ਵੱਡਾ ਘੱਲੂਘਾਰਾ

ਅੱਜ ਦੇ ਦਿਨ ਹੀ 11 ਰਜਬ 1175 ਹਿਜਰੀ ਮੁਤਾਬਿਕ 5 ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਛੇਵੇਂ ਹਮਲੇ ਸਮੇਂ ਮਲੇਰਕੋਟਲਾ ਦੇ ਨੇੜੇ ਕੁੱਪ ਰਹੀੜੇ ਦੇ ਮੈਦਾਨ ਵਿੱਚ ਸਿੱਖ ਕੌਮ ਉਪਰ ਹਮਲਾ ਕੀਤਾ ਸੀ ਜਿਸਨੂੰ ਕੌਂਮ ਵਿੱਚ ਵੱਡਾ ਘੱਲੂਘਾਰਾ ਵੱਲੋ ਯਾਦ ਕੀਤਾ ਜਾਂਦਾ ਹੈ । ਅਬਦਾਲੀ ਦੇ ਨਾਲ ਮਲੇਰੀਆ ਭੀਖਨ ਖਾਂ , ਮੁਰਤਜ਼ਾ ਖਾਨ ਬੜੈਚ , ਕਾਸਮ ਖਾਂ ਮੜਲ, ਦੀਵਾਨ ਲੱਛਮੀ ਨਰਾਇਣ ਸੀ । ਅਬਦਾਲੀ ਨੇ ਆਪਣੇ ਇਸ ਜੰਗ ਵਿੱਚ ਹਿੰਦੋਸਤਾਨ ਵਿੱਚ ਜਿਹੜੇ ਉਸਦਾ ਸਾਥ ਦੇਣ ਵਾਲ਼ੇ ਹਿੰਦੋਸਤਾਨੀਆ ਨੂੰ ਹਦਾਇਤ ਕੀਤੀ ਸੀ ਕੇ ਓਹ ਆਪਣੇ ਫ਼ੌਜੀਆਂ ਨੂੰ ਦੱਸਣ ਕੇ ਓਹ ਸਾਰੇ ਆਪਣੇ ਸਿਰਾ ਉੱਪਰ ਹਰੇ ਘਾਹ ਜਾ ਰੁੱਖਾਂ ਦੀਆਂ ਟਾਹਣੀਆਂ ਬੰਨ ਲੈਣ ਤਾਕੇ ਸਿੱਖਾਂ ਨਾਲੋਂ ਵੇਖਰੇਵਾ ਹੋਣ ਜਾਣ ਤੇ ਪਛਾਣੇ ਜਾਣ ਕਿਓਕਿ ਅਬਦਾਲੀ ਨੇ ਉਜ਼ਬੇਕਿਸਤਾਨ ਦੀਆਂ ਪਲਟਣਾਂ ਨੂੰ ਹੁਕਮ ਦਿੱਤਾ ਸੀ ਕੇ ਹਿੰਦੋਸਤਾਨੀ ਲਿਬਾਸ ਵਿੱਚ ਕੋਈ ਵੀ ਜਿਉਂਦਾ ਨਹੀਂ ਛੱਡਣਾ । ਦੂਸਰੇ ਪਾਸੇ ਸਿੱਖਾਂ ਦੇ ਵੱਡੇ ਵੱਡੇ ਮੁਛਹਿਰਿਆ ਵਾਲੇ ਤੇ ਚੋੜੀਆ ਛਾਤੀਆਂ ਵਾਲੇ ਦੇਵ ਕੱਦ ਸੂਰਮੇ , ਜੱਸਾ ਸਿੰਘ ਆਹਲੂਵਾਲੀਆ , ਜੱਸਾ ਸਿੰਘ ਰਾਮਗੜ੍ਹੀਆ , ਚੜ੍ਹਤ ਸਿੰਘ ਸੁਕਰਚਕੀਆ , ਕਰੋੜਾ ਸਿੰਘ , ਨਵਾਬ ਕਪੂਰ ਸਿੰਘ , ਸ਼ਹੀਦ ਨੱਥਾ ਸਿੰਘ , ਕਰਮ ਸਿੰਘ , ਪ੍ਰੇਮ ਸਿੰਘ , ਸੁੱਧਾ ਸਿੰਘ ਤੇ ਹੋਰ ਜੰਗੀ ਯੋਧੇ ਸਨ । ਅਹਿਮਦ ਸ਼ਾਹ ਅਬਦਾਲੀ ਦੇ ਤੂਫ਼ਾਨ ਵਰਗੀ ਫ਼ੁਰਤੀ ਦੇ ਹਮਲੇ ਵਾਰੇ ਜਾਣਕਾਰੀ ਮਿਲੀ ਤਾਂ ਖਾਲਸੇ ਨੇ ਮਸ਼ਵਰਾ ਕੀਤਾ ਕੇ ਵਹੀਰ ਨੂੰ ਮਾਲਵੇ ਵੱਲ ਤੋਰੀਏ ਤੇ ਆਪ ਦੁਸ਼ਮਣ ਨੂੰ ਰੋਕ ਰੱਖੀਏ । ਓਹਨਾਂ ਨਾਲ ਉਸ ਸਮੇਂ ਸੇਖੂ ਸਿੰਘ ਹੰਬਲ ਵਾਲਾ ਕੈਂਥਲ ਵਾਲੇ ਭਾਈਕੇ ਦਾ ਵਕੀਲ , ਮਹਾਰਾਜਾ ਪਟਿਆਲਾ ਦਾ ਵਕੀਲ ਭਾਈ ਸੰਗੂ ਸਿੰਘ ਤੇ ਤੀਜਾ ਵਕੀਲ ਬੁੱਢਾ ਸਿੰਘ ਖਾਲਸੇ ਨਾਲ ਸੀ । ਖਾਲਸੇ ਦੀ ਸਭ ਤੋਂ ਵੱਡੀ ਸਮੱਸਿਆ ਓਹਨਾ ਨਾਲ ਓਹਨਾ ਦੇ ਪਰਿਵਾਰ ਔਰਤਾਂ ਤੇ ਬੱਚੇ ਸਨ । ਖਾਲਸੇ ਕੋਲ਼ ਗੋਲ਼ਾ ਬਾਰੂਦ ਵੀ ਬਿਲਕੁੱਲ ਨਹੀਂ ਸੀ । ਓਹਨਾ ਕੋਲ ਸਿਰਫ ਆਪਣੇ ਰਵਾਇਤੀ ਹਥਿਆਰ ,ਪਹਾੜ ਵਰਗੇ ਹੌਸਲੇ ਤੇ ਆਪਣੇ ਗੁਰੂ ਦਾ ਟੇਕ ਆਸਰਾ ਸੀ । ਵਹੀਰ ਉੱਪਰ ਸਭ ਤੋਂ ਪਹਿਲਾਂ ਕਾਸਮ ਖਾਂ ਦੀ ਫੌਜ ਨੇ ਹਮਲਾ ਕੀਤਾ । ਸਿੰਘਾ ਨੇ ਓਸ ਉੱਪਰ ਐਨਾ ਤੇਜ ਹਮਲਾ ਕੀਤਾ ਕੇ ਓਹ ਮੁੜਕੇ ਸਾਰੀ ਲੜਾਈ ਵਿੱਚ ਨਹੀਂ ਵੜਿਆ ਸੀ । ਦੂਜੇ ਪਾਸੇ ਅਜੇ ਸੂਰਜ ਵੀ ਨਹੀਂ ਸੀ ਚੜਿਆ ਕੇ ਖੁਦ ਅਬਦਾਲੀ ਆ ਚੜਿਆ । ਖ਼ਾਲਸਾ ਦੂਰੋਂ ਇਸਨੂੰ ਵਿਸਾਖ ਵਿੱਚ ਫੁੱਲੇ ਕੇਸੂ ਤੇ ਕਰੀਰਾ ਦੇ ਫੁੱਲਾਂ ਵਰਗਾ ਕੁੱਸ਼ ਸਮਝਦੇ ਰਹੇ ਪਰ ਇਹ ਸੁਰਖ਼ ਵਰਦੀਆਂ ਉਜਬਕ ਤੇ ਕਿਜਲਬਾਸ ਦਸਤਿਆਂ ਦੀ ਸਨ । ਚੜ੍ਹਦੇ ਸੂਰਜ ਦੋਹਾਂ ਦਲਾ ਦਾ ਭੇੜ ਹੋਇਆ । ਖ਼ਾਲਸਾ ਭਾਵੇਂ ਅਚਨਚੇਤ ਆਪ ਤੋ ਕਈ ਗੁਣਾਂ ਭਾਰੀ ਤੇ ਹਥਿਆਰਾਂ ਨਾਲ਼ ਲੈਸ ਫ਼ੌਜ ਨਾਲ ਘਿਰ ਗਏ ਸਨ ਪਰ ਓਹ ਭੌਰਾ ਭਰ ਵੀ ਨਹੀਂ ਘਬਰਾਏ ਸਨ । ਆਕਾਲ ਪੁਰਖ ਤੇ ਭਰੋਸਾ ਰੱਖ ਚੜਦੀ ਕਲਾ ਵਿੱਚ ਸਨ । ਤਿੰਨੋ ਵਕੀਲਾਂ ਨਾਲ ਵਹੀਰ ਮਾਲਬੇ ਨੂੰ ਤੁਰ ਪਏ ਸਨ । ਵਹੀਰ ਅਜੇ ਤਿੰਨ ਕੋਹ ਵੀ ਨਹੀਂ ਗਿਆ ਸੀ ਕੇ ਮਲੇਰਕੋਟਲਾ ਪਾਸੇ ਤੋ ਭੀਖਨ ਖਾਂ , ਸ਼ਾਹ ਵਲੀ ਖ਼ਾ , ਜੈਨ ਖ਼ਾ ਐਨਾ ਉੱਪਰ ਟੁੱਟ ਪਏ ਸਨ । ਇਹਨਾਂ ਸਾਰੀਆਂ ਫੌਜਾਂ ਦੀ ਗਿਣਤੀ੍ ਇੱਕ ਲੱਖ ਦੇ ਕਰੀਬ ਸੀ । ਓਹਨਾ ਨਾਲ ਪਿੰਡਾ ਦੇ ਰੰਗੜ, ਗੁੱਜਰ , ਤੇਲੀ , ਸੱਕੇ ਆਇਦ ਗਾਜੀ ਬਣ ਕੇ ਮਿਲ ਗਏ ਸਨ । ਖ਼ਾਲਸਾ ਨੇ ਹੁਣ ਵਹੀਰ ਦੇ ਆਲ਼ੇ ਦੁਆਲ਼ੇ ਘੇਰਾ ਬਣਾ ਲਿਆ । ਇਹ ਇੱਕ ਕਿਲ੍ਹੇ ਦੇ ਵਾਂਗੂੰ ਸੀ । ਜਿਹੜਾ ਵਹੀਰ ਨੂੰ ਬਚਾ ਕੇ ਰੋਹੀ ਵੱਲ ਵਧ ਰਿਹਾ ਸੀ । ਅਹਿਮਦ ਸ਼ਾਹ ਨੇ ਬਹੁਤ ਜੋਰ ਲਾ ਲਿਆ ਕੇ ਕਿਸੇ ਤਰਾ ਕਰੜਾ ਹੱਲਾ ਕਰਕੇ ਹਫ਼ੜਾ ਦਫ਼ੜੀ ਪਾਂ ਕੇ ਦਲ ਤੇ ਵਹੀਰ ਨੂੰ ਵੱਖ ਵੱਖ ਕਰ ਦੀਆ ਤੇ ਦੁਰਾਨੀ ਫੌਜ ਇਸ ਵਿੱਚ ਵੜ ਕਿ ਇਸਨੂੰ ਮਾਰ ਮੁੱਕਾ ਦੇਵੇ । ਖ਼ਾਲਸਾ ਜੀ ਨੇ ਪਾਣੀਪਤ ਦੇ ਜੇਤੂ ਦੀ ਕੋਈ ਪੇਸ਼ ਨਾ ਚਲਣ ਦਿੱਤੀ । ਅਬਦਾਲੀ ਨੇ ਆਪਣੇ ਸਭ ਤੋਂ ਯੋਗ ਤੇ ਉੱਚ ਕੋਟੀ ਦੇ ਬਹਾਦਰ ਜਰਨੈਲ ਜਹਾਨ ਖਾਂ ਨੂੰ ਸਿੰਘਾ ਦੀਆਂ ਸਫ਼ਾ ਤੋੜਨ ਅੱਗੇ ਤੋਰਿਆ । ਉਹ ਵੀ ਬੜਾ ਜੋਰ ਮਾਰ ਲਿਐ ਪਰ ਕੋਈ ਖੋ ਨ ਕਰ ਸਕਿਆ । ਇਹ ਗਿਝੇ ਹੋਏ ਸਨ ਪੂਰਬੀਆਂ , ਬਿਦਰਾਬਨ ਤੇ ਮਥੁਰਾ ਦੇ ਲੋਕਾਂ ਨੂੰ ਵੱਢਣ ਟੁੱਕਣ ਜਿਹੜੇ ਓਹਨਾ ਦੇ ਕਾਬੂ ਆ ਗਏ ਸਨ । ਪਰ ਅੱਜ ਐਥੇ ਮੈਦਾਨ ਵਿੱਚ ਕਲਗੀਧਰ ਦੀ ਸਾਜੀ ਹੋਈ ਰਾਠ ਕੌਂਮ ਨਾਲ ਵਾਹ ਪਿਆ ਸੀ । ਸਿੰਘ ਲੜਦੇ ਹੋਏ , ਦੁਸ਼ਮਣਾਂ ਨੂੰ ਝਾੜ ਝਾੜ ਪਿੱਛੇ ਸੁੱਟਦੇ ਹੋਏ , ਵਹੀਰ ਨੂੰ ਕੁੱਕੜੀ ਵਾਂਗੂੰ ਆਪਣੇ ਪਰਾ ਥੱਲੇ ਬਚਾਈ ਪਿੰਡ ਗਹਿਲ ਲਾਗੇ ਪੁੱਜੇ । ਵਹੀਰ ਨੂੰ ਬਚਾ ਕੇ ਪਿੰਡ ਕੁਤਬਾ ਬਾਹਮਣੀਆਂ ਕੋਲ ਤੱਕ ਲੈ ਗੲੇ ਸਿੰਘਾ ਨੇ ਸੋਚਿਆ ਕਿ ਇਨਾਂ ਪਿੰਡਾ ਦਾ ਆਸਰਾ ਲੈ ਕੇ ਹੱਥ ਧੋ ਕੇ ਦੁਸ਼ਮਣ ਨਾਲ ਨਜਿੱਠਿਆ ਜਾਵੇ ਤੇ ਗਲੋ ਲਾਹਿਆ ਜਾਵੇਂ ਪਰ ਅੱਗੇ ਇਹ ਪਿੰਡ ਮਲੇਰਕੋਟਲਾ ਵਾਲੇ ਨਵਾਬ ਦੇ ਰੰਘੜਾ ਦੇ ਸਨ । ਇਹਨਾਂ ਕਿਥੋਂ ਪਨਾਹ ਦੇਣੀ ਸੀ । ਮਾਲਕ ਨੂੰ ਸਿੰਘਾ ਨਾਲ ਲੜਦੇ ਹੋਏ ਇਸਲਾਮੀ ਜੋਸ਼ ਵਿੱਚ ਆ ਗਏ ਤੇ ਨਿਹੱਥਿਆਂ ਦਾ ਹੀ ਕਤਲੇਆਮ ਕੀਤਾ । ਸਰਦਾਰ ਚੜ੍ਹਤ ਸਿੰਘ ਜੀ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਤੂਫ਼ਾਨ ਬਣ ਇਹਨਾਂ ਉੱਪਰ ਆ ਟੁੱਟਾ ਤੇ ਹਜਾਰ ਡੇਢ ਹਜਾਰ ਗਾਜੀ ਨੂੰ ਆਪਣੀ ਤਲਵਾਰ ਦੀ ਭੇਟਾ ਚੜਾ ਦਿੱਤਾ । ਘੜੀ ਕ ਪਹਿਲਾਂ ਜਿਹੜੇ ਪਾਸੇ ਢੋਲਾ ਦੀ ਦਹਿੰਗੜ ਦਹਿੰਗੜ ਹੁੰਦੀ ਸੀ ਸੂਰਮੇ ਨੇ ਪਲਾ ਵਿੱਚ ਹੀ ਕਬਰਸਤਾਨ ਵਰਗੀ ਚੁੱਪ ਕਰਵਾ ਦਿੱਤੀ। ਵਹੀਰ ਅੱਗੇ ਤੋਰਿਆ ਗਿਆ । ਹੋਰ ਪਿੰਡਾਂ ਨੇ ਵੀ ਅਬਦਾਲੀ ਦੀ ਇਮਦਾਦ ਕੀਤੀ ਹੁਣ ਦੁਰਾਨੀ ਨੇ ਬੜੇ ਪ੍ਰਭਾਵਸ਼ਾਲੀ ਹੱਲੇ ਕੀਤੇ । ਘੇਰਾ ਕਈ ਥਾਵਾਂ ਤੋਂ ਟੁੱਟ ਗਿਆ ਸੀ । ਦੁਸ਼ਮਣ ਨੇ ਇਹਨਾਂ ਵਿਚੋਂ ਜੀ ਵਹੀਰ ਨਾਲ ਜੋ ਔਰਤਾਂ, ਬੁੱਢੇ ਤੇ ਬੱਚੇ ਸੀ ਬਹੁਤ ਸਾਰੇ ਕਤਲ ਕਰ ਦਿੱਤੇ। ਵਹੀਰ ਤੱਕ ਅੱਪੜ ਕੇ ਸ਼ਹੀਦ ਕਰਨ ਵਾਲੇ ਭਾਵੇਂ ਖਾਲਸੇ ਨੇ ਥਾਵੇਂ ਜੀ ਰੱਖ ਲਏ ਪਰ ਵਹੀਰ ਦਾ ਬਹੁਤ ਨੁਕਸਾਨ ਹੋਇਆ । ਐਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਬੀੜਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਤੇ ਦਮਦਮਾ ਸਾਹਿਬ ਵਾਲੀ ਜਦ ਓਹਨਾ ਦੇ ਹਜ਼ੂਰੀ ਸੇਵਾਦਾਰ ਸ਼ਹੀਦ ਜੀ ਗਏ ਤਾਂ ਦੁਸ਼ਮਣ ਦੇ ਹੱਥ ਆ ਗਈਆ ਸਨ( ਕਰਮ ਸਿੰਘ ਹਿਸਟੋਰਿਅਨ ਅਨੁਸਾਰ ) । ਜਦ ਅਬਦਾਲੀ ਦੇ ਛੇ ਹਮਲੇ ਬੁਰੀ ਤਰਾਂ ਸਿੰਘਾ ਵੱਲੋ ਪਿਛਾੜ ਦਿੱਤੇ ਤਾਂ ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸ਼ੁਕਰਚੱਕੀਆ ਵਲੋਂ ਨਾ ਰਿਹਾ ਗਿਆ । ਓਹਨਾ ਨੇ ਚੋਟੀ ਦੇ ਸਿਰਲੱਥਂ ਯੋਧੇ ਲੈ ਕੇ ਅਹਿਮਦ ਸ਼ਾਹ ਅਬਦਾਲੀ ਨਾਲ ਖੁਦ ਦੋ ਦੋ ਹੱਥ ਕਰਨ ਲਈ ਪੂਰਾ ਮੈਦਾਨ ਗਾਹਿਆ। ਦੋ ਵਾਰ ਤਾਂ ਓਹ ਨਾ ਮਿਲਿਆ ਪਰ ਤੀਜੀ ਵਾਰ ਅਹਿਮਦ ਸ਼ਾਹ ਅਬਦਾਲੀ ਦੇ ਨੇੜੇ ਪੁੱਜੇ ਤੇ ਅਬਦਾਲੀ ਨੂੰ ਵੰਗਾਰਿਆ ,” ਅਹਿਮਦ ਸ਼ਾਹ ! ਜੈ ਤੂੰ ਆਪਣੇ ਆਪ ਨੂੰ ਮਰਦ ਸਮਝਦਾ ਤਾਂ ਆ ਜਿਵੇਂ ਚਹੁੰਨਾ , ਮੇਰੈ ਨਾਲ ਲੜ ਲਾ । ਤੇਰਾ ਮੇਰਾ ਜੰਗ ਹੋਵੇ ਤੇ ਖ਼ਲਕਤ ਵੇਖੇ। ਆ ਜਰਾ ਵੇਖ਼ ਨਜ਼ਾਰੇ , ਕੀ ਲੈਣਾ ਬੇਗਾਨੇ ਪੁੱਤ ਮਰਵਾ ਕੇ ,।” ਸਿੰਘਾ ਬਹੁਤ ਵੰਗਾਰਿਆ ਪਰ ਉਹ ਖ਼ੁਦ ਅੱਗੇ ਨਾ ਵਧਿਆ । ਕੁਤਬੇ ਬਾਹਮਣੀਆਂ ਤੱਕ ਜਹਾਨ ਖਾਂ ਨੇ ਬੜਾ ਜੋਰ ਮਾਰਿਆ । ਜਦ ਵਹੀਰ ਓਹਨਾ ਪਿੰਡਾ ਵਿੱਚੋ ਅੱਗੇ ਨਿਕਲਿਆ ਤਾਂ ਤਾਂ ਖ਼ਬਰ ਮਿਲ ਕੇ ਹਠੂਰ ਪਿੰਡ ਵਾਲੇ ਪਾਸੇ ਹੀ ਪਾਣੀ ਦੀ ਇਕ ਤਕੜੀ ਢਾਬ ਹੈ ਇਸ ਤੋਂ ਅੱਗੇ ਪਾਣੀ ਕੋਹਾਂ ਤੱਕ ਨਹੀਂ ਮਿਲਣਾ । ਜੌ ਐਥੇ ਤਿਹਾਇਆ ਰਹਿ ਗਿਆ ਓਹ ਅਗਲੀ ਢਾਬ ਤੱਕ ਜਿਉਂਦਾ ਨਹੀਂ ਅਪੜਨਾ । ਖ਼ਾਲਸਾ ਵੀ ਲੜਦਾ ਹੋਇਆ ਬਾਰਾ ਕੋਹ ਆ ਗਿਆ ਸੀ । ਦੋਹਾਂ ਧਿਰਾਂ ਨੇ ਹੁਣ ਤੱਕ ਘੁੱਟ ਪਾਣੀ ਨਹੀਂ ਪੀਤਾ ।ਸੀ ਲੜਦੇ ਹੋਇ ਦੁਪਹਿਰ ਹੋ ਗਈ ਸੀ । ਅੰਤ ਨੂੰ ਲਹੂ ਡੋਲਵੀਂ ਲੜਾਈ ਹੋਈ ਸੀ , ਕੋਈ ਪੁਤਲੀਆਂ ਦਾ ਤਮਾਸਾ ਨਹੀਂ ਸੀ । ਦੋਵੇਂ ਧਿਰਾਂ ਥੱਕ ਚੁੱਕੀਆਂ ਸਨ।ਪਾਣੀ ਦੀ ਤੇਹ ਨਾਲ ਸੰਘ ਸੁੱਕ ਗਏ ਸਨ । ਸਿੰਘਾ ਨੇ ਢਾਬ ਦੇ ਇੱਕ ਪਾਸੇ ਪਾਕਿਆਈ ਕਰਕੇ ਆਪਣੀ ਵਹੀਰ ਤੇ ਦਲ ਨੂੰ ਪਾਣੀ ਪਿਆਇਆ । ਇਹ ਵੀ ਇੱਕ ਅਜੀਬ ਨਜ਼ਾਰਾ ਸੀ । ਲੜਾਈ ਥੰਮ ਚੁੱਕੀ ਸੀ । ਇੱਕ ਪਾਸੇ ਸਿੰਘ ਦੂਜੇ ਪਾਸੇ ਦੁਰਾਨੀ ਪਾਣੀ ਪੀ ਰਹੇ ਸਨ ਜਿਹੜੇ ਸੇਵੇਰ ਤੋ ਇੱਕ ਦੁਜੇ ਦੇ ਖੂਨ ਦੇ ਪਿਆਸੇ ਸਨ । ਜਹਾਨ ਖਾਂ ਕੁੱਸ਼ ਨਾ ਬਣਦਾ ਵੇਖ ਫ਼ੌਜ ਨੂੰ ਮਲੇਰਕੋਟਲਾ ਲੈ ਗਿਆ । ਸਿੰਘਾ ਨੇ ਹਠੂਰ ਤੋ ਅੱਗੇ ਦਸ ਕੌਹ ਡੇਰਾ ਕੀਤਾ । ਇਸ ਸਮੇਂ ਵਿੱਚ ਦਲ ਨਾਲ ਮਸਾ ਕ ਤੀਹ ਕ ਹਜ਼ਾਰ ਖ਼ਾਲਸਾ ਰਹਿ ਗਿਆ ਸੀ। ਕੁਸ਼ ਕ ਲਾਭੇ ਭਦੌੜ , ਢਪਾਲੀ , ਦਰਾਜ , ਤਪਾ , ਫੂਲ ਮਰਾਝ ਪਿੰਡਾ ਨੂੰ ਨਿਕਲ ਗਏ ਸਨ । ਬਾਕੀ ਇਸ ਘੱਲੂਘਾਰੇ ਵਿੱਚ ਸ਼ਹੀਦ ਹੋ ਗਏ ਸਨ । ਇਹਨਾ ਸ਼ਹੀਦ ਹੋਣ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ,ਬੁੱਢੇ ਤੇ ਔਰਤਾਂ ਸਨ । ਇਹਨਾਂ ਦੇ ਸ਼ਹੀਦ ਹੋਣ ਵਾਰੇ ਇਤਿਹਾਸਕਾਰਾਂ ਦੇ ਵੱਖ ਵੱਖ ਰਾਇ ਹੈ । ਕਨਿੰਘਮ ਦੇ ਅਨੁਸਾਰ 12000 ਤੋ 15000 , ਤਰੀਖ ਅਹਿਮਦ ਅਨੁਸਾਰ 30000, ਮੁਹੰਮਦ ਲਤੀਫ਼ ਤੇ ਕਨੱਈਆ ਲਾਲ ਅਨੁਸਾਰ 24000 , ਮੈਕਲਮ 20000 ਤੋ ਵੱਧ , ਰਤਨ ਸਿੰਘ ਭੰਗੂ ਜਿਸਦੇ ਚਾਚੇ ਤੇ ਦਾਦੇ ਨੇ ਇਸ ਲੜਾਈ ਵਿਚ ਹਿੱਸਾ ਲਿਆ ਸੀ 20000ਤੋ 30000 ਲਿੱਖਦਾ ਹੈ । ਇਸ ਸਮੇਂ ਤੋਂ ਪਹਿਲਾਂ ਸਿੱਖ ਕੌਂਮ ਦਾ ਕਦੀ ਐਨਾ ਨੁਕਸਾਨ ਇੱਕੋ ਦਿਨ ਨਹੀਂ ਸੀ ਹੋਇਆ । ਇਸ ਕਰਕੇ ਇਸਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ । ਸਾਰੀਆਂ ਮਿਸਲਾਂ ਤੇ ਓਹਨਾ ਦੇ ਜਥੇਦਾਰਾਂ ਨੇ ਇਸ ਘੱਲਘਾਰੇ ਵਿੱਚ ਵਹੀਰ ਨੂੰ ਬਚਾਉਣ ਲਈ ਵੱਧ ਚੜ ਕੇ ਹਿੱਸਾ ਲਿਆ ਸੀ ਕਿਸੇ ਨੇ ਘੱਟ ਨਹੀਂ ਕੀਤੀ ਸੀ ।ਓਹਨਾ ਪੰਥ ਨੂੰ ਬਚਾਉਣ ਲਈ ਆਪਣੀ ਜਾਨ ਪਿਆਰੀ ਨਹੀਂ ਸਮਝੀ ਸੀ । ਵੈਰੀ ਦਾ ਸਨਮੁੱਖ ਹੋ ਕੇ ਟਾਕਰਾ ਕੀਤਾ ਗਿਆ ਸੀ। ਜੱਸਾ ਸਿੰਘ ਆਹਲੂਵਾਲੀਆ ਜੀ ਦੇ 22 ਜਖ਼ਮ ਤੇ ਚੜ੍ਹਤ ਸਿੰਘ ਦੇ 16 ਜਖ਼ਮ ਸਨ । ਕੋਈ ਵੀ ਐਹੋ ਜਿਹਾ ਜਥੇਦਾਰ ਜਾ ਜੰਗੀ ਸਿੰਘ ਸੂਰਮਾ ਨਹੀਂ ਸੀ ਜਿਸਦੇ ਪੰਜ ਸੱਤ ਤੋ ਘੱਟ ਜਖਮ ਲੱਗੇ ਹੋਣ । ਇਹ ਓਹਨਾ ਸੂਰਮਿਆਂ ਦੀ ਹੀ ਬਹਾਦਰੀ ਹੀ ਸੀ ਕੇ ਸੰਸਾਰ ਦੇ ਮੰਨੇ ਹੋ ਯੋਧੇ ਤੇ ਪਾਣੀਪਤ ਦੇ ਮੈਦਾਨ ਵਿੱਚ ਇੱਕੋ ਦਿਨ ਚ ਲੱਖ ਤੋਂ ਉੱਪਰ ਮਰਹੱਟਾ ਨੋਜਵਾਨ ਨੂੰ ਮਾਰਨ ਵਾਲਾ ਅਹਿਮਦ ਸ਼ਾਹ ਅਬਦਾਲੀ ਓਸ ਦਿਨ ਤੋ ਅਗਲੇ ਦਿਨਾਂ ਵਿੱਚ ਸਿੱਧਾ ਹਮਲਾ ਕਰਨ ਦਾ ਹੀਆ ਨਾ ਕਰ ਸਕਿਆ ।
ਘੱਲੂਘਾਰੇ ਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ
ਸੁਖਵੰਤ ਸਿੰਘ ਚਾਉਕੇ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top