ਭਾਈ ਜੱਗਾ ਸਿੰਘ ਜੀ ਦੀ ਸਾਖੀ
ਭਾਈ ਜੱਗਾ ਸਿੰਘ ਜੀ ਦੀ ਸਾਖੀ ਬਹੁਤ ਘੱਟ ਸੰਗਤ ਨੂੰ ਇਸ ਇਤਿਹਾਸ ਬਾਰੇ ਪਤਾ ਹੋਵੇਗਾ ਪੜੋ ਜੀ ।
ਭਾਈ ਜੱਗਾ ਸਿੰਘ ਬੜੇ ਪ੍ਰੇਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਰਾਤ ਦਿਨੇ ਕਰਦਾ ਰਹਿੰਦਾ । ਗੁਰੂ ਸਾਹਿਬ ਭੀ ਓਸ ਦੇ ਪ੍ਰੇਮ ਦੇ ਵੱਸ ਹੋਏ ਓਸ ਉੱਤੇ ਬਹੁਤ ਦਯਾ ਕਰਦੇ ਰਹਿੰਦੇ ਅਤੇ ਚੰਗੀ ਚੀਜ਼ ਓਸੇ ਨੂੰ ਬਖ਼ਸ਼ਦੇ । ਭਾਵੇਂ ਓਹ ਅੱਗੇ ਹੋਰ ਲੋਕਾਂ ਨੂੰ ਦੇ ਦਿੰਦਾ । ਏਸ ਕਰ ਕੇ ਬਾਕੀ ਦੇ ਈਰਖਾਲੂ ਓਸ ਨਾਲ ਈਰਖਾ ਰੱਖਦੇ । ਜਦ ਓਹ ਕਿਸੇ ਵੇਲੇ ਕੱਲਾ ਹੁੰਦਾਂ ਤਾਂ ਓਹ ਈਰਖਾਲੂ ਦੁਸ਼ਟ ਉਸ ਨੂੰ ਗਾਲ੍ਹੀਆਂ ਦੇਂਦੇ ਤੇ ਥੱਪੜ ਮਾਰਦੇ । ਪਰ ਓਹ ਕਦੇ ਗੁਰੂ ਜੀ ਦੇ ਪਾਸ ਓਨ੍ਹਾਂ ਦੀ ਬੁਰਾਈ ਨਾ ਦੱਸਦਾ ਤੇ ਨਾ ਓਹਨਾਂ ਨੂੰ ਬੁਰਾ ਭਲਾ ਆਖਦਾ । ਕੇਵਲ ਗੁਰੂ ਭਗਤੀ ਦੇ ਪ੍ਰੇਮ ਵਿੱਚ ਮਸਤ ਰਹਿੰਦਾ । ਇੱਕ ਦਿਨ ਓਨ੍ਹਾਂ ਈਰਖਾਲੂਆਂ ਨੇ ਸਲਾਹ ਕਰ ਕੇ ਅੰਮ੍ਰਿਤ ਵੇਲੇ ਸੁਚੇਤੇ ਗਏ ਹੋਏ ਜੱਗਾ ਸਿੰਘ ਨੂੰ ਮਾਰਿਆ । ਨਾਲੇ ਡੇਰੇ ਵਿੱਚੋਂ ਜਿਥੇ ਭਾਈ ਜੱਗਾ ਸਿੰਘ ਰਹਿੰਦਾ ਸੀ ਓਸ ਦਾ ਸਭ ਸਮਾਨ ਖੋਹ ਲਿਆ । ਜਦ ਏਹ ਹਾਲ ਗੁਰੂ ਜੀ ਨੇ ਹੋਰ ਸਿੱਖਾਂ ਤੋਂ ਸੁਣ ਕੇ ਜੱਗਾ ਸਿੰਘ ਨੂੰ ਪੁੱਛਿਆ ਕਿ ਤੈਨੂੰ ਕਿਨੇਂ ਮਾਰਿਆ ਤੇ ਡੇਰਾ ਤੇਰਾ ਕਿਨੇ ਲੁੱਟਿਆ ਹੈ ? ਤਾਂ ਓਨ ਆਖਿਆ , “ ਸੱਚੇ ਪਾਤਸ਼ਾਹ ! ਮੈਨੂੰ ਕਿਸੇ ਨੇ ਨਹੀਂ ਮਾਰਿਆ ਤੇ ਨਾ ਕਿਸੇ ਨੇ ਮੇਰਾ ਕੁਛ ਲੁੱਟਿਆ ਹੈ । ਮੇਰਾ ਕੋਈ ਵੈਰੀ ਮਿੱਤਰ ਨਹੀਂ । ਆਪ ਦਾ ਹੀ ਰੂਪ ਸਭ ਨਜ਼ਰ ਆਉਂਦਾ ਹੈ , ਦੂਸਰਾ ਕੋਈ ਨਹੀਂ । ਮਾਰਨ ਵਾਲਾ ਤੇ ਮਾਰ ਖਾਣ ਵਾਲਾ , ਲੁੱਟਣ ਲੁਟਾਉਣ ਵਾਲਾ ਭੀ ਸਭ ਤੂੰ ਹੀ ਹੈਂ । ” ਏਹ ਬਚਨ ਸੁਣ ਕੇ ਸਾਰੀ ਸੰਗਤ ਸਮੇਤ ਗੁਰੂ ਸਾਹਿਬ ਜੀ ਬਹੁਤ ਖ਼ੁਸ਼ ਹੋਏ ਅਤੇ ਉਸ ਨੂੰ ਸੱਚਾ ਬ੍ਰਹਮਵੇਤਾ ਸਮਝ ਕੇ ਸਾਹਿਬ ਜੀ ਨੇ ਫੁਰਮਾਇਆ ਕਿ ਏਹ ਨਿਰਮਲ ਹਿਰਦੇ ਵਾਲਾ ਸਤੋਗੁਣੀ ਗਿਆਨੀ ਪੁਰਖ ਹੈ । ਭਾਈ ਸਿੱਖੋ ! ਏਹੋ ਜਹੇ ਪੁਰਖਾਂ ਨਾਲ ਬਾਦ ਵਿਵਾਦ ਕਰਨਾ ਜਾਣ ਬੁਝ ਕੇ ਨਰਕ ਵਿੱਚ ਪੈਣਾਂ ਹੈ । ਏਸੇ ਘੜੀ ਮਹਾਰਾਜ ਨੇ ਇੱਕ { ਪੱਥਰ , ਢੀਮ ਅਤੇ ਪਤਾਸਾ } ਜਲ ਦਾ ਗੜਵਾ ਮੰਗਾ ਕੇ ਓਸ ਵਿੱਚ ਇੱਕ ਪੱਥਰ , ਇੱਕ ਮਿੱਟੀ ਦੀ ਢੀਮ , ਤੇ ਇੱਕ ਪਤਾਸਾ ਪਵਾ ਕੇ ਦੋ ਘੜੀ ਪਿੱਛੋਂ ਹੁਕਮ ਦਿੱਤਾ , “ ਤਿੰਨੇ ਚੀਜ਼ਾਂ ਕੱਢੋ । ” ਪੱਥਰ ਕੋਰਾ ਨਿੱਕਲਿਆ । ਢੀਂਮ ਗਾਰਾ ਹੋ ਗਈ । ਪਤਾਸੇ ਦਾ ਨਿਸ਼ਾਨ ਭੀ ਨਾ ਰਿਹਾ । ਤਾਂ ਗੁਰੂ ਜੀ ਨੇ ਆਖਿਆ , “ ਭਾਈ ਸਿੱਖੋ ! ਸੱਚੇ ਸਰਧਾਲੂ ਸਿਦਕੀ ਸਿੱਖ ਨਿਸਕਾਮ ਸੇਵਾ ਭਗਤੀ ਕਰਦੇ ਹੋਏ ਜੋ ਗੁਰੂ ਕੀ ਬਾਣੀ ਨਾਲ ਪ੍ਰੇਮ ਰੱਖਦੇ ਹਨ , ਓਹ ਤਾਂ ਗੁਰੂ ਕੇ ਰੂਪ ਵਿੱਚ ਪਤਾਸੇ ਵਾਂਗੂੰ ਅਭੇਦ ਹੋ ਜਾਂਦੇ ਹਨ । ਪਰ ਕਾਮਨਾ ਰੱਖ ਕੇ ਸੇਵਾ ਟਹਿਲ ਕਰਨ ਵਾਲੇ ਮਿਲ ਤਾਂ ਜਾਂਦੇ ਹਨ , ਪਰ ਅਭੇਦ ਨਹੀਂ ਹੁੰਦੇ । ਮਿੱਟੀ ਵਾਂਗੂੰ ਵੱਖਰੇ ਭੀ , ਤੇ ਮਿਲੇ ਭੀ , ਦੋਹੀਂ ਪਾਸੀ ਰਹਿੰਦੇ ਹਨ । ਜਿਹੜੇ ਕੇਵਲ ਲੋਗ ਦਿਖਾਵੇ ਦੀ ਸੇਵਾ ਭਗਤੀ ਕਰਦੇ ਹਨ , ਓਹ ਉੱਤੋਂ ਪੱਥਰ ਵਾਂਗ ਭਿੱਜੇ ਹੋਏ ਨਜ਼ਰ ਆਉਂਦੇ ਹਨ , ਵਿੱਚੋਂ ਸੁੱਕੇ ਰਹਿੰਦੇ ਹਨ । ਏਹ ਸਾਖੀ ਜੱਗਾ ਸਿੰਘ ਜੀ ਦੇ ਪ੍ਰਥਾਏ ਜੋ ਗੁਰੂ ਜੀ ਨੇ ਬਾਣੀ ਉਚਾਰੀ ਹੈ ਓਹ ਸਰਬ ਲੋਹ ਪ੍ਰਕਾਸ਼ ਦੇ ਸਤਾਰ੍ਹਵੇਂ ‘ ਖੰਡ ਵਿੱਚ ਹੈ । ਵਿਸਤਾਰ ਹੋਣ ਤੋਂ ਡਰ ਕੇ ਓਹ ਛੰਦ ਏਥੇ ਨਹੀਂ ਲਿੱਖੇ । ਨਿਰਮਲ ਪੰਥ ਪ੍ਰਦੀਪਕਾ ਵਿੱਚ ਵੀ ਸਾਖੀ ਮੌਜੂਦ ਹਨ ।
ਜੋਰਾਵਰ ਸਿੰਘ ਤਰਸਿੱਕਾ
ਧੰਨਵਾਦ ਭਾਜੀ