29 ਮਾਰਚ – ਲਾਹੌਰ ਵਿੱਚ ਖ਼ਾਲਸੇ ਦਾ ਆਖਰੀ ਦਰਬਾਰ
ਲਾਹੌਰ ਵਿੱਚ ਖ਼ਾਲਸੇ ਦਾ ਆਖਰੀ ਦਰਬਾਰ
29 ਮਾਰਚ 1849
29 ਮਾਰਚ ਨੂੰ ਲਾਹੌਰ ਵਿੱਚ ਸਵੇਰੇ 7 ਵਜੇ ਦਰਬਾਰ ਲੱਗਾ। ਸ਼ੇਰੇ ਪੰਜਾਬ ਦਾ ਸਭ ਤੋਂ ਛੋਟਾ ਪੁੱਤਰ ਮਹਾਰਾਜਾ ਦਲੀਪ ਸਿੰਘ ਆਖ਼ਰੀ ਵਾਰ ਲਾਹੌਰ ਦੇ ਤਖ਼ਤ ਉੱਤੇ ਬੈਠਾ। ਅਜ ਦਰਬਾਰ ਵਿਚ ਜੋ ਸਿੱਖ ਸਰਦਾਰ ਬੈਠੇ ਸਨ , ਉਨ੍ਹਾਂ ਦੇ ਕੱਪੜੇ ਬਿਲਕੁਲ ਸਾਧਾਰਨ ਸਨ। ਕਿਸੇ ਦੇ ਕੋਲ ਕੋਈ ਸ਼ਸਤਰ ਨਹੀਂ ਸੀ। ਵੇਖ ਕੇ ਲੱਗਦਾ ਹੀ ਨਹੀਂ ਸੀ ਕਿ ਇਹ ਦਰਬਾਰ ਖ਼ਾਲਸੇ ਦਾ ਹੈ।
ਕੁਝ ਸਮੇਂ ਦੇ ਬਾਅਦ ਅੰਗਰੇਜ਼ ਅਫ਼ਸਰ ਆਏ ਜਿਨ੍ਹਾਂ ਨੇ ਡਲਹੌਜ਼ੀ ਦੇ ਵੱਲੋਂ ਲਿਆਂਦਾ ਹੋਇਆ ਇਕ ਲੰਬਾ ਚੌੜਾ ਪੱਤਰ ਪਡ਼੍ਹਿਆ ਤੇ ਫਿਰ ਪੰਜ ਸ਼ਰਤਾਂ ਸੁਣਾਈਆਂ। ਜਿਨ੍ਹਾਂ ਦੇ ਵਿੱਚ ਅੰਗਰੇਜ਼ ਸਰਕਾਰ ਦੀ ਧੱਕੇਸ਼ਾਹੀ ਡੁੱਲ੍ਹ ਡੁੱਲ੍ਹ ਪੈਂਦੀ।
1. ਮਹਾਰਾਜਾ ਦਲੀਪ ਸਿੰਘ ਆਪਣੇ ਵੱਲੋਂ ਆਪਣੇ ਵਾਰਸਾਂ ਵੱਲੋਂ ਤੇ ਆਪਣੇ ਉਤਰ-ਅਧਿਕਾਰੀਆਂ ਵੱਲੋਂ ਸਾਰੇ ਦਾਅਵਿਆਂ ਨੂੰ ਤਿਆਗਦਾ ਹੈ।
2. ਲਾਹੌਰ ਦਰਬਾਰ ਨੇ ਜੋ ਅੰਗਰੇਜ਼ ਸਰਕਾਰ ਦਾ ਕਰਜ਼ਾ ਦੇਣਾ ਤੇ ਲੜਾਈਆਂ ਦੇ ਖ਼ਰਚੇ ਬਦਲੇ ਲਾਹੌਰ ਰਿਆਸਤ ਦੀ ਹਰ ਚੀਜ਼ ਹਰ ਜਾਇਦਾਦ ਜਿੱਥੇ ਵੀ ਹੋਵੇ ਅੰਗਰੇਜ਼ ਸਰਕਾਰ ਜ਼ਬਤ ਕਰ ਲਵੇ।
3. ਕੋਹੇਨੂਰ ਹੀਰਾ ਮਹਾਰਾਜਾ ਲਾਹੌਰ ਆਪ ਇੰਗਲੈਂਡ ਦੀ ਮਲਕਾਂ ਨੂੰ ਭੇਟਾ ਕਰੇਗਾ।
4. ਮਹਾਰਾਜਾ ਦਲੀਪ ਸਿੰਘ ਆਪਣੀ ਆਪਣੇ ਸਹਾਇਕਾਂ ਦੀ ਆਪਣੇ ਨੌਕਰਾਂ ਦੀ ਜ਼ਰੂਰਤ ਲਈ ਈਸਟ ਇੰਡੀਆ ਕੰਪਨੀ ਤੋਂ ਪੈਨਸ਼ਨ ਲਵੇਗਾ , ਜੋ ਚਾਰ ਲੱਖ ਤੋਂ ਵੱਧ ਤੇ ਪੰਜ ਲੱਖ ਤੋਂ ਘੱਟ ਹੋਵੇਗੀ , ਇਕ ਸ਼ਰਤ ਹੋਰ ਸੀ।
29 ਮਾਰਚ ਨੂੰ 11 ਕੁ ਸਾਲ ਦੇ ਮਾਸੂਮ ਬੇਸਮਝ ਮਹਾਰਾਜਾ ਦਲੀਪ ਸਿੰਘ ਕੋਲੋਂ ਇਸ ਚਿਠੀ ਉਪਰ ਸੈਨ ਕਰਵਾਏ ਤੇ ਸਦਾ ਦੇ ਲਈ ਲਾਹੌਰ ਦੇ ਤਖ਼ਤ ਤੋਂ ਲਾਹ ਦਿੱਤਾ।
ਇਸ ਤਰ੍ਹਾਂ ਖ਼ਾਲਸੇ ਦਾ ਲਾਹੌਰ ਦੇ ਵਿੱਚ ਆਖ਼ਰੀ ਦਰਬਾਰ ਲੱਗਾ। ਉਸ ਮਾਰਚ ਤੋਂ ਲੈ ਕੇ ਅੱਜ ਤਕ ਕਈ ਆਏ ਤੇ ਗਏ ਪਰ ਖਾਲਸੇ ਦਾ ਰਾਜ ਅਜੇ ਤਕ ਵਾਪਸ ਨਹੀ ਆਇਆ।
ਗੁਰੂ ਕਿਰਪਾ ਕਰੇ
ਮੇਜਰ ਸਿੰਘ