ਲਾਲ ਚਬੂਤਰਾ ਜਾ ਰੈਡ ਟਾਵਰ ਦਾ ਇਤਿਹਾਸ

ਲਾਲ ਚਬੂਤਰਾ ਜਾ ਰੈਡ ਟਾਵਰ , ਇਸ ਇਤਿਹਾਸ ਬਾਰੇ ਬਹੁਤ ਹੀ ਵਿਰਲੇ ਸੱਜਣਾਂ ਨੂੰ ਹੀ ਪਤਾ ਹੋਵੇਗਾ । ਕਿਸ ਤਰ੍ਹਾਂ ਘੰਟਾ ਘਰ ਹੋਂਦ ਵਿੱਚ ਆਇਆ ਕੀ ਅੰਗਰੇਜਾਂ ਦੀ ਚਾਲ ਸੀ ।
ਦਰਬਾਰ ਸਾਹਿਬ ਦੀ ਪਰਿਕਰਮਾ ਅਤੇ ਰੈੱਡ ਟਾਵਰ
ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਲਗਾਤਾਰ ਵਧ ਰਹੀ ਮਾਨਤਾ ਨੂੰ ਵੇਖਦਿਆਂ ਅੰਗਰੇਜ਼ਾਂ ਨੇ ਪੰਜਾਬ ‘ਤੇ ਆਪਣੀ ਹਕੂਮਤ ਕਾਇਮ ਹੁੰਦਿਆਂ ਹੀ ਅੰਮ੍ਰਿਤਸਰ ਵਿੱਚ ਈਸਾਈ ਧਰਮ ਨਾਲ ਸਬੰਧਿਤ ਕਈ ਇਮਾਰਤਾਂ ਦਾ ਨਿਰਮਾਣ ਕਰਵਾਇਆ। ਇਸ ਸਭ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਲਹਿੰਦੇ ਵੱਲ ਨੂੰ ਮੌਜੂਦ ਢਾਈ ਮੰਜ਼ਿਲਾ ਬੁੰਗਾ ਸਰਕਾਰ ਬਨਾਮ ਬੁੰਗਾ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਮਿਸ਼ਨ ਸਕੂਲ ਦੀ ਕ੍ਰਿਸ਼ਚਿਅਨ ਮਿਸ਼ਨਰੀ ਦੀ ਮਲਕੀਅਤ ਘੋਸ਼ਿਤ ਕਰ ਕੇ ਕੀਤੀ ਗਈ। ਜਲਦ ਹੀ ਇਸ ਬੁੰਗੇ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਮ.ਸੀ. ਸੌਂਡਰਜ਼ ਨੇ ਪੁਲੀਸ ਥਾਣਾ, ਛੋਟੀ ਜੇਲ੍ਹ ਅਤੇ ਕਚਹਿਰੀ ਕਾਇਮ ਕਰਾ ਦਿੱਤੀ। ਇਸ ਤੋਂ 10 ਵਰ੍ਹੇ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਮੌਜੂਦ ਬਾਕੀ ਸਭ ਬੁੰਗਿਆਂ ਵਿੱਚੋਂ ਆਲੀਸ਼ਾਨ ਤੇ ਖ਼ੂਬਸੂਰਤ ਇਸ ਬੁੰਗੇ ਦਾ ਵੱਡਾ ਹਿੱਸਾ ਜ਼ਮੀਨਦੋਜ਼ ਕਰ ਦਿੱਤਾ ਗਿਆ। ਇਸ ਪਿੱਛੋਂ ਇਸ ਦੇ ਨਾਲ ਲੱਗਦੇ ਬੁੰਗਾ ਕੰਵਰ ਨੌਨਿਹਾਲ ਸਿੰਘ ਅਤੇ ਬੁੰਗਾ ਲਾਡੂਵਾਲੀਆ ਨੂੰ ਡੇਗ ਕੇ ਉਨ੍ਹਾਂ ਦੀ ਥਾਂ ‘ਤੇ 1863 ਵਿੱਚ ਗਿਰਜਾ-ਘਰ ਦੀ ਦਿੱਖ ਵਾਲੇ ਇੱਕ ਚਬੂਤਰੇ ਦਾ ਨਿਰਮਾਣ ਸ਼ੁਰੂ ਕੀਤਾ ਗਿਆ, ਜੋ 50,000 ਰੁਪਏ ਦੀ ਲਾਗਤ ਨਾਲ 1874 ਵਿੱਚ ਮੁਕੰਮਲ ਹੋਇਆ।
ਇਹ ਸਮਾਰਕ ਅੰਗਰੇਜ਼ਾਂ ਦੇ ਖ਼ੁਰਾਫ਼ਾਤੀ ਦਿਮਾਗ ਦੀ ਅਜਿਹੀ ਉਪਜ ਸੀ, ਜਿਸ ਰਾਹੀਂ ਉਹ ਨਾ ਸਿਰਫ਼ ਸ੍ਰੀ ਦਰਬਾਰ ਸਾਹਿਬ ਵਿੱਚ ਆਪਣੀ ਦਖ਼ਲਅੰਦਾਜ਼ੀ ਵਧਾਉਣਾ ਚਾਹੁੰਦੇ ਸਨ, ਸਗੋਂ ਇਸ ਸਮਾਰਕ ਦੀ ਮਾਰਫ਼ਤ ਉਹ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਿੱਖਾਂ ਦੀਆਂ ਗਤੀਵਿਧਿਆਂ ‘ਤੇ ਨਜ਼ਰ ਵੀ ਰੱਖ ਰਹੇ ਸਨ। ਯੂਰਪੀਅਨ ਗੋਥਿਕ ਕਲਾ ਦੇ ਨਮੂਨੇ ਵਾਲਾ ਇਹ ਚਬੂਤਰਾ ਬ੍ਰਿਟਿਸ਼ ਹੁਕੂਮਤ ਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬੇਰੀ ਬਾਬਾ ਬੁੱਢਾ ਸਾਹਿਬ ਦੇ ਬਿਲਕੁਲ ਪਿੱਛੇ ਇੱਕ ਉੱਚੇ ਥੜ੍ਹੇ ‘ਤੇ ਉਸਾਰਿਆ ਗਿਆ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਇਸ ਵਿੱਚ ਇਕ ਛੋਟਾ ਗਿਰਜਾ ਸ਼ੁਰੂ ਕਰਨ ਦੀ ਯੋਜਨਾ ਸੀ।
ਇਸ ਚਬੂਤਰੇ ਦਾ ਡਿਜ਼ਾਈਨ ਅੰਮ੍ਰਿਤਸਰ ਦੀ ਮਿਉੂਂਸਿਪਲ ਕਮੇਟੀ ਦੇ ਡੀ.ਪੀ.ਡਬਲਯੂ. (ਡਿਪਾਰਟਮੈਂਟ ਆਫ਼ ਪਬਲਿਕ ਵਰਕਜ਼) ਵਿਭਾਗ ਦੇ ਐਗਜ਼ੀਕਿਊਟਿਵ ਚੀਫ਼ ਇੰਜਨੀਅਰ ਜੌਹਨ ਗਾਰਡਨ ਨੇ ਕੀਤਾ ਅਤੇ ਇਸ ਦੀ ਘੜਾਈ ਦਾ ਸਾਰਾ ਕੰਮ ਅੰਮ੍ਰਿਤਸਰ ਦੇ ਰਾਜ ਮਿਸਤਰੀ ਸ਼ਰਫ਼ਦੀਨ ਕੋਲੋਂ ਕਰਵਾਇਆ ਗਿਆ। ਇਸ 145 ਫੁੱਟ ਉੱਚੇ ਟਾਵਰ ‘ਤੇ ਲਾਲ ਰੰਗ ਕੀਤਾ ਗਿਆ ਹੋਣ ਕਰਕੇ ਪਹਿਲਾਂ-ਪਹਿਲ ਸਥਾਨਕ ਲੋਕ ਇਸ ਨੂੰ ‘ਲਾਲ ਚਬੂਤਰਾ’ ਜਾਂ ‘ਰੈੱਡ ਟਾਵਰ’ ਕਹਿ ਕੇ ਸੰਬੋਧਿਤ ਕਰਦੇ ਸਨ। ਬਾਅਦ ਵਿੱਚ ਇਸ ਉੱਤੇ ਘੜੀ ਲਗਾਏ ਜਾਣ ਕਰਕੇ ਇਸ ਨੂੰ ਘੰਟਾ-ਘਰ ਅਤੇ ਚਬੂਤਰਾ ਘੰਟਾ-ਘਰ ਕਿਹਾ ਜਾਣ ਲੱਗਾ।
ਉਸ ਸਮੇਂ ਦੌਰਾਨ ਭਾਰਤ ਦੇ ਵੱਖ- ਵੱਖ ਸ਼ਹਿਰਾਂ ਫ਼ਾਜ਼ਿਲਕਾ, ਲੁਧਿਆਣਾ, ਅੰਮ੍ਰਿਤਸਰ, ਮੁੰਬਈ, ਹੈਦਰਾਬਾਦ, ਦੇਹਰਾਦੂਨ, ਪਿਲਾਨੀ, ਊਟੀ, ਹੁਸੈਨਾਬਾਦ (ਲਖਨਊ), ਸਬਜ਼ੀ ਮੰਡੀ ਤੇ ਹਰੀ ਨਗਰ (ਦਿੱਲੀ), ਅਲੀਗੜ੍ਹ, ਮਿਰਜ਼ਾਪੁਰ (ਯੂ.ਪੀ.) ਅਤੇ ਫ਼ੈਸਲਾਬਾਦ (ਲਾਇਲਪੁਰ), ਸਿਆਲਕੋਟ, ਮੁਲਤਾਨ, ਹੈਦਰਾਬਾਦ, ਸੱਖੜ (ਸਿੰਧ) ਆਦਿ ਵਿੱਚ ਘੰਟਾ-ਘਰ ਦਾ ਨਿਰਮਾਣ ਕਰਵਾਇਆ ਗਿਆ, ਜਿੱਥੇ ਇਨ੍ਹਾਂ ਦੇ ਨਿਰਮਾਣ ਸਬੰਧੀ ਕਿਸੇ ਨੇ ਵੀ ਵਿਰੋਧ ਜ਼ਾਹਰ ਨਹੀਂ ਕੀਤਾ। ਜਦੋਂਕਿ ਅੰਮ੍ਰਿਤਸਰ ਵਿੱਚ ਘੰਟਾ-ਘਰ ਦੇ ਨਿਰਮਾਣ ਨੂੰ ਲੈ ਕੇ ਅੰਗਰੇਜ਼ਾਂ ਨੂੰ ਸ਼ਹਿਰ ਦੇ ਹਿੰਦੂ-ਸਿੱਖਾਂ ਦਾ ਵਿਰੋਧ ਸਹਿਣਾ ਪਿਆ। ਇਸ ਦਾ ਕਾਰਨ ਇਹ ਸੀ ਕਿ ਬਾਕੀ ਸ਼ਹਿਰਾਂ ਵਿੱਚ ਘੰਟਾ-ਘਰ ਉੱਥੋਂ ਦੇ ਚੌਕਾਂ ਜਾਂ ਸਰਕਾਰੀ ਇਮਾਰਤਾਂ ਵਿੱਚ ਉਸਾਰੇ ਗਏ ਸਨ ਜਦੋਂਕਿ ਅੰਮ੍ਰਿਤਸਰ ਵਿੱਚ ਇਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬਣਾਇਆ ਗਿਆ ਸੀ। ਅੰਮ੍ਰਿਤਸਰੀਆਂ ਦੇ ਇਸ ਵਿਰੋਧ ਨੂੰ ਅਣਗੌਲਿਆਂ ਕਰ ਕੇ ਭਾਵੇਂ ਅੰਗਰੇਜ਼ ਹਕੂਮਤ ਨੇ ਘੰਟਾ-ਘਰ ਦਾ ਨਿਰਮਾਣ ਜਾਰੀ ਰੱਖਿਆ ਪਰ ਉਹ ਇਸ ਵਿੱਚ ਗਿਰਜਾ-ਘਰ ਸ਼ੁਰੂ ਕਰਨ ਦੀ ਹਿੰਮਤ ਨਾ ਕਰ ਸਕੇ। ਕਿਉਂਕਿ ਜਿਸ ਦਿਨ ਗਿਰਜਾ ਘਰ ਬਣਾਉਣ ਦਾ ਦਿਨ ਸੀ ਉਸ ਦਿਨ ਸਿੱਖਾਂ ਦੀ ਹਲਚਲ ਦੇਖਣ ਲਈ ਅੰਮ੍ਰਿਤ ਵੇਲੇ ਅੰਗਰੇਜ਼ ਅਫਸਰ ਜੋ ਅੰਮ੍ਰਿਤਸਰ ਜਿਲ੍ਹੇ ਦਾ ਕਰਤਾ ਧਰਤਾ ਸੀ ਦਰਬਾਰ ਸਾਹਿਬ ਦੇ ਅੰਦਰ ਬੈਠਾ ਸੀ। ਅਚਾਨਕ ਇਕ ਘਟਨਾਂ ਵਾਪਰੀ ਜੋ ਹੁਣ ਵੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਬਾਹਰ ਇਕ ਪਤਰੇ ਤੇ ਲਿਖੀ ਹੋਈ ਹੈ। ਸਭਨਾਂ ਦੀ ਗਿਆਤ ਲਈ ਦੱਸਿਆ ਜਾਂਦਾ ਹੈ ਕਿ 30 ਅਪ੍ਰੈਲ 1877 ਦੇ ਦਿਨ ਸਵੇਰ ਦੇ 4.30 ਵਜੇ ਇਕ ਅਜਬ ਖੇਲ ਵਰਤਿਆ । ਕੋਈ ਚਾਰ ਕੂ ਸੌ ਪ੍ਰੇਮੀ ਸ੍ਰੀ ਹਰਿੰਦਰ ਸਾਹਿਬ ਜੀ ਵਿਚ ਕੀਰਤਨ ਦਾ ਅਨੰਦ ਲੈ ਰਹੇ ਸਨ ਜਦ ਅਚਨਚੇਤ ਹੀ ਬਿਜਲੀ ਦੀ ਇਕ ਲਿਸ਼ਕ ਦਿੱਸੀ । ਉਹ ਇਕ ਵੱਡੀ ਰੌਸ਼ਨੀ ਦੀ ਸ਼ਕਲ ਵਿਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿਚੋਂ ਆਈ , ਠੀਕ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੀ ਅਤੇ ਚਾਨਣ ਹੀ ਚਾਨਣ ਕਰ ਕੇ ਦੱਖਣੀ ਦਰਵਾਜ਼ੇ ਥਾਣੀ ਇਕ ਰੌਸ਼ਨੀ ਦੀ ਲੀਕ ਬਣ ਕੇ ਨਿਕਲ ਗਈ । ਭਾਵੇਂ ਇਸ ਦੇ ਫੱਟਣ ਸਮੇਂ ਭਿਆਨਕ ਤੇ ਜ਼ੋਰ ਦੀ ਆਵਾਜ਼ ਆਈ , ਪਰ ਅੰਦਰ ਬੈਠੇ ਕਿਸੇ ਪ੍ਰੇਮੀ , ਇਮਾਰਤ ਜਾਂ ਚੀਜ਼ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਪੁੱਜਾ । ਇਸ ਅਲੌਕਿਕ ਦ੍ਰਿਸ਼ ਨੂੰ ਸਭ ਲੋਕੀਂ ਸ੍ਰੀ ਗੁਰੂ ਰਾਮਦਾਸ ਜੀ ਦਾ ਕੌਤਕ ਦਸਦੇ ਹਨ । ਇਹ ਕੌਤਕ ਦੇਖ ਕੇ ਅੰਗਰੇਜ ਅਫਸਰ ਏਨਾ ਡਰ ਗਿਆ ਕਿ ਉਸ ਗਿਰਜਾ ਘਰ ਬਣਾਉਣ ਦਾ ਵਿਚਾਰ ਹੀ ਛੱਡ ਦਿੱਤਾ।
ਘੰਟਾ-ਘਰ ਦੇ ਹੇਠਲੇ ਹਾਲ ਕਮਰੇ ਦੀ ਲੰਬਾਈ-ਚੌੜਾਈ 20 ਗੁਣਾ 20 ਫੁੱਟ ਸੀ। ਜਿੱਥੇ ਹਰਿਮੰਦਰ ਸਾਹਿਬ ਦਾ ਨਿਰਮਾਣ ਸਿੱਖੀ ਦੀ ਸਹਿਜ-ਸੁਭਾਅ ਵਾਲੀ ਸੋਚ ਸਦਕਾ ਨੀਵੇਂ ਸਥਾਨ ‘ਤੇ ਕੀਤਾ ਗਿਆ ਸੀ, ਉਸ ਦੇ ਉਲਟ ਬ੍ਰਿਟਿਸ਼ਰਜ਼ ਨੇ ਆਪਣੀ ਘਮੰਡੀ ਸੋਚ ਕਾਰਨ ਰੈੱਡ ਟਾਵਰ ਦਾ ਨਿਰਮਾਣ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਧਰਤੀ ਤੋਂ 10 ਫੁੱਟ ੳੱਚਾ ਰੱਖ ਕੇ ਕੀਤਾ। ਪਹਿਲਾਂ-ਪਹਿਲ ਟਾਵਰ ਦੀ ਉੱਚਾਈ ਜ਼ਿਆਦਾ ਨਹੀਂ ਸੀ। ਬਾਅਦ ਵਿੱਚ ਜਦੋਂ ਇਸ ਦੀਆਂ ਮੰਜ਼ਲਾਂ ਵਧਾਈਆਂ ਗਈਆਂ ਤਾਂ ਇਸ ਦੇ ਚਾਰੇ ਪਾਸੇ ਪੱਥਰ ਦੀਆਂ ਘੜੀਆਂ ਲਗਾ ਦਿੱਤੀਆਂ ਗਈਆਂ। ਇਸ ਦੀ ਮੁੜ ਕੀਤੀ ਉਸਾਰੀ ‘ਤੇ ਕਰੀਬ 23,000 ਰੁਪਏ ਦੀ ਲਾਗਤ ਆਈ। ਰਾਤ ਸਮੇਂ ਇਸ ਟਾਵਰ ਦੇ ਅੰਦਰ ਰੌਸ਼ਨੀ ਕਰਨ ਨਾਲ ਦੂਰ-ਦੂਰ ਤਕ ਟਾਈਮ ਦਾ ਪਤਾ ਲੱਗਦਾ ਰਹਿੰਦਾ ਸੀ ਅਤੇ ਹਰ ਘੰਟੇ ਮਗਰੋਂ ਖੜਕਣ ਵਾਲੇ ਟੱਲ ਦੀ ਆਵਾਜ਼ ਕਈ ਮੀਲ ਤਕ ਸੁਣਾਈ ਦਿੰਦੀ ਸੀ। 1923-24 ਵਿੱਚ 4000 ਰੁਪਏ ਖ਼ਰਚ ਕੇ ਇਸ ਦੇ ਪਲੇਟਫ਼ਾਰਮ ਅਤੇ ਟਾਂਗਾ ਸਟੈਂਡ ਦਾ ਫ਼ਰਸ਼ ਪੱਕਾ ਕਰਵਾਇਆ ਗਿਆ, ਜੋ ਕਿ ਘੰਟਾ ਘਰ ਦੇ ਪੂਰਬੀ ਦਰਵਾਜ਼ੇ ਦੇ ਅੱਗੇ ਸਥਿਤ ਸੀ। ਸ੍ਰੀ ਦਰਬਾਰ ਸਾਹਿਬ ਵਿੱਚ ਦੀਵਾਲੀ ਤੇ ਗੁਰਪੁਰਬਾਂ ਦੇ ਮੌਕੇ ‘ਤੇ ਕੀਤੀ ਜਾਣ ਵਾਲੀ ਦੀਪਮਾਲਾ ਅਤੇ ਆਤਿਸ਼ਬਾਜ਼ੀ ਦਾ ਆਨੰਦ ਮਾਨਣ ਲਈ ਅੰਗਰੇਜ਼ ਅਤੇ ਸਰਮਾਏਦਾਰ ਇਸੇ ਥੜ੍ਹੇ ‘ਤੇ ਕੁਰਸੀਆਂ ਲਾ ਕੇ ਬੈਠਦੇ ਸਨ। ਮੇਲਿਆਂ ਅਤੇ ਛੁੱਟੀ ਵਾਲੇ ਦਿਨ ਇੱਥੇ ਖਾਣ-ਪੀਣ ਦੀਆਂ ਛਾਬੜੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਕਰਤੱਬ ਅਤੇ ਤਮਾਸ਼ਾ ਵਿਖਾਉਣ ਵਾਲਿਆਂ ਦੀ ਭੀੜ ਰਹਿੰਦੀ ਸੀ। ਇਸ ਥੜ੍ਹੇ ਦੇ ਨਾਲ ਸ੍ਰੀ ਹਰਿੰਮਦਰ ਸਾਹਿਬ ਦੇ ਅੰਦਰ ਸੰਗਤ ਵੱਲੋਂ ਚੜ੍ਹਾਏ ਜਾਣ ਵਾਲੇ ਕੜਾਹ-ਪ੍ਰਸ਼ਾਦ ਨੂੰ ਬਣਾਉਣ ਵਾਲੇ ਹਲਵਾਈਆਂ ਦੀਆਂ ਦੁਕਾਨਾਂ ਹੁੰਦੀਆਂ ਸਨ ਅਤੇ ਕੋਲ ਹੀ ਯਾਤਰੂਆਂ ਦੇ ਠਹਿਰਣ ਲਈ ਛੋਟੀਆਂ-ਛੋਟੀਆਂ ਸਰਾਂਵਾਂ ਬਣਾਈਆਂ ਗਈਆਂ ਸਨ।
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਰੈੱਡ ਟਾਵਰ ਸਹਿਤ ਬਾਕੀ ਬੁੰਗਿਆਂ ਦੀ ਮੌਜੂਦਗੀ ਦੇ ਕਾਰਨ ਰਸਤਾ ਕਾਫ਼ੀ ਤੰਗ ਹੋ ਗਿਆ ਸੀ। ਇਸ ਸਮੱਸਿਆ ਨੂੰ ਵਿਚਾਰਦਿਆਂ ਪਰਿਕਰਮਾ ਚੌੜੀ ਕਰਨ ਹਿੱਤ ਬੁੰਗਿਆਂ ਦੀਆਂ ਪੁਰਾਣੀਆਂ ਅਤੇ ਖ਼ਸਤਾ ਹੋ ਚੁੱਕੀਆਂ ਇਮਾਰਤਾਂ ਨੂੰ 29 ਅਕਤੂਬਰ, 1943 ਨੂੰ ਸਵੇਰੇ 10 ਵਜੇ ਘੜਿਆਲ੍ਹੀਆਂ ਬੁੰਗੇ ਤੋਂ ਢਾਹੁਣਾ ਸ਼ੁਰੂ ਕੀਤਾ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕਰੀਬ 82 ਵਰ੍ਹਿਆਂ ਤਕ ਕਾਇਮ ਰਹੇ ਇਸ ਰੈੱਡ ਟਾਵਰ ਬਨਾਮ ਲਾਲ ਚਬੂਤਰੇ ਬਨਾਮ ਘੰਟਾ-ਘਰ ਨੂੰ 1945 ਦੇ ਅੰਤ ਵਿੱਚ ਢਹਿ ਢੇਰੀ ਕਰ ਦਿੱਤਾ ਗਿਆ। ਘੰਟਾ ਘਰ ਦੀ ਨਵੀਂ ਮੌਜੂਦਾ ਇਮਾਰਤ ਦਾ ਨੀਂਹ ਪੱਥਰ ਬਾਬਾ ਗੁਰਮੁਖ ਸਿੰਘ (ਆਟਾ ਮੰਡੀ) ਨੇ 1947 ਦੇ ਅਖ਼ੀਰ ਵਿੱਚ ਰੱਖਿਆ। ਘੰਟਾ ਘਰ ਦੀ ਹੋਂਦ ਨੂੰ ਖ਼ਤਮ ਹੋਇਆਂ ਭਾਵੇਂ 82 ਵਰ੍ਹੇ ਬੀਤ ਚੁੱਕੇ ਹਨ ਪਰ ਇਸ ਦੇ ਬਾਵਜੂਦ ਇਸ ਦੇ ਸਾਹਮਣੇ ਬਾਜ਼ਾਰ ਨੂੰ ਬਾਜ਼ਾਰ ਘੰਟਾ ਘਰ ਤੇ ਚੌਕ ਨੂੰ ਘੰਟਾ ਘਰ ਚੌਕ ਹੀ ਕਿਹਾ ਜਾਂਦਾ ਹੈ।
ਜੋਰਾਵਰ ਸਿੰਘ ਤਰਸਿੱਕਾ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top