8 ਜੁਲਾਈ ਸ਼ਹੀਦੀ ਦਿਹਾੜਾ – ਭਾਈ ਮਨੀ ਸਿੰਘ
ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ  ਨੇ ਸਿੱਖਾਂ ਉੱਪਰ ਬੜਾ ਅੱਤਿਆਚਾਰਾਂ ਕੀਤਾ। ਜਿਸ ਕਰਕੇ ਸਿੰਘਾਂ ਨੂੰ ਜੰਗਲ ਬੇਲਿਆਂ ਚ ਰਹਿਣਾ ਪੈਂਦਾ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿਸਾਖੀ ਦੀਵਾਲੀ ਮਨਾਈ ਨੂੰ ਬੜਾ ਸਮਾਂ ਹੋ ਗਿਆ ਸੀ।
 ਭਾਈ ਮਨੀ ਸਿੰਘ ਜੀ ਨੇ ਕੁਝ ਸਿੰਘਾਂ ਨਾਲ ਵਿਚਾਰ ਕਰਕੇ ਜ਼ਕਰੀਏ ਨਾਲ ਗੱਲ ਕੀਤੀ ਕਿ ਜੇਕਰ ਸਾਨੂੰ ਇਸ ਸਾਲ ਦੀਵਾਲੀ ਦਾ ਮੇਲਾ ਲਉਣ ਦੀ ਖੁੱਲ੍ਹ ਦਿੱਤੀ ਜਾਵੇ  ਤਾਂ ਅਸੀਂ ਇਸ ਦਾ ਟੈਕਸ ਸਰਕਾਰ ਨੂੰ ਦੇਣ ਲਈ ਤਿਆਰ ਹਾਂ। ਪਹਿਲਾਂ ਤਾਂ ਜ਼ਕਰੀਆ ਨਾ ਮੰਨਿਆ ਪਰ ਫਿਰ ਜਦੋਂ ਗੁਰੂ ਘਰ ਦੇ ਦੋਖੀਆਂ ਨੇ  ਜ਼ਕਰੀਏ ਨੂੰ ਸਮਝਾਇਆ ਕਿ ਆਪਾਂ ਸਿੰਘਾਂ ਨੂੰ ਲੱਭ ਲੱਭ ਕੇ ਮਾਰਦੇ ਆ।  ਇਨ੍ਹਾਂ ਨੂੰ ਆਗਿਆ ਦੇ ਦਿਉ  , ਉੱਥੇ ਸਾਰੇ ਵੱਡੇ ਵੱਡੇ ਸੂਰਬੀਰ ਸਿੰਘ ਇਕੱਠੇ ਹੋਣਗੇ। ਇੱਕੋ ਵਾਰ ਵੱਡਾ ਹਮਲਾ ਕਰਕੇ ਸਭ ਨੂੰ ਮੁਕਾ ਦਿਆਂਗੇ,  ਏਤੋਂ ਵਧੀਆ ਮੌਕਾ ਨਹੀਂ ਮਿਲਣਾ ਸਿੰਘ ਨੂੰ ਖ਼ਤਮ ਕਰਨ ਦਾ।  ਏਦਾ ਮਨ ਚ ਖੋਟ ਰੱਖ ਕੇ ਪਾਪੀ ਨੇ   ਹਾਂ ਕਰ ਦਿੱਤੀ।
ਪਰ ਦਿਖਾਵੇ ਲਈ  5000 ਰੁਪਿਆ ਟੈਕਸ ਲੈਣਾ ਮੰਨ ਗਿਆ।
 ਭਾਈ ਮਨੀ ਸਿੰਘ ਜੀ ਨੇ ਸਾਰੇ  ਪਾਸੇ ਚਿੱਠੀਆਂ ਪੱਤਰ ਲਿਖ ਕੇ ਭੇਜ ਦਿੱਤੇ ਕਿ ਸਭ ਨੇ ਬੰਦੀਛੋੜ ਦਿਵਸ ਦੀਵਾਲੀ ਦੇ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣਾ। ਸਿੰਘਾਂ ਵਿੱਚ ਬੜਾ ਉਤਸ਼ਾਹ।  ਭਾਈ ਮਨੀ ਸਿੰਘ ਜੀ ਨੇ ਸਾਰੀ ਤਿਆਰੀ ਸ਼ੁਰੂ ਕਰ ਦਿੱਤੀ। ਉਧਰ ਸੋਚੇ ਹੋਏ ਤਰੀਕੇ ਅਨੁਸਾਰ ਜ਼ਕਰੀਏ ਨੇ ਬਹੁਤ ਸਾਰੀ ਫ਼ੌਜ ਅੰਮ੍ਰਿਤਸਰ ਦੇ ਆਸ ਪਾਸ ਭੇਜ ਦਿੱਤੀ।
  ਦੀਵਾਲੀ ਨੇੜੇ ਆਈ ਤਾਂ ਭਾਈ ਮਨੀ ਸਿੰਘ ਜੀ ਨੂੰ ਕਿਸੇ ਨੇ ਦੱਸਿਆ  ਕਿ ਜਕਰੀਏ  ਦੇ ਮਨ ਚ ਖੋਟ ਹੈ ਉਹ ਤਾਂ ਤੁਹਾਡੀ ਮੌਤ ਦਾ ਇੰਤਜ਼ਾਮ ਕਰੀ ਫਿਰਦਾ ਹੈ। ਉਹਨੇ ਫ਼ੌਜ ਵੀ ਭੇਜ ਦਿੱਤੀ ਹੈ। ਦਵਾਲੀ ਦੇ ਪ੍ਰੋਗਰਾਮ ਨੂੰ ਰੋਕਿਆ ਜਾਵੇ ਤਾਂ  ਕਿ ਖ਼ਾਲਸੇ ਦਾ ਨੁਕਸਾਨ ਨਾ ਹੋਵੇ। ਸੁਣਦਿਆਂ ਸਾਰ ਭਾਈ ਸਾਬ ਨੂੰ ਆਨੰਦਪੁਰ ਸਾਹਿਬ  ਯਾਦ ਆਇਆ ਕਿ ਕਿਵੇਂ ਦਸਵੇਂ ਪਾਤਸ਼ਾਹ ਨਾਲ ਕੀਤੇ ਵਾਅਦੇ ਤੇ ਖਾਧੀਆਂ ਕਸਮਾਂ ਨੂੰ ਤੋਡ਼ਿਆ ਗਿਆ ਸੀ  ਤੇ  ਉਸ ਤੋਂ ਬਾਦ  ਸਰਸਾ ਦਾ  ਸਰਹਿੰਦ ਦਾ ਤੇ ਚਮਕੌਰ ਦਾ ਸਾਕਾ ਵਾਪਰਿਆ ਸੀ।
  ਭਾਈ ਸਾਹਿਬ ਜੀ ਨੇ ਉਸੇ ਵੇਲੇ  ਦੁਬਾਰਾ ਖ਼ਾਲਸੇ ਨੂੰ ਚਿੱਠੀਆਂ ਲਿਖੀਆਂ  ਕਿ ਹਾਕਮ ਦੇ ਮਨ ਚ ਖੋਟ ਹੈ  ਇਸ ਲਈ  ਜੋ ਜਿੱਥੇ ਵੀ ਹੈ ਉਥੋਂ ਹੀ ਨਮਸਕਾਰ ਕਰਕੇ ਵਾਪਸ ਮੁੜ ਜਾਵੇ। ਸਾਰਾ ਖਾਲਸਾ ਵਾਪਸ ਮੁੜ ਗਿਆ।  ਦੀਵਾਲੀ ਤੇ ਇਕੱਠ ਬਹੁਤ ਘੱਟ ਹੋਇਆ। ਉੱਧਰ ਜ਼ਕਰੀਆ ਖਾਨ ਦੀ ਇੱਛਾ ਪੂਰੀ ਨਾ ਹੋਈ। ਉਹ ਗੁੱਸੇ ਨਾਲ ਭਰਿਆ ਪਿਆ ਸੀ , ਜ਼ਕਰੀਆ ਨੇ ਹੁਣ  ਬਹਾਨਾ ਏ ਬਣਾਇਆ ਜੋ ਵਾਅਦਾ ਕੀਤਾ ਸੀ ਉਸ ਮੁਤਾਬਕ ਟੈਕਸ ਤਾਰਿਆ ਜਾਵੇ। ਭਾਈ ਮਨੀ ਸਿੰਘ ਕਹਿੰਦੇ ਤੁਹਾਡੀ ਨੀਤ ਮਾੜੀ ਸੀ। ਮੇਲਾ ਤੇ ਲੱਗਣ ਨਹੀਂ ਦਿੱਤਾ। ਜਦੋਂ ਮੇਲਾ ਨਹੀ ਲੱਗਾ ਫਿਰ ਟੈਕਸ ਕਾਹਦਾ  …
ਟੈਕਸ ਨਾ ਤਾਰਨ ਕਰਕੇ ਭਾਈ ਸਾਹਿਬ ਜੀ ਸਮੇਤ ਨਾਲ ਦੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ।  ਲਾਹੌਰ ਚ ਕਈ ਤਰ੍ਹਾਂ ਦੇ ਤਸੀਹੇ ਦਿੱਤੇ। ਫਿਰ ਕੁਝ ਕਾਜ਼ੀਆਂ ਨੇ ਕਿਹਾ,  ਮਨੀ ਸਿੰਘ ਦਾ ਸਿੱਖਾਂ ਚ ਬੜਾ ਸਤਿਕਾਰ ਹੈ ਸਾਰੇ ਇਸ ਦੀ ਗੱਲ ਮੰਨਦੇ ਆ , ਜੇ ਆਪਾਂ ਇਸਨੂੰ ਇਸਲਾਮ ਚ ਲੈ ਆਈਏ  ਤਾਂ ਬਹੁਤ ਸਾਰੇ ਸਿੱਖ ਇਸਲਾਮ ਚ ਆ ਜਾਣਗੇ। ਏਸ ਕਰਕੇ ਭਾਈ ਸਾਹਿਬ ਜੀ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ।  ਦੋ ਸ਼ਰਤਾਂ ਸੀ  ਪੈਸੇ ਦਉ ਜਾਂ ਇਸਲਾਮ ਕਬੂਲ ਕਰੋ। ਭਾਈ ਸਾਹਿਬ ਨੇ ਦੋਵਾਂ ਤੋਂ ਇਨਕਾਰ ਕਰ ਦਿੱਤਾ।  ਫਿਰ ਕਾਜ਼ੀ ਨੇ ਫਤਵਾ ਦਿੱਤਾ , ਮਨੀ ਸਿੰਘ ਦਾ ਬੰਦ ਬੰਦ ਕੱਟ ਦਿੱਤਾ ਜਾਵੇ। 25 ਹਾੜ੍ਹ 1734 ਨੂੰ ਅਜ ਦੇ ਦਿਨ ਲਾਹੌਰ ਦੇ  ਨਖਾਸ ਚੌਕ ਚ ਭਾਈ ਸਾਹਿਬ ਜੀ ਦਾ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ।
ਨਾਲ ਗ੍ਰਿਫ਼ਤਾਰ ਕੀਤੇ ਸਿੰਘਾਂ ਚੋਂ  ਇਕ ਦੀ ਪੁੱਠੀ ਖਲ ਉਤਾਰ ਦਿੱਤੀ। ਇਕ ਦੀਆਂ ਅੱਖਾਂ ਕੱਢ ਕੇ ਉਸ ਨੂੰ ਚਰਖੜੀ ਚਾੜ੍ਹ ਦਿੱਤਾ  . ਬਾਕੀਆਂ ਨੂੰ ਵੀ  ਇਸ ਤਰ੍ਹਾਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ  .
ਭਾਈ ਮਨੀ ਸਿੰਘ ਜੀ ਦੀ ਉਮਰ  90 ਸਾਲ ਸੀ  ਕਲਗੀਧਰ ਪਿਤਾ ਤੋਂ  ਅੰਮ੍ਰਿਤ ਛਕਿਆ  , ਦਮਦਮਾ ਸਾਹਿਬ ਵਾਲੇ ਸਰੁੂਪ ਦੀ ਲਿਖਵਾਈ ਕੀਤੀ , ਦਸਮ ਗ੍ਰੰਥ ਲਿਖਿਆ ,  ਹੋਰ ਬਹੁਤ ਸਾਰੇ ਗ੍ਰੰਥ ਲਿਖੇ। ਜਦੋਂ ਤੱਤ ਖ਼ਾਲਸਾ ਤੇ  ਬੰਦਈ ਖ਼ਾਲਸੇ ਦਾ ਝਗੜਾ ਹੋਇਆ ਤਾਂ ਭਾਈ ਸਾਹਿਬ ਨੇ ਨਬੇੜਿਆ ਸੀ।
ਭਾਈ ਸਾਹਿਬ ਦੇ ਪਰਿਵਾਰ ਚੋਂ 52 ਮੈਂਬਰ ਸ਼ਹੀਦ ਹੋਏ ਆ  ਕੌਮ ਲਈ।    ਸਾਰਿਆਂ ਦੇ ਨਾਮ ਲਿਖੇ ਤਾਂ ਪੋਸਟ ਲੰਮੀ ਹੋ ਜਾਊ  ਉਹ  ਕਿਤੇ ਫਿਰ  ਲਿਖੂ।
#ਨੋਟ ਕੁਝ ਲੇਖਕਾ ਨੇ ਟੈਕਸ ਦੀ ਰਕਮ 10000 ਲਿਖੀ ਹੈ ਤੇ ਏਵੀ ਲਿਖਿਆ ਮਿਲਦਾ ਕੇ  ਦਵਾਲੀ ਤੋ ਬਾਦ ਦੂਜਾ ਮੌਕਾ ਵਸਾਖੀ ਦਾ ਵੀ ਦਿੱਤਾ ਲਿਖਿਆ  ਪਰ ਵਸਾਖੀ ਤੇ ਵੀ ਉਹੀ ਚਾਲ ਚੱਲੀ।
ਮੇਜਰ ਸਿੰਘ
ਗੁਰੂ ਕਿਰਪਾ ਕਰੇ


