ਫਿਰਿ ਬਾਬਾ ਗਇਆ ਬਗਦਾਦ ਨੋ – ਪੜ੍ਹੋ ਇਤਿਹਾਸ

ਬਗਦਾਦ ਇਕ ਮੁਸਲਮਾਨ ਦੇਸ਼ ਦੀ ਰਾਜਧਾਨੀ ਹੈ ਜਿਸਦਾ ਨਾਮ ਹੈ ਇਰਾਕ । ਅਸਲ ਵਿਚ ਬਗਦਾਦ ਸ਼ਹਿਰ ਨੌਸ਼ੀਰਵਾ ਬਾਦਸ਼ਾਹ ਨੇ ਵਸਾਇਆ ਸੀ । ਬਗਦਾਦ ਵਿੱਚ ਇਕ ਬੜਾ ਪ੍ਰਸਿਧ ਪੀਰ ਅਬਦੁਲ ਕਾਦਿਰ ਹੋਇਆ ਸੀ ।ਇਸ ਦਾ ਜਨਮ ਈਰਾਨ ਦੇਸ਼ ਦੇ ਨਗਰ ਜੀਲਾਨ ਵਿੱਚ ਸੰਨ 1078 ਈ ਵਿੱਚ ਹੋਇਆ ਮੰਨਿਆ ਜਾਂਦਾ ਹੈ । ਬਗਦਾਦ ਵਿੱਚ ਇਸ ਦਾ ਮਕਬਰਾ ਬਣਿਆ ਹੋਇਆ ਹੈ।ਪੀਰ ਅਬਦੁਲ ਕਾਦਿਰ ਦਾ ਨਾਂ ਦਸਤਗੀਰ ਪ੍ਰਸਿਧ ਹੈ ।ਉਸ ਦੇ ਜਾ- ਨਸ਼ੀਨ ਵੀ ਦਸਤਗੀਰ ਹੀ ਅਖਵਾਉਂਦੇ ਹਨ ਪਰ ਸੰਪ੍ਰਦਾਇ ਦੇ ਦਰਵੇਸ਼ ਕਾਦਰੀ ਅਖਵਾਉਂਦੇ ਹਨ ।
ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਗਦਾਦ ਪਹੁੰਚਣ ਬਾਰੇ ਆਪਣੀ ਪਹਿਲੀ ਵਾਰ ਦੀ 35 ਤੇ 36 , ਪਾਉੜੀ ਵਿਚ ਇਉਂ ਲਿਖਿਆ ਹੈ :
ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ ॥ ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥ਦਿਤੀ ਬਾਂਗਿ ਨਿਵਾਜਿ ਕਰਿ ਸੁੰਨ ਸਮਾਨਿ ਹੋਆ ਜਹਾਨਾ ॥ ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ ॥ ਵੇਖੈ ਧਿਆਨੁ ਲਗਾਇ ਕਰਿ ਇਤੁ ਫਕੀਰੁ ਵਡਾ ਮਸਤਾਨਾ ॥ ਪੁਛਿਆ ਫਿਰਿਕੈ ਦਸਤਗੀਰ ਕਉਣ ਫਕੀਰੁ ਕਿਸਕਾ ਘਰਿਹਾਨਾ ॥ ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ ॥ ਧਰਤਿ ਆਕਾਸ ਚਹੂ ਦਿਸ ਜਾਨਾ ॥੩੫ ॥ ( ਵਾਰਾਂ – ਭਾਈ ਗੁਰਦਾਸ ਜੀ )
ਗੁਰੂ ਨਾਨਕ ਸਾਹਿਬ ਜੀ ਜਦੋਂ ਇੱਥੇ ਪਹੁੰਚੇ , ਆਪ ਜੀ ਨੇ ਭਾਈ ਮਰਦਾਨੇ ਨਾਲ ਸ਼ਹਿਰੋ ਬਾਹਰ ਹੀ ਡੇਰਾ ਲਾਇਆ । ਗੁਰੂ ਨਾਨਕ ਜੀ ਤੇ ਭਾਈ ਮਰਦਾਨਾ ਜੀ ਨੇ ਅਮ੍ਰਿਤ ਵੇਲੇ ਸਤਿਨਾਮੁ ਵਾਹਿਗੁਰੂ ਦਾ ਉਚਾ ਸਾਰਾ ਜੈਕਾਰਾ ਲਾਇਆ , ਭਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤੇ ਗੁਰੂ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ । ਮੁਸਲਮਾਨ ਦੇਸ਼ ਵਿੱਚ ਸੰਗੀਤ ਤੇ ਪਾਬੰਦੀ ਸੀ । ਉਥੇ ਕੋਈ ਸੰਗੀਤ ਨਹੀ ਸੀ ਗਾ ਸਕਦਾ | ਕੁਝ ਨੇ ਜਾ ਕੇ ਬਗਦਾਦ ਦੇ ਪੀਰ ਤੇ ਹਾਕਮ ਨੂੰ ਜਾ ਦਸਿਆ।ਉਸਨੇ ਅਗੋਂ ਹੁਕਮ ਦਿੱਤਾ ਕਿ ਇਸ ਅਨੋਖੈ ਇਸਲਾਮ ਵਿਰੋਧੀ ਪਰਦੇਸੀ ਨੂੰ ਸੰਗਸਾਰ ( ਪੱਥਰ ਮਾਰ – ਮਾਰ ਕੇ ਮਾਰ ਦੇਣਾ ) ਕੀਤਾ ਜਾਵੇ । ਲੋਕ ਪੱਥਰ ਵੱਟੇ ਚੁਕ ਕੇ ਗੁਰੂ ਜੀ ਵੱਲ ਆਏ ਪਰ ਗੁਰੂ ਜੀ ਦੇ ਰੱਬੀ ਨੂਰ ਭਰੇ ਚਿਹਰੇ ਵੱਲ ਵੇਖ ਕੇ ਠਠੰਬਰ ਗਏ।ਉਨ੍ਹਾਂ ਵਿਚ ਪੱਥਰ ਮਾਰਨ ਦੀ ਹਿੰਮਤ ਨਾ ਰਹੀ। ਕੁਝ ਇਤਿਹਾਸਕਾਰ ਲਿਖਦੇ ਹਨ ਜਦੋ ਪੱਥਰ ਮਾਰਨ ਲੱਗੇ ਤਾ ਉਹਨਾ ਦੇ ਹੱਥ ਉਥੇ ਹੀ ਰੁਕ ਗਏ ਕਿਸੇ ਪਾਸੇ ਹਿਲਜੁੱਲ ਨਾ ਕੀਤੀ ਫੇਰ ਸਾਰਿਆ ਨੇ ਗੁਰੂ ਜੀ ਪਾਸੋ ਮੁਆਫੀ ਮੰਗੀ । ਗੁਰੂ ਜੀ ਨੇ ਉਨਾਂ ਨੂੰ ਸਚ ਧਰਮ ਦਾ ਉਪਦੇਸ਼ ਦਿੱਤਾ ।ਉਨਾਂ ਦਾ ਕ੍ਰੋਧ ਦੂਰ ਤੇ ਮਨ ਸ਼ਾਂਤ ਹੋ ਗਿਆ ਉਨਾਂ ਨੇ ਪੱਥਰ ਸੁੱਟ ਦਿੱਤੇ ।ਇਹ ਹਾਲ ਸੁਣ ਕੇ ਪੀਰ ਵੀ ਦਰਸ਼ਨਾਂ ਲਈ ਆਇਆ । ਪੀਰ ਨੇ ਗੁਰੂ ਜੀ ਨੂੰ ਕਿਹਾ ਫਕੀਰ ਤੈਨੂੰ ਪਤਾ ਨਹੀ ਇੱਥੇ ਸੰਗੀਤ ਗਾਉਣਾ ਮਨਾ ਹੈ , ਇੱਥੇ ਸ਼ਰੀਅਤ ਕਾਨੂੰਨ ਹੈ ਤੇ ਤੂੰ ਸੰਗੀਤ ਦੀਆਂ ਧੁੰਨਾਂ ਵਜਾਈ ਜਾ ਰਿਹਾ ਹੈ , ਗੁਰੂ ਜੀ ਨੇ ਪੀਰ ਨੂੰ ਦੱਸਿਆ ਕਿ ਸੰਗੀਤ ਨਾਲ ਜਰੂਰੀ ਨਹੀਂ ਗਾਣੇ ਹੀ ਗਾਏ ਜਾਂਦੇ । ਇਸ ਨਾਲ ਰੱਬ ਦਾ ਨਾਮ ਵੀ ਲਿਆ ਜਾ ਸਕਦਾ ਹੈ ਤੇ ਇਸ ਨੂੰ ਕੀਰਤਨ ਕਹਿੰਦੇ ਹਨ , ਪੀਰ ਕੁਝ ਠੰਡਾ ਪੈ ਗਿਆ ਜਿਕਰ ਆਉਂਦਾ ਹੈ ਉਸਨੇ ਗੁਰੂ ਜੀ ਨੂੰ ਕਿਹਾ ਜੇ ਤੁਸੀਂ ਇੰਨੇ ਵੱਡੇ ਫਕੀਰ ਹੋ ਤੇ ਮੇਰਿਆਂ ਤਿੰਨ ਸਵਾਲਾਂ ਦੇ ਜਵਾਬ ਦੇ ਦਿਓ ਜੋ ਮੈਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ । ਉਸਨੇ ਪਹਿਲਾ ਸਵਾਲ ਕੀਤਾ ਕਿ ਜੇ ਰੱਬ ਹੈ ਤਾਂ ਰੱਬ ਤੋ ਪਹਿਲਾਂ ਕੌਣ ਸੀ ? ਗੁਰੂ ਜੀ ਨੇ ਪਹਿਲੇ ਸਵਾਲ ਦਾ ਜਵਾਬ ਦੇਣ ਲਈ ਪੀਰ ਨੂੰ ਕਿਹਾ ਪੀਰ ! ਤੇਰੇ ਕੋਲ ਕਾਫੀ ਹੀਰੇ ਜਵਾਹਰਾਤ ਨੇ ਉਹਨਾਂ ਵਿੱਚੋ ਕੁਝ ਅਸ਼ਰਫੀਆਂ ਲੈ ਕੇ ਆ , ਉਹ ਸੋਨੇ ਦੀਆਂ ਅਸ਼ਰਫੀਆਂ ਲੈ ਆਇਆਂ ਗੁਰੂ ਜੀ ਨੇ ਕਿਹਾ ਪੀਰ ਇਸਨੂੰ ਗਿਣ , ਪੀਰ ਨੇ ਗਿਣਿਆ 1 2 3 4 ॥ ਗੁਰੂ ਜੀ ਨੇ ਕਿਹਾ ਪੀਰ ਤੂੰ ਗਲਤ ਗਿਣ ਰਿਹਾ ਹੈ ਦੁਬਾਰਾ ਗਿਣ , ਪੀਰ ਨੇ ਫਿਰ ਗਿਣਨਾ ਸ਼ੁਰੂ ਕੀਤਾ 1 2 3 4 ਗੁਰੂ ਜੀ ਨੇ ਫਿਰ ਕਿਹਾ – ਪੀਰ ਨ੍ਹਹੀ ਗਲਤ ਗਿਣ ਰਹੇ ਹੋ ਦੁਬਾਰਾ ਗਿਣ , ਪੀਰ ਨੇ ਕਿਹਾ ਮੈ ਜਿੱਥੇ ਗਲਤ ਹੋਵਾਂ ਤੁਸੀਂ ਉੱਥੇ ਹੀ ਰੋਕ ਦੇਣਾ ।ਫਿਰ ਗਿਣਤੀ ਸ਼ੁਰੂ ਕੀਤੀ ਗੁਰੂ ਜੀ ਨੇ 1 ਤੇ ਹੀ ਰੋਕ ਦਿਤਾ ਤੇ ਕਹਿੰਦੇ ਇਕ ਤੋ ਪਹਿਲਾਂ ਜੋ ਆਉਦਾ ਉਸਤੋ ਸ਼ੁਰੂ ਕਰ । ਪੀਰ ਕਹਿੰਦਾ ਇਕ ਤੋ ਪਹਿਲਾਂ ਕੁਝ ਨਹੀ ਹੁੰਦਾ । ਗੁਰੂ ਜੀ ਕਹਿੰਦੇ ਪੀਰ ਫਿਰ ਰੱਬ ਤੋ ਪਹਿਲਾਂ ਵੀ ਕੁਝ ਨਹੀਂ ਹੁੰਦਾ ਰੱਬ ਹੀ ਸ਼ੁਰੂ ਹੈ । ਫਿਰ ਉਸਨੇ ਦੂਜਾ ਸਵਾਲ ਕੀਤਾ , ਜੇਕਰ ਰੱਬ ਹੈ ਤਾਂ ਸਾਨੂੰ ਦਿਸਦਾ ਕਿਉਂ ਨਹੀਂ ? ਹੁਣ ਗੁਰੂ ਜੀ ਨੇ ਕਿਹਾ ਪੀਰ ਦੁੱਧ ਮੰਗਵਾਓ , ਦੁੱਧ ਆ ਗਿਆ , ਦੁੱਧ ਦੇ ਗਿਲਾਸ ਵੱਲ ਦੇਖ ਕੇ ਗੁਰੂ ਜੀ ਕਹਿੰਦੇ ਇਸ ਵਿੱਚ ਕੁਝ ਹੈ ? ਪੀਰ ਘਬਰਾ ਗਿਆ ਤੇ ਕਹਿੰਦਾ ਗੁਰੂ ਜੀ ਇਸ ਵਿੱਚ ਕੁਝ ਵੀ ਨਹੀਂ ਹੈ । ਗੁਰੂ ਜੀ ਕਹਿੰਦੇ ਨਹੀਂ , ਇਸ ਵਿੱਚ ਮੱਖਣ ਹੈ । ਪੀਰ ਹੱਸ ਕੇ ਕਹਿੰਦਾ ਹਾਂ ਜੀ ਉਹ ਤੇ ਹੁੰਦਾ ਹੀ ਹੈ । ਗੁਰੂ ਜੀ ਕਿਹਾ , ‘ ਪੀਰ ਫਿਰ ਮੱਖਣ ਦਿਸਦਾ ਕਿਉਂ ਨਹੀਂ ? ਪੀਰ ਕਹਿੰਦਾ ਗੁਰੂ ਜੀ ਦੁੱਧ ਮਲਾਈ ਰਿੜਕਣ ਨਾਲ ਮੱਖਣ ਦਿਸੇਗਾ । ਗੁਰੂ ਜੀ ਕਹਿੰਦੇ ਬੱਸ ਪੀਰ ਇਸ ਤਰਾਂ ਹੀ ਰੱਬ ਹੈ ਉਸ ਨੂੰ ਦੇਖਣ ਲਈ ਵੀ ਉਸਦਾ ਨਾਮ ਧਿਆਉਣਾ ਪੈਂਦਾ ਹੈ ਗੁਰੂ ਦੀ ਬਾਣੀ ਹੀ ਰੱਬ ਨੂੰ ਦੇਖਣ ਦਾ ਰਾਹ ਹੈ । ਪੀਰ ਨੇ ਹੁਣ ਤੀਸਰਾ ਸਵਾਲ ਕੀਤਾ , ਫਿਰ ਇਹ ਦਸੋ ਰੱਬ ਕਰਦਾ ਕੀ ਹੈ ? ਹੁਣ ਗੁਰੂ ਜੀ ਨੇ ਕਿਹਾ ਪੀਰ ਤੇਰੇ ਤੀਸਰੇ ਸਵਾਲ ਦਾ ਜਵਾਬ ਵੀ ਮੈਂ ਦਿੰਦਾਂ ਹਾਂ ਪਰ ਪਹਿਲਾਂ ਇਹ ਦੱਸ ਤੂੰ ਹੁਣ ਮੈਨੂੰ ਆਪਣਾ ਗੁਰੂ ਸਮਝਦਾ ਹੈ ਜਾਂ ਨਹੀਂ ? ਪੀਰ ਕਹਿੰਦਾ ਹਾਂ ਤੁਸੀਂ ਇਸ ਵੇਲੇ ਮੇਰੇ ਸਵਾਲਾਂ ਦੇ ਜਵਾਬ ਦੇ ਰਹੇ ਹੋ ਇਸ ਲਈ ਤੁਸੀਂ ਮੇਰੇ ਗੁਰੂ ਹੋ । ਗੁਰੂ ਜੀ ਕਹਿੰਦੇ ਫਿਰ ਪੀਰ ਮੈਂ ਨੀਚੇ ਜ਼ਮੀਨ ਤੇ ਬੈਠਾਂ ਤੇ ਤੂੰ ਸਿਘਾਸਨ ਤੇ ਇਹ ਠੀਕ ਨਹੀਂ , ਤਾਂ ਪੀਰ ਨੇ ਆਪਣੇ ਸਿੰਘਾਸਨ ਤੇ ਗੁਰੂ ਜੀ ਨੂੰ ਬਿਠਾਇਆ ਤੇ ਆਪ ਜ਼ਮੀਨ ਤੇ ਬੈਠ ਗਿਆ ਤੇ ਫਿਰ ਗੁਰੂ ਜੀ ਨੇ ਕਿਹਾ ਪੀਰ ਇਹੀ ਕਰਦਾ ਹੈ ਰੱਬ । ਉਸ ਰੱਬ ਨੇ ਤੈਨੂੰ ਥੱਲੇ ਬਿਠਾ ਦਿੱਤਾ ਤੇ ਮੈਨੂੰ ਸਿੰਘਾਸਨ ਤੇ ਰੱਬ ਕੁਝ ਪਲਾਂ ਵਿੱਚ ਹੀ ਰਾਜੇ ਨੂੰ ਗਰੀਬ ਤੇ ਗਰੀਬ ਨੂੰ ਰਾਜਾ ਬਣਾ ਸਕਦਾ ਹੈ ਇਹੀ ਹੈ ਰੱਬ ਦਾ ਕੰਮ । ਪੀਰ ਦਸਤਗੀਰ ਗੁਰੂ ਜੀ ਅੱਗੇ ਝੁਕ ਗਿਆ । ਪੀਰ ਨੇ ਗੁਰੂ ਨਾਨਕ ਸਾਹਿਬ ਜੀ ਨਾਲ ਲੰਬਾ ਤਕਰਾਰ ਕੀਤਾ ਪਰ ਹਾਰ ਕੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਕੇ ਕਹਿਣ ਲੱਗਾ ਕਿ ਇਹ ਫਕੀਰ ਬਹੁਤ ਵੱਡਾ ਹੈ , ਇਸ ਨੂੰ ਰੱਬ ਵਲੋਂ ਅਥਾਹ ਸ਼ਕਤੀ ਅਤੇ ਗਿਆਨ ਮਿਲਿਆ ਹੈ , ਬਗਦਾਦ ਨਗਰੀ ਵਿੱਚ ਇਸਨੇ ਬੜੀ ਵਡੀ ਕਰਾਮਾਤ ਦਿਖਾਈ ਹੈ ਪੱਥਰ ਮਾਰਨ ਵਾਲਿਆਂ ਦੇ ਸਰੀਰ ਸੁੰਨ ਹੋ ਗਏ ਹਨ , ਲੱਖਾਂ ਅਕਾਸ਼ ਪਤਾਲਾਂ ਦੀ ਵੀ ਇਸ ਨੇ ਵੱਡੀ ਅਤੇ ਨਵੀਂ ਗੱਲ ਦੱਸੀ ਹੈ । ਬਗਦਾਦ ਵਿੱਚ ਹੀ ਹੋਈ ਪੀਰ ਨਾਲ ਗੋਸ਼ਟੀ ਦਾ ਜਿਕਰ ਭਾਈ ਗੁਰਦਾਸ ਜੀ ਇਉਂ ਕਰਦੇ ਹਨ :
ਪੁਛੇ ਪੀਰ ਤਕਰਾਰ ਕਰਿ ਏਹ ਫਕੀਰ ਵਡਾ ਅਤਾਈ॥ਏਥੇ ਵਿਚਿ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ॥ਪਾਤਾਲਾ ਆਕਾਸ ਲਖ ਓੜਕਿ ਭਾਲੀ ਖਬਰੁ ਸੁਣਾਈ ॥
ਇਹ ਬਚਨ ਸੁਣ ਕੇ ਪੀਰ ਗੁਰੂ ਜੀ ਵੱਲ ਮੁਖਾਤਿਬ ਹੋ ਕੇ ਕਹਿਣ ਲੱਗਾ ਕਿ ਮਹਾਰਾਜ ! ਅਸੀਂ ਵੀ ਪਾਤਾਲ ਤੇ ਅਕਾਸ਼ ਵੇਖਣਾ ਚਾਹੁੰਦੇ ਹਾਂ , ਜਿੰਨ੍ਹਾਂ ਦੀ ਗਿਆਤ ਦੀ ਤੁਸੀਂ ਦੱਸ ਪਾਈ ਹੈ :
– ਫੇਰਿ ਦੁਰਾਇਣ ਦਸਤਗੀਰ ਅਸੀ ਭਿ ਵੇਖਾ ਜੋ ਤੁਹਿ ਪਾਈ ॥
ਇਸ ਸਮੇਂ ਪੀਰ ਦਾ ਬੇਟਾ ਜੂਲ ਜੁਲਾਲ ਵੀ ਬੋਲ ਪਿਆ ਤੇ ਕਹਿਣ ਲੱਗਾ ! ਐ ਵਲੀ ਅੱਲਾ ਬਾਬਾ ਨਾਨਕ ! ਜੋ ਗੱਲ ਤੁਸੀਂ ਭਰੀ ਮਜਲਿਸ ਵਿਚ ਆਖੀ ਹੈ । ਉਸਨੂੰ ਸਾਬਤ ਕਰਕੇ ਵਿਖਾਉ ॥ ਉਸ ਸਮੇਂ ਮਹਾਰਾਜ ਨੇ ਜ਼ੁਲ ਜਲਾਲ ਦਾ ਹੱਥ ਫੜ ਲਿਆ ਤੇ ਕਹਿਣ ਲਗੇ ਮੀਟ ਅਖਾਂ ।
ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਇਆ ਹਾਵਾਈ ॥ ਲਖ ਅਕਾਸ ਪਤਾਲ ਲਖ ਅਖਿ ਫੁਰੰਕ ਵਿਚਿ ਸਭਿ ਦਿਖਲਾਈ ॥ ਭਰਿ ਕਚਕੌਲ ਪ੍ਰਸਾਦਿ ਦਾ ਧੁਰੋ ਪਤਾਲੋ ਲਈ ਕੜਾਹੀ॥ਜ਼ਾਹਰ ਕਲਾ ਨ ਛਪੈ ਛਪਾਈ ॥੩੬ ॥ ( ਭਾਈ ਗੁਰਦਾਸ ਜੀ )
ਭਾਈ ਵੀਰ ਸਿੰਘ ਜੀ ਅਨੁਸਾਰ ‘ ਬਾਬੇ ਨੇ ਪੀਰ ਦੇ ਬੇਟੇ ਦਾ ਹੱਥ ਪਕੜ ਲਿਆ ਤੇ ਉਸਨੂੰ ਬਚਨ ਕੀਤਾ ਅਖਾਂ ਮੀਟ ਜਦੋ ਉਸਨੇ ਅਖਾਂ ਮੀਟੀਆਂ ਤਾਂ ਉਹ ਕੀ ਦੇਖਦਾ ਹੈ ਕਿ ਮੈ ਤੇ ਗੁਰੂ ਨਾਨਕ ਸਾਹਿਬ ਆਕਾਸ਼ ਵਿੱਚ ਉਡਦੇ ਚੱਲੇ ਜਾ ਰਹੇ ਹਾਂ , ਅਣਗਿਣਤ ਸੂਰਜ ਚੰਦ ਹਨ , ਜਿਵੇ ਜਿਵੇ ਗਿਣਿਆ ਜਾਵੇ ਤਾਂ ਅਚੰਭਾ ਹੁੰਦਾ ਜਾਵੇ , ਉਸਨੂੰ ਧਰਤੀ ਛੋਟੀ ਜਿਹੀ ਨਜ਼ਰ ਆਈ । ਇਸ ਤਰ੍ਹਾਂ ਮਹਾਰਾਜ ਨੇ ਲੱਖਾਂ ਪਾਤਾਲ ਤੇ ਲੱਖਾਂ ਅਕਾਸ ਸਰੀਰਾਂ ਸਹਿਤ ਉਸਨੂੰ ਘੁੰਮ ਕੇ ਦਿਖਾਏ । ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਜਪੁ ਜੀ ਵਿੱਚ ਵੀ ਲੱਖਾਂ ਪਾਤਾਲ ਤੇ ਲੱਖਾਂ ਆਗਾਸ ਹੋਣ ਬਾਰੇ ਦਰਸਾਇਆ ਗਿਆ ਹੈ : ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ( ਗੁਰੂ ਗ੍ਰੰਥ ਸਾਹਿਬ ਜੀ , ਅੰਗ 5 )
ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਮੱਕੇ ਦੇ ਫਿਰਨ ਬਾਰੇ ਸਾਡੇ ਕਈ ਗਿਆਨੀ ਭਾਈ ਸ਼ੰਕਾ ਕਰਦੇ ਹਨ , ਇਸੇ ਤਰ੍ਹਾਂ ਕਈ ਵਾਰ ਬਗ਼ਦਾਦ ਦੇ ਇਸ ਕੌਤਕ ਤੇ ਵੀ ਦੰਦ ਕਰੀਚਣ ਲੱਗ ਪੈਂਦੇ ਹਨ ਤੇ ਨਿਸ਼ੰਗ ਹੋ ਕੇ ਇਸ ਗੱਲ ਦਾ ਪ੍ਰਚਾਰ ਕਰਦੇ ਹਨ ਕਿ ਅੱਖਾਂ ਮੀਟ ਕੇ ਗੁਰੂ ਸਾਹਿਬ ਦਾ ਲੱਖਾਂ ਪਾਤਾਲਾਂ ਆਕਾਸ਼ ਵਿਖਾਉਣਾ ਅਸੰਭਵ ਗੱਲ ਹੈ । ਪਰ ਭਾਈ ਗੁਰਦਾਸ ਜੀ ਦੇ ‘
ਅਖੀ ਮੀਟਿ ਗਇਆ ਹਾਵਾਈ , ‘ ਅਖਿ ਫੁਰੰਕ ਵਿਚਿ ਸਭਿ ਦਿਖਲਾਈ , ‘ ਜ਼ਾਹਰ ਕਲਾ ਨ ਛਪੈ ਛਪਾਈ ‘ ,
ਅਦਿ ਪਦ ਤਾਂ ਪ੍ਰਤੱਖ ਹਨ ਅਤੇ ਇਹਨਾਂ ਦੇ ਕਿਸੇ ਤਰ੍ਹਾਂ ਵੀ ਭੰਨ ਤੋੜ ਕਰਕੇ ਅਰਥ ਨਹੀ ਕੀਤੇ ਜਾ ਸਕਦੇ । ਸਿੱਖ ਕੌਮ ਵਿੱਚ ਗੁਰਮਤਿ ਕਾਨੂੰਨ ਦੀ ਪ੍ਰੋੜਤਾ ਵਜੋਂ ਗੁਰਬਾਣੀ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਵੀ ਪ੍ਰਵਾਨ ਕੀਤਾ ਗਿਆ । ਰਹਿਤਨਾਮਿਆਂ , ਸਿੱਖ ਇਤਿਹਾਸ ਜਾਂ ਹੋਰ ਲਿਖਤਾਂ ਬਾਰੇ ਤਾਂ ਭਾਵੇਂ ਕੋਈ ਸ਼ੰਕਾ ਕਰ ਦੇਵੇ , ਪਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਸ਼ੰਕਾ ਕਰਨਾ ਤਾਂ ਸਿੱਧੇ ਤੌਰ ਤੇ ਗੁਰਮਤਿ ਫ਼ਲਸਫ਼ੇ ਤੋਂ ਬਾਗੀ ਹੋਣਾ ਹੈ । ਸੋਚਣ ਵਾਲੀ ਖਾਸ ਗੱਲ ਇਹ ਹੈ ਕਿ ਮੌਜੂਦਾ ਸਮੇਂ ਦੀ ਸਾਇੰਸ ਨੇ ਧਰਤੀ ਦੇ ਘੁੰਮਣ , ਤੇ ਤਾਪਮਾਨ ਨੂੰ ਭਾਪਣ ਜਾਂ ਸਿਤਾਰਿਆਂ ਬਾਰੇ ਵਿਗਿਆਨਕ ਖੋਜ ਪਿੱਛੋਂ ਜਿਹੜੇ ਲਕਸ਼ ਮਿੱਥੇ ਹਨ , ਇਨ੍ਹਾਂ ਤੋਂ ਬੇਅੰਤ ਗੁਣ ਵਿਸ਼ਾਲ ਰੂਪ ਵਿੱਚ ਅੱਜ ਤੋਂ ਸਾਢੇ ਪੰਜ ਸੌ ਵਰ੍ਹੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਹਾਲਾਤ ਖੋਜ ਕੇ ਦੁਨੀਆਂ ਸਾਹਮਣੇ ਰੱਖੇ ਸਨ । ਉਸ ਜ਼ਮਾਨੇ ਵਿੱਚ ਨਾ ਸਾਇੰਸ ਦੇ ਚਮਤਕਾਰ ਸਨ ਅਤੇ ਨਾ ਹੀ ਖੋਜ ਪੜਚੋਲ ਬਾਰੇ ਅੱਜ ਵਾਂਗ ਮਸ਼ੀਨੀ ਛੰਦ ॥ ਸਾਇੰਸ ਇੱਕ ਚੰਦਰਮਾਂ ਤੇ ਮੰਗਲ ਤੇ ਉਤਰ ਕੇ ਉਸ ਦੇ ਹਾਲਾਤ ਜਾਨਣ ਦੇ ਯਤਨਾਂ ਵਿੱਚ ਹੈ ਜਿਹੜਾ ਕਿ ਸੰਭਵ ਵੀ ਹੈ ਤੇ ਸਫਲ ਵੀ ਹੋ ਜਾਵੇ , ਪਰ ਜਿੰਨ੍ਹਾਂ ਗ੍ਰਹਿਆ ਦਾ ਜ਼ਿਕਰ ‘ ਕੇਤੇ ਇੰਦ ਚੰਦ ਸੂਰ ਕੇਤੇ , ਕੇਤੇ ਮੰਡਲ ਦੇਸ ‘ ਸ਼ਬਦ ਦੁਆਰਾ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਤੋਂ ਪੰਜ ਸਦੀਆਂ ਪਹਿਲਾਂ ਕੀਤਾ ਸੀ ਉਨ੍ਹਾਂ ਦੀ ਖੋਜ ਸਾਇੰਸ ਕਿਵੇਂ ਅਤੇ ਕਦੋਂ ਕਰੇਂਗੀ ? ਇਹ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਨਾਂ ਤਾਂ ਸੁਣੀ ਸੁਣਾਈ ਕਹੀ ਅਤੇ ਨਾ ਹੀ ਕਿਸੇ ਪੁਰਾਣਕ ਕਥਾ ਦੇ ਆਧਾਰ ਤੇ ਆਖੀ ਹੈ ਕਿਉਂਕਿ ਸੁਣਾਉਣ ਵਾਲਾ ਕੋਈ ਇਤਨਾ ਜਾਣਕਾਰ ਉਸ ਜ਼ਮਾਨੇ ਵਿੱਚ ਸੀ ਹੀ ਨਹੀਂ ਤੇ ਨਾ ਹੀ ਕਿਸੇ ਪੁਰਾਣਾ ਵਿਚ ਇਹ ਜਿਕਰ ਆਉਦਾ ਹੈ । ਜਿਨ੍ਹਾਂ ਗ੍ਰੰਥਾਂ ਵਿੱਚ ਧਰਤੀ ਨੂੰ ਇੱਕ ਬੈਲ ਦੇ ਸਿੰਗਾਂ ਤੇ ਟਿਕਣ ਦੀਆਂ ਕਾਲਪਿਤ ਕਹਾਣੀਆਂ ਜੋ ਅੱਜ ਵੀ ਮੌਜੂਦ ਹਨ ਗੁਰੂ ਜੀ ਨੇ ਮਨੋ ਕਲਪਿਤ ਖਿਆਲਾਂ ਦਾ ਖੰਡਨ ਇਨ੍ਹਾਂ ਤੁਕਾਂ ਵਿੱਚ ਕੀਤਾ ਹੈ :
ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ , ਅੰਗ 3 ) ਇਸ ਤੋਂ ਸਿੱਧ ਹੈ ਕਿ ਇਹ ਸਭ ਗੁਰੂ ਸਾਹਿਬ ਦਾ ਅਨੁਭਵੀ ਅੱਖੀਂ ਡਿੱਠਾ ਗਿਆਨ ਸੀ ਜਿਹੜਾ ਕਿ ਨਿਰੰਕਾਰੀ ਜੋਤ ਹੋਣ ਦੇ ਨਾਤੇ ਉਨ੍ਹਾਂ ਕਈ ਥਾਵਾਂ ਸਰੀਰ ਸਾਹਿਤ ਅਤੇ ਕਈ ਥਾਈਂ ਆਤਮ ਬਲ ਦੁਆਰਾ ਪ੍ਰਾਪਤ ਕੀਤਾ ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top