ਮਾਛੀਵਾੜਾ – ਭਾਗ 2

“ ਕੀ ਕਿਹਾ ….. ਸਿੱਖ – ਗੁਰੂ ਬਲੋਲ ਪੁਰ ਆਇਆ ਸੀ ? ” ਬਲੋਲਪੁਰ ਦਾ ਫ਼ੌਜਦਾਰ ਜਿਹੜਾ ਪਿੰਡ ਦਾ ਮਾਲਕ ਤੇ ਚੌਧਰੀ ਸੀ — ਬੜੀ ਹੈਰਾਨੀ ਨਾਲ ਬੋਲਿਆ , ਜਦੋਂ ਉਸ ਦੇ ਇਕ ਨਫ਼ਰ ਨੇ ਆ ਸੁਨੇਹਾ ਦਿੱਤਾ । ਉਸ ਵੇਲੇ ਦਲਾਵਰ ਖ਼ਾਨ ਫ਼ੌਜਦਾਰ ਸੁੱਤਾ ਉੱਠਿਆ ਸੀ । ਉਠਦੇ ਨੂੰ ਸੁਨੇਹਾ ਮਿਲਿਆ । “ ਪਰ ਤੈਨੂੰ ਦੱਸਿਆ ਕਿਸ ? ” “ ਕਰੀਮਾ ਗੱਲ ਕਰਦਾ ਸੀ । ” “ ਸੱਦ ਕਰੀਮੇ ਨੂੰ । ” ਨਫ਼ਰ ਚਲਿਆ ਗਿਆ । ਦਲਾਵਰ ਖ਼ਾਨ ਦੀ ਸੁਸਤੀ ਦੂਰ ਹੋ ਗਈ । ਉਸ ਨੇ ਜਿਹੜੀ ਰਾਤ ਪੀਤੀ ਸੀ , ਉਸ ਦਾ ਅਸਰ ਵੀ ਨਾ ਰਿਹਾ । ਗੁੱਸਾ ਤੇ ਹੈਰਾਨੀ ਉਸ ਦੇ ਦਿਲ – ਦਿਮਾਗ਼ ਉੱਤੇ ਗਰਮੀ ਬਣ ਕੇ ਛਾ ਗਈ । ਨਫ਼ਰ ਕਰੀਮ ਦੀਨ ਨੂੰ ਫੜ ਕੇ ਲੈ ਆਇਆ । ਕਰੀਮ ਮੁਸਲਮਾਨ ਜਾਤ ਦਾ ਤੇਲੀ ਸੀ । ਉਹ ਡਰਦਾ ਡਰਦਾ ਆਇਆ ਤੇ ਹੱਥ ਜੋੜ ਕੇ ਖਲੋ ਗਿਆ । “ ਓਏ ! ਕਰੀਮੇ ਦੇ ਪੁੱਤਰ ! ਤੈਨੂੰ ਕਿਵੇਂ ਪਤਾ ਸਿੱਖਾਂ ਦਾ ਗੁਰੂ ਆਇਆ ਬਲੋਲਪੁਰ ? ” ‘ ਹਜ਼ੂਰ ਮਾਈ ਬਾਪ ” ਕਰੀਮਾ ਕੰਬ ਗਿਆ । ਸ਼ਰਾਬ ਦੀ ਟੋਟ ਨਾਲ ਲਾਲ ਅੱਖਾਂ ਡਰਾਉਣੀਆਂ ਸਨ ਫ਼ੌਜਦਾਰ ਦੀਆਂ । ਭਵਾਂ ਚੜ੍ਹੀਆਂ ਹੋਈਆਂ ਤੇ ਮੱਥੇ ਉੱਤੇ ਵੱਟ । ਮਾਈ ਬਾਪ ਦੇ ਪੁੱਤਰ ….. ਛੇਤੀ ਦੱਸ । ” “ ਮੈਂ ਕੀ ਦੱਸਾਂ ? ( ਦੱਸ ਤੈਨੂੰ ਕਿਸ ਦੱਸਿਆ ? ” “ ਤੇਜੂ ਮਿਸ਼ਰ ਮੇਰੇ ਗੁਆਂਢ ਰਹਿੰਦਾ ਹੈ । ਉਹ ਆਪਣੀ ਘਰ ਵਾਲੀ ਨਾਲ ਗੱਲ ਕਰ ਰਿਹਾ ਸੀ , ਉਹ ਰਤਾ ਬੋਲੀ ਹੈ , ਉੱਚੀ ਬੋਲਦਾ ਸੀ । ” “ ਕੀ ਆਖਦਾ ਸੀ ?? “ ਉਹ ਆਖਦਾ ਸੀ ਮੈਂ ਤੜਕੇ ਗਿਆ ਤਾਂ ਸਿੱਖਾਂ ਦਾ ਗੁਰੂ ਪੂਰਨ ਮਸੰਦ ਦਾ ਘਰ ਲੱਭਦਾ ਸੀ । ਮੈਂ ਉਸ ਨੂੰ ਉਸ ਦੇ ਘਰ ਛੱਡ ਆਇਆ । ” “ ਹੂੰ … ਹੁਣੇ ਤੇਜੂ ਤੇ ਪੂਰਨ ਨੂੰ ਸੱਦੋ । ਕਾਫ਼ਰ ਉਪਰੋਂ ਗੱਲਾਂ ਕੀ ਕਰਦੇ ਤੇ ਵਿਚੋਂ ਕੀ । ਸੱਦੋ ਮੈਂ ਹੁਣੇ ਪਤਾ ਕਰਦਾ ਹਾਂ । ਵਾਹ ਦਾਤਾ ! ਤੇਰੇ ਖੇਲ ! ਕੀ ਕੀ ਕੌਤਕ ਰਚੇ ਜਾਂਦੇ ਹਨ । ” ਤੇਜੂ ਮਿਸ਼ਰ ਨੂੰ ਸੁਨੇਹਾ ਮਿਲਿਆ । ਉਹ ਹਉਕੇ ਲੈਂਦਾ , ਕੰਬਦਾ ਤੇ ਮੁੜ ਮੁੜ ਘਰ ਵੱਲ ਦੇਖਦਾ ਹੋਇਆ ਦਿਲਾਵਰ ਖ਼ਾਨ ਦੇ ਮਹਿਲ ਵੱਲ ਗਿਆ । ਉਸ ਨੂੰ ਜਿਵੇਂ ਆਸ ਹੋ ਗਈ ਸੀ ਕਿ ਉਹ ਜੀਊਂਦਾ ਮੁੜ ਘਰ ਨਹੀਂ ਆਵੇਗਾ । ਉਸ ਦੀ ਪੰਡਤਾਣੀ ਤਾਂ ਗਸ਼ ਖਾ ਕੇ ਧਰਤੀ ‘ ਤੇ ਡਿੱਗ ਪਈ । “ ਮੈਂ ….. ਜੀ ਮੈਨੂੰ ਮੁਆਫ਼ ਕੀਤਾ ਜਾਏ । ਮੇਰਾ ਕੋਈ ਕਸੂਰ ਨਹੀਂ । ” ਤੇਜੂ ਮਿਸ਼ਰ ਦੂਰੋਂ ਹੀ ਰੌਲਾ ਪਾਉਂਦਾ ਹੋਇਆ ਫ਼ੌਜਦਾਰ ਦੇ ਪੈਰਾਂ ਉੱਤੇ ਜਾ ਡਿੱਗਾ । ਰੋਣ ਲੱਗ ਪਿਆ , ਰੋਂਦਾ ਨਾ ਤਾਂ ਕਰਦਾ ਵੀ ਕੀ ? ਉਹ ਜਾਣਦਾ ਸੀ ਕਿ ਦਿਲਾਵਰ ਖ਼ਾਨ ਜਦੋਂ ਗ਼ੁੱਸੇ ਵਿਚ ਆਉਂਦਾ , ਤਦੋਂ ਕਿਸੇ ਦੀਦ ਮੁਰੀਦ ਦਾ ਨਾ ਬਣਦਾ । ਉਸ ਨੂੰ ਮਨਾਉਣ ਵਾਲਾ ਵੀ ਕੋਈ ਨਹੀਂ ਸੀ । ‘ ‘ ਸੱਚ ਦੱਸੋਂ ਤਾਂ ਬਚ ਜਾਏਂਗਾ । ” ਫ਼ੌਜਦਾਰ ਨੇ ਅੱਗੋਂ ਉੱਤਰ ਦਿੱਤਾ । “ ਸੱਚ ਇਹ ਹੈ । ” ਤੇਜੂ ਮਿਸ਼ਰ ਕੁਝ ਹੌਂਸਲੇ ਨਾਲ ਬੋਲਿਆ । ਪਰ ਫ਼ੌਜਦਾਰ ਦੀਆਂ ਅੱਖਾਂ ਤੋਂ ਉਸ ਨੂੰ ਡਰ ਲੱਗਦਾ ਸੀ । ਉਸ ਨੇ ਸਾਰੀ ਗੱਲ ਦੱਸ ਦਿੱਤੀ , “ ਹਨੇਰੇ ਵਿਚ ਪਤਾ ਨਹੀਂ ਲੱਗਾ , ਜਦੋਂ ਮੁੜਿਆ ਤਾਂ ਜੀਉਣੇ ਨੇ ਦੱਸਿਆ , ਇਹ ਸਿੱਖਾਂ ਦਾ ਅਨੰਦਪੁਰ ਵਾਲਾ ਗੁਰੂ ਸੀ । ਤੇਜੂ ਮਿਸ਼ਰ ਨੇਕ ਬੰਦਾ ਸੀ , ਉਸ ਨੇ ਗੁਰੂ ਜੀ ਨੂੰ ਰਾਹ ਦੱਸਿਆ , ਗੁਰੂ । ਮਹਾਰਾਜ ਦੀ ਕ੍ਰਿਪਾ ਉਸ ਦੇ ਨਾਲ ਰਹੀ , ਚੰਡਾਲ ਰੂਪ ਦਿਲਾਵਰ ਖ਼ਾਨ ਨੇ ਮਿਸ਼ਰ ਨੂੰ ਕੁਝ ਨਾ ਆਖਿਆ ਤੇ ਬਿਠਾ ਲਿਆ । ਕਰੀਮਾ ਵੀ ਉਹਦੇ ਕੋਲ ਬੈਠ ਗਿਆ । ਪੂਰਨ ਮਸੰਦ ਆਇਆ । ਸਿੱਖਾਂ ਸੇਵਕਾਂ ਦੇ ਘਰੋਂ ਖਾ ਖਾ ਕੇ ਉਹ ਫਿੱਟਿਆ ਸੀ , ਦੇਹ ਇਕ ‘ ਮਹੰਤ ’ ਵਾਂਗ ਭਾਰੀ ਸੀ । ਉਹ ਜਦੋਂ ਦੀਵਾਨ ਖ਼ਾਨੇ ਵਿਚ ਗਿਆ ਤਾਂ ਉਸ ਨੂੰ ਲਿਆਉਣ ਵਾਲਿਆਂ ਨੇ ਸਹਿਜ ਸੁਭਾ…ਆਖ ਦਿੱਤਾ , “ ਇਸ ਨੇ ਆਪਣੇ ਨੌਕਰ ਜੀਊਣੇ ਨੂੰ ਅੱਗੇ ਪਿੱਛੇ ਕਰ ਦਿੱਤਾ ਹੈ । ” ਮਸੰਦ ਨੂੰ ਲੈਣੇ ਦੇ ਦੇਣੇ ਪੈ ਗਏ । ਫ਼ੌਜਦਾਰ ਨੇ ਪੁੱਛ ਕੀਤੀ “ ਤੇਰੇ ਘਰ ਵਿਚ ਅਨੰਦਪੁਰ ਵਾਲਾ ਗੁਰੂ ਆਇਆ ? ” “ ਜੀ ਆਇਆ ਸੀ । ਪਰ ਮੈਨੂੰ ਕੋਈ ਨਹੀਂ ਪਤਾ । ਨੌਕਰ ਨੇ ਬਿਠਾਲ ਲਿਆ , ਮੈਂ ਤਾਂ ਸੁੱਤਾ ਸਾਂ । ” “ ਜਾਗਿਆ ਕਿਵੇਂ ? ‘ ‘ “ ਜੀਊਣੇ ਜਗਾਇਆ । ” “ ਕੀ ਆਖਿਆ ਅਨੰਦਪੁਰ ਵਾਲਾ ਗੁਰੂ ਆਇਆ ਹੈ । ਉਸ ਦੇ ਦੋ ਵੱਡੇ ਪੁੱਤਰ ਮਰ ( ਸ਼ਹੀਦ ) ਹੋ ਗਏ ਤੇ ਨਾਲ ਕੋਈ ਨਹੀਂ । ” “ ਤੂੰ ਕੀ ਆਖਿਆ ? ‘ ‘ “ ਮੈਂ ਆਖਿਆ , ਮੈਂ ਘਰ ਨਹੀਂ ਰਹਿਣ ਦੇਣਾ । ” ਫਿਰ ? ” “ ਉਹ ਚਲਿਆ ਗਿਆ ਹੇਠਾਂ ਤੇ ਗੁਰੂ ਵੀ ਖਿਸਕ ਗਿਆ । ” “ ਓ ਸ਼ਿਛੀ , ਹਰੀਮੇ , ਕਰੀਮੇ , ਪਾਊ ਲੰਮਾ ….. ਇਸ ਮਸੰਦ ਨੂੰ ਮਾਰੋ ਜੁੱਤੀਆਂ । ਲੱਖਾਂ ਰੁਪਏ ਦਾ ਇਨਾਮ ਗੁਆ ਦਿੱਤਾ । ਜਾਣ ਕੇ ਨਠਾਇਆ , ਜੇ ਘਰ ਬਿਠਾ ਲੈਂਦਾ , ਖ਼ਬਰ ਦਿੰਦਾ ….. ਕੁੱਤਾ ਸੁਅਰ , ਇਹ ਜ਼ਰੂਰ ਇਸ ਨੇ ਕਿਤੇ ਲੁਕਾਇਆ ਹੈ । ਫੜੋ । ” ਗੁਰੂ ਕਿਆਂ ਦਾ ਨਾ ਰਿਹਾ । ਬੇਈਮਾਨੀ ਦਾ ਫਲ ਪੂਰਨ ਮਸੰਦ ਭੁਗਤਣ ਲੱਗਾ । ਦੇਹ ਭਾਰੀ ਸੀ , ਫ਼ੌਜਦਾਰ ਦੇ ਦੋ ਬੰਦਿਆਂ ਨੇ ਉਸ ਨੂੰ ਥੱਲੇ ਸੁੱਟ ਲਿਆ । ਫਾੜ ਫਾੜ ਜੁੱਤੀਆਂ ਪੈਣ ਲੱਗੀਆਂ । ਚੀਕਾਂ ਮਾਰਨ ਲੱਗਾ । ਮਾਰ ਪਈ : “ ਮੈਨੂੰ ਨਹੀਂ ਪਤਾ । ਮੈਂ ਨਹੀਂ ਉਹਨਾਂ ਨੂੰ ਬੁਲਾਇਆ । ਉਹ ਕਿਧਰ ਗਏ ਪਤਾ ਨਹੀਂ , ਜੀਉਣਾ ਵੀ ਚਲਿਆ ਗਿਆ । ਮੇਰਾ ਘਰ ਦੇਖ ਲੌ …..। ” “ ਤੂੰ ਘਰ ਰੱਖ ਕੇ ਇਤਲਾਹ ਕਿਉਂ ਨਾਂ ਦਿੱਤੀ ? ਫੜਾਇਆ ਕਿਉਂ ਨਹੀਂ ? “ਮੈਥੋਂ ਗ਼ਲਤੀ ਹੋਈ । ’ ’ “ ਗ਼ਲਤੀ ਨਹੀਂ , ਜਾਣ ਬੁਝ ਕੇ , ਲਾਓ ਤੌਣੀ । ” ਪੂਰਨ ਮਸੰਦ ਨੂੰ ਮੁੜ ਮਾਰ ਪੈਣੀ ਸ਼ੁਰੂ ਹੋ ਗਈ । ਉਸ ਨੂੰ ਕੁੱਟ ਕੁੱਟ ਕੇ ਉਸ ਦਾ ਭਾਰ ਹੌਲਾ ਕੀਤਾ ਗਿਆ । ਪੂਰਨ ਮਸੰਦ ਦੀ ਵਹੁਟੀ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਪਤੀ ਨੂੰ ਮਾਰ ਪੈ ਰਹੀ ਹੈ ਤਾਂ ਉਹ ਆਪਣੇ ਦੋਵੇਂ ਬੱਚੇ ਲੈ ਕੇ , ਗਹਿਣਾ ਤੇ ਨਕਦੀ ਜੋ ਚੁੱਕ ਸਕਦੀ ਸੀ , ਚੁੱਕ ਕੇ , ਕਿਸੇ ਦੇ ਘਰ ਜਾ ਲੁਕੀ । ਉਸ ਨੂੰ ਬੇ – ਪਤੀ ਹੋਣ ਦਾ ਡਰ ਸੀ । ਉਸ ਦੇਵੀ ਨੇ ਬੜੇ ਤਰਲੇ ਲਏ ਸਨ ਕਿ ਗੁਰੂ ਮਹਾਰਾਜ ਦਾ ਸੰਗ ਨਾ ਛੱਡਿਆ ਜਾਏ । ਜੇ ਗੁਰੂ ਮਹਾਰਾਜ ਆ ਵੀ ਗਏ ਸਨ ਤਾਂ ਆਸਰਾ ਦੇਣਾ ਚਾਹੀਦਾ ਸੀ । ਇਸ ਤੋਂ ਪਹਿਲਾਂ ਜਦੋਂ ਮਸੰਦ ਸਾੜੇ ਸਨ , ਤਦੋਂ ਪੂਰਨ ਦੀ ਵੀ ਵਾਰੀ ਆ ਗਈ ਸੀ , ਪਰ ਉਸ ਦੀ ਨੇਕ ਪਤਨੀ ਨੇ , ਮਾਤਾ ਗੁਜਰੀ ਜੀ ਪਾਸੋਂ ਖਿਮਾ ਮੰਗਵਾ ਦਿੱਤੀ ਸੀ , ਉਹ ਨੇਕ ਨੀਅਤ ਮਸੰਦ ਨਹੀਂ ਸੀ । ਭੀੜ ਬਣੀ ਤਾਂ ਚੋਰੀ ਨਾਲ ਨਿਕਲ ਆਇਆ । ਤੁਰਕਾਂ ਨਾਲ ਰਲ ਗਿਆ । ਦਿਲਾਵਰ ਖ਼ਾਨ ਨਾਲ ਉਠਣ ਬੈਠਣ ਬਣਾ ਲਿਆ । ਪਰ ਹਾਕਮ ਕਦੀ ਕਿਸੇ ਦਾ ਮਿਤ ਨਹੀਂ ਬਣਦਾ । ਉਹ ਤਾਂ ਸਮੇਂ ਦੇ ਚੱਕਰ ਨਾਲ ਹੀ ਨਾਲ ਰਹਿੰਦਾ ਹੈ । “ ਇਸ ਨੂੰ ਬੰਦੀਖ਼ਾਨੇ ਸੁੱਟੋ । ” ਦਿਲਾਵਰ ਖ਼ਾਨ ਨੇ ਹੁਕਮ ਦਿੱਤਾ । “ ਇਸ ਦੇ ਘਰ ਦੀ ਤਲਾਸ਼ੀ ਲਵੋ । ਇਸ ਦੇ ਟੱਬਰ ਨੂੰ ਲਿਆਉ । ” ਉਸ ਵੇਲੇ ਹਾਕਮ ਦਾ ਹੁਕਮ ਹੀ — ਕਾਨੂੰਨ ਹੁੰਦਾ ਸੀ । ਕੋਈ ਲਿਖਤੀ ਕਾਨੂੰਨ ਨਹੀਂ ਸੀ ਹੁੰਦਾ । ਉਸੇ ਵੇਲੇ ਪਿਆਦੇ ਪੂਰਨ ਮਸੰਦ ਦੇ ਘਰ ਵੱਲ ਚੱਲ ਪਏ । ਉਹ ਘਰ ਪੁੱਜੇ ਤਾਂ ਐਸੀ ਦਸ਼ਾ ਹੋਈ ਕਿ ਉਸ ਵੇਲੇ ਰੌਲਾ ਪੈ ਗਿਆ , “ ਨੱਠੋ ! ਭੱਜੋ ! ਗੁਰੂ ਏਧਰ ਜਾਂਦਾ ਦੇਖਿਆ । ” ਇਹ ਸੁਣ ਕੇ ਉਹ ਪਿਆਦੇ ਦਿਲਾਵਰ ਖ਼ਾਨ ਵੱਲ ਨੱਠ ਗਏ ਤੇ ਉਥੋਂ ਬਾਹਰ ਨੂੰ ਰੌਲਾ ਵਧ ਗਿਆ , “ ਮਾਰ ਲੌ ….. ਫੜ ਲੈ ’ ’ ਤੇ ਪੈਰਾਂ ਦੀ ਦਗੜ ਦਗੜ ਸ਼ੁਰੂ ਹੋ ਗਈ ।
(ਚਲਦਾ )


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top