ਖਾਲਸਾ ਰਾਜ ਦੇ ਪਿਆਰੇ ਦੀਵਾਨ ਮੋਹਕਮ ਚੰਦ ਜੀ ਦੇ ਬਾਰੇ
ਬੇਨਤੀ ਹੈ ਇਹ ਇਤਿਹਾਸ ਥੋੜਾ ਲੰਮਾ ਹੈ ਜਰੂਰ ਟਾਇਮ ਕੱਢ ਕੇ ਪੂਰਾ ਪੜਿਉ ਤਹਾਨੂੰ ਪਤਾ ਲੱਗੇਗਾ ਖਾਲਸਾ ਰਾਜ ਦੇ ਪਿਆਰੇ ਦੀਵਾਨ ਮੋਹਕਮ ਚੰਦ ਜੀ ਦੇ ਬਾਰੇ ਵਿੱਚ ,16 ਅਕਤੂਬਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦੀਵਾਨ ਮੋਹਕਮ ਚੰਦ ਜੀ ਅਕਾਲ ਚਲਾਣਾ ਕਰ ਗਏ ਸਨ ਆਉ ਸੰਖੇਪ ਝਾਤ ਮਾਰੀਏ ਦੀਵਾਨ ਸਾਹਿਬ ਦੇ ਜੀਵਨ ਕਾਲ ਤੇ ਜੀ ।
ਦੀਵਾਨ ਮੋਹਕਮ ਚੰਦ ਜਮਾਂਦਰੂ ਜੰਗੀ ਆਦਮੀ ਨਹੀਂ ਸੀ। ਇਸ ਦਾ ਪਿਤਾ ਵਿਸਾਖੀ ਮਲ ਜ਼ਿਲਾ ਗੁਜਰਾਤ ਦੇ ਇੱਕ ਨਿੱਕੇ ਜਿਹੇ ਪਿੰਡ ਕੁੰਜਾਹ ਵਿਚ ਸਾਧਾਰਨ ਜਿਹੀ ਹੱਟੀ ਕਰਕੇ ਉਪਜੀਵਕਾ ਕਮਾਉਂਦਾ ਸੀ। ਪਰਚੱਲਤ ਮਰਯਾਦਾ ਅਨੁਕੂਲ ਨਿਰਸੰਦੇਹ ਮੋਹਕਮ ਚੰਦ ਨੇ ਵੀ ਪਿਤਾ ਪੁਰਖੀ ਅਨੁਸਾਰ ਹਟਵਾਣੀਆਂ ਹੀ ਬਣਨਾ ਸੀ ਜੇ ਕਦੇ ਸ਼ੇਰਿ ਪੰਜਾਬ ਨੇ ਇਸ ਨੂੰ ਬਾਹੋਂ ਫੜ ਕੇ ਨਾ ਚੁਣ ਲਿਆ ਹੁੰਦਾ। ਇਹ ਗੱਲ ਕਿੰਨੇ ਅਫਸੋਸ ਵਾਲੀ ਹੁੰਦੀ ਜੇ ਕਦੇ ਇੱਨੀ ਮਹਾਨ ਗੁਣਾਂ ਵਾਲੀ ਹਸਤੀ, ਬਿਨਾ ਆਪਣੇ ਜੀਵਨ ਦੇ ਕਮਾਲ ਦੱਸੇ ਦੇ, ਇੱਕ ਗੁਮਨਾਮੀ ਦੀ ਹਾਲਤ ਵਿਚ ਇਸ ਸੰਸਾਰ ਤੋਂ ਚਲੀ ਗਈ ਹੁੰਦੀ। ਖੋਜ ਕੀਤਿਆਂ ਸਮਾਚਾਰ ਇਸ ਤਰ੍ਹਾਂ ਮਿਲਦੇ ਹਨ :-
ਹਟਵਾਣੀਏ ਤੋਂ ਫੌਜਦਾਰ
ਸੰਨ ੧੮੦੬ ਦੇ ਅਰੰਭ ਵਿਚ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਜਰਾਤ ਦੇ ਦੌਰੇ ਪਰ ਆਏ ਅਤੇ ਜਦ ਕੁੰਜਾਹ ਦੀਆਂ ਗਲੀਆਂ ਵਿੱਚੋਂ ਆਪ ਦੀ ਸਵਾਰੀ ਲੰਘ ਰਹੀ ਸੀ ਤਾਂ ਆਪ ਜੀ ਦੀ ਪਾਰਖੂ-ਨਜਰ ਇੱਕ ਬੰਦੇ ਪਰ ਪਈ। ਇਸ ਦੇ ਕੱਦ ਕਾਠ ਤੇ ਰੰਗ ਰੂਪ ਨੂੰ ਦੇਖ ਕੇ ਸ਼ੇਰਿ ਪੰਜਾਬ ਨੇ ਆਪਣੇ ਘੋੜੇ ਨੂੰ ਰੋਕ ਲਿਆ ਅਤੇ ਮੋਹਕਮ ਚੰਦ ਨੂੰ ਆਖਿਆ – “ਚੱਲ ਮੇਰੇ ਨਾਲ, ਇਸ ਸਰੀਰ ਨੂੰ ਕਿਸੇ ਕੰਮ ਲਾ” ਕਹਿੰਦੇ ਹਨ ਇਸ ਨੇ ਦੋ ਹੱਥ ਜੋੜ ਕੇ ਸੀਸ ਝੁਕਾਇਆ ਤੇ ਮਹਾਰਾਜੇ ਦੇ ਘੋੜੇ ਅੱਗੇ ਉੱਠ ਭੱਜਾ। ਸਰਕਾਰ ਦੀ ਸਵਾਰੀ ਜਦ ਨਿਵਾਸ ਸਥਾਨ ਵਿਚ ਪਹੁੰਚੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਦੇ ਢਿੱਲੇ ਵਾਲੇ ਕੱਪੜੇ ਬਦਲਵਾ ਕੇ ਫੌਜੀ ਸ਼ਸਤ੍ਰ ਬਸਤ ਪਹਿਨਵਾ ਦਿੱਤੇ ਤੇ ਆਖਿਆ ‘ਜਾਹ, ਭਾਈ ! ਤੂੰ ਮੇਰੀ ਫੌਜ ਦਾ ਫੌਜਦਾਰ ਬਣ ਤੇ ਆਪਣਾ ਇਹ ਸਡੌਲ ਸਰੀਰ ਖਾਲਸਾ ਰਾਜ ਦੀ ਸੇਵਾ ਵਿਚ ਲਾ। ਬੱਸ, ਮਹਾਰਾਜਾ ਸਾਹਿਬ ਦੀ ਇਸ ਥਪਕਣੀ ਨੇ ਇਸ ਅੰਦਰ ਜੀਵਨ-ਜੋਤ ਰੋਸ਼ਨ ਕਰ ਦਿੱਤੀ ਅਤੇ ਇਸ ਦਾ ਠੰਢਾ ਲਹੂ ਉਬਾਲੇ ਖਾਣ ਲੱਗ ਪਿਆ। ਜਿਸ ਨੇ ਜੰਗੀ ਹਥਿਆਰਾਂ ਨੂੰ ਕਦੇ ਹੱਥ ਵੀ ਨਹੀਂ ਸੀ ਲਾਇਆ, ਥੋੜ੍ਹੇ ਦਿਨਾਂ ਵਿਚ ਹੀ ਉਹ ਐਸਾ ਸ਼ਸਤ੍ਰ-ਵਰਤੀ ਸਿੱਧ ਹੋਇਆ ਜਿਸ ਦੀ ਧਾਂਕ ਦੂਰ ਦੂਰ ਤੱਕ ਖਿਲਰ ਗਈ। ਇਸ ਦੇ ਉਪਰੰਤ ਅਸੀਂ ਦੇਖਦੇ ਹਾਂ ਕਿ ਇਸ ਦੇ ਅੰਦਰ ਖਾਲਸਾ ਰਾਜ ਦੀ ਸੇਵਾ ਦੀ ਐਸੀ ਲਹਿਰ ਉਠਦੀ ਹੈ ਜਿਸ ਦੇ ਕਾਰਨ ਥੋੜ੍ਹੇਂ ਦਿਨਾਂ ਵਿਚ ਹੀ ਉਹ ਉੱਨਤੀ ਦੇ ਰਾਹ ਪਰ ਛਾਲਾਂ ਮਾਰਦਾ ਹੋਇਆ ਕਿੱਥੇ ਦਾ ਕਿੱਥੇ ਅਪੜ ਪੈਂਦਾ ਹੈ, ਅਰਥਾਤ ਮਹਾਰਾਜਾ ਸਾਹਿਬ ਨੇ ਮੋਹਕਮ ਚੰਦ ਨੂੰ ਛੇਤੀ ਹੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਾ ਕੰਮ ਸੌਂਪ ਦਿੱਤਾ, ਜਿਸ ਨੂੰ ਉਸ ਨੇ ਆਸ ਤੋਂ ਵੱਧ ਸਫਲਤਾ ਨਾਲ ਨਿਬਾਹਿਆ।
ਇਸਦੇ ਥੋੜੇ ਦਿਨਾਂ ਬਾਅਦ ਮੋਹਕਮ ਚੰਦ ਨੇ ਖਾਲਸਾ ਫੌਜ ਨਾਲ ਮੁਕਤਸਰ, ਕੋਟਕਪੂਰਾ ਅਤੇ ਧਰਮਕੋਟ ਪਰ ਕਬਜ਼ਾ ਕਰ ਲਿਆ। ਇਸ ਫਤਹ ਕੀਤੇ ਹੋਏ ਇਲਾਕੇ ਦਾ ਪ੍ਰਬੰਧ ਠੀਕ ਕਰਕੇ ਹੁਣ ਉਹ ਫਰੀਦਕੋਟ ਵੱਲ ਵਧਿਆ ਪਰ ਇੱਥੋਂ ਦੇ ਦਾਨੇ ਰਈਸ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਹੋਏ, ਬਿਨਾਂ ਲੜਾਈ ਦੇ ਸਮਝੌਤੇ ਨਾਲ (੨੦੦੦੦) ਵੀਹ ਹਜ਼ਾਰ ਰੁਪਿਆ ਖਾਲਸਾ ਰਾਜ ਦੇ ਖਜ਼ਾਨੇ ਲਈ ਮੋਹਕਮ ਚੰਦ ਨੂੰ ਦੇ ਕੇ ਵਿਦਾ ਕੀਤਾ। ਇਸ ਤਰ੍ਹਾਂ ਪੂਰਨ ਸਫ਼ਲਤਾ ਨਾਲ ਮੋਹਕਮ ਚੰਦ ਮਾਲਵੇ ਦਾ ਦੌਰਾ ਪੂਰਾ ਕਰਕੇ ਲਾਹੌਰ ਵਲ ਪਰਤ ਆਇਆ।
ਪਟਿਆਲੇ ਜਾਣਾ
ਮੋਹਕਮ ਚੰਦ ਨੂੰ ਸਤਲੁਜ ਪਾਰ ਦੀ ਮੁਹਿੰਮ ਤੋਂ ਲਾਹੌਰ ਪਹੁੰਚਿਆ ਅਜੇ ਬਹੁਤ ਸਮਾਂ ਨਾ ਸੀ ਬੀਤਿਆ ਕਿ ਸ਼ੇਰਿ ਪੰਜਾਬ ਨੇ ਪਟਿਆਲੇ ਜਾਣ ਦੀ ਤਿਆਰੀ ਕਰ ਲਈ ਇਸ ਸਮੇਂ ਦੀਵਾਨ ਮੋਹਕਮ ਚੰਦ ਨੂੰ ਵੀ, ਸਣੇ ਫੌਜ ਦੇ ਆਪਣੇ ਨਾਲ ਲੈ ਜਾਣ ਦਾ ਹੁਕਮ ਦਿੱਤਾ।
ਸਤਲੁਜ ਤੋਂ ਪਾਰ ਹੁੰਦੇ ਹੀ ਦੀਵਾਨ ਨੇ ਲੁਧਿਆਣਾ, ਜੰਡਿਆਲਾ, ਬਧੋਵਾਲ, ਜਗਰਾਵਾਂ, ਕੋਟ ਤਲਵੰਡੀ ਤੇ ਸਾਨੇਵਾਲ ਨੂੰ ਖਾਲਸਾ ਰਾਜ ਦੇ ਰਾਜਸੀ ਅਸਰ ਹੇਠ ਲੈ ਆਂਦਾ। ਇਨਾਂ ਵਿਚੋਂ ਕੁਝ ਇਲਾਕਾ ਰਾਜਾ ਜੀਂਦ ਨੂੰ, ਕੁਝ ਰਾਜਾ ਜਸਵੰਤ ਸਿੰਘ ਨਾਭਾ ਨੂੰ ਅਤੇ ਬਾਕੀ ਦਾ ਆਪਣੇ ਪਿਆਰੇ ਮਿੱਤ ਸਰਦਾਰ ਫਤਹ ਸਿੰਘ ਆਹਲੂਵਾਲੀਏ ਨੂੰ ਦੇ ਦਿੱਤਾ।
ਇਸ ਮੁਹਿੰਮ ਸਮੇਂ ਮਹਾਰਾਜਾ ਸਾਹਿਬ ਦੀਵਾਨ ਮੋਹਕਮ ਚੰਦ ਦੀ ਸੇਵਾ ਤੋਂ ਇੱਨੇ ਖੁਸ਼ ਹੋਏ ਕਿ ਮੌਜ਼ਾ ਗਿਲਾਕੋਟ, ਜਗਰਾਵਾਂ ਤੇ ਤਲਵੰਡੀ ਆਦਿ ੭੧ ਪਿੰਡ, ਜਿਨ੍ਹਾਂ ਦੀ ਆਮਦਨੀ ੩੩੮੪੫ ਰੁਪਿਆ ਸਾਲਾਨਾ ਬਣਦੀ ਸੀ, ਇਸਨੂੰ ਜਾਗੀਰਾਂ ਵਜੋਂ ਬਖਸ਼ ਦਿੱਤੇ। ਇਹ ਗੱਲ ਅਕਤੂਬਰ ਸੰਨ ੧੮੦੬ ਦੀ ਹੈ।
ਦੁਆਬੇ ਦਾ ਇਲਾਕਾ ਖਾਲਸਾ ਰਾਜ ਨਾਲ ਮਿਲਾਉਣਾ
ਸੰਨ ੧੮੦੭ ਵਿਚ ਮੋਹਕਮ ਚੰਦ ਨੇ ਦੁਆਬਾ ਜਲੰਧਰ ਦਾ ਲੰਮਾ ਚੌੜਾ ਪ੍ਰਸਿਧ ਉਪਜਾਊ ਇਲਾਕਾ ਖਾਲਸਾ ਰਾਜ ਨਾਲ ਸੰਮਿਲਤ ਕਰ ਦਿੱਤਾ। ਆਪ ਦੀ ਇਸ ਕਾਰਗੁਜ਼ਾਰੀ ਤੋਂ ਸ਼ੇਰਿ ਪੰਜਾਬ ਨੇ ਪ੍ਰਸੰਨ ਹੋਕੇ ਆਪ ਨੂੰ ਡੇਢ ਲੱਖ ਰੁਪਿਆ ਸਾਲਾਨਾ ਆਮਦਨੀ ਦੀ ਜਾਗੀਰ ਬਖਸ਼ੀ ਅਤੇ ਨਾਲ ਹੀ ਜਲੰਧਰ ਦੇ ਇਲਾਕੇ ਦੀ ਨਿਜ਼ਾਮਤ ਵੀ ਦੇ ਦਿੱਤੀ ।
ਫਿਰ ਮਾਰਚ ਸੰਨ ੧੮੦੮ ਵਿਚ ਮੋਹਕਮ ਚੰਦ ਨੇ ਪਤੋਕੀ, ਵਧਨੀ ਅਤੇ ਹਿੰਮਤ ਪੁਰ, ਸਣੇ ਪੰਦ੍ਰਾਂ ਹੋਰ ਪਿੰਡਾਂ ਦੇ, ਫਤਹ ਕਰਕੇ ਖਾਲਸਾ ਰਾਜ ਲਈ ਆਪਣੇ ਕਬਜ਼ੇ ਵਿਚ ਲੈ ਆਂਦੇ। ਇਹ ਸਾਰਾ ਹਲਕਾ ਮਹਾਰਾਜਾ ਸਾਹਿਬ ਨੇ ਸਰਦਾਰਨੀ ਸਦਾ ਕੌਰ ਨੂੰ ਦੇ ਦਿੱਤਾ।
ਫ਼ਿਲੌਰ ਦਾ ਕਿਲ੍ਹਾ ਵਸਾਉਣਾ
ਮਿਸਟਰ ਮਿਟਕਾਫ ਦੇ ਅਹਿਦਨਾਮੇ ਦੇ ਬਾਅਦ ਹੁਣ ਇਹ ਗੱਲ ਬੜੀ ਜ਼ਰੂਰੀ ਹੋ ਗਈ ਕਿ ਦਰਿਆ ਸਤਲੁਜ ਦੇ ਇਸ ਕੰਢੇ ਨੂੰ ਬਹੁਤ ਪੱਕਾ ਕੀਤਾ ਜਾਵੇ। ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਮਹਾਰਾਜਾ ਸਾਹਿਬ ਨੇ ਮੋਹਕਮ ਚੰਦ ਨੂੰ ਯੋਗ ਸਮਝਕੇ ਇਸ ਕਾਰਜ ਲਈ ਮੁਕੱਰਰ ਕੀਤਾ। ਆਪ ਨੇ ਮੌਕੇ ਪਰ ਜਾਕੇ ਦੂਰ ਤਕ ਸਾਰੇ ਇਲਾਕੇ ਦੀ ਦੇਖਭਾਲ ਕੀਤੀ ਛੇਕੜ ਫਿਲੌਰ ਦੀ ਪੁਰਾਣੀ ਸ਼ਾਹੀ ਸਰਾਂ ਦੀ ਥਾਂ ਫੌਜੀ ਦ੍ਰਿਸ਼ਟੀਕੋਨ ਦੇ ਲਿਹਾਜ਼ ਨਾਲ ਯੋਗ ਪ੍ਰਤੀਤ ਹੋਈ। ਇਸ ਵਿਚ ਕਈ ਲਾਭ ਸਨ : ਇੱਕ ਤਾਂ ਇਹ ਕਿ ਈਸਟ ਇੰਡੀਆ ਕੰਪਨੀ ਅੰਗਰੇਜ਼ੀ ਛਾਵਣੀ ਲੁਧਿਆਣੇ ਵਿਚ ਬਨਾਣ ਲਈ ਤਜਵੀਜ਼ ਕਰ ਰਹੀ ਸੀ ਅਤੇ ਇਹ ਥਾਂ ਉਸਦੇ ਠੀਕ ਸਾਹਮਣੇ ਸੀ। ਦੂਜਾ ਇਸ ਨਾਲ ਦਰਿਆ ਦਾ ਪੱਤਣ ਕਿਲ੍ਹੇ ਦੀ ਮਾਰ ਹੇਠ ਆਕੇ ਪੂਰੀ ਤਰ੍ਹਾਂ ਆਪਣੇ ਕਾਬੂ ਵਿਚ ਆ ਜਾਂਦਾ ਸੀ। ਇਸ ਥਾਂ ਦੀ ਚੋਣ ਦੇ ਕਾਰਨ ਸ਼ੇਰਿ ਪੰਜਾਬ ਦੇ ਮਨ ਵਿਚ ਮੋਹਕਮ ਚੰਦ ਦੀ ਯੋਗਤਾ ਨੇ ਹੋਰ ਡੂੰਘੀ ਥਾਂ ਪ੍ਰਾਪਤ ਕਰ ਲਈ। ਹੁਣ ਸਰਾਂ ਨੂੰ ਗਿਰਾਕੇ ਉਸ ਪਰ ਬਹੁਤ ਵੱਡਾ ਤੇ ਪੱਕਾ ਕਿਲਾ ਵਸਾਉਣਾ ਅਰੰਭ ਦਿੱਤਾ।
ਭਿੰਬਰ ਦੀ ਫ਼ਤਹ
ਫਿਲੌਰ ਦਾ ਕਿਲਾ ਜਦ ਤਿਆਰ ਹੋ ਗਿਆ ਤਾਂ ਮਹਾਰਾਜ ਨੇ ਮੋਹਕਮ ਚੰਦ ਨੂੰ ਭਿੰਬਰ ਦੇ ਇਲਾਕੇ ਦੀ ਸੁਧਾਈ ਲਈ ਨੀਯਤ ਕੀਤਾ। ਆਪ ਬਹੁਤ ਸਾਰੀ ਖਾਲਸਾ ਫੌਜ ਆਪਣੇ ਨਾਲ ਲੈਕੇ ਭਿੰਬਰ ਦੇ ਇਲਾਕੇ ਵਿਚ ਪਹੁੰਚ ਗਏ। ਹਾਕਮ ਭਿੰਬਰ ਸੁਲਤਾਨ ਮੁਹੰਮਦ ਖਾਨ ਬੜਾ ਹੰਕਾਰੀ ਆਦਮੀ ਸੀ, ਇਸ ਨੇ ਪਹਿਲਾਂ ਤਾਂ ਈਨ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਖਾਲਸਾ ਫੌਜ ਦੇ ਟਾਕਰੇ ਲਈ ਤਿਆਰ ਹੋ ਗਿਆ। ਇਕ ਖੁਲ੍ਹੇ ਮੈਦਾਨ ਵਿਚ ਜ਼ੋਰ ਅਜ਼ਮਾਈ ਕੀਤੀ ਗਈ, ਪਰ ਬੜੀ ਕਰੜੀ ਲੜਾਈ ਦੇ ਬਾਅਦ ਮੋਹਕਮ ਚੰਦ ਨੇ ਆਪਣੀ ਫੌਜ ਨੂੰ ਐਸੀ ਯੋਗਤਾ ਨਾਲ ਪਸਾਰ ਦਿੱਤਾ ਜਿਸ ਨਾਲ ਸੁਲਤਾਨ ਮੁਹੰਮਦ ਖਾਨ, ਸਣੇ ਸਾਰੀ ਫੌਜ ਦੇ, ਘੇਰੇ ਵਿਚ ਆ ਗਿਆ। ਮੋਹਕਮ ਚੰਦ ਨੇ ਖਾਲਸਾ ਫੌਜ ਨੂੰ ਹੁਕਮ ਦਿੱਤਾ ਕਿ ਖਾਲਸਾ ਜੀ ਤਿਆਰ ਬਰ ਤਿਆਰ ਰਹਿਣਾ ਕਿਤੇ ਸੁਲਤਾਨ ਮੁਹੰਮਦ ਖਾਨ ਬਚ ਕੇ ਨਾ ਨਿਕਲ ਜਾਏ। ਸੋ ਘੇਰੇ ਨੂੰ ਇੰਨਾ ਤੰਗ ਕਰ ਲਿਆ ਗਿਆ ਕਿ ਹੁਣ ਜਦ ਸੁਲਤਾਨ ਮੁਹੰਮਦ ਖਾਨ ਨੇ ਆਪਣੇ ਆਪ ਨੂੰ ਭਾਰੀ ਖਤਰੇ ਵਿਚ ਡਿੱਠਾ ਤਾਂ ਸਣੇ ਫੌਜ ਦੇ ਹਥਿਆਰ ਸੁੱਟ ਦਿੱਤੇ ਤੇ ਖਾਲਸੇ ਦਾ ਕੈਦੀ ਬਣ ਗਿਆ। ਮੋਹਕਮ ਚੰਦ ਜੀ ਨੇ ਇਸਨੂੰ ਬਲਵਾਨ ਗਾਰਦ ਦੀ ਸੌਂਪਣੀ ਵਿਚ ਮਹਾਰਾਜਾ ਸਾਹਿਬ ਪਾਸ ਲਾਹੌਰ ਭਿਜਵਾ ਦਿੱਤਾ। ਸ਼ੇਰਿ ਪੰਜਾਬ ਸੁਲਤਾਨ ਮੁਹੰਮਦ ਖਾਨ ਪਰ ਬੜੇ ਨਰਾਜ਼ ਸਨ, ਕਿਉਂਕਿ ਇਸ ਨੇ ਉੱਥੋਂ ਦੇ ਲੋਕਾਂ ਪਰ ਬੜੇ ਕਰੜੇ ਜ਼ੁਲਮ ਕੀਤੇ ਸਨ। ਉਸ ਦਾ ਸਾਰਾ ਇਲਾਕਾ ਖਾਲਸਾ ਰਾਜ ਨਾਲ ਮਿਲਾ ਲਿਆ ਗਿਆ ਅਤੇ ਚਾਲੀ ਹਜ਼ਾਰ ਰੁਪਿਆ ਤਾਵਾਨ-ਜੰਗ ਇਸ ਤੋਂ ਲਿਆ ਗਿਆ। ਕੁਝ ਦਿਨ ਕੈਦ ਵਿਚ ਰਹਿਣ ਦੇ ਉਪਰੰਤ ਉਸ ਨੇ ਸੱਚੇ ਦਿਲੋਂ ਪਸਚਾਤਾਪ ਕਰਕੇ ਸਾਹਿਬ ਅੱਗੇ ਜਾਨ ਬਖਸ਼ੀ ਲਈ ਬੇਨਤੀ ਕੀਤੀ, ਜਿਸ ਨੂੰ ਸ਼ੇਰਿ ਪੰਜਾਬ ਨੇ ਆਪਣੇ ਬਖਸ਼ੀਸ਼ੀ ਸੁਭਾਉ ਅਨੁਸਾਰ ਪ੍ਰਵਾਨ ਕਰ ਲਿਆ ਅਤੇ ਕੁਝ ਸ਼ਰਤਾਂ ਦੇ ਅਧੀਨ ਸੁਲਤਾਨ ਮੁਹੰਮਦ ਖਾਨ ਨੂੰ ਛੱਡ ਦਿਤਾ।
‘ਦੀਵਾਨ’ ਦਾ ਪਦ ਮਿਲਣਾ
ਮੋਹਕਮ ਚੰਦ ਜੀ ਜਦ ਭਿੰਬਰ ਦਾ ਇਲਾਕਾ ਖਾਲਸਾ ਰਾਜ ਨਾਲ ਮਿਲਾਕੇ ਜਲੰਧਰ ਪਹੁੰਚੇ ਤਾਂ ਇੱਥੇ ਪਤਾ ਲਗਾ ਕਿ ਕੁਝ ਝਗੜਾਲੂ ਆਦਮੀ ਇਲਾਕੇ ਵਿਚ ਅਸ਼ਾਂਤੀ ਫੈਲਾ ਰਹੇ ਹਨ। ਆਪ ਨੇ ਤੁਰਤ ਫੁਰਤ ਉਨ੍ਹਾਂ ਨੂੰ ਕਾਬੂ ਕਰਕੇ ਐਸੀ ਸਿੱਖਿਆ ਦਿੱਤੀ ਕਿ ਉਹ ਛੇਤੀ ਹੀ ਸਿੱਧੇ ਰਾਹ ਪਰ ਆ ਗਏ। ਹੁਣ ਸ਼ੇਰਿ ਪੰਜਾਬ ਖਾਲਸਾ ਰਾਜ ਦੇ ਵਾਧੇ ਲਈ ਆਪ ਦੀਆਂ ਸੇਵਾਵਾਂ ਤੋਂ ਇੰਨੇ ਪ੍ਰਸੰਨ ਹੋਏ ਕਿ ਆਪ ਦੀ ਇੱਜ਼ਤ ਲਈ ਫਿਲੌਰ ਨਵੇਂ ਬਣੇ ਕਿਲ੍ਹੇ ਦੀ ਡੱਠਣੀ ਸਮੇਂ ਇਕ ਭਾਰੀ ਦਰਬਾਰ ਕੀਤਾ। ਅਖੰਡ ਪਾਠ ਦੀ ਸਮਾਪਤੀ ਦੇ ਉਪਰੰਤ ਮਹਾਰਾਜਾ ਸਾਹਿਬ ਨੇ ਮੋਹਕਮ ਚੰਦ ਦੀਆਂ ਘਾਲਾਂ ਦੀ ਵੱਡੀ ਸ਼ਲਾਘਾ ਕੀਤੀ ਤੇ ਸੁਣੇ ਦਰਬਾਰੀਆਂ ਦੇ ਸਾਹਮਣੇ ਆਪ ਨੂੰ ‘ਦੀਵਾਨ’ ਦਾ ਪਦ ਬਖਸ਼ਿਆ। ਇਸ ਤੋਂ ਛੁੱਟ ਇੱਕ ਵੱਡੇ ਕੱਦ ਦਾ ਹਾਥੀ, ਜਿਸਦਾ ਹੌਂਦਾ ਚਾਂਦੀ ਦਾ ਤੇ ਝੁਲਾਂ ਪਰ ਤਿਲੇ ਦਾ ਭਰਵਾਂ ਕੰਮ ਹੋਇਆ ਸੀ, ਸਣੇ ਇੱਕ ਬਹੁਮੁੱਲੀ ਸਿਰੀ ਸਾਹਿਬ ਦੇ, ਜਿਸ ਦੀ ਮੁਠ ਪਰ ਕੀਮਤੀ ਨਗ ਜੜੇ ਹੋਏ ਸਨ ਅਤੇ ਭਾਰੇ ਮੁੱਲ ਦਾ ਖ਼ਿਲਤ ਬਖਸ਼ ਕੇ ਆਪ ਨੂੰ ਨਿਹਾਲ ਕਰ ਦਿੱਤਾ। ਇਸ ਪਰ ਸਰਬੱਤ ਖਾਲਸੇ ਵੱਲੋਂ ਭਾਰੀ ਖੁਸ਼ੀ ਪ੍ਰਗਟ ਕੀਤੀ ਗਈ। ਇਹ ਗੱਲ ਨਵੰਬਰ ੧੮੧੧ ਈ: ਦੀ ਹੈ।
ਸੰਨ ੧੮੧੨ ਈ: ਵਿਚ ਦੀਵਾਨ ਮੋਹਕਮ ਚੰਦ ਜੀ ਨੇ ਪਹਾੜੀ ਇਲਾਕੇ ਦਾ ਦੌਰਾ ਕਰਕੇ ਰਿਆਸਤ ਕੁਲੂ ਤੇ ਹੋਰ ਲਗਵਾਂ ਇਲਾਕਾ ਖਾਲਸਾ ਰਾਜ ਦੇ ਅਧੀਨ ਕਰ ਦਿੱਤਾ।
ਕੋਹਨੂਰ ਤੇ ਮੋਹਕਮ ਚੰਦ
ਦੀਵਾਨ ਮੋਹਕਮ ਚੰਦ ਦਾ ਇਸ ਸਾਲ ਸਭ ਤੋਂ ਪ੍ਰਸਿੱਧ ਕਾਰਨਾਮਾ ਕਸ਼ਮੀਰ ਪਰ ਚੜ੍ਹਾਈ ਕਰਕੇ ਸ਼ਾਹ ਸੁਜ਼ਾਉਲ ਮੁਲਕ, ਬਾਦਸ਼ਾਹ ਕਾਬਲ ਨੂੰ, ਅਤਾਮੁੰਹਮਦ ਖ਼ਾਨ ਗਵਰਨਰ ਕਸ਼ਮੀਰ ਦੀ ਕੈਦ ਤੋਂ ਛੁਡਾ ਕੇ ਲਾਹੌਰ ਪਹੁੰਚਾਣਾ ਸੀ। ਇਸਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ ਕਿ ਸਤੰਬਰ ਸੰਨ ੧੮੨੧ ਈ: ਵਿਚ ਸ਼ਾਹ ਸ਼ਜ਼ਾਉਲ ਮੁਲਕ ਅਤੇ ਸ਼ਾਹ ਜ਼ਮਾਨ’ ਦੋਵੇਂ ਭਾਈ ਕਾਬਲ ਤੋਂ ਭੱਜ ਖਾਕੇ ਸ਼ੇਰਿ ਪੰਜਾਬ ਕੋਲ ਪਨਾਹ ਲੈਣ ਲਈ ਪੰਜਾਬ ਵਲ ਆ ਰਹੇ ਸਨ ਕਿ ਰਾਹ ਵਿਚ ਜਹਾਨ ਦਾਦ ਖ਼ਾਨ ਕਿਲਾਦਾਰ ਅਟਕ ਨੇ ਸ਼ਹਾਸੂਜਾ ਨੂੰ ਫੜ ਲਿਆ ਅਤੇ ਇਸ ਨੂੰ ਆਪਣੇ ਭਾਈ ਅਤਾਮੁਹੰਮਦ ਖਾਨ ਗਵਰਨਰ ਕਸ਼ਮੀਰ ਕੋਲ ਸ੍ਰੀਨਗਰ ਕਰੜੀ ਗਾਰਦ ਦੀ ਸੌਂਪਣੀ ਵਿਚ ਭੇਜ ਦਿੱਤਾ ਅਤੇ ਉਸ ਨੇ ਇਸ ਨੂੰ ਕਿਲਾ ‘ਸ਼ੇਰ ਗੜੀ’ ਵਿਚ ਕੈਦ ਕਰ ਦਿੱਤਾ। ਇਧਰ ਸ਼ਾਹ ਜ਼ਮਾਨ, ਸਣੇ ਆਪਣੇ ਪਰਵਾਰ ਅਤੇ ਆਪਣੇ ਭਾਈ ਸ਼ਾਹਜਾ ਦੀਆਂ ਬੇਗਮਾਂ ਦੇ, ਸ਼ੇਰਿ ਪੰਜਾਬ ਪਾਸ ਲਾਹੌਰ ਪਹੁੰਚ ਗਿਆ। ਮਹਾਰਾਜਾ ਰਣਜੀਤ ਸਿੰਘ ਆਪਣੇ ਨੇਕ ਸੁਭਾਉ ਅਨੁਸਾਰ ਇਨ੍ਹਾਂ ਅਪਦਾ ਦੇ ਮਾਰੇ ਹੋਏ ਪਰਾਹੁਣਿਆਂ ਨਾਲ ਬੜੀ ਦਰਿਆਦਿਲੀ ਨਾਲ ਪੇਸ਼ ਆਇਆ ਤੇ ਲਾਹੌਰ ਦੀ ਮਸ਼ਹੂਰ ‘ਮੁਬਾਰਕ ਹਵੇਲੀ’ ਵਿਚ ਉਤਾਰਾ ਦਿੱਤਾ। ਖਾਨ ਪਾਨ ਦੇ ਸਾਰੇ ਜ਼ਰੂਰੀ ਸਾਮਾਨ ਲੋੜ ਤੋਂ ਭੀ ਵਧੀਕ ਭੇਜ ਦਿੱਤੇ। ਫਕੀਰ ਅਜੀਜ਼ ਦੀਨ ਨੂੰ ਇਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਨਿਗਰਾਨ ਨੀਯਤ ਕੀਤਾ। ਭਾਵੇਂ ਇਨ੍ਹਾਂ ਦੇ ਅਰਾਮ ਦੇ ਸਾਰੇ ਸਾਮਾਨ ਮਹਾਰਾਜਾ ਸਾਹਬ ਵੱਲੋਂ ਇਨ੍ਹਾਂ ਨੂੰ ਪਹੁੰਚ ਰਹੇ ਸਨ, ਪਰ ਸ਼ਾਹਸ਼ੁਜਾ ਦੀ ਕੈਦ ਨੇ ਇਨ੍ਹਾਂ ਸਾਰਿਆਂ ਨੂੰ ਬੜਾ ਹੀ ਔਖਾ ਕਰ ਰੱਖਿਆ ਸੀ। ਕੁਝ ਦਿਨਾਂ ਦੇ ਬਾਅਦ ਸ਼ਾਹਸ਼ੂਜਾ ਦੀ ਮਨ ਭਾਂਵਦੀ ਪਤਨੀ ‘ਵਫ਼ਾ ਬੇਗਮ’ ਨੇ ਫਕੀਰ ਜੀ ਦੀ ਰਾਹੀਂ ਦੀਵਾਨ ਮੋਹਕਮ ਚੰਦ ਜੀ ਨਾਲ, ਜੋ ਇਨੀਂ ਦਿਨੀਂ ਲਾਹੌਰ ਆਏ ਹੋਏ ਸਨ, ਇਹ ਫੈਸਲਾ ਤੇ ਵਾਇਦਾ ਕੀਤਾ ਕਿ ਜੇ ਕਦੇ ਸ਼ੇਰਿ ਪੰਜਾਬ ਆਪਣੀਆਂ ਫੌਜਾਂ ਕਸ਼ਮੀਰ ਭੇਜ ਕੇ ਸ਼ਾਹਜਾ ਨੂੰ ਅਤਾ ਮੁਹੰਮਦ ਖਾਨ ਦੀ ਕੈਦ ਵਿੱਚੋਂ ਛੁਡਾ ਲੈ ਆਉਣ ਤਾਂ ਮੈਂ ਇਸ ਦਾ ਬਦਲੇ ਉਹ ਇਤਿਹਾਸਕ ਹੀਰਾ ਕੋਹਨੂਰ ਮਹਾਰਾਜਾ ਸਾਹਿਬ ਦੀ ਭੇਟਾ ਕਰ ਦਿਆਂਗੀ।
ਦੀਵਾਨ ਮੋਹਕਮ ਚੰਦ ਨੇ ਜਦ ਇਹ ਗੱਲ ਸ਼ੇਰਿ ਪੰਜਾਬ ਨਾਲ ਕੀਤੀ ਤੇ ਬੇਗਮਾਂ ਦੀ ਵਿਆਕੁਲਤਾ ਦਾ ਹਾਲ ਦੱਸਿਆ ਤਾਂ ਸਰਕਾਰ ਦੇ ਮਨ ਵਿਚ ਤਰਸ ਆਇਆ ਅਤੇ ਮਹਾਰਾਜਾ ਸਾਹਿਬ ਨੇ ਇੱਨੀ ਕਠਨ ਤੇ ਖਰਚੀਲੀ ਮੁਹਿੰਮ ਦਾ ਭਾਰੀ ਬੋਝ ਆਪਣੇ ਜ਼ਿੰਮੇ ਲੈਣਾ ਪਰਵਾਨ ਕਰ ਲਿਆ।
ਕਸ਼ਮੀਰ ਪਰ ਚੜ੍ਹਾਈ
ਹੁਣ ਥੋੜ੍ਹੇ ਦਿਨਾਂ ਵਿਚ ਹੀ ਕਸ਼ਮੀਰ ਪਰ ਚੜ੍ਹਾਈ ਦੀਆਂ ਸਾਰੀਆਂ ਜ਼ਰੂਰੀ ਤਿਆਰੀਆਂ ਸੰਪੂਰਨ ਹੋ ਗਈਆਂ। ਇਨ੍ਹਾਂ ਦਿਨਾਂ ਵਿਚ ਸੰਜੋਗ ਐਸਾ ਹੋਇਆ ਕਿ ਫਤਹ ਖਾਨ ਵਾਲੀਏ ਕਾਬਲ ਦਾਸਫੀਰ, ਦੀਵਾਨ ਗਦੜ ਮੱਲ, ਮਹਾਰਾਜਾ ਸਾਹਿਬ ਲਈ ਬਹੁ ਮੁੱਲੀਆਂ ਸੁਗਾਤਾਂ ਲੈ ਕੇ ਲਾਹੌਰ ਹਾਜ਼ਰ ਹੋਇਆ ਅਤੇ ਬੇਨਤੀ ਕੀਤੀ ਕਿ ਕਸ਼ਮੀਰ ਦਾ ਗਵਰਨਰ ਅਤੇ ਮੁੰਹਮਦ ਖਾਨ ਦਰਬਾਰ ਕਾਬਲ ਤੋਂ ਆਕੀ ਹੋ ਗਿਆ ਹੈ, ਇਸ ਨੂੰ ਸਜ਼ਾ ਦੇਣ ਲਈ ਫਤਹ ਖਾਨ ਕੁਝ ਅਫਗਾਨੀ ਫੌਜ ਕਾਬਲ ਤੋਂ ਨਾਲ ਲਿਆਇਆ ਹੈ ਤੇ ਉਸ ਦੀ ਮੰਗ ਹੈ ਕਿ ਕੁਝ ਸਰਕਾਰ ਦੀ ਖਾਲਸਾ ਫੌਜ ਉਸ ਦੀ ਸਹਾਇਤਾ ਲਈ ਇਸ ਮੁਹਿੰਮ ਵਿਚ ਉਸ ਦੇ ਨਾਲ ਭੇਜੀ ਜਾਏ ਤਾਂ ਇਸ ਦਾ ਖਰਚ ਉਹ ਆਪ ਦੀ ਨਜ਼ਰ ਕਰ ਦੇਵੇਗਾ।
ਮਹਾਰਾਜਾ ਸਾਹਿਬ ਨੇ ਜਦ ਇਸ ਬਾਰੇ ਆਪਣੇ ਦਰਬਾਰੀਆਂ ਨਾਲ ਵਿਚਾਰ ਕੀਤੀ ਤਾਂ ਸਭ ਨੇ ਇਸ ਰਾਏ ਨਾਲ ਸੰਮਤੀ ਪ੍ਰਗਟ ਕੀਤੀ ਕਿ ਫਤਹ ਖਾਨ ਨਾਲ ਮਿਲ ਕੇ ਚੜ੍ਹਾਈ ਕੀਤੀ ਜਾਏ। ਇਸ ਫੈਸਲੇ ਅਨੁਸਾਰ ੧੨ ਹਜ਼ਾਰ ਖਾਲਸਾ ਫੌਜ ਨੇ ਦੀਵਾਨ ਮੋਹਕਮ ਚੰਦ, ਸਰਦਾਰ ਨਿਹਾਲ ਸਿੰਘ ਅਟਾਰੀ ਤੇ ਸਰਦਾਰ ਜੋਧ ਸਿੰਘ ਕਲਸੀਆ ਦੀ ਸਰਦਾਰੀ ਵਿਚ ਕਸ਼ਮੀਰ ਵੱਲ ਕੂਚ ਕਰ ਦਿੱਤਾ।
ਇਸ ਤਰ੍ਹਾਂ ਦੋਵਾਂ ਫੌਜਾਂ ਨੇ ੫ ਨਵੰਬਰ ੧੮੧੨ ਨੂੰ ਜਿਹਲਮ ਤੋਂ ਕੂਚ ਕਰ ਕੇ ਪੀਰ ਪੰਜਾਲ ਦੇ ਰਾਹ ਕਸ਼ਮੀਰ ਪਰ ਚੜ੍ਹਾਈ ਕਰ ਦਿੱਤੀ। ਅਤਾ ਮੁਹੰਮਦ ਖਾਨ ਹਾਕਮ ਕਸ਼ਮੀਰ ਨੂੰ ਜਦ ਇਨ੍ਹਾਂ ਫੌਜਾਂ ਦਾ ਕਸ਼ਮੀਰ ਵੱਲ ਕੂਚ ਕਰਨ ਦਾ ਪਤਾ ਲੱਗਾ ਤਦ ਉਸ ਨੇ ਅੱਗੋਂ, ਜਿੰਨਾ ਛੇਤੀ ਹੋ ਸਕਦਾ ਸੀ, ਆਪਣੀਆਂ ਫੌਜਾਂ ਤਿਆਰ ਕਰ ਕੇ ਇਨ੍ਹਾਂ ਦੇ ਟਾਕਰੇ ਲਈ ਕਸ਼ਮੀਰ ਦੇ ਰਾਹ ਰੋਕ ਲਏ, ਪਰ ਦੀਵਾਨ ਮੋਹਕਮ ਚੰਦ ਦਾ ਉੱਚਾ ਪ੍ਰਬੰਧ ਅਤੇ ਖਾਲਸਾ ਫੌਜ ਦੇ ਅਟੱਲ ਜੋਸ਼ ਨੇ ਆਪਣੇ ਲਈ ਸਾਰੇ ਰਾਹ ਸਾਫ਼ ਕਰ ਲਏ, ਕਈ ਥਾਈਂ ਰਸਤੇ ਵਿਚ ਡਟ ਕੇ ਕਸ਼ਮੀਰੀ ਫੌਜਾਂ ਨਾਲ ਟਾਕਰਾ ਵੀ ਕਰਨਾ ਪਿਆ, ਪਰ ਹਰ ਥਾਂ ਸੰਮਿਲਤ ਫੌਜ ਨੂੰ ਸਫ਼ਲਤਾ ਹੀ ਪ੍ਰਾਪਤ ਹੁੰਦੀ ਰਹੀ ਹੁਣ ਵਾਰੀ ਆਈ ਹਰੀ ਪ੍ਰਬਤ ਦਿਆਂ ਮੋਰਚਿਆਂ ਤੇ ਕਿਲ੍ਹਾ ਸ਼ੇਰ ਗੜੀ ਨੂੰ ਫਤਹ ਕਰਨ ਦੀ, ਇਸ ਮੈਦਾਨ ਵਿਚ ਅਤਾ ਮੁਹੰਮਦ ਖਾਨ ਕਸ਼ਮੀਰ ਨੂੰ ਬਚਾਉਣ ਲਈ ਆਪਣੀ ਸਾਰੀ ਫੌਜੀ ਤਾਕਤ ਨੂੰ ਮੈਦਾਨ ਵਿਚ ਲਿਆ ਕੇ ਬੜੀ ਬਹਾਦਰੀ ਨਾਲ ਲੜਿਆ, ਪਰ ਉਸ ਨੂੰ ਹਾਰ ਹੋਈ। ਹੁਣ ਜਦ ਉਸ ਨੂੰ ਆਪਣੀ ਫਤਹ ਦੀ ਕੋਈ ਆਸ ਬਾਕੀ ਨਾ ਰਹੀ ਤਾਂ ਉਸ ਨੇ ਦੀਵਾਨ ਮੋਹਕਮ ਚੰਦ ਦੀ ਅਤਾਇਤ ਮੰਨ ਕੇ ਆਪਣੇ ਆਪ ਨੂੰ ਉਸ ਦੇ ਹਵਾਲੇ ਕਰ ਦਿੱਤਾ।
ਮੋਹਕਮ ਚੰਦ ਦਾ ਸ਼ਾਹਜਾ ਨੂੰ ਕੈਦ ਤੋਂ ਛੁਡਾਉਣਾ
ਇੱਥੋਂ ਮੋਹਕਮ ਚੰਦ, ਸਣੇ ਖਾਲਸਾ ਫੌਜ ਦੇ, ਬੜੀ ਤੇਜ਼ੀ ਨਾਲ ਅੱਗੇ ਵਧਿਆ ਅਤੇ ਜਾਂਦਿਆਂ ਹੀ ਕਿਲੇ ਪਰ ਕਬਜ਼ਾ ਕਰ ਲਿਆ। ਕਿਲ੍ਹੇ ਵਿਚ ਵੜਦਿਆਂ ਹੀ ਦਾਨੇ ਦੀਵਾਨ ਨੇ ਸ਼ਾਹ ਸ਼ੁਜਾ ਦੀ ਭਾਲ ਕਰਾਈ, ਤਾਂ ਇਕ ਕਾਬਲੀ ਨੌਕਰ ਨੇ ਦੀਵਾਨ ਨੂੰ ਦਸਿਆ ਕਿ ਅਭਾਗਾ ਬਾਦਸ਼ਾਹ ਜ਼ੰਜੀਰਾਂ ਵਿਚ ਜਕੜਿਆ ਹੋਇਆ ਨਾਲ ਵਾਲੇ ਬੰਦੀਖਾਨੇ ਵਿਚ ਤੜਫ ਰਿਹਾ ਹੈ। ਉਸੇ ਘੜੀ ਉਧਰ ਕੁਝ ਜਵਾਨ ਭੇਜੇ ਗਏ। ਛੇਕੜ ਦੀਵਾਨ ਜੀ ਦੇ ਇਕ ਅੜਦਲ ਦੇ ਜਮਾਂਦਾਰ ਨੇ ਸ਼ਾਹ ਨੂੰ ਇਕ ਕਾਲ ਕੋਠੜੀ ਵਿੱਚੋਂ ਜਾ ਲੱਭਾ। ਇਸ ਨੂੰ ਜਦ ਦੀਵਾਨ ਮੋਹਕਮ ਚੰਦ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਬੜੀ ਤਰਸ ਯੋਗ ਸੀ, ਉਸ ਦੇ ਪੈਰਾਂ ਵਿਚ ਬੇੜੀਆਂ ਤੇ ਗਲ ਵਿਚ ਤੌਕ ਪਿਆ ਹੋਇਆ ਸੀ, ਉਸ ਦੇ ਮੈਲੇ ਕੁਚੈਲੇ ਕੱਪੜੇ ਤੇ ਖੁੱਥਾ ਹੋਇਆ ਪੋਸਤੀਨ ਦੇਖਿਆਂ ਕੁਦਰਤ ਦਾ ਖੇਲ ਅੱਖਾਂ ਅੱਗੇ ਆ ਖਲੋਂਦਾ ਸੀ। ਦੀਵਾਨ ਜੀ ਨੇ ਉਸੇ ਵਕਤ ਇਸ ਦੀਆਂ ਬੇੜੀਆਂ ਤੇ ਤੌਕ ਕਟਵਾ ਦਿੱਤਾ ਤੇ ਇਸ ਦੇ ਕੱਪੜੇ ਬਦਲਵਾਏ। ਇਸ ਤਰ੍ਹਾਂ ਇਸ ਦੀ ਬੰਦ ਖਲਾਸ ਕਰਵਾ ਕੇ ਆਪਣੀ ਰੱਖਿਆ ਵਿਚ ਲੈ ਲਿਆ। ਇੱਥੇ ਇਸ ਨੂੰ ਦੀਵਾਨ ਜੀ ਨੇ ਇਹ ਵੀ ਦੱਸਿਆ ਕਿ ਤੇਰਾ ਪਰਵਾਰ ਤੇ ਭਾਈ ਆਦਿ ਸਭ ਲਾਹੌਰ ਵਿਚ ਮਹਾਰਾਜਾ ਸਾਹਿਬ ਪਾਸ ਪਹੁੰਚ ਗਏ ਹਨ ਇੱਥੇ ਮਾਲੂਮ ਹੋਇਆ ਕਿ ਅਜੇ ਵੀ ਇਸ ਦੇ ਸਿਰ ਤੋਂ ਬਿਪਤਾ ਨਾ ਸੀ ਟਲੀ। ਵਜ਼ੀਰ ਫ਼ਤਹ ਖਾਨ ਨੂੰ ਜਦ ਇਸ ਗਲ ਦਾ ਪਤਾ ਲੱਗਾ ਕਿ ਸ਼ਾਹ ਸ਼ੁਜਾ ਦੀਵਾਨ ਮੋਹਕਮ ਚੰਦ ਦੇ ਹੱਥ ਆ ਗਿਆ ਹੈ, ਜਿਸ ਦੇ ਕਤਲ ਕਰਨ ਯਾ ਜੀਉਂਦੇ ਫੜਨ ਲਈ ਵਜ਼ੀਰ ਨੇ ਇੱਨੀ ਮੁਸੀਬਤ ਝੱਲ ਕੇ ਕਸ਼ਮੀਰ ਪਰ ਚੜ੍ਹਾਈ ਕੀਤੀ ਸੀ, ਤਾਂ ਉਹ ਡਾਢਾ ਤਰਲੋਮਛੀ ਹੋਇਆ ਅਤੇ ਸ਼ਾਹਸ਼ੂਜਾ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਦੀਵਾਨ ਜੀ ਤੋਂ ਬੜੀ ਜ਼ੋਰਦਾਰ ਮੰਗ ਕੀਤੀ ਪਰ ਅੱਗੋਂ ਨਿਡਰ ਦੀਵਾਨ ਮੋਹਕਮ ਚੰਦ ਤੇ ਸਰਦਾਰ ਨਿਹਾਲ ਸਿੰਘ ਨੇ ਫਤਹ ਖਾਨ ਨੂੰ ਸ਼ਾਹ ਦੀ ਬਾਂਹ ਫੜਾਉਣ ਤੋਂ ਸਾਫ ਨਾਂਹ ਕਰ ਦਿੱਤੀ। ਇਸ ਗੱਲ ਪਰ ਵਜ਼ੀਰ ਫਤਹ ਖਾਨ ਅਤੇ ਦੀਵਾਨ ਮੋਹਕਮ ਚੰਦ ਵਿਚ ਕੁਝ ਬੇਰਸੀ ਹੋ ਗਈ। ਪਰ ਦੀਵਾਨ, ਫਤਹ ਖਾਨ ਦੀ ਕੱਖ ਜਿੰਨੀ ਪਰਵਾਹ ਨਾ ਕਰਦਾ ਹੋਇਆ ਸ਼ਾਹ ਸ਼ੁਜਾ ਤੇ ਅਤਾ ਮੁਹੰਮਦ ਖਾਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਣੇ ਫਤਹਯਾਬ ਖਾਲਸਾ ਫੌਜ ਦੇ ਵਿਜਯ ਦਾ ਨਿਸ਼ਾਨ ਝੁਲਾਉਂਦਾ ਹੋਇਆ ਲਾਹੌਰ ਵਲ ਪਰਤ ਆਇਆ। ਜਿਸ ਸਮੇਂ ਫਤਹ ਖਾਨ ਸ਼ਾਹ ਸ਼ੁਜਾਉਲ ਮਲਕ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਦੀਵਾਨ ਮੋਹਕਮ ਚੰਦ ਪਰ ਜ਼ੋਰ ਪਾ ਰਿਹਾ ਸੀ ਤਦੋਂ ਇਸ ਗੱਲ ਦਾ ਕਿਸੇ ਤਰ੍ਹਾਂ ਸ਼ਾਹ ਸ਼ੁਜਾ ਨੂੰ ਪਤਾ ਲੱਗ ਗਿਆ ਤਾਂ ਉਹ ਬੜਾ ਘਾਬਰਿਆ ਤੇ ਭੈਭੀਤ ਹੋਏ ਹੋਏ ਨੇ ਦੀਵਾਨ ਜੀ ਦੇ ਪੈਰ ਫੜ ਲਏ ਅਤੇ ਪੁਕਾਰ ਕੇ ਆਖਿਆ ‘ਦੀਵਾਨ ਜੀ! ਖੁਦਾ ਦੇ ਵਾਸਤੇ ਮੈਨੂੰ ਫ਼ਤਹ ਖ਼ਾਨ ਦੇ ਹਵਾਲੇ ਨਾ ਕਰਿਓ, ਉਹ ਮੈਨੂੰ ਉਸੇ ਵਕਤ ਕਤਲ ਕਰ ਦਵੇਗਾ। ਦੀਵਾਨ ਮੋਹਕਮ ਚੰਦ ਨੇ ਇਸ ਨੂੰ ਪੂਰਾ ਭਰੋਸਾ ਦਿਵਾਇਆ ਅਤੇ ਆਖਿਆ ਕਿ ਹੁਣ ਖਾਲਸੇ ਨੇ ਆਪ ਨੂੰ ਆਪਣੀ ਰੱਖਿਆ ਵਿਚ ਲੈ ਲਿਆ ਹੈ ਭਾਵੇਂ ਕੁਝ ਭੀ ਹੋ ਜਾਏ ਆਪਨੂੰ ਵੈਰੀਆਂ ਦੇ ਹੱਥ ਨਹੀਂ ਦਿੱਤਾ ਜਾਏਗਾ। ਦੀਵਾਨ ਜੀ ਦਾ ਸ਼ਾਹਸੁਜ਼ਾ ਨੂੰ ਭਰੋਸਾ ਦਿਵਾਉਣ ਨਾਲ ਮਸਾਂ ਕਿਤੇ ਉਸ ਦਾ ਘਾਬਰਿਆ ਮਨ ਟਿਕਾਣੇ ਆਇਆ।
ਕੋਹਨੂਰ ਦੇਣ ਵਿਚ ਟਾਲਮਟੋਲਾ
ਇਹ ਸਫ਼ਲ ਫੌਜ ਜਦ ਲਾਹੌਰ ਪਹੁੰਚੀ ਤਦ ਮਹਾਰਾਜ ਸਾਹਿਬ ਬੜੇ ਖੁਸ਼ ਹੋਏ। ਸ਼ਾਹ ਸ਼ੁਜਾ ਨੂੰ ਬਹੁਮੁੱਲੀ ਖਿੱਲਤ ਦੇ ਕੇ ਬੜੀ ਇੱਜ਼ਤ ਨਾਲ ਇਸ ਨੂੰ ਆਪਣੇ ਚਿਰੀਂ ਵਿਛੁੰਨੇ ਪਰਵਾਰ ਪਾਸ ਭਿਜਵਾ ਦਿੱਤਾ। ਇਸ ਸਮੇਂ ਸ਼ਾਹ ਸ਼ੁਜਾ ਅਤੇ ਇਸਦੇ ਪਰਵਾਰ ਦੀਆਂ ਖੁਸ਼ੀਆਂ ਦੀ ਕੋਈ ਹੱਦ ਨਹੀਂ ਸੀ।
ਇਸ ਦੇ ਕੁਝ ਦਿਨਾਂ ਬਾਅਦ ਦੀਵਾਨ ਮੋਹਕਮ ਚੰਦ ਤੇ ਫਕੀਰ ਅਜ਼ੀਜ਼ੁਦੀਨ ਨੇ ਜਦ ਵਫ਼ਾ ਬੇਗਮ ਨੂੰ ਕੋਹਨੂਰ ਬਾਰੇ ਆਪਣਾ ਵਾਇਦਾ ਚੇਤੇ ਕਰਵਾਇਆ ਤਾਂ ਉਹ ਇਸ ਦੇ ਪੂਰੇ ਕਰਨ ਦੀ ਥਾਂ ਟਾਲਮਟੋਲਾ ਕਰਨ ਲੱਗੀ। ਇਸ ਸਮੇਂ ਦੀਵਾਨ ਮੋਹਕਮ ਚੰਦ ਤੇ ਫਕੀਰ ਸਾਹਿਬ ਲਈ ਬੜੀ ਔਖੀ ਘੜੀ ਆ ਬਣੀ, ਕਿਉਂਕਿ ਮਹਾਰਾਜਾ ਸਾਹਿਬ ਨੇ ਦੀਵਾਨ ਜੀ ਤੇ ਫ਼ਕੀਰ ਜੀ ਦੇ ਕਹਿਣ ਪਰ ਹੀ ਸ਼ਾਹ ਸ਼ੁਜਾ ਨੂੰ ਹਾਕਮ ਕਸ਼ਮੀਰ ਦੀ ਕੈਦ ਤੋਂ ਛੁਡਾਉਣ ਲਈ ਇਸ ਮੁਹਿੰਮ ਦੀ ਪਰਵਾਨਗੀ ਦਿੱਤੀ ਸੀ, ਜਿਸ ਪਰ ਮਹਾਰਾਜਾ ਸਾਹਿਬ ਦੇ ਖਜ਼ਾਨੇ ਦਾ ਲਗ ਪਗ ਛੇ ਲੱਖ ਰੁਪਯਾ ਖਰਚ ਹੋ ਗਿਆ ਸੀ। ਮਹਾਰਾਜਾ ਸਾਹਿਬ ਦੀ ਨਰਾਜ਼ਗੀ ਤੋਂ ਬਚਣ ਲਈ ਫ਼ਕੀਰ ਅਜ਼ੀਜ਼ ਦੀਨ ਨੇ ਕਈ ਵਾਰੀ ਸ਼ਾਹ ਸ਼ੁਜਾ ਤੇ ਵਫ਼ਾ ਬੇਗਮ ਨੂੰ ਆਪਣੇ ਕੀਤੇ ਹੋਏ ਬਚਨ ਨੂੰ ਪੂਰਾ ਕਰਨ ਲਈ ਕਿਹਾ, ਜਿਸ ਤੇ ਮਸਾਂ ਕਿਤੇ ਬੜੀ ਮੁਸ਼ਕਲ ਨਾਲ ਇਨ੍ਹਾਂ ਆਪਣਾ ਵਾਇਦਾ ਪੂਰਾ ਕੀਤਾ, ਅਰਥਾਤ ਕੋਹਨੂਰ ਹੀਰਾ ਦੀਵਾਨ ਮੋਹਕਮ ਚੰਦ ਨੂੰ ਸੌਂਪ ਦਿਤਾ, ਜੋ ਉਸ ਨੇ ਉਸ ਵਕਤ ਸ਼ੇਰਿ ਪੰਜਾਬ ਦੀ ਸੇਵਾ ਵਿਚ ਹਾਜਰ ਕਰ ਦਿੱਤਾ ।
ਅਫਗਾਨਾਂ ਨਾਲ ਪਹਿਲੀ ਲੜਾਈ ਤੇ ਮੋਹਕਮ ਚੰਦ
ਦੀਵਾਨ ਮੋਹਕਮ ਚੰਦ ਜਦ ਤੋਂ ਸ਼ਾਹ ਸ਼ੁਜਾ ਨੂੰ ਵਜ਼ੀਰ ਫਤਹ ਖਾਨ ਦੇ ਜ਼ਾਲਮ ਪੰਜੇ ਵਿੱਚੋਂ ਛੁਡਾ ਕੇ ਲਾਹੌਰ ਲੈ ਆਇਆ ਸੀ ਉਸ ਦਿਨ ਤੋਂ ਫਤਹ ਖਾਨ ਬੜਾ ਕਲਪ ਰਿਹਾ ਸੀ। ਇਸ ਗੁੱਸੇ ਦਾ ਗੱਚ ਕੱਢਣ ਲਈ ਉਹ ਕਾਬਲ ਪਹੁੰਚ ਕੇ ਇਕ ਬਲਵਾਨ ਫੌਜ ਤੇ ਸਾਮਾਨ ਜੰਗ ਤਿਆਰ ਕਰਨ ਵਿਚ ਜੁੱਟ ਪਿਆ। ਉੱਧਰ ਫ਼ਤਹ ਖਾਨ ਪੰਜਾਬ ਪੁਰ ਚੜ੍ਹਾਈ ਕਰਨ ਲਈ ਫੌਜ ਇਕੱਠੀ ਕਰ ਰਿਹਾ ਸੀ, ਇੱਧਰ ਸ਼ੇਰਿ ਪੰਜਾਬ ਕਿਲ੍ਹਾ ਅਟਕ ਨੂੰ ਖਾਲਸਾ ਰਾਜ ਨਾਲ ਮਿਲਾ ਕੇ ਪੰਜਾਬ ਦੀ ਧਰਤੀ ਨੂੰ ਅਫਗਾਨਾਂ ਤੋਂ ਪੂਰੀ ਤਰ੍ਹਾਂ ਖਾਲੀ ਕਰਵਾਉਣ ਦੀਆਂ ਵਿਚਾਰਾਂ ਵਿਚਾਰ ਰਹੇ ਸਨ। ਮਹਾਰਾਜਾ ਸਾਹਿਬ ਕਿਲ੍ਹਾ ਅਟਕ ਨੂੰ ਪੰਜਾਬ ਦਾ ਦਰਵਾਜ਼ਾ ਆਖਿਆ ਕਰਦੇ ਸਨ ਅਤੇ ਜਦ ਤੱਕ ਕਿਸੇ ਘਰ ਦਾ ਦਰਵਾਜ਼ਾ ਗ਼ੈਰਾਂ ਦੇ ਕਬਜ਼ੇ ਵਿਚ ਹੋਵੇ ਉਹ ਘਰ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦਾ ਚਾਹੇ ਉਸਦੀ ਰੱਖਿਆ ਦੇ ਲੱਖ ਯਤਨ ਪਏ ਕਰੀਏ। ਛੇਕੜ ਲੰਮੀ ਵਿਚਾਰ ਦੇ ਉਪਰੰਤ ਇਹ ਫੈਸਲਾ ਹੋਇਆ ਕਿ ਹੁਣ ਹੋਰ ਉਡੀਕਣ ਦੀ ਲੋੜ ਨਹੀਂ ਛੇਤੀ ਤੋਂ ਛੇਤੀ ਅਫ਼ਗਾਨਾਂ ਦਾ ਇਹ ਛੇਕੜਲਾ ਖੁਰਾ ਵੀ ਪੰਜਾਬ ਵਿੱਚੋਂ ਮਿਟਾ ਦੇਣਾ ਚਾਹੀਦਾ ਹੈ।
ਇਸ ਤਜਵੀਜ਼ ਅਨੁਸਾਰ ਸੰਨ ੧੮੧੩ ਜੁਲਾਈ ਦੇ ਅਰੰਭ ਵਿਚ ਇਕ ਬਲਵਾਨ ਦਸਤਾ ਖਾਲਸਾ ਫੌਜ ਦਾ ਦੀਵਾਨ ਮੋਹਕਮ ਚੰਦ ਜੀ ਅਤੇ ਸਰਦਾਰ ਹਰੀ ਸਿੰਘ ਜੀ ਨਲੂਏ ਆਦਿ ਦੀ ਸੌਂਪਣੀ ਵਿਚ ਅਟਕ ਦਾ ਕਿਲ੍ਹਾ ਫਤਹ ਕਰਨ ਲਈ ਤੋਰਿਆ ਗਿਆ।
ਫ਼ਤਹ ਖ਼ਾਨ ਤਾਂ ਪਹਿਲਾਂ ਹੀ ਖਾਲਸੇ ਨਾਲ ਪੂਰੀ ਤਰ੍ਹਾਂ ਜ਼ੋਰ ਅਜਮਾਈ ਕਰਨ ਲਈ ਕਈ ਮਹੀਨਿਆਂ ਤੋਂ ਇਨ੍ਹਾਂ ਤਿਆਰੀਆਂ ਵਿਚ ਰੁੱਝਾ ਹੋਇਆ ਸੀ। ਹੁਣ ਜਦ ਖਾਲਸਾ ਫੌਜ ਦੇ ਅਟਕ ਵੱਲ ਕੂਚ ਦੀ ਖਬਰ ਉਸਨੂੰ ਲੰਡੀ ਕੋਤਲ ਵਿਚ ਮਿਲੀ ਤਾਂ ਉਹ ੧੫੦੦੦ ਅਫ਼ਗਾਨੀ ਕਲਮੀ ਫੌਜ ਤੇ ਵੀਹ ਹਜਾਰ ਦੇ ਲਗ ਪਗ ਖੁਲ੍ਹਾ ਲਸ਼ਕਰ ਤੇ ਆਪਣੇ ਪ੍ਰਸਿੱਧ ਬਹਾਦਰ ਭਾਈ ਦੋਸਤ ਮੁਹੰਮਦ ਖਾਨ ਦੀ ਸਾਲਾਰੀ ਵਿਚ ਲੰਮਾਕੂਚ ਕਰਦਾ ਹੋਇਆ ੯ ਜੁਲਾਈ ਦੀ ਸ਼ਾਮ ਦੀ ਨਿਮਾਜ਼ ਦਰਿਆ ਅਟਕ ਦੇ ਕੰਢੇ ਪਰ ਪਹੁੰਚ ਕੇ ਪੜੀ। ਇੱਧਰ ਖਾਲਸਾ ਵੀ ਇਨ੍ਹਾਂ ਤੋਂ ਇਕ ਦਿਨ ਪਹਿਲਾਂ ਸੀ ਪੰਜਾ ਸਾਹਿਬ ਹਸਨ ਅਬਦਾਲ ਅਤੇ ਬੁਰਹਾਨ ਦੇ ਵਿਚਾਲੇ ਖੁਲ੍ਹੇ ਮੈਦਾਲ ਵਿਚ ਡੇਰੇ ਜਮਾ ਚੁੱਕਾ ਸੀ। ਇੱਥੇ ਦੀਵਾਨ ਜੀ ਨੇ ਖਾਲਸਾ ਫੌਜ ਨੂੰ ਕੁਝ ਦਿਨ ਅਰਾਮ ਦਿੱਤਾ ਅਤੇ ਜਦ ਪਿੱਛੋਂ ਭਾਰੀ ਜਿਨਸੀ ਤੋਪਖਾਨਾ ਪਹੁੰਚ ਗਿਆ ਤਾਂ ੧੨ ਜੁਲਾਈ ਦੀ ਸਵੇਰ ਨੂੰ ਦੀਵਾਨ ਮੋਹਕਮ ਚੰਦ ਨੇ ਖਾਲਸਾ ਜਰਨੈਲਾਂ ਦੀ ਸਲਾਹ ਨਾਲ ਖਾਲਸਾ ਫੌਜ ਨੂੰ ਹੋਰ ਅਗਾਂਹ ਵਧਾਇਆ ਅਤੇ ਇਹ ਜਦ ਸ਼ਮਸ਼ਾਬਾਦ (ਹਜਰੋ) ਦੇ ਮੈਦਾਨ ਵਿਚ ਪਹੁੰਚੇ ਤਾਂ ਇਨ੍ਹਾਂ ਨੇ ਅਫ਼ਗਾਨੀ ਫੌਜ ਸਾਹਮਣੇ ਡਿੱਠੀ! ਬੱਸ ਫਿਰ ਕੀ ਸੀ, ਉਸੀ ਵਕਤ ਜੋਸ਼ੀਲੇ ਖਾਲਸੇ ਨੂੰ ਧਾਵੇ ਦਾ ਹੁਕਮ ਦਿੱਤਾ ਗਿਆ। ਅੱਗੋਂ ਅਫਗਾਨ ਵੀ ਆਪਣੇ ਨਾਮੀ ਬਹਾਦਰ ਸਿਪਹਸਿਲਾਰ, ਦੋਸਤ ਮੁਹੰਮਦ ਖਾਨ ਦੀ ਅਗਵਾਈ ਵਿਚ ਫੌਲਾਦ ਦੀ ਕੰਧ ਦੀ ਤਰ੍ਹਾਂ ਖਾਲਸੇ ਨੂੰ ਰੋਕਣ ਲਈ ਡੱਟ ਪਏ। ਹੁਣ ਦੋਹਾਂ ਧਿਰਾਂ ਦੇ ਸੂਰਮਿਆਂ ਨੂੰ ਉਹ ਰੰਗ ਚੜਿਆ ਕਿ ਮਾਨੋਂ ਜਾਨਾਂ ਤੋਂ ਹੱਥ ਧੋ ਕੇ ਇਕ ਦੂਜੇ ਤੋਂ ਅੱਗੇ ਵਧ ਵਧ ਕੇ ਬੀਰਤਾ ਦਾ ਸਬੂਤ ਦੇਣ ਲੱਗੇ। ਲੜਾਈ ਦੇ ਅਰੰਭ ਵਿਚ ਅਫ਼ਗਾਨਾਂ ਨੇ ਐਸਾ ਹਨੇਰ ਦਾ ਜੋਸ਼ ਦੱਸਿਆ ਕਿ ਇਨ੍ਹਾਂ ਦੀਆਂ ਸਫਾਂ ਨੂੰ ਤੋੜਨਾ ਅਸੰਭਵ ਜਾਪਦਾ ਸੀ। ਅਫ਼ਗਾਨਾਂ ਦਾ ਤੋਪ ਖਾਨਾ ਖ਼ਾਲਸੇ ਦੀਆਂ ਤੋਪਾਂ ਦੇ ਟਾਕਰੇ ਪਰ ਗਜ਼ਬ ਦੀ ਅੱਗ ਉਗਲ ਰਿਹਾ ਸੀ। ਇਸ ਸਮੇਂ ਅਮੀਰ ਦੋਸਤ ਮੁਹੰਮਦ ਖਾਨ ਅਫ਼ਗਾਨੀ ਫੌਜ ਨੂੰ ਕੁਝ ਅੱਗੇ ਵਧਾ ਲਿਆਇਆ। ਅਫ਼ਗਾਨਾਂ ਨੂੰ ਅੱਗੇ ਵਧਦਾ ਦੇਖ ਕੇ ਖ਼ਾਲਸਾ ਫ਼ੌਜ ਵਿਚ ਕਹਿਰ ਦਾ ਜੋਸ਼ ਉਛਾਲੇ ਖਾਣ ਲੱਗ ਪਿਆ। ਇਸ ਸਮੇਂ ਬੁੱਢੇ, ਪਰ ਬਹਾਦਰ ਜਰਨੈਲ ਦੀਵਾਨ ਮੋਹਕਮ ਚੰਦ ਸੱਜੇ ਪਾਸੇ ਤੋਂ ਅਤੇ ਨੌਜਵਾਨ ਤੇ ਵਰਯਾਮ ਸੂਰਮੇ ਸਰਦਾਰ ਹਰੀ ਸਿੰਘ ਨਲੂਏ ਨੇ ਖੱਬੇ ਪਾਸੇ ਤੋਂ ਅਫਗਾਨਾਂ ਦੀ ਅੱਗੇ ਵਧ ਰਹੀ ਫੌਜ ਪਰ ਇੱਕ ਗਜ਼ਬ ਦਾ ਹੱਲਾ ਕੀਤਾ। ਇਸਦਾ ਅਸਰ ਇਹ ਹੋਇਆ ਕਿ ਹੁਣ ਵੈਰੀ ਹੋਰ ਮੈਦਾਨ ਵਿਚ ਅੱਗੇ ਵਧਣ ਤੋਂ ਰੁਕ ਗਿਆ। ਇਨ੍ਹਾਂ ਦੇ ਰੁਕਣ ਦੀ ਦੇਰ ਸੀ ਕਿ ਉੱਪਰੋਂ ਖਾਲਸੇ ਨੇ ਹੋਰ ਜ਼ੋਰ ਮਾਰਿਆ ਤਾਂ ਅਫਗਾਨਾਂ ਦੇ ਪੈਰ ਮੈਦਾਨ ਵਿਚੋਂ ਥਿੜਕ ਗਏ ਹੁਣ ਖਾਲਸਾ ਅਫਗਾਨਾਂ ਨੂੰ ਧਕੇਲਦਾ ਹੋਇਆ ਦੂਰ ਤੱਕ ਪਿੱਛੇ ਦਬਾ ਲੈ ਗਿਆ, ਪਰ ਨਿਡਰ ਦੋਸਤ ਮੁਹੰਮਦ ਖਾਨ ਦੇ ਵੰਗਾਰਨ ਪਰ ਅਫਗਾਨ ਮੁੜ ਮੈਦਾਨ ਵਿਚ ਡੱਟ ਗਏ ਤੇ ਹੁਣ ਅੱਗ ਵਾਂਗ ਫਿਰ ਕੱਟ ਵੱਢ ਹੋਣੀ ਅਰੰਭ ਹੋ ਗਈ। ਇਸ ਸਮੇਂ ਖਾਲਸੇ ਤੇ ਅਫਗਾਨਾਂ ਦਾ ਆਪਸ ਵਿਚ ਗੁਥਮਗੁੱਥਾ ਹੋ ਜਾਣ ਦੇ ਕਾਰਨ ਦੁਵੱਲੀ ਤੋਪਾਂ ਠੰਢੀਆਂ ਪੈ ਗਈਆਂ ਤੇ ਤਲਵਾਰ ਦੇ ਟਾਕਰੇ ਪਰ ਤਲਵਾਰ ਅਤੇ ਨੇਜ਼ਿਆਂ ਦੇ ਮੁਕਾਬਲੇ ਪਰ ਨੇਜ਼ਾਂ ਬਰਦਾਰ ਆਪੋ ਆਪਣੇ ਜੰਗੀ ਕਮਾਲ ਦਿਖਾਣ ਲੱਗੇ। ਇਸ ਤਰ੍ਹਾਂ ਇਕ ਰਸ ਲੜਦਿਆਂ ਪਰ ਤਰਸ ਖਾ ਕੇ ਅੱਜ ਦਾ ਸੂਰਜ ਅਦ੍ਰਿਸ਼ਟ ਹੋ ਗਿਆ ਤਾਂ ਮਸਾਂ ਕਿਤੇ ਜੋਧਿਆਂ ਸੁਖ ਦਾ ਸਾਹ ਲਿਆ, ਪਰ ਅਜੇ ਦੋ ਟੁਕ ਫੈਸਲਾ ਕਰਨ ਵਾਲੀ ਲੜਾਈ ਲੜਨੀ ਬਾਕੀ ਸੀ ! ਰਾਤ ਨੂੰ ਜ਼ਰੂਰੀ ਪਹਿਰੇਦਾਰਾਂ ਤੋਂ ਛੁੱਟ ਬਾਕੀ ਦੀ ਸਾਰੀ ਫੌਜ ਨੂੰ ਅਰਾਮ ਦਿੱਤਾ ਗਿਆ, ਪਰ ਦੀਵਾਨ ਮੋਹਕਮ ਚੰਦ ਤੇ ਸਰਦਾਰ ਹਰੀ ਸਿੰਘ ਆਦਿ ਮੁਖੀ ਸਰਦਾਰ ਸਾਰੀ ਰਾਤ ਸਵੇਰ ਨੂੰ ਲੜਨ ਵਾਲੀ ਲੜਾਈ ਦੀ ਸਫ਼ਲਤਾ ਲਈ ਜ਼ਰੀ ਵਿਚਾਰਾਂ ਵਿਚਾਰਦੇ ਰਹੇ। ਰਾਤ ਬੀਤ ਗਈ। ਹੁਣ ੧੩ ਜੁਲਾਈ ਦੀ ਸਵੇਰ ਨੂੰ ਅਜੇ ਹਨੇਰਾ ਹੀ ਸੀ ਕਿ ਖਾਲਸਾ ਫੌਜ ਨੂੰ ਸੋਚੀ ਹੋਈ ਤਜਵੀਜ਼ ਅਨੁਸਾਰ ਚੌਰਸ ਸ਼ਕਲ ਵਿਚ ਤਰਤੀਬ ਦਿੱਤੀ ਗਈ। ਤੋਪਖਾਨਾ ਅੱਗੇ ਸੀ ਸਵਾਰ ਇਸ ਦੇ ਸੱਜੇ ਖੱਬੇ ਅਤੇ ਪੈਦਲ ਫੌਜ ਇਨ੍ਹਾਂ ਦੇ ਪਿੱਛੇ ਸੀ। ਇਸ ਤਰ੍ਹਾਂ ਕਿਲ੍ਹੇ ਦੀ ਸ਼ਕਲ ਵਿਚ ਅਫ਼ਗਾਨੀ ਫੌਜ ਦੇ ਸੰਭਲਣ ਤੋਂ ਪਹਿਲਾਂ ਹੀ ਇਨ੍ਹਾਂ ਨੇ ਉਨ੍ਹਾਂ ਨੂੰ ਘੇਰੇ ਵਿਚ ਲੈ ਲਿਆ। ਅੱਗੋਂ ਅਫ਼ਗ਼ਾਨ ਵੀ ਸੌਖੇ ਕਾਬੂ ਆਉਣ ਵਾਲੇ ਨਹੀਂ ਸਨ, ਉਨ੍ਹਾਂ ਜਦ ਆਪਣੇ ਆਪ ਨੂੰ ਘੇਰੇ ਵਿਚ ਡਿੱਠਾ ਤਾਂ ਇਨ੍ਹਾਂ ਦਾ ਗਜ਼ਬ ਦਾ ਜੋਸ਼ ਵਧਿਆ ਅਤੇ ਐਸੀ ਤਲਵਾਰ ਚਲਾਈ ਕਿ ਹੱਦ ਮੁਕਾ ਦਿੱਤੀ। ਇੱਧਰ ਖਾਲਸੇ ਨੇ ਵੀ ਆਪਣੇ ਬਹਾਦਰ ਆਗੂਆਂ ਦੀ ਅਗਵਾਈ ਵਿਚ ਪੂਰਨ ਦਿੜ੍ਹਤਾ ਦਾ ਸਬੂਤ ਦਿੱਤਾ।
ਇਸ ਸਮੇਂ ਜਦ ਦੋਹਾਂ ਧਿਰਾਂ ਵੱਲੋਂ ਖਟਖਟ ਤਲਵਾਰਾਂ ਚਲ ਰਹੀਆਂ ਸਨ, ਜੋਸ਼ੀਲਾ ਦੋਸਤ ਮੁਹੰਮਦ ਖਾਨ ਆਪਣੀਆਂ ਫੌਜਾਂ ਦਾ ਦਿਲ ਵਧਾਉਂਦਾ ਹੋਇਆ ਇਕਾਇੱਕ ਸਰਦਾਰ ਜੀਵੰਤ ਸਿੰਘ ਮੋਅਕਲ ਦੇ ਸਾਹਮਣੇ ਆ ਗਿਆ ਅਤੇ ਲੱਗਾ ਤਲਵਾਰ ਦੇ ਕਮਾਲ ਦੱਸਣ। ਠੀਕ ਇਸ ਸਮੇਂ ਬਹਾਦਰ ਮੋਅਕਲ ਦੇ ਸਰਦਾਰ ਨੇ ਆਪਣੀ ਲੰਮੀ ਸਿਰੀ ਸਾਹਿਬ ਦਾ ਐਸਾ ਚਟਪਟਾ ਵਾਰ ਦੋਸਤ ਮੁਹੰਮਦ ਖਾਨ ਪਰ ਕੀਤਾ ਕਿ ਉਹ ਲੜਖੜਾ ਕੇ ਘੋੜੇ ਤੋਂ ਜ਼ਮੀਨ ਪਰ ਜਾਪਿਆ ਤੇ ਸਖ਼ਤ ਫਟੜ ਹੋ ਗਿਆ। ਇਸਦੇ ਘੋੜੇ ਤੋਂ ਡਿੱਗਣ ਨਾਲ ਗਾਜ਼ੀਆਂ ਵਿਚ ਇਹ ਗੱਲ ਆਮ ਹਲ ਗਈ ਕਿ ਦੋਸਤ ਮੁਹੰਮਦ ਖਾਨ ਸਿਪਹਸਿਲਾਰ ਮਾਰਿਆ ਗਿਆ ਹੈ। ਇਸ ਹੁਲ ਨੇ ਅਫ਼ਗਾਨਾਂ ਦੇ ਦਿਲਾਂ ਪਰ ਤੋਪ ਦੇ ਗੋਲੇ ਦੀ ਮਾਰ ਜਿੱਨਾਂ ਅਸਰ ਕੀਤਾ ਤੇ ਉਨ੍ਹਾਂ ਵਿਚ ਇਕ ਆਮ ਅਫੜਾ ਤਫੜੀਖਿੱਲਰ ਗਈ। ਇਸ ਸਮੇਂ ਸਰਦਾਰ ਹਰੀ ਸਿੰਘ ਤੇ ਦੀਵਾਨ ਮੋਹਕਮ ਚੰਦ ਨੇ ਖਾਲਸਾ ਫੌਜ ਨੂੰ ਹੋਰ ਅਗਾਂਹ ਵਧਾ ਖੜਿਆ। ਹੁਣ ਅਫਗਾਨਾਂ ਦੀ ਰਹਿੰਦੀ ਖੂੰਹਦੀ ਆਸਾ ਦਾ ਵੀ ਲੱਕ ਟੁੱਟ ਗਿਆ ਤੇ ਗਾਜ਼ੀਆਂ ਵਿਚ ਆਮ ਭਾਜੜ ਪੈ ਗਈ। ਬੱਸ ਹੁਣ ਕੀ ਸੀ, ਅਠ੍ਹਲ ਖਾਲਸਾ ਫੌਜਾਂ ਨੂੰ ਅੱਗੋਂ ਠੱਲਣ ਵਾਲਾ ਕੌਣ ਸੀ ? ਇਨ੍ਹਾਂ ਨੂੰ ਅੱਗੇ ਰੱਖ ਲਿਆ ਤੇ ਦਰਿਆ ਅਟਕ ਤੱਕ ਇਨ੍ਹਾਂ ਦਾ ਪਿੱਛਾ ਕੀਤਾ। ਇਸ ਫ਼ਤਹ ਨਾਲ ਖਾਲਸੇ ਦੀ ਤਲਵਾਰ ਦਾ ਸਿੱਕਾ ਵੈਰੀਆਂ ਦੇ ਦਿਲਾਂ ਪਰ ਅੱਗੇ ਨੂੰ ਸਦਾ ਲਈ ਛਾਪ ਦੀ ਤਰ੍ਹਾਂ ਛਪ ਗਿਆ। ਇਸ ਗੱਲ ਦੇ ਮੰਨਣ ਤੋਂ ਵੀ ਕਿਸੇ ਨੂੰ ਇਨਕਾਰ ਨਹੀਂ ਹੋ ਸਕਦਾ ਕਿ ਇਸ ਲੜਾਈ ਵਿਚ ਬਹਾਦਰ ਅਫ਼ਗਾਨਾਂ ਨੇ ਆਪਣੀ ਜਮਾਂਦਾਰੂ ਬੀਰਤਾ ਤੇ ਨਿਡਰਤਾ ਦਾ ਵੱਧ ਤੋਂ ਵੱਧ ਸਬੂਤ ਦਿੱਤਾ, ਪਰ ਹਾਰ ਤੇ ਜਿੱਤ ਦਾ ਫੈਸਲਾ ਕੁਦਰਤ ਆਪ ਕਰਦੀ ਹੈ ਇੱਥੋਂ ਪਿੱਛੇ ਹਟਿਆਂ ਹੁਣ ਅਫਗਾਨਾਂ ਵਿਚ ਇੱਨੀ ਸੱਤਾ ਬਾਕੀ ਨਾ ਸੀ ਰਹੀ ਕਿ ਉਹ ਕਿਲਾ ਅਟਕ ਦਾ ਬਚਾਉ ਖਾਲਸੇ ਤੋਂ ਕਰ ਸਕਦੇ। ਸੋ ਇਹ ਪ੍ਰਸਿੱਧ ਇਤਿਹਾਸਕ ਕਿਲ੍ਹਾ, ਬਿਨਾਂ ਕਿਸੇ ਕਰੜੀ ਲੜਾਈ ਦੇ, ਅੱਜ ਖਾਲਸੇ ਦੇ ਕਬਜ਼ੇ ਵਿਚ ਆ ਗਿਆ। ਉਸੇ ਵਕਤ ਇਸ ਤੋਂ ਅਫਗਾਨੀ ਝੰਡਾ ਉਤਾਰ ਕੇ ਖਾਲਸੇ ਦਾ ਕੇਸਰੀ ਝੰਡਾ ਝੁਲਾ ਦਿੱਤਾ ਗਿਆ। ਇਸ ਲੜਾਈ ਨਾਲ ਪੰਜਾਬ ਵਿਚ ਅਫਗਾਨੀ ਹਕੂਮਤ ਦਾ ਖਾਤਮਾ ਹੋ ਗਿਆ ਤੇ ਖਾਲਸੇ ਦਾ ਰਾਜ ਕਾਇਮ ਹੋ ਗਿਆ। ਇਹ ਗੱਲ ੧੩ ਜੁਲਾਈ ਸੰਨ ੧੮੧੩ ਦੀ ਹੈ। ਇਸ ਲੜਾਈ ਵਿਚ ਖਾਲਸੇ ਦੇ ਹਥ ਅਫਗਾਨਾ ਦਾ ਬੇਓੜਕ ਜੰਗੀ ਸਾਮਾਨ ਆਇਆ, ਜਿਸ ਵਿਚ ਹਜ਼ਾਰਾਂ ਖੇਮੇ, ਘੋੜੇ, ਹਥਿਆਰ ਅਤੇ ਬਹੁਤ ਬੜਾ ਜ਼ਖੀਰਾ ਅਨਾਜ ਦਾ ਸੀ। ਇਨ੍ਹਾਂ ਵਿਚ ਦੋ ਵੱਡੀਆਂ ਤੋਪਾਂ ਬੜੀ ਚੰਗੀ ਹਾਲਤ ਵਿਚ ਸਨ। ਇਸ ਫਤਹ ਦੀ ਅਤੇ ਕਿਲ੍ਹਾ ਅਟਕ ਪਰ ਖਾਲਸੇ ਦੇ ਕਬਜ਼ੇ ਦੀ ਖੁਸ਼ੀ ਭਰੀ ਖਬਰ ਇਕ ਤਿਖ-ਦੌੜੂ ਸਾਂਢਨੀ ਸਵਾਰ ਦੀ ਰਾਹੀਂ ਉਸੇ ਵਕਤ ਸ਼ੇਰਿ ਪੰਜਾਬ ਨੂੰ ਪਹੁੰਚਾਈ ਗਈ, ਜਿਸ ਦੇ ਸੁਣਨ ਨਾਲ ਆਪ ਬਾਗ਼ ਬਾਗ਼ ਹੋ ਗਏ। ਸਰਕਾਰ ਨੇ ਯੋਗ ਸਮੇਂ ਇਸ ਸਤਹ ਦੇ ਆਗੂਆਂ ਨੂੰ ਭਾਰੀ ਜਾਗੀਰਾਂ ਅਤੇ ਇਨਾਮ ਦੇ ਕੇ ਨਿਹਾਲ ਕਰ ਦਿੱਤਾ ਇਸ ਲੜਾਈ ਵਿਚ ਦੀਵਾਨ ਮੋਹਕਮ ਚੰਦ ਜੀ ਨੇ ਬੜਾ ਹਿੱਸਾ ਲਿਆ ਸੀ ਜੋ ਆਪ ਦੀ ਸਦੀਵੀ ਵਡਿਆਈ ਲਈ ਮੁੱਦਤਾਂ ਤਕ ਯਾਦਗਾਰ ਰਹੇਗਾ।
ਚਲਾਣਾ
ਇਸ ਤਰ੍ਹਾਂ ਦੀਵਾਨ ਮੋਹਕਮ ਚੰਦ ਖਾਲਸਾ ਰਾਜ ਦੀ ਸੱਚੇ ਦਿਲੋਂ ਸੇਵਾ ਕਰ ਕੇ ਆਪਣੇ ਤੇ ਆਪਣੇ ਖਾਨਦਾਨ ਦਾ ਨਾਮ ਸਦਾ ਲਈ ਉਜਾਗਰ ਕਰ ਗਿਆ। ਇਹ ਗੁਰੂ ਘਰ ਦੇ ਸਹਿਜਧਾਰੀ ਮੰਡਲ ਦਾ ਉੱਤਮ ਨਮੂਨਾ ਸੀ। ਇਹ ਆਪਣਾ ਹਰ ਕੰਮ ਸਤਿਗੁਰੂ ਦੇ ਦਰ ਪਰ ਅਰਦਾਸ ਕਰ ਕੇ ਅਰੰਭਦਾ ਹੁੰਦਾ ਸੀ। ਇਹ ਸਿਦਕ ਤੇ ਭਰੋਸਾ ਇਸ ਨੇ ਆਪਣੇ ਪਿਆਰੇ ਮਾਲਕ ਮਹਾਰਾਜਾ ਰਣਜੀਤ ਸਿੰਘ ਤੋਂ ਗ੍ਰਹਿਣ ਕੀਤਾ ਸੀ, ਜਿਹੜਾ ਇਸ ਨੇ ਅੰਤ ਪ੍ਰਯੰਤ ਨਿਬਾਹਿਆ। ਇਸ ਤਰ੍ਹਾਂ ਆਪਣੇ ਲਾਇਕ ਪੁੱਤ ਤੇ ਪੋਤਿਆਂ ਵਿਚ ਸੁਖੀ-ਜੀਵਨ ਬਿਤਾਂਦਾ ਹੋਇਆ ੧੬ ਅਕਤੂਬਰ ਸੰਨ ੧੮੧੪ ਨੂੰ ਫਿਲੌਰ ਵਿਚ ੬੧ ਸਾਲ ਦੀ ਉਮਰ ਵਿਚ ਗੁਰ-ਚਰਨਾ ਵਿਚ ਸਮਾ ਗਿਆ। ਆਪ ਦੀ ਸਮਾਧ ਇਸ ਵਕਤ (੧੯੪੨) ਤੱਕ ਆਪ ਦੇ ਆਪਣੇ ਹੱਥੀਂ ਵਸਾਏ ਕਿਲ੍ਹਾ ਫਿਲੌਰ ਵਿਚ ਹੈ। ਸ਼ੇਰਿ ਪੰਜਾਬ ਨੂੰ ਆਪ ਜੀ ਦੇ ਵਿਛੋੜੇ ਦਾ ਬੜਾ ਦੁਖ ਹੋਇਆ। ਆਪ ਨੇ ਉਸਦੇ ਸਾਰੇ ਸੰਬੰਧੀਆਂ ਨਾਲ ਵੱਡੀ ਹਮਦਰਦੀ ਪ੍ਰਗਟ ਕੀਤੀ। ਸ਼ੇਰਿ ਪੰਜਾਬ ਨੇ ਆਪ ਦੇ ਵੱਡੇ ਸਪੁੱਤਰ ਮੋਤੀ ਰਾਮ ਨੂੰ ਜਲੰਧਰ ਦਾ ਨਾਜ਼ਮ ਮੁਕੱਰਰ ਕੀਤਾ ਅਤੇ ‘ਦੀਵਾਨ’ ਦਾ ਖਿਤਾਬ ਵੀ ਬਖਸ਼ਿਆ। ਇਸ ਦੇ ਪੋਤੇ ਰਾਮ ਦਿਆਲ ਨੂੰ ਫੌਜ ਵਿਚ ਵੱਡੀ ਜ਼ਿੰਮੇਵਾਰੀ ਦਾ ਔਹਦਾ ਦਿੱਤਾ, ਇਸੇ ਤਰ੍ਹਾਂ ਇਸ ਦੇ ਦੂਜੇ ਪੁਤ੍ਰ ਕ੍ਰਿਪਾ ਰਾਮ ਤੇ ਹੋਰ ਸੰਬੰਧੀਆਂ ਨੂੰ ਵੀ ਉੱਚੇ ਔਹਦੇ ਦੇ ਕੇ ਮਹਾਰਾਜਾ ਨੇ ਇਨ੍ਹਾਂ ਨੂੰ ਨਿਹਾਲ ਕਰ ਦਿੱਤਾ।
ਦੀਵਾਨ ਮੋਹਕਮ ਚੰਦ ਦੇ ਜੀਵਨ ਪਰ ਇੱਕ ਨਜ਼ਰ
ਦੀਵਾਨ ਮੋਹਕਮ ਚੰਦ ਜੀ ਜਿਹਾ ਕਿ ਅਸੀਂ ਪਿੱਛੇ ਲਿਖ ਆਏ ਹਾਂ – ਜਮਾਂਦਰੂ ਜੰਗੀ ਆਦਮੀ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੀ ਮਹਾਨ ਸ਼ਖਸੀਅਤ ਦੀ ਸਮੀਪਤਾ ਨਾਲ ਜਿਨ੍ਹਾਂ ਹਸਤੀਆਂ ਵਿਚ ਅਸਾਧਾਰਨ ਤਬਦੀਲੀਆਂ ਹੋਈਆਂ, ਜਿਸ ਕਰਕੇ ਉਹ ਧਰਤਿ ਤੋਂ ਗਗਨ ਪਰ ਪਹੁੰਚ ਗਏ, ਉਨ੍ਹਾਂ ਵਿੱਚੋਂ ਦੀਵਾਨ ਮੋਹਕਮ ਚੰਦ ਜੀ ਇਕ ਖਾਸ ਵਿਅਕਤੀ ਸਨ। ਸ਼ੇਰਿ ਪੰਜਾਬ ਦੇ ਮਿਲਾਪ ਨੇ ਜਿੱਥੇ ਉਸਦੀ ਜ਼ਾਤ ਅਤੇ ਘਰਾਣੇ ਲਈ ਪਾਰਸ ਦਾ ਕੰਮ ਕੀਤਾ, ਉੱਥੇ ਇਹ ਆਪਣੇ ਗੁਣਦਾਤਾ ਤੇ ਮਾਲਕ ਲਈ ਵੀ ਲਾਭਦਾਇਕ ਸਾਬਤ ਹੋਇਆ। ਦੀਵਾਨ ਮੋਹਕਮ ਚੰਦ ਜੀ ਬਾਰੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਆਗਮ-ਪਛਾਣ ਕਲਾ ਦੇ ਕਮਾਲ ਨੂੰ ਕਈ ਇਤਿਹਾਸਕਾਰਾਂ ਨੇ ਕਰਾਮਾਤ ਨਾਲ ਤੁਲਣਾ ਦਿੱਤੀ ਹੈ, ਪਰ ਹਕੀਕਤ ਵਿਚ ਇਹ ਉਸਦੀ ਪ੍ਰਬਲ ਆਤਮ ਸ਼ਕਤੀ ਦਾ ਚਮਤਕਾਰ ਸੀ। ਇਕ ਵਪਾਰੀ ਦੇ ਪੁੱਤ੍ਰ ਦੇ ਹੱਥੋਂ ਤੱਕੜੀ ਛੁਡਾਕੇ ਉਸੇ ਹੱਥ ਵਿਚ ਤਲਵਾਰ ਫੜਾ ਦੇਣੀ ਅਤੇ ਆਖਣਾ ਜਾਹ ਭਈ ! ਤੂੰ ਮੇਰਾ ਫੌਜਦਾਰ ਹੋਇਆ, ਮੈਦਾਨ ਜੰਗ ਵਿਚ ਜਾਹ ਤੇ ਜਿੱਤਾਂ ਦਾ ਇਹ ਸ਼ੇਰਿ ਪੰਜਾਬ ਦੇ ਇੱਛਾ-ਬਲ ਦਾ ਪਰਤੱਖ ਸਬੂਤ ਹੈ।
ਸ਼ੇਰਿ ਪੰਜਾਬ ਦੀ ਇਸ ਮਿਹਰ ਭਰੀ ਨਿਗਾਹ ਨੇ ਮੋਹਕਮ ਚੰਦ ਜੀ ਦੇ ਜੀਵਨ ਵਿਚ ਇਕ ਨਵਾਂ ਪੀਵਰਤਨ ਲੈ ਆਂਦਾ ਤੇ ਇਕ ਹਟਵਾਣੀਆਂ ਸੰਸਾਰ ਭਰ ਦੇ ਨਾਮੀ ਜਰਨੈਲਾਂ ਵਿੱਚੋਂ ਚੋਟੀ ਦਾ ਕਾਮਯਾਬ ਸਿਪਹਸਲਾਰ ਪ੍ਰਸਿੱਧ ਹੋਇਆ, ਪਰ ਸਦਕੇ ਜਾਈਏ ਦੀਵਾਨ ਮੋਹਕਮ ਚੰਦ ਜੀ ਦੇ ਕ੍ਰਿਤੱਗਯ ਹਿਰਦੇ ਤੋਂ, ਜਿਉਂ ਜਿਉਂ ਉਹ ਉੱਚਾ ਹੁੰਦਾ ਸੀ ਤਿਉਂ ਤਿਉਂ ਉਸਦੇ ਮਨ ਵਿਚ ਖਾਲਸਾ ਰਾਜ ਦੇ ਵਾਧੇ ਦੀ ਲਗਨ ਹੋਰ ਤੋਂ ਹੋਰ ਵਧਦੀ ਜਾਂਦੀ ਸੀ। ਸੰਸਾਰ ਦੇ ਲੋਕਾਂ ਦੀ ਆਮ ਵਰਤੋਂ ਇੰਜ ਹੈ ਕਿ ਜਦ ਕੋਈ ਕਿਸੇ ਤੋਂ ਉੱਚੇ ਗੁਣ ਪ੍ਰਾਪਤ ਕਰ ਲੈਂਦਾ ਹੈ ਤਾਂ ਉਨ੍ਹਾਂ ਗੁਣਾਂ ਨੂੰ ਉਹ ਆਪਣੇ ਜਾਤੀ ਕਮਾਲ ਯਾ ਆਪਣੇ ਘਰਾਣੇ ਦੇ ਬਜ਼ੁਰਗਾਂ ਨੂੰ ਬੜਾ ਸੁਰਮਾ ਪ੍ਰਗਟ ਕਰਕੇ ਆਪਣੇ ਗੁਣਾਂ ਨੂੰ ਵੱਡਿਆਂ ਤੋਂ ਵਿਰਸੇ ਵਿਚ ਮਿਲੇ ਦੱਸਦਾ ਹੈ ਅਤੇ ਆਪਣੇ ਹਕੀਕੀ ਸਿੱਖਿਆਦਾਤਾ ਨੂੰ ਭੁਲਾ ਦਿੰਦਾ ਹੈ, ਪਰ ਅਸੀਂ ਦੀਵਾਨ ਸਾਹਿਬ ਦੇ ਜੀਵਨ ਵਿਚ ਇਹ ਖਾਸ ਵਾਧਾ ਦੇਖਦੇ ਹਾਂ ਕਿ ਉਹ ਅਖੀਰਲੇ ਸਵਾਸ ਤਕ ਮਹਾਰਾਜਾ ਦੇ ਅਹਿਸਾਨ ਤੇ ਉਸ ਤੋਂ ਪ੍ਰਾਪਤ ਕੀਤੇ ਜੰਗੀ ਹੁਨਰ ਨੂੰ ਕਿਸੇ ਹੋਰ ਦੇ ਨਾਉਂ ਨਾਲ ਕਦੇ ਨਾ ਸੀ ਲਾਇਆ ਕਰਦਾ, ਉਹ ਜਦ ਕਿਸੇ ਕਰੜੇ ਤੋਂ ਕਰੜੇ ਮੈਦਾਨ-ਜੰਗ ਨੂੰ ਫਤਹ ਕਰਕੇ ਆਂਵਦਾ ਤੇ ਉਸਦੇ ਸੱਜਣ ਮਿੱਤ੍ਰ ਉਸਨੂੰ ਵਧਾਈਆਂ ਤੇ ਮੁਬਾਰਕਾਂ ਦੇਂਦੇ ਤਾਂ ਉਹ ਬਿਨਾਂ ਸੰਕੋਚ ਦੇ ਸੱਚੇ ਦਿਲੋਂ ਉਨ੍ਹਾਂ ਨੂੰ ਆਖਦਾ ਕਿ ਮੈਂ ਤਾਂ ਭਾਈ ਇਕ ਹਟਵਾਣੀਆਂ ਸਾਂ, ਇਨ੍ਹਾਂ ਵਧਾਈਆਂ ਤੇ ਵਡਿਆਈਆਂ ਦਾ ਅਸਲ ਹੱਕਦਾਰ ਮੇਰਾ ਮਾਲਕ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਹੈ ਜਿਸਨੇ ਮੈਨੂੰ ਇਹ ਕੁਝ ਬਣਾ ਦਿੱਤਾ। ਇਹ ਸਾਊਪਣਾ ਦੀਵਾਨ ਸਾਹਿਬ ਨੇ ਆਪਣੇ ਜੀਵਨ ਪ੍ਰਯੰਤ ਨਿਬਾਹਿਆ। ਇਹੀ ਕਾਰਨ ਸੀ ਕਿ ਉਹ ਖਾਲਸਾ ਰਾਜ ਦੇ ਵਾਧੇ ਲਈ ਆਪਣੀ ਜਾਨ ਤੱਕ ਵਾਰਨ ਨੂੰ ਸਦਾ ਤਤਪਰ ਰਹਿੰਦਾ ਸੀ। ਉੱਧਰ ਦਰਿਆ-ਦਿਲ ਮਹਾਰਾਜਾ ਸਾਹਿਬ ਜਿਉਂ-ਜਿਉਂ ਇਸ ਨੂੰ ਖਾਲਸਾ ਰਾਜ ਦੀ ਭਲਾਈ ਲਈ ਘਾਲਾਂ ਘਾਲਦਾ ਦੇਖਦੇ ਸਨ ਤਿਉਂ ਤਿਉਂ ਨਾਲੋਂ ਨਾਲ ਉਸਦੀ ਇੱਜ਼ਤ, ਜਾਗੀਰ ਅਤੇ ਹੋਰ ਤਰ੍ਹਾਂ ਦੀਆਂ ਬਖਸ਼ਸ਼ਾਂ ਬਖਸ਼ਦੇ ਹੋਏ ਉਸਨੂੰ ਨਿਹਾਲ ਕਰਦੇ ਜਾਂਦੇ ਸਨ। ਸ਼ੇਰਿ ਪੰਜਾਬ ਦੀਆਂ ਇਨ੍ਹਾਂ ਅਤੁੱਟ ਦਿੱਤਾਂ ਦਾਤਾਂ ਦਾ ਸਿਲਸਿਲਾ ਇੱਥੋਂ ਤੱਕ ਪਹੁੰਚ ਗਿਆ ਕਿ ਇਕ ਸਮੇਂ ਇਸ ਦੀ ਸਾਲਾਨਾ ਜਾਗੀਰ ਛੇ ਲੱਖ ਬਤਾਲੀ ਹਜ਼ਾਰ ਇਕ ਸੌ ਇਕਾਹਠ ਰੁਪਿਆ ਸਾਲਾਨਾ ਸੀ। ਇਸ ਤੋਂ ਛੁਟ ਉਸ ਦੇ ਪੁੱਤ ਅਤੇ ਪੋਤਿਆਂ ਤੇ ਹੋਰ ਸੰਬੰਧੀਆਂ ਦੀਆਂ ਜਾਗੀਰਾਂ ਜੋ ਕਈ ਲੱਖ ਰੁਪਿਆਂ ਦੀਆਂ ਸਨ, ਉਸ ਦੀ ਆਪਣੀ ਜਾਗੀਰ ਤੋਂ ਵੱਖ ਸਨ। ਇਸ ਤਰ੍ਹਾਂ ਸ਼ੇਰਿ ਪੰਜਾਬ ਜਿੱਥੇ ਉਸ ਦੀਆਂ ਜੰਗੀ ਤੇ ਰਾਜਸੀ ਖ਼ਿਦਮਤਾਂ ਦੀ ਪ੍ਰਸੰਸਾ ਕਰਦੇ ਹੁੰਦੇ ਸਨ ਉੱਥੇ ਨਾਲ ਹੀ ਉਸ ਦੀ ਰਾਇ ਦੀ ਵੀ ਵੱਡੀ ਕਦਰ ਕਰਦੇ ਸਨ। ਨਜ਼ੀਰ ਲਈ ਸੰਨ ੧੮੧੨ ਕੰਵਰ ਖੜਗ ਸਿੰਘ ਦਾ ਵਿਆਹ ਸੀ ਇਸ ਖੁਸ਼ੀ ਦੇ ਸਮੇਂ ਮਹਾਰਾਜਾ ਸਾਹਿਬ ਨੇ ਕਈ ਰਾਜਿਆਂ, ਨਵਾਬਾਂ ਅਤੇ ਹੋਰ ਪਤਵੰਤੇ ਪਰਾਹੁਣਿਆਂ ਨੂੰ ਲਾਹੌਰ ਬੁਲਾਇਆ। ਇਨ੍ਹਾਂ ਵਿਚ ਸਰ ਡੇਵਡ ਅਕਟਰ ਲੋਨੀ, ਬ੍ਰਿਟਸ਼ ਗਵਰਨਮੈਂਟ ਵੱਲੋਂ ਪ੍ਰਤੀਨਿਧ ਹੋਕੇ ਆਇਆ ਸੀ। ਵਿਆਹ ਦੇ ਉਪਰੰਤ ਸਰ ਡੇਵਡ ਨੇ ਲਾਹੌਰ ਦੇ ਕਿਲ੍ਹੇ ਦੇ ਦੇਖਣ ਦੀ ਇੱਛਾ ਪ੍ਰਗਟ ਕੀਤੀ। ਸ਼ੇਰਿ ਪੰਜਾਬ ਇਕ ਦਿਨ ਇਸ ਨੂੰ ਕਿਲ੍ਹਾ ਦੱਸਣ ਲਈ ਆਪਣੇ ਨਾਲ ਲੈ ਤੁਰੇ। ਦੀਵਾਨ ਮੋਹਕਮ ਚੰਦ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਇਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਕਿਲੇ ਦੇ ਹਜ਼ੂਰੀ ਦਰਵਾਜ਼ੇ ਪਰ ਪਹੁੰਚ ਗਏ। ਹੁਣ ਜਦ ਮਹਾਰਾਜਾ ਸਾਹਿਬ ਤੇ ਅਕਟਰ ਲੋਨੀ ਕਿਲ੍ਹੇ ਦੇ ਦਰਵਾਜ਼ੇ ਦੇ ਲਾਗੇ ਪਹੁੰਚੇ ਤਾਂ ਦੀਵਾਨ ਮੋਹਕਮ ਚੰਦ ਨੇ ਝਟ ਕਿਲ੍ਹੇ ਦਾ ਦਰਵਾਜ਼ਾ ਅੱਗੋਂ ਬੰਦ ਕਰ ਲਿਆ ਅਤੇ ਬੜੇ ਜੋਸ਼ ਨਾਲ ਆਪਣੀ ਤਲਵਾਰ ਮਿਆਨ ਵਿਚੋਂ ਧੂਹ ਕੇ ਕੱਢ ਲਈ ਤੇ ਸ਼ੇਰਿ ਪੰਜਾਬ ਦੇ ਅੱਗੇ ਪੇਸ਼ ਕੀਤੀ ਤੇ ਹੱਥ ਜੋੜਕੇ ਅਖਿਆ – ਸਰਕਾਰ ! ਪਹਿਲਾਂ ਆਪਣੀ ਹੱਥੀਂ ਮੇਰਾ ਗਲਾ ਇਸ ਤਲਵਾਰ ਨਾਲ ਵੱਢ ਸੁੱਟੋ, ਫਿਰ ਨਿਸ਼ੰਗ ਇਸ ਫਿਰੰਗੀ ਨੂੰ ਕਿਲ੍ਹਾ ਪਹੇ ਦੱਸੋ । ਪਰ ਜਦ ਤੱਕ ਮੇਰੀ ਦੇਹ ਵਿਚ ਪਾਣ ਬਾਕੀ ਹਨ, ਮੇਰੀਆਂ ਅੱਖਾਂ ਕਿਲ੍ਹੇ ਵਿਚ ਕਿਸੇ ਗੋਰੇ ਦਾ ਕਦਮ ਰੱਖਣਾ ਨਹੀਂ ਸਹਾਰ ਸਕਦੀਆਂ। ਮਹਾਰਾਜਾ ਰਣਜੀਤ ਸਿੰਘ ਬੜਾ ਨਬਜ਼-ਪਛਾਣੂ ਮਾਲਕ ਸੀ। ਇਸ ਸਮੇਂ ਜਦ ਆਪ ਨੇ ਦੀਵਾਨ ਮੋਹਕਮ ਚੰਦ ਦਾ ਕਿਲ੍ਹੇ ਦੀ ਰੱਖਿਆ ਬਾਰੇ ਇੱਨਾਂ ਅਗਾਧ ਜੋਬ ਡਿੱਠਾ ਤਾਂ ਬਜਾਏ ਇਸ ਦੇ ਕਿ ਉਹ ਆਪਣੇ ਨੌਕਰ ਦੀ ਇਸ ਹਰਕਤ ਨੂੰ ਆਪਣੀ ਹੱਤਕ ਯਾ ਹੁਕਮ ਅਦੂਲੀ ਸਮਝਕੇ ਕ੍ਰੋਧਵਾਨ ਹੁੰਦਾ, ਸਗੋਂ ਆਪ ਖਿੜ ਖਿੜ ਹਸ ਪਏ ਅਤੇ ਸਰ ਡੇਵਡ ਨੂੰ ਆਖਿਆ ‘ਅਸਲ ਗੱਲ ਇਹ ਹੈ ਕਿ ਖਾਲਸਾ ਰਾਜ ਦਾ ਮੈਂ ਇਕੱਲਾ ਮਾਲਕ ਨਹੀਂ ਹਾਂ, ਇਹ ਲੋਕ ਮੇਰੇ ਨਾਲ ਪੂਰੇ ਸਾਂਝੀਵਾਲ ਹਨ, ਮੈਂ ਇਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਕੰਮ ਵੀ ਆਪਣੇ ਆਪ ਨਹੀਂ ਕਰ ਸੱਕਦਾ।’ ਸਰ ਡੇਵਡ ਵੀ ਬੜਾ ਸਿਆਣਾ ਆਦਮੀ ਸੀ, ਉਸ ਨੇ ਜਦ ਦੀਵਾਨ ਮੋਹਕਮ ਚੰਦ ਦੀ ਐਡੀ ਦਲੇਰੀ ਤੇ ਹਠ ਡਿੱਠਾ ਤਾਂ ਉਹ ਪਿੱਛੇ ਪਰਤ ਪਿਆ। ਪਹਿਲਾਂ ਸਰ ਡੇਵਡ ਨੂੰ ਇਸ ਘਟਨਾ ਬਾਰੇ ਕੁਝ ਸ਼ੰਕਾ ਸੀ ਕਿ ਸ਼ਾਇਦ ਇਹ ਗੱਲ ਪਹਿਲਾਂ ਤੋਂ ਮਿਥੀ ਹੋਈ ਸੀ, ਪਰ ਉਸ ਦਾ ਸ਼ੱਕ ਬਹੁਤ ਛੇਤੀ ਦੂਰ ਹੋ ਗਿਆ ਜਦ ਉਸ ਨੂੰ ਆਪਣੇ ਖੁਫੀਆ ਖਬਰ ਨਵੀਸ ਨੇ ਰਪੋਟ ਲਿਖੀ ਕਿ ਸਰ ਡੇਵਡ ਦਾ ਕਿਲ੍ਹੇ ਦੇ ਦੇਖਣ ਸਮੇਂ ਆਈ ਘਟਨਾ ਤਾਂ ਇਕ ਬੰਨੇ ਰਹੀ ਉਸ ਦਾ ਖਾਲਸਾ ਰਾਜ ਦੀਆਂ ਫੌਜਾਂ ਦੀ ਮੈਦਾਨ ਵਿਚ ਪਰੇਡ ਦੇਖਣਾ ਅਤੇ ਮਹਾਰਾਜਾ ਸਾਹਿਬ ਦੇ ਨਾਲ ਉਸ ਦਾ ਮਿਲਕੇ ਸੈਰ ਲਈ ਜਾਣਾ ਵੀ ਮਹਾਰਾਜਾ ਦੇ ਵਫ਼ਾਦਾਰ ਅਫ਼ਸਰਾਂ ਨੇ ਚੰਗਾ ਨਹੀਂ ਸੀ ਸਮਝਿਆ। ਇਸ ਬਾਰੇ ਸਰ ਡੇਵਡ ਅਕਟਰ ਲੋਨੀ ਨੇ ਆਪਣੇ ਇਕ ਖਤ ਵਿਚ, ਜੋ ਉਸ ਨੇ ਗਵਰਨਮੈਂਟ ਔਫ ਇੰਡੀਆ ਦੇ ਚੀਫ਼ ਸੈਕੇਟਰੀ ਨੂੰ ਭੇਜਿਆ ਸੀ, ਉਸ ਦਾ ਸਾਰ ਭਾਵ ਇਸ ਤਰ੍ਹਾਂ ਦਸਿਆ ਹੈ – “ਮੈਨੂੰ ਇਕ ਦਿਨ ਮਹਾਰਾਜੇ ਵੱਲੋਂ ਸੁਨੇਹਾ ਪੁੱਜਾ ਕਿ ਮਹਾਰਾਜਾ ਦੀ ਇੱਛਾ ਹੈ ਕਿ ਮੈਂ ਅੱਜ ਲੌਢੇ ਪਹਿਰ ਉਸ ਨਾਲ ਸਵਾਰ ਹੋਕੇ ਰਾਵੀ ਦੇ ਕੰਢੇ ਹਵਾਖੋਰੀ ਲਈ ਜਾਵਾਂ: ਸੋ ਮੈਂ ਮਹਾਰਾਜਾ ਨਾਲ ਸੈਰ ਲਈ ਗਿਆ। ਇਸ ਸਮੇਂ ਅਸਾਂ ਦੋਹਾਂ ਨੇ ਮਿਲ ਕੇ ਸਿੱਖਾਂ ਦੀਆਂ ਕੁਝ ਰਜਮੰਟਾਂ ਨੂੰ ਨਵੇਂ ਤਰੀਕੇ ਪਰ ਕੁਵੈਦ ਕਰਦਿਆਂ ਡਿੱਠਾ, ਜਿਨ੍ਹਾਂ ਨੂੰ ਕੰਪਨੀ ਦੀਆਂ ਫੌਜਾਂ ਵਿਚੋਂ ਨੱਸੇ ਹੋਏ ਤਿਲੋਗੇ (ਪੂਰਬੀਏ) ਕੁਵਾਇਦ ਸਿਖਾ ਰਹੇ ਸਨ। ਇੱਥੋਂ ਮੁੜਨ ਸਮੇਂ ਮਹਾਰਾਜੇ ਨੇ ਲਾਹੌਰ ਦੇ ਕਿਲ੍ਹੇ ਦੇ ਨਵੇਂ ਸੰਘਰ: ਜਿਹੜੇ ਜਾਮੇ ਮਸੀਤ ਦੇ ਲਾਗੇ ਬਣ ਰਹੇ ਸਨ ਦੱਸੇ। ਅਗਲੇ ਦਿਨ ਮੇਰੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦ ਮੇਰੇ ਖਬਰ ਨਵੀਸ ਨੇ ਮੈਨੂੰ ਰਪੋਟ ਭੇਜਕੇ ਲਿਖਿਆ ਕਿ ਮਹਾਰਾਜਾ ਦਾ ਮੇਰੇ ਨਾਲ ਮਿਲਕੇ ਬਾਹਰ ਸੈਰ ਲਈ ਜਾਣਾ ਤੇ ਉੱਥੇ ਮੈਨੂੰ ਖਾਲਸਾ ਫੌਜ ਦੀ ਪ੍ਰੇਡ ਆਦਿ ਦੱਸਣ ਦੇ ਕੰਮ ਦੀ ਦੀਵਾਨ ਮੋਹਕਮ ਚੰਦ ਅਤੇ ਗੰਡਾ ਸਿੰਘ ਸਾਫੀ ਨੇ ਸਖਤ ਵਿਰੋਧਤਾ ਕੀਤੀ ਹੈ। ਉਨ੍ਹਾਂ ਉਸਨੂੰ ਕਿਹਾ ਸਰਕਾਰ ਗੈਰ ਕੌਮ ਦੇ ਆਦਮੀ ਪਰ ਇੱਨਾ ਭਰੋਸਾ ਤੇ ਉਸ ਨਾਲ ਇੱਨਾਂ ਵਧੀਕ ਮੇਲ ਮਿਲਾਪ ਰੱਖਣਾ ਠੀਕ ਨਹੀਂ। ਪਹਿਲਾਂ ਤਾਂ ਮਹਾਰਾਜਾ ਨੇ ਉਨ੍ਹਾਂ ਨੂੰ ਮੇਰੇ ਚੰਗੇ ਸੁਭਾਉ ਬਾਰੇ ਆਖਿਆ ਕਿ ਅਕਟਰ ਲੋਨੀ ਦਾ ਵਰਤਾਉ ਮੇਰੇ ਨਾਲ ਮਿੱਤਤਾ ਵਾਲਾ ਹੈ। ਉਸਦੇ ਉੱਤਰ ਵਿਚ ਦੀਵਾਨ ਨੇ ਮਹਾਰਾਜਾ ਨੂੰ ਆਖਿਆ ਕਿ ਇਹ ਲੋਕ ਆਪਣਾ ਮਤਲਬ ਪੂਰਾ ਕਰਨ ਲਈ ਆਪਣਾ ਵਰਤਾਉ ਇਸੇ ਤਰ੍ਹਾਂ ਮਨਮੋਹਣਾ ਬਣਾ ਲੈਂਦੇ ਹਨ। ਇਸ ਸਮੇਂ ਮਹਾਰਾਜਾ ਨੇ ਜਦ ਦੀਵਾਨ ਨੂੰ ਕਿਹਾ ਕਿ ਜੇ ਤੁਸੀਂ ਮੈਨੂੰ ਪਹਿਲਾਂ ਆਪਣੀ ਰਾਇ ਤੋਂ ਜਾਣੂ ਕਰ ਦਿੱਤਾ ਹੁੰਦਾ ਤਾਂ ਮੈਂ ਉਸਨੂੰ ਕਦੇ ਵੀ ਇੱਥੇ ਨਾ ਬੁਲਾਂਦਾ ਹੈ” ।
ਇਸ ਬਾਰੇ ਇਲਨ ਪੰਜਾਬ ਦੀ ਹਿਸਟਰੀ ਵਿਚ ਇਸ ਤਰ੍ਹਾਂ ਲਿਖਦਾ ਹੈ ਕਿ “ਸ਼ੇਰਿ ਪੰਜਾਬ ਦੇ ਕਰਨਲ ਅਕਟਰ ਲੋਨੀ ਨੂੰ ਕਿਲ੍ਹਾ ਦੱਸਣ ਸਮੇਂ ਦੀਵਾਨ ਮੋਹਕਮ ਚੰਦ ਨੇ ਕਰੜੀ ਵਿਰੋਧਤਾ ਕੀਤੀ, ਸਗੋਂ ਉਸ ਨਾਲ ਇੱਨਾਂ ਡੂੰਘਾ ਮੇਲ ਮਿਲਾਪ ਰੱਖਣ ਪਰ ਵੀ ਉਸਨੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਮਹਾਰਾਜਾ ਨੂੰ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਹੱਥੋਂ ਭੁਲੇਖਾ ਹੀ ਖਾਣਾ ਚਾਹੀਦਾ ਹੈ”।
ਇਸ ਤਰ੍ਹਾਂ ਸਰ ਲੈਪਲ ਗ੍ਰਿਫਨ ਲਿਖਦਾ ਹੈ :-
“ਕਰਨਲ ਅਕਟਰ ਲੋਨੀ ਰੈਜ਼ੀਡੈਂਟ, ਮੋਹਕਮ ਚੰਦ ਨੂੰ ਚੰਗਾ ਗਵਾਂਢੀ ਨਾ ਸੀ ਸਮਝਦਾ। ਦੀਵਾਨ ਮੋਹਕਮ ਚੰਦ ਅੰਗ੍ਰੇਜ਼ਾਂ ਤੋਂ ਇਸ ਲਈ ਘ੍ਰਿਣਾ ਕਰਦਾ ਸੀ, ਉਸਦਾ ਖਿਆਲ ਸੀ ਕਿ ਅੰਗ੍ਰੇਜ਼ਾਂ ਨੇ ਉਸਦੇ ਉੱਚੇ ਇਰਾਦਿਆਂ ਵਾਲੇ ਮਾਲਕ (ਮਹਾਰਾਜਾ ਰਣਜੀਤ ਸਿੰਘ) ਨਾਲ ਅਹਿਦਨਾਮੇ ਵਿਚ ਦਰਿਆ ਸਤਲੁਜ ਨੂੰ ਹਦਬੰਨਾ ਠਹਿਰਾ ਕੇ ਉਸ ਨੂੰ ਭਾਰੀ ਹਾਨੀ ਪਹੁੰਚਾਈ ਹੈ, ਨਹੀਂ ਤਾਂ ਖਾਲਸਾ ਦੂਰ ਤਕ ਹਿੰਦੁਸਤਾਨ ਵਿਚ ਖਿਲਰ ਗਿਆ ਹੁੰਦਾ।
ਗਰਜ਼ ਇਹ ਹੈ ਕਿ ਦੀਵਾਨ ਮੋਹਕਮ ਚੰਦ ਖਾਲਸਾ ਰਾਜ ਨਾਲ ਅਗਾਧ ਪਿਆਰ ਰੱਖਦਾ ਸੀ ਅਤੇ ਇਸ ਨੂੰ ਜਦ ਮਾਲੂਮ ਹੋ ਜਾਂਦਾ ਸੀ ਕਿ ਕੋਈ ਤਾਕਤ ਯਾ ਸ਼ਖਸੀਅਤ ਇਸ ਦੇ ਵਾਧੇ ਦੇ ਰਾਹ ਵਿਚ ਰੁਕਾਵਟ ਪਾਂਦੀ ਹੈ ਤਾਂ ਇਸ ਦੇ ਮਨ ਵਿਚ ਉਸਨੂੰ ਮੁਆਫ਼ ਕਰਨ ਲਈ ਕੋਈ ਥਾਂ ਨਹੀਂ ਸੀ ਰਹਿੰਦੀ। ਇਹ ਕਈਆਂ ਮਾਲਕਾਂ ਦਾ ਨੌਕਰ ਨਹੀਂ ਸੀ, ਕੇਵਲ ਆਪਣੇ ਇੱਕ ਮਾਲਕ ਲਈ ਜੀਵਣਾਂ ਤੇ ਮਰਨਾਂ ਜਾਣਦਾ ਸੀ ਅਤੇ ਉਹ ਮਾਲਕ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੀ ਸੀ।