ਸਿੱਖ ਕਾ ਪਰਦਾ ਕਬਹੁੰ ਨਾ ਖੋਲੈ

ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਪਰਮ ਪਿਆਰਾ ਸਿੱਖ ਭਾਈ ਮੂਲਾ ਗੁਰੂ ਨਾਨਕ ਦੇਵ ਜੀ ਦੇ ਪਿਆਰ ਵਿੱਚ ਰੰਗੇ ਜੀਵਨ ਵਾਲਾ ਗੁਰਸਿੱਖ ਸੀ, ਇੱਕ ਦਿਨ ਭਾਈ ਮੂਲੇ ਦੇ ਘਰ ਇੱਕ ਠੱਗ ਆਇਆ ਜਿਸਦਾ ਭੇਖ ਸਿੱਖੀ ਵਾਲਾ ਸੀ ਇਹੀ ਨਹੀਂ ਉਸਨੂੰ ਜੁਬਾਨੀ ਗੁਰਬਾਣੀ ਕੰਠ ਸੀ ।

ਭਾਈ ਮੂਲੇ ਨੇ ਉਸਨੂੰ ਗੁਰੂ ਨਾਨਕ ਦੇਵ ਜੀ ਦਾ ਪਰਮ ਪਿਆਰਾ ਸਿੱਖ ਜਾਣਕੇ ਉਸਦੀ ਸੇਵਾ ਸਤਿਕਾਰ ਸ਼ੁਰੂ ਕਰ ਦਿੱਤੀ, ਭਾਈ ਮੂਲੇ ਦੇ ਘਰ ਆਇਆਂ ਉਸਨੂੰ ਕਈ ਦਿਨ ਹੋ ਗਏ ਪਰ ਉਸਨੇ ਇਹ ਸਾਬਤ ਨਹੀਂ ਹੋਣ ਦਿੱਤਾ ਕਿ ਉਹ ਠੱਗ ਹੈ, ਭਾਈ ਮੂਲੇ ਦੀ ਘਰਵਾਲੀ ਨੇ ਵੀ ਉਸਨੂੰ ਗੁਰਸਿੱਖ ਜਾਣਕੇ ਉਸਦੀ ਬਹੁਤ ਸੇਵਾ ਕਰਨੀ, ਇੱਕ ਦਿਨ ਭਾਈ ਮੂਲੇ ਦੀ ਘਰਵਾਲੀ ਕਿਤੋਂ ਆਈ ਉਸਨੇ ਸੋਨੇ ਦੇ ਗਹਿਣੇ ਪਹਿਨੇ ਹੋਏ ਸੀ ਘਰ ਆ ਕੇ ਉਸਨੇ ਗਹਿਣੇ ਉਤਾਰਕੇ ਡੱਬੇ ਵਿੱਚ ਪਾ ਕੇ ਉਪਰ ਪੜਛੱਤੀ ਤੇ ਰਖ ਦਿੱਤੇ, ਇਹ ਸਭ ਉਹ ਠੱਗ ਦੇਖਦਾ ਰਿਹਾ ।

ਜਦੋਂ ਸਾਰੇ ਸੋ ਗਏ ਤਾਂ ਅੱਧੀ ਰਾਤ ਨੂੰ ਉਹ ਠੱਗ ਉੱਠਿਆ ਉਸਨੇ ਪੜਛੱਤੀ ਤੇ ਰੱਖਿਆ ਉਹ ਡੱਬਾ ਚੁੱਕਿਆ ਜਿਸ ਵਿੱਚ ਗਹਿਣੇ ਸੀ ਤੇ ਲੈਕੇ ਬਾਹਰਲੇ ਗੇਟ ਤੇ ਆ ਗਿਆ ਪਰ ਗੇਟ ਬੰਦ ਹੋਣ ਕਰਕੇ ਉਹ ਬਾਹਰ ਨਾ ਜਾ ਸਕਿਆ ਪਰ ਗੇਟ ਦੇ ਖੜਾਕ ਨਾਲ ਭਾਈ ਮੂਲੇ ਦੀ ਅੱਖ ਖੁੱਲ ਗਈ ਉਹ ਠੱਗ ਗਹਿਣਿਆਂ ਵਾਲਾ ਡੱਬਾ ਉਥੇ ਹੀ ਕੰਧ ਤੇ ਰੱਖਕੇ ਮੁੜ ਆਇਆ ਤੇ ਭਾਈ ਮੂਲੇ ਨੂੰ ਕਹਿਣ ਲੱਗਾ ਮੂਲਿਆ ਦਰਵਾਜਾ ਖੋਲ ਮੈ ਰਮਨੇ ਜਾਣਾ ਹੈ (ਰਮਨੇ ਤੋਂ ਭਾਵ ਜੰਗਲਪਾਣੀ ਜਾਂ ਲੈਟਰੀਨ ਜਾਣਾ) ਭਾਈ ਮੂਲਾ ਕਹਿਣ ਲੱਗਾ ਬਾਬਾ ਤੂੰ ਰਮਨਾ ਇਥੇ ਹੀ ਕਰ ਲਏ ਮੈ ਆਪੇ ਚੁੱਕ ਕੇ ਬਾਹਰ ਸੁੱਟ ਦੇਵਾਂਗਾ, ਉਹ ਠੱਗ ਕਹਿਣ ਲੱਗਾ ਨਹੀਂ ਮੈ ਇਥੇ ਨਹੀਂ ਬਾਹਰ ਹੀ ਜਾਣਾ ਹੈ ਜਦੋਂ ਭਾਈ ਮੂਲੇ ਨੂੰ ਉਹਨੇ ਇਹ ਗੱਲ ਆਖੀ ਤਾਂ ਭਾਈ ਮੂਲੇ ਨੇ ਦਰਵਾਜਾ ਖੋਲ ਦਿੱਤਾ ਉਹ ਠੱਗ ਗਹਿਣਿਆਂ ਵਾਲਾ ਡੱਬਾ ਚੁੱਕ ਕੇ ਤੁਰਨ ਲੱਗਾ ਤਾਂ ਕਾਹਲੀ ਵਿੱਚ ਡੱਬਾ ਉਸਦੇ ਹੱਥੋਂ ਛੁੱਟ ਗਿਆ ਭਾਈ ਮੂਲੇ ਨੇ ਉਹ ਡੱਬਾ ਚੁੱਕ ਕੇ ਉਸਨੂੰ ਫੜਾਇਆ ਤੇ ਕਿਹਾ ਬਾਬਾ ਇਹ ਡੱਬਾ ਤੇਰਾ ਹੈ ਤੂੰ ਲੈਜਾ, ਇਸ ਤਰ੍ਹਾਂ ਉਹ ਠੱਗ ਭਾਈ ਮੂਲੇ ਦੇ ਗਹਿਣੇ ਚੁੱਕ ਕੇ ਲੈ ਗਿਆ ਪਰ ਭਾਈ ਮੂਲੇ ਨੇ ਉਸਨੂੰ ਰੋਕਿਆ ਨਹੀਂ, ਸਵੇਰ ਹੋਈ ਭਾਈ ਮੂਲੇ ਦੀ ਘਰਵਾਲੀ ਉਠੀ ਉਸਨੇ ਦੇਖਿਆ ਗਹਿਣੇ ਨਹੀਂ ਹਨ ਭਾਈ ਮੂਲੇ ਨੂੰ ਪੁੱਛਿਆ ਤਾਂ ਕਹਿਣ ਲੱਗਾ ਕਿ ਰਾਤ ਕੋਈ ਚੋਰ ਆਇਆ ਹੋਣਾ ਉਹ ਗਹਿਣੇ ਲੈ ਗਿਆ ਕੋਈ ਨਾ ਆਪਾ ਹੋਰ ਲੈ ਲਵਾਂਗੇ ਹੈ ਚੋਰ ਲੈ ਗਿਆ ਤਾਂ ਕੀ ਹੋਇਆ, ਭਾਈ ਮੂਲੇ ਦੀ ਘਰਵਾਲੀ ਕਹਿਣ ਲੱਗੀ ਉਹ ਸਿੱਖ ਕਿੱਥੇ ਆ ਜਿਹੜਾ ਐਨੇ ਦਿਨਾਂ ਦਾ ਆਪਣੇ ਘਰ ਰੁਕਿਆ ਹੋਇਆ ਸੀ ਤਾਂ ਭਾਈ ਮੂਲਾ ਕਹਿਣ ਲੱਗਾ ਉਹ ਸ਼ਰਮ ਦਾ ਮਾਰਾ ਹੀ ਰਾਤੀ ਦੌੜ ਗਿਆ ਕਿ ਕਿਤੇ ਮੇਰਾ ਹੀ ਨਾਮ ਨਾ ਲੱਗ ਜਾਵੇ ।
ਇਸ ਤਰ੍ਹਾਂ ਭਾਈ ਮੂਲੇ ਨੇ ਗੁਰੂ ਜੀ ਦੀ ਬਾਣੀ ਪੜ੍ਹਨ ਵਾਲੇ ਭੇਖੀ ਸਿੱਖ ਦਾ ਵੀ ਸਤਿਕਾਰ ਕੀਤਾ ਤੇ ਗੁਰੂ ਨਾਨਕ ਦੀ ਸਿੱਖੀ ਦੀ ਲਾਜ ਰੱਖੀ ਬਦਨਾਮੀ ਨਹੀਂ ਹੋਣ ਦਿੱਤੀ ਜੇ ਕਿਤੇ ਸਾਡੇ ਵਰਗਾ ਹੁੰਦਾ ਤਾਂ ਉਸਦੀਆਂ ਵੀਡੀਉ ਫੋਟੋਆਂ ਪਾ ਪਾ ਕੇ ਸਿੱਖੀ ਦਾ ਜਲੂਸ ਕੱਢ ਦਿੰਦਾ, ਲੋਕਾਂ ਚ ਰੱਜ ਕੇ ਬਦਨਾਮ ਕਰਦਾ ਕਿ ਬਾਣੀ ਪੜ੍ਹਨ ਵਾਲਾ ਸਿੱਖ ਮੇਰਾ ਸੋਨਾ ਚੁੱਕ ਕੇ ਲੈ ਗਿਆ ਹੈ ।

ਭਾਈ ਮੂਲਾ ਆਪਣੀ ਘਰਵਾਲੀ ਦੇ ਨਾਲ ਕਰਤਾਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਪਹੁੰਚਿਆ ਤਾਂ ਗੁਰੂ ਜੀ ਮੰਜੀ ਤੇ ਬੈਠੇ ਸੀ ਬਾਬਾ ਗੁਰੂ ਨਾਨਕ ਜੀ ਨੇ ਕਿਹਾ ਆ ਭਾਈ ਮੂਲਿਆ ਤੂੰ ਮੇਰੇ ਨਾਮ ਦੀ ਲਾਜ ਰੱਖੀ ਮੈ ਤੇਰੀ ਦੋਹੀਂ ਜਹਾਨੀ ਲਾਜ ਰਖਾਂਗਾ ਤੇਰਾ ਦੋਹੀਂ ਜਹਾਨੀ ਪਰਦਾ ਕੱਜ ਕੇ ਰਖਾਂਗਾ, ਭਾਈ ਮੂਲੇ ਦੀ ਘਰਵਾਲੀ ਕਹਿਣ ਲੱਗੀ ਕਿ ਕੀ ਗੱਲ ਹੈ ਗੁਰੂ ਜੀ ਦੱਸੋ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਜੋ ਸਿੱਖ ਤੁਹਾਡੇ ਘਰ ਆਇਆ ਸੀ ਉਹ ਅਸਲ ਚ ਸਿੱਖ ਨਹੀਂ ਸੀ ਠੱਗ ਸੀ ਤੇ ਉਸਨੂੰ ਜੁਬਾਨੀ ਬਾਣੀ ਯਾਦ ਸੀ ਤੁਸੀਂ ਉਸਤੇ ਭਰੋਸਾ ਕੀਤਾ ਪਰ ਉਹ ਤੁਹਾਡੇ ਗਹਿਣੇ ਚੁੱਕ ਕੇ ਲੈ ਗਿਆ ਪਰ ਮੂਲੇ ਨੇ ਪਤਾ ਹੋਣ ਦੇ ਬਾਵਜੂਦ ਨਾ ਤੈਨੂੰ ਦੱਸਿਆ ਤੇ ਨਹੀਂ ਉਸਨੂੰ ਰੋਕਿਆ ਨਾ ਹੀ ਰੌਲਾ ਪਾਇਆ ਕਿ ਕਿਤੇ ਸਿੱਖੀ ਬਦਨਾਮ ਨਾ ਹੋਵੇ, ਇਹ ਹੈ ਗੁਰੂ ਨੂੰ ਸਮਰਪਿਤ ਸਿੱਖ ਦਾ ਉੱਚਾ ਸੁੱਚਾ ਕਿਰਦਾਰ ਜਿਹੜਾ ਗੁਰੂ ਦੀ ਸਿੱਖੀ ਦੀ ਬਦਨਾਮੀ ਨਹੀਂ ਕਰਦਾ ਕਿੱਥੋਂ ਲੱਭੋਗੇ ਐਸੇ ਗੁਰਸਿੱਖ ।

ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀਰਾਜ ਭਾਈ ਸੰਤੋਖ ਸਿੰਘ ਜੀ ਬਹੁਤ ਪਿਆਰੇ ਬਚਨ ਲਿਖਦੇ ਨੇ

ਕਿਰਪਾ ਨਿਧਾਨ ਕਹਿਓ ਬਚ ਮੂਲਾ
ਰਿਧਾ ਤੋਰ ਸਿੱਖੀ ਅਨਕੂਲਾ
ਮਮ ਪਰਦਾ ਤੈਂ ਢਾਕਿਓ ਬਣਾਈ
ਤੇਰਾ ਢਾਕੈ ਗੁਰੂ ਸਦਾਈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਉ ।।

ਸਰਬਜੀਤ ਕੌਰ ਖਾਲਸਾ
ਦਮਦਮੀ ਟਕਸਾਲ ਯੂਪੀ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top