਬਾ ਸ੍ਰੀ ਚੰਦ ਦੇ ਹੋਣ ਤੋਂ 7 ਸਾਲਾ ਬਾਅਦ ਹੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਹੁਕਮ ਆਨੁਸਾਰ ਲੰਬੀਆਂ ਉਦਾਸੀਆਂ ਤੇ ਤੁਰ ਪਏ l ਗੁਰੂ ਨਾਨਕ ਸਾਹਿਬ ਤੋਂ ਪਿਛੋਂ ਬਚਿਆਂ ਦੀ ਪਾਲਣ-ਪੋਸ਼ਣ ਕਰਣ ਵਿਚ ਜਿਆਦਾ ਹਥ ਮਾਤਾ ਸੁਲਖਣੀ, ਨਾਨਕੇ ਤੇ ਦਾਦਕੇ ਪਰਿਵਾਰ ਦਾ ਰਿਹਾ ਜੋ ਬੇਬੇ ਨਾਨਕੀ ਤੋਂ ਛੁਟ ਸਾਰੇ ਹੀ ਬ੍ਰਾਹਮਣਵਾਦੀ ਸੀ l ਉਨ੍ਹਾ ਦਾ ਵੀ ਬਾਬਾ ਸ੍ਰੀ ਚੰਦ ਜੀ ਤੇ ਅਸਰ ਪੈਣਾ ਕੁਦਰਤੀ ਸੀ l
ਬਾਬਾ ਸ੍ਰੀ ਚੰਦ, ਦਾ ਜਨਮ ਪੰਜਾਬ ਦੇ ਅਜੋਕੇ ਜ਼ਿਲਾ ਕਪੂਰਥਲਾ ਸ਼ਹਿਰ , ਸੁਲਤਾਨਪੁਰ ਲੋਧੀ ਵਿਖੇ 8 ਸਤੰਬਰ 1494 ,ਭਾਦੋਂ ਸੁਦੀ 9. 1551 ਬਿਕਰਮੀ, ਗੁਰੂ ਨਾਨਕ ਸਾਹਿਬ ਦੇ ਘਰ ,ਮਾਤਾ ਸੁਲਖਣੀ ਦੀ ਕੁਖੋਂ ਹੋਇਆI ਬਾਬਾ ਸ਼੍ਰੀਚੰਦ ਨੂੰ ਵਿਦਿਆ ਪ੍ਰਾਪਤੀ ਲਈ ਪੰਡਿਤ ਪਰਸ਼ੋਤਮਦਾਸ ਕੋਲ ਕਸ਼ਮੀਰ ਭੇਜ ਦਿੱਤਾ ਗਿਆ। ਪਰਸ਼ੋਤਮਦਾਸ ਨੇ ਸ਼੍ਰੀਚੰਦ ਦੀ ਚੇਤੰਨ ਬੁਧੀ ਵੇਖ ਕੇ ਉਸਨੂੰ ਉਦਾਸੀ ਧਰਮ ਦੀ ਦੀਖਿਆ ਲੈਣ ਲਈ ਕਿਹਾ। ਸ੍ਰੀ ਚੰਦ ਨੇ ਧਰਮ ਪ੍ਰਚਾਰਕ ਅਬਿਨਾਸ਼ੀ ਮੁਨੀ ਤੋਂ ਚਤੁਰਥ ਆਸ਼੍ਰਮ ਵਿੱਚ ਉਦਾਸੀ ਮਤ ਦੀ ਦੀਖਿਆ ਪ੍ਰਾਪਤ ਕੀਤੀ। ਉਦਾਸੀ ਮਤ ਨੂੰ ਅੱਗੇ ਤੋਰਨ ਦਾ ਕੰਮ ਸ੍ਰੀ ਚੰਦ ਦੇ ਚੇਲਿਆਂ ਨੇ ਸੰਭਾਲਿਆ। ਕਈ ਇਤਿਹਾਸਕਾਰ ,ਭਾਈ ਗੁਰਦਿਤਾ, ਜੋ ਗੁਰੂ ਹਰਗੋਬਿੰਦ ਦੇ ਸਭ ਤੋਂ ਵੱਡੇ ਸਪੁੱਤਰ ਸਨ ਨੂੰ ਇਨ੍ਹਾਂ ਦੇ ਚੇਲੇ ਮੰਨਦੇ ਹਨ ਤੇ ਉਨ੍ਹਾ ਦੇ ਅੱਗੇ ਚਾਰ ਸੇਵਕ ਅਲਮਸਤ, ਬਾਲੂ ਹਸਨਾ, ਗੋਬਿੰਦ ਅਤੇ ਫੂਲਸ਼ਾਹ ਹਨ, ਜਿਹਨਾਂ ਦੇ ਨਾਮ ਤੇ ਉਦਾਸੀਆਂ ਦੇ ਚਾਰ ਧੂਣੇ ਪ੍ਰਸਿੱਧ ਹਨ। ਪਰ ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਭਾਈ ਗੁਰਦਿਤਾ ਜੀ ਦਾ ਜਨਮ ਹੀ ਬਾਬਾ ਸ੍ਰੀ ਚੰਦ ਦੇ ਅਕਾਲ ਚਲਾਣਾ ਤੋਂ ਬਾਅਦ ਹੋਇਆ ਹੈl ਚਾਰ ਧੂੰਣਾ ਬਾਬਾ ਸ੍ਰੀ ਚੰਦ ਦੇ ਹੁੰਦਿਆਂ ਤੇ ਉਨ੍ਹਾਂ ਦੇ ਪਿੱਛੋਂ ਉਦਾਸੀਨ ਪ੍ਰਚਾਰ ਦੇ ਕੇਂਦਰ ਵਿੱਚ ਛੇ ਬਖਸ਼ਿਸ਼ਾਂ ਨੂੰ ਵੀ ਮੰਨਿਆ ਜਾਂਦਾ ਹੈ, ਜੋ ਵਖ ਵਖ ਗੁਰੂ ਸਾਹਿਬਾਨਾਂ ਤੋਂ ਪ੍ਰਾਪਤ ਹੋਈਆਂ-ਸੁਧਰੇ ਸ਼ਾਹੀ, ਸੰਗਤ ਸਹਿਬੀਏ -ਜੀਤ ਮਲੀਏ -ਬਖਤ ਮਲੀਏ – ਭਗਤ ਭਗਵਾਨੀਏ -ਮੀਂਹਾਂਆਦਿ ਸਾਹੀਏ
ਸੱਤ ਸਾਲ ਦੀ ਉਮਰ ਵਿਚ ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਚਲੇ ਗਏ ਤਾਂ ਬਾਬਾ ਸ੍ਰੀ ਚੰਦ ਨੇ ਵੀ ਬੰਦਗੀ ਸ਼ੁਰੂ ਕਰ ਦਿਤੀl ਉਹ ਅਕਸਰ ਜੰਗਲਾਂ ਵਿਚ ਬੈਠਕੇ ਤੱਪਸਿਆ ਕਰਦੇ ਤੇ ਉਨ੍ਹਾ ਨਾਲ ਜੰਗਲਾ ਦੇ ਭਿਆਨਕ ਜਾਨਵਰ ਵੀ ਸੰਗਤ ਕਰਦੇ ਸਨl ਜਦੋ ਕਝ ਕੁ ਵਡੇ ਹੋਏ ਤਾਂ ਆਪਣੇ ਨਾਨਕੇ ਪਿੰਡ ਭਾਈ ਕਮਲੀਆ ਜੀ ਨਾਲ ਆਏl ਇਕ ਦਿਨ ਮਨ ਵਿਚ ਫੁਰਨਾ ਆਇਆ ਤੇ ਭਾਈ ਕਮਲੀਏ ਨੂੰ ਕਿਹਾ ਕਿਓਂ ਨਾ ਨਗਰ ਦਾ ਚਕਰ ਕਟ ਕੇ ਆਈਏ ਥੋੜੀ ਸੈਰ ਹੋ ਜਾਏਗੀ I ਭਾਈ ਕਮਲੀਏ ਨੇ ਸਤਿ ਬਚਨ ਕਹਿ ਕੇ ਆਪਣੇ ਮੋਢਿਆਂ ਤੇ ਭਾਈ ਸ੍ਰੀ ਚੰਦ ਨੂੰ ਬਿਠਾ ਲਿਆ ਜਿਵੇਂ ਹਮੇਸ਼ਾ ਕਰਦੇ ਸੀI ਜਦ ਬਾਬਾ ਸ੍ਰੀ ਚੰਦ ਜੀ ਬਾਹਰ ਗਏ ਤਾਂ ਕੁਝ ਦੂਰੀ ਤੇ ਕੁਝ ਲੋਕ ਬੈਠੇ ਸੀI ਜਦੋਂ ਲੋਕਾਂ ਨੇ ਦੇਖਿਆ ਕਿ ਬਾਬਾ ਸ੍ਰੀ ਚੰਦ ਜੀ ਆ ਰਹੇ ਹਨ ਤਾ ਉਨ੍ਹਾ ਨੇ ਸੋਚਿਆ ਕਿਓਂ ਨਾ ਬਾਬਾ ਜੀ ਨੂੰ ਇਥੇ ਬਿਠਾਕੇ ਉਨ੍ਹਾ ਕੋਲੋਂ ਹਰੀ ,ਪ੍ਰਮਾਤਮਾ ਦੇ ਨਾਮ ਦੇ ਕੁਝ ਬਚਨ ਸੁਣੀਏI ਇਹ ਸੋਚ ਕੇ ਲੋਕਾਂ ਨੇ ਉਨ੍ਹਾ ਨੂੰ ਰੋਕ ਲਿਆ, ਆਪਣੀ ਇਛਾ ਪ੍ਰਗਟ ਕੀਤੀ I ਇਕ ਸੁੰਦਰ ਆਸਣ ਬਿਛਾਇਆ ਜਿਸਤੇ ਬਾਬਾ ਜੀ ਨੂੰ ਬਿਠਾਇਆ ਤੇ ਉਨ੍ਹਾ ਨਾਲ ਬਚਨ ਬਿਲਾਸ ਕਰਕੇ ਪ੍ਰਸੰਨ ਹੋਏl
ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਸ਼੍ਰੀ ਚੰਦ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਜਾਣ ਕੇ ਸਤਿਕਾਰ ਕਰਦੇ ਸਨ l ਬਾਬਾ ਸ੍ਰੀ ਚੰਦ ਜੀ ਨੇ ਜਦ ਅਮ੍ਰਿਤਸਰ ਸ਼ਹਿਰ ਵਸਾਉਣ , ਅਮ੍ਰਿਤਸਰ ਸਰੋਵਰ ਦੀ ਉਸਾਰੀ ਤੇ ਗੁਰੂ ਰਾਮ ਦਾਸ ਜੀ ਦੀ ਇਤਨੀ ਸੋਭਾ ਸੁਣੀ ਤਾਂ ਉਨ੍ਹਾ ਕੋਲ ਰਿਹਾ ਨਾ ਗਿਆl ਗੁਰੂ ਦਰਸ਼ਨ ਲਈ ਚੇਲਿਆਂ ਸਮੇਤ ਦਰਬਾਰ ਸਾਹਿਬ ਹਾਜਰ ਹੋਏ l ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਸਨ, ਗੁਰੂ ਰਾਮ ਦਾਸ ਜੀ ਆਪਣੇ ਆਸਣ ਤੋ ਉਠਕੇ ਅਗੇ ਮਿਲਣ ਨੂੰ ਆਏl ਗੁਰੂ ਸਾਹਿਬ ਦੀ ਪਿਆਰੀ ਸਖਸ਼ੀਅਤ ਨੇ ਉਨ੍ਹਾ ਨੂੰ ਮੋਹ ਲਿਆl ਗੁਰੂ ਸਾਹਿਬ ਦੇ ਨੂਰਾਨੀ ਚੇਹਰੇ ਵਲ ਤਕਦਿਆਂ ਖੁਸ਼ ਹੋਏ ਤੇ ਕਿਹਾ ,” ਐਡਾ ਸੁੰਦਰ ਦਾਹੜਾ ਕਿਵੇਂ ਵਧਾ ਲਿਆ ਹੈ “l ਤਾਂ ਗੁਰੂ ਸਾਹਿਬ ਨੇ ਕਿਹਾ ਤੁਹਾਡੇ ਵਰਗੇ ਮਹਾਂ ਪੁਰਸ਼ਾਂ ਦੇ ਚਰਨ ਝਾੜਨ ਲਈ l ਇਤਨੀ ਹਲੀਮੀ ਦੇਖ ਕੇ ਬਾਬਾ ਸ੍ਰੀ ਚੰਦ ਦੰਗ ਰਹਿ ਗਏ ਤੇ ਕਿਹਾ ,’ ਧੰਨ ਤੁਸੀਂ ਤੇ ਧੰਨ ਤੁਹਾਡੀ ਨਿਮਰਤਾ” l ਇਸ ਪਿਛੋਂ ਉਨ੍ਹਾ ਨੇ ਉਦਾਸੀ ਲਿਬਾਸ ਵਿਚ ਸਤਿਨਾਮ ਦਾ ਪ੍ਰਚਾਰ ਕੀਤਾl
ਬਾਬਾ ਸ੍ਰੀ ਚੰਦ ਜੀ, ਨਾਨਕਸਰ ਵਿਚ ਉਨ੍ਹਾ ਨੇ 12 ਸਾਲ ਤਪਸਿਆ ਕੀਤੀ ਤੇ ਦੀਨ ਦੁਖੀਆਂ ਦਾ ਭਲਾ ਵੀ ਕੀਤਾl ਜਹਾਂਗੀਰ ਵੀ ਇਥੇ ਬਾਬਾ ਸ੍ਰੀ ਚੰਦ ਦੇ ਦਰਸ਼ਨ ਕਰਨ ਆਇਆ ਤੇ ਉਸਨੇ ਬਾਬਾ ਸ੍ਰੀ ਚੰਦ ਨੂੰ 700 ਏਕੜ ਜਮੀਨ ਦਿਤੀl ਮਾਈ ਹਰੋ ਬਾਬਾ ਜੀ ਬਹੁਤ ਸੇਵਾ ਕਰਦੀ ਸੀ ਇਕ ਦਿਨ ਖੁਸ਼ ਹੋਕੇ ਉਨ੍ਹਾ ਨੇ ਉਸ ਨੂੰ ਆਸ਼ੀਰਵਾਦ ਦਿਤਾ ਤੇ ਕਿਹਾ,’ ਜਾ ਮਾਈ ਤੂੰ ਹਰੀ ਭਰੀ ਹੋ ਜਾ ਤਾਂ ਮਾਈ ਨੇ ਕਿਹਾ ਤੁਹਾਡਾ ਇਹ ਆਸ਼ੀਰਵਾਦ ਮੇਰੇ ਕੰਮ ਨਹੀਂ ਆ ਸਕਦਾ ਕਿਓਂਕਿ ਮੈਂ ਤਾਂ ਵਿਧਵਾ ਹਾਂ l ਕੋਲ ਹੀ ਇਕ ਸੁਕਾ ਬੋਹੜ ਦਾ ਦਰਖਤ ਸੀ ਉਸ ਨੂੰ ਹਰਿਆ ਭਰਿਆ ਹੋਣ ਦਾ ਵਰ ਦੇ ਦਿਤਾ, ਸੁੱਕਾ ਦਰੱਖਤ ਹਰਾ-ਭਰਾ ਹੋ ਗਿਆl
ਬਾਬਾ ਗੋਰਖ ਨਾਥ ਨੇ ਸੁਣਿਆ ਤਾ ਉਨ੍ਹਾ ਸੋਚਿਆ ਕਿ ਸਾਡੇ ਤੋਂ ਵਧ ਹੋਰ ਕੋਣ ਤਪੱਸਵੀ ਹੋ ਸਕਦਾ ਹੈ ਆਪਣੇ 84 ਚੇਲਿਆਂ ਸਮੇਤ ਬਾਬਾ ਸ੍ਰੀ ਚੰਦ ਨੂੰ ਦੇਖਣ ਆਏl ਬਾਬਾ ਸ੍ਰੀ ਚੰਦ ਜੀ ਨੇ ਉਨ੍ਹਾ ਦੇ ਭੋਜਨ ਲਈ ਕਮਲੀਏ ਨੂੰ ਪਿੰਡ ਕਾਦਰ ਵਿਚ ਭਿਖਿਆ ਮੰਗਣ ਲਈ ਭੇਜਿਆl ਕਿਸੇ ਨੇ ਉਸ ਨੂੰ ਭਿਖਿਆ ਨਾ ਦਿਤੀ . ਅਖੀਰ ਉਸ ਨੇ ਪਿੰਡ ਨੂੰ ਸਰਾਪ ਦੇ ਦਿਤਾ ਕਿ ਇਹ ਪਿੰਡ ਥੇਹ ਹੋ ਜਾਏ l ਵਾਪਸ ਆਕੇ ਜਦ ਕਮਲਿਏ ਨੇ ਸਾਰੀ ਗਲ ਬਾਬਾ ਸ੍ਰੀ ਚੰਦ ਨੂੰ ਸੁਣਾਈ ਤਾ ਬਾਬਾ ਜੀ ਨੇ ਕਿਹਾ ਇਹ ਪਿੰਡ ਦਾ ਕਸੂਰ ਨਹੀਂ ਹੈ, ਇਹ ਸਿਧਾਂ ਦਾ ਕੰਮ ਹੈl ਪਰ ਤੁਹਾਡਾ ਦਿਤਾ ਸਰਾਪ ਵੀ ਖਾਲੀ ਨਹੀਂ ਜਾਣਾl ਜਾਉ ਪਿੰਡ ਵਾਲਿਆਂ ਨੂੰ ਕਹੋ ਕਿ ਇਹ ਪਿੰਡ ਖਾਲੀ ਕਰ ਦੇਣl ਪਿੰਡ ਵਾਲੇ ਮਾਫ਼ੀ ਮੰਗਣ ਆਏ ਤਾ ਬਾਬਾ ਸ੍ਰੀ ਚੰਦ ਨੇ ਕਿਹਾ ਕਿ ਹੁਣ ਇਹ ਪਿੰਡ ਉਦੋਂ ਹੀ ਵਸੇਗਾ ਜਦ ਉਸ ਹਰੇ ਭਰੇ ਬੋਹੜ ਦੀ ਜੜ੍ਹ ਕਾਦਰਾਬਾਦ ਤਕ ਪਹੁੰਚੇਗੀl ਉਨ੍ਹਾ ਦਾ ਬੋਲ ਸਚ ਹੋਇਆ ਉਹ ਪਿੰਡ ਉਜੜ ਗਿਆ ਤੇ ਕਈ ਸੋ ਸਾਲਾਂ ਬਾਅਦ ਹੁਣ ਵਸਣਾ ਸ਼ੁਰੂ ਹੋਇਆ ਹੈl
ਇਨ੍ਹਾ ਨੇ ਕਈ ਥਾਵਾਂ ਅਖਾੜੇ ਸਥਾਪਤ ਕੀਤੇl” ਸਤਿਗੁਰੂ ਨਿਰਬਾਣ ਗੰਜ ਨਾਂ ਦਾ ਦੀਰਘ ਅਕਾਰੀ ਗ੍ਰੰਥ ਉਦਾਸੀ ਅਘਾੜਾ ਸੰਗਲਵਾਲਾ ਅਮ੍ਰਿਤਸਰ ਵਿੱਚ ਅੱਜ ਵੀ ਹੈl ਵਡਾ ਅਖਾੜਾ ਬਾਬਾ ਨੰਦ-ਪ੍ਰਾਗਦਾਸ -ਸੰਗਲ ਵਾਲਾ -ਬੇਰੀ ਵਾਲਾ , ਕਾਸ਼ੀ ਵਾਲਾ ਆਦਿ, ਸਾਰੀਆਂ ਨੂੰ ਚਿਤਰਾਂ ਨਾਲ ਸਿੰਗਾਰਿਆ ਹੋਇਆ ਹੈl ਅਖਾੜਾ ਬਲ ਅਨੰਦ ਜੋ ਹਰਿਮੰਦਰ ਸਾਹਿਬ ਦੇ ਨਜਦੀਕ ਹੈ, ਬਾਬਾ ਸ੍ਰੀ ਚੰਦ ਨੂੰ ਧਾਰਮਿਕ ਗੋਸ਼ਟੀ ਵਿਚ ਉਲੀਕਿਆ ਹੋਇਆ ਦਿਖਾਇਆ ਗਿਆ ਹੈ l l ਸਾਧੂਆਂ ਦੇ ਡੇਰਿਆਂ ਦੀਆਂ ਕੰਧਾਂ ਸਚਿਤਰ ਕਰਵਾਈਆਂ l
ਸਾਰੇ ਗੁਰੂ ਸਾਹਿਬਾਨ ਬਾਬਾ ਸ੍ਰੀ ਚੰਦ ਨੂੰ ਬਾਬੇ ਨਾਨਕ ਦਾ ਪੁਤਰ ਹੋਣ ਕਰਕੇ ਇਜ਼ਤ ਦਿੰਦੇl ਬਾਬਾ ਸ੍ਰੀ ਚੰਦ ਜੀ ਦਾ ਬਾਰਨ ਸਾਹਿਬ ਅਸਥਾਨ ਹੈ ਜਿਸਦੇ ਲਾਗੇ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਵੀ ਹੈl ਗੁਰੂ ਅਰਜਨ ਦੇਵ ਜੀ ਜਦੋ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਆਏ ਤਾ ਉਨ੍ਹਾ ਨੇ ਇਸ ਅਸਥਾਨ ਤੇ ਨਿਵਾਸ ਕੀਤਾ l ਬਾਬਾ ਸ੍ਰੀ ਚੰਦ ਜੀ ਨੇ ਆਪਣਾ ਵਖਰਾ ਮੱਤ ਚਲਾਇਆ ਪਰ ਉਹ ਗੁਰੂ ਸਾਹਿਬ ਦੇ ਸਿਧਾਂਤਾ ਦੀ ਵੀ ਕਦਰ ਕਰਦੇ ਸੀl ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਏ ਤਾਂ ਉਨ੍ਹਾ ਦੀਆਂ ਅੰਤਿਮ ਰਸਮਾਂ ਦੇਹੁਰਾ ਰਾਵੀ ਦੇ ਖਬੇ ਕੰਡੇ ਤੇ ਕੀਤੀਆਂ ਗਈਆਂ ਸਨ l ਹੜ੍ਹ ਆਉਣ ਤੇ ਬਾਬਾ ਸ੍ਰੀ ਚੰਦ ਜੀ ਨੂੰ ਦੇਹੁਰਾ ਰੁੜਨ ਦਾ ਅੰਦੇਸਾ ਹੋਇਆ ਤੇ ਉਨ੍ਹਾ ਨੇ ਗੁਰੂ ਨਾਨਕ ਸਾਹਿਬ ਦੇ ਫੁਲ ਰਾਵੀ ਦੇ ਖਬੇ ਕੰਢੇ ਤੋ ਹਟਾ ਕੇ ਰਾਵੀ ਦੇ ਸਜੇ ਕੰਡੇ ਦੇਹੁਰਾ ਬਣਵਾਕੇ , ਉਨ੍ਹਾ ਦੀ ਯਾਦਗਾਰ ਸਥਾਪਿਤ ਕੀਤੀ ਤੇ ਬਾਅਦ ਵਿਚ ਉਥੇ ਗੁਰੂਦੁਆਰਾ ਸਾਹਿਬ ਵੀ ਬਣਿਆ ਜਿਸ ਨੂੰ ਦੇਹਰਾ-ਬਾਬਾ ਨਾਨਕ (ਡੇਰਾ ਬਾਬਾ ਨਾਨਕ )ਦਾ ਨਾਮ ਦਿਤਾ ਗਿਆ ਹੈl
ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਲਿਖਤ ਗੁਰਬਾਣੀ ਨੂੰ ਸਾਂਭਿਆ, ਗੁਰੂ ਅੰਗਦ ਦੇਵ ਨੂੰ ਗੁਰਗਦੀ ਦੇਣ ਵਿਚ ਕੋਈ ਵਿਰੋਧ ਨਹੀਂ ਕੀਤਾ ਬਲਿਕ ਗੁਰੂ ਨਾਨਕ ਸਾਹਿਬ ਦੇ ਹੁਕਮ ਅਨੁਸਾਰ ਭਾਣਾ ਮੰਨਿਆl ਗੁਰੂ ਨਾਨਕ ਸਾਹਿਬ ਦੀਆਂ ਸਾਰੀਆਂ ਲਿਖਤਾਂ ( ਪੋਥੀ ਸਾਹਿਬ ) ਦੂਸਰੇ ਗੁਰੂ ਸਹਿਬਾਨ ,ਗੁਰੂ ਅੰਗਦ ਦੇਵ ਜੀ ਨੂੰ ਸੋਂਪੇl ਭਾਵੇਂ ਬਾਬਾ ਸ੍ਰੀ ਚੰਦ ਦਾ ਮੱਤ ਅਲਗ ਸੀ ਪਰ ਉਨ੍ਹਾ ਦੇ ਮੱਤ ਤੇ ਸਿਖ ਧਰਮ ਦਾ ਅਸਰ ਸਾਫ਼ ਸਾਫ਼ ਦਿਖਾਈ ਦਿੰਦਾ ਸੀl ਗੁਰੂ ਸਾਹਿਬ ਨੇ ਜੋਗ ਨੂੰ ਗਲਤ ਨਹੀਂ ਕਿਹਾ, ਕਰਮਾਂ ਨੂੰ ਗਲਤ ਜਰੂਰ ਕਿਹਾ ਹੈ l ਗ੍ਰਿਹਸਤ ਦੀਆਂ ਜੇਮੇਦਾਰੀਆਂ ਨੂੰ ਛਡ ਕੇ, ਪਹਾੜਾਂ ਦੀਆਂ ਖੁੰਦਰਾਂ ਵਿਚ ਤੱਪ ਕਰਨਾ, ਨਸ਼ੇ ਕਰਨੇ ਤੇ ਉਨ੍ਹਾ ਹੀ ਗ੍ਰਹਿਸਤੀਆਂ ਨੂੰ ਜਿਨ੍ਹਾ ਨੂੰ ਤੁਸੀਂ ਮਾੜਾ ਕਹਿ ਕੇ ਛਡ ਆਏ ਹੋ, ਟੁਕੜਿਆਂ ਤੇ ਪਲਨਾ, ਇਹ ਸਭ ਮਾੜਾ ਕਿਹਾ ਹੈl ਦੁਨਿਆ ਵਿਚ ਵਿਚਰ ਕੇ, ਆਪਣੀਆਂ ਜਿਮੇਦਾਰਿਆ ਨਿਭਾਂਦੇ ਹੋਏ ਉਨ੍ਹਾ ਤੋ ਨਿਰਲੇਪ ਰਹਿ ਕੇ ਉਸ ਪ੍ਰਮਾਤਮਾ ਦਾ ਸਿਮਰਨ ਕਰੋ, ਗੁਰੂ ਸਾਹਿਬ ਦਾ ਉਪਦੇਸ਼ ਤੇ ਕਰਮ ਸੀ l
ਬਾਬਾ ਸ੍ਰੀ ਚੰਦ ਵੀ ਗੁਰੂ ਨਾਨਕ ਦੇਵ ਜੀ ਦੀ ਸਿਖੀ ਅਨੁਸਾਰ ਸੰਸਾਰ ਵਿੱਚ ਰਹਿ ਕੇ ਸੰਸਾਰ ਦੀ ਯਾਤਰਾ ਕੀਤੀ ਤੇ ਰੱਬੀ ਗਿਆਨ ਦੁਨੀਆ ਵੰਡਿਆ , ਗੁਰੂ ਨਾਨਕ ਦੇਵ ਜੀ ਦੀ ਸਿਖਿਆਵਾਂ ਦਾ ਪ੍ਰਚਾਰ ਕੀਤਾl ਗੁਰੂ ਨਾਨਕ ਦੇਵ ਜੀ ਨੇ ਉਨਾ ਨਾਲ ਕਿਸੇ ਮੁਦੇ ਤੇ ਕੋਈ ਜਬਰਦਸਤੀ ਨਹੀ ਕੀਤੀ l ਹਾਂ ਗੁਰੂ ਨਾਨਕ ਸਾਹਿਬ ਤੇ ਬਾਬਾ ਸ਼੍ਰੀ ਚੰਦ ਜੀ ਦੇ ਰਸਤੇ ਅੱਲਗ ਸੀ ਪਰ ਮਕਸਦ ਇਕੋ ਸੀl ਗੁਰੂ ਸਾਹਿਬ ਦੀ ਪਦਵੀ ਤੇ ਨਾਂ ਉਹ ਪਹੁੰਚ ਸਕੇ ਨਾ ਹੀ ਉਨ੍ਹਾ ਨੇ ਕੋਸ਼ਿਸ਼ ਕੀਤੀl ਕਿਹਾ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ ਬਾਬਾ ਸਿਰੀ ਚੰਦ ਜੀ ਸਿੱਖ ਧਰਮ ਵਿੱਚ ਸ਼ਾਮਿਲ ਹੋ ਗਏ ਸਨ !
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛਡਿਆ ਤਾਂ ਸਾਰੇ ਗੁਰੂ ਘਰਾਂ ਦੀ ਸਾਂਭ ਸੰਭਾਲ ਸਿਰੀ ਚੰਦੀਆ ਨੇ ਕੀਤੀ ਅਤੇ ਗੁਰੂ ਸਾਹਿਬ ਜੀ ਨਾਲ ਜੰਗਾ ਯੁਧਾਂ ਵਿੱਚ ਵੀ ਲੜੇ !ਜਦੋਂ ਸਿੱਖਾਂ ਦੇ ਸਿਰਾਂ ਦੇ ਮੁਲ ਪੈਣੇ ਸ਼ੁਰੂ ਹੋ ਗਏ ਤਾਂ ਕਾਫੀ ਸਿੰਘ ਜੰਗਲਾਂ ਵਿੱਚ ਚਲੇ ਗਏ, ਅਤੇ ਉਸ ਔਖੇ ਸਮੇਂ ਵਿੱਚ ਸਿਖ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਵੀ ਹੋਣ ਤੌਂ ਬਚਾੳਣ ਲਈ ਸਰੂਪ ਚੁਕ ਕੇ ਜੰਗਲਾਂ ਵਿੱਚ ਚਲੇ ਜਾਂਦੇ ਸਨ ! ਪਿਛੋਂ ਗੁਰੁਦਵਾਰਿਆਂ ਦੀ ਸੇਵਾ ਸੰਭਾਲ ਉਦਾਸੀਆਂ ਤੇ ਨਿਰਮਲ ਸੰਤਾ ਨੇ ਕੀਤੀl ਬਸ ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਗੁਰੂ ਨਾਨਕ ਸਾਹਿਬ ਦੀ ਸਿਰਜੀ ਸਿਖੀ ਦੀ, ਚਾਹੇ ਉਦਾਸੀ ਸੰਤ ਹੋਣ ਜਾਂ ਨਿਰਮਲੇ ਸੰਤ ਦੋਨੋ ਨੇ ਗੁਰੂ ਨਾਨਕ ਦੀ ਸਿਖੀ ਤੇ ਸਿਖਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਤੇ ਔਖੇ ਵੇਲੇ ਉਨ੍ਹਾ ਨੇ ਪੂਰਾ ਪੂਰਾ ਸਾਥ ਵੀ ਦਿਤਾ ਬਾਅਦ ਵਿੱਚ ਚਾਹੇ ਕੁਰੀਤੀਆਂ ਵੀ ਸ਼ਾਮਲ ਹੋ ਗਈਆਂl
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਤਹਿ


Related Posts

One thought on “15 ਨਵੰਬਰ ਦਾ ਇਤਿਹਾਸ – ਸ਼ਹੀਦੀ ਬਾਬਾ ਦੀਪ ਸਿੰਘ ਜੀ ਦੀ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top