ਬਹਾਦਰ ਬੀਬੀ ਬਸੰਤ ਲਤਾ

ਬਹਾਦਰ ਬੀਬੀ ਬਸੰਤ ਲਤਾ ।
ਬੀਬੀ ਬਸੰਤ ਲਤਾ ਇਕ ਖੱਤਰੀਆਂ ਦੀ ਲੜਕੀ ਸੀ । ਇਸ ਦੇ ਮਾਂ ਬਾਪ ਗੁਰੂ ਘਰ ਦੇ ਬਹੁਤੁ ਸ਼ਰਧਾਲੂ ਸਨ । ਇਹ ਪ੍ਰਵਾਰ ਦੱਸਾਂ ਨੌਹਾਂ ਦੀ ਕਿਰਤ ਕਰਦੇ ਤੇ ਬਹੁਤਾ ਹਿੱਸਾ ਗੁਰੂ ਘਰ ਭੇਜ ਦੇਂਦੇ । ਬੜਾ ਧਰਮਾਤਮਾ ਪਰਵਾਰ ਸੀ । ਬਸੰਤ ਲਤਾ ਇਨ੍ਹਾਂ ਦੀ ਤੀਜੀ ਲੜਕੀ ਸੀ । ਇਹ ਮਾਪਿਆਂ ਨਾਲ ਗੁਰੂ ਘਰ ਆ ਝਾੜੂ ਤੇ ਲੰਗਰ ਦੀ ਸੇਵਾ ਕਰਦੀ ਸੀ । ਸੇਵਾ ਕਰਦੀ ਸਿਮਰਨ ਕਰਦੀ ਰਹਿੰਦੀ।ਇਸ ਸੁੰਦਰ ਸਰੀਰ ਵਿਚ ਪਵਿੱਤਰ ਆਤਮਾ ਸਾਭੀ ਬੈਠੀ ਸੀ । ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰ ਤੇ ਨਿੱਤ ਨੇਮ ਕਰ ਦੀਵਾਨ ਵਿਚ ਕਥਾ ਕੀਰਤਨ ਸਰਵਨ ਕਰ ਬਾਕੀ ਸਮਾਂ ਉਥੇ ਕਈ ਕਿਸਮ ਦੀ ਸੇਵਾ ਕਰਦੀ ਨਾ ਅਕਦੀ ਨਾ ਥਕਦੀ ।
ਸੋਲਾਂ ਸਾਲਾਂ ਦੀ ਮੁਟਿਆਰ ਹੋ ਗਈ । ਇਸ ਦੇ ਮਾਪਿਆਂ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਇਸ ਦੇ ਵਿਆਹ ਕਰਨ ਬਾਰੇ ਵਿਚਾਰ ਪੁਛੀ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ । ਜਦੋਂ ਬਸੰਤ ਲਤਾ ਨੂੰ ਇਸ ਵਿਆਹ ਦੇ ਵਿਚਾਰ ਦਾ ਪਤਾ ਲੱਗਾ ਤਾਂ ਇਸ ਨੇ ਆਪਣੇ ਮਾਪਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ “ ਮੈਂ ਕੰਵਾਰੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦੀ ਹਾਂ । ਜੇ ਮੇਰਾ ਜਬਰਦਸਤੀ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ । ‘ ‘ ਇਹ ਪਵਿਤਰ ਵਿਚਾਰਾਂ ਦੀ ਧਾਰਨੀ ਸੀ ਤੇ ਮਾਤਾ ਸਾਹਿਬ ਕੌਰ ਪਾਸ ਰਹਿ ਉਨ੍ਹਾਂ ਦੀ ਸੇਵਾ ਕਰਨੀ ਚਾਹੁੰਦੀ ਸੀ ।
ਜਦੋਂ ਬਸੰਤ ਨੂੰ ਪਤਾ ਲਗਾ ਉਸ ਦੇ ਮਾਪੇ ਉਸ ਦੇ ਇਸ ਪਵਿੱਤਰ ਵਿਚਾਰਾਂ ਵਿਰੁੱਧ ਡੱਟ ਗਏ ਹਨ ਤਾਂ ਉਹ ਭੱਜ ਕੇ ਮਾਤਾ ਸਾਹਿਬ ਕੌਰ ਪਾਸ ਆ ਗਈ । ਮਾਤਾ ਜੀ ਦੇ ਪਵਿੱਤਰ ਚਰਨ ਪਕੜ ਹੰਝੂਆਂ ਨਾਲ ਭਇਓ ਦਿੱਤੇ । ਮਾਤਾ ਜੀ ਨੂੰ ਕਿਹਾ ਕਿ ਉਹ ਉਸ ਦੇ ਮਾਪਿਆਂ ਨੂੰ ਉਸ ਦਾ ਵਿਆਹ ਕਰਨ ਤੋਂ ਰੋਕਣ । ਆਖਰ ਮਾਤਾ ਜੀ ਨੇ ਉਸ ਦੇ ਮਾਪਿਆਂ ਨੂੰ ਉਸ ਦੀ ਸ਼ਾਦੀ ਕਰਨੋਂ ਵਰਜ ਦਿੱਤਾ । ਤੇ ਘਰ ਨਾ ਜਾਣ ਦਿੱਤਾ । ਮਾਤਾ ਜੀ ਦੀ ਬੜੇ ਪ੍ਰੇਮ ਤੇ ਸ਼ਰਧਾਂ ਨਾਲ ਸੇਵਾ ਕਰਦੀ । ਨਿਸ਼ਕਾਮ ਸੇਵਾ ਤੇ ਸਿਮਰਨ ਤੇ ਬਸੰਤ ਨੂੰ ਇਕ ਦੇਵੀ ਹੀ ਬਣਾ ਦਿਤਾ । ਸਾਰੇ ਪਾਸੇ ਇਸ ਦੇ ਆਦਰ ਮਾਨ ਹੋਣ ਲੱਗ ਪਏ । ਇਥੇ ਰਹਿ ਇਸ ਨੇ ਗੁਰਮੁਖੀ ਤੇ ਸੰਸਕ੍ਰਿਤ ਦੀ ਪੜ੍ਹਾਈ ਵੀ ਸਿੱਖੀ । ਕੇਵਲ ਪੰਜ ਘੰਟੇ ਸੌਂ ਬਾਕੀ ਸਮਾਂ ਸੇਵਾ ਸਿਮਰਨ ਤੇ ਨੇਕ ਕੰਮ ਕਰਨ ਵਿੱਚ ਗੁਜਾਰਦੀ । ਹਰ ਵਕਤ ਮਾਤਾ ਜੀ ਨੂੰ ਵੱਧ ਤੋਂ ਵੱਧ ਸੇਵਾ ਤੇ ਸਹੂਲਤਾਂ ਪ੍ਰਦਾਨ ਕਰਨ ਦੇ ਯਤਨ ਕਰਦੀ ਰਹਿੰਦੀ ।
ਇਧਰ ਕਈ ਮਹੀਨਿਆਂ ਦੀ ਜੰਗ ਤੋਂ ਬਾਦ ਅਨੰਦਪੁਰ ਛੱਡਣਾ ਪਿਆ । ਗੁਰੂ ਜੀ ਅਜੇ ਕਿਲਾ ਖਾਲੀ ਕਰਕੇ ਥੋੜੀ ਦੂਰ ਹੀ ਗਏ ਸਨ ਕਿ ਵੈਰੀਆਂ ਨੇ ਗਊ ਤੇ ਕੁਰਾਨ ਤੇ ਹੱਥ ਰੱਖ ਖਾਧੀਆਂ ਕਸਮਾਂ ਛਿੱਕੇ ਤੇ ਟੰਗ ਪਿਛੋਂ ਹਮਲਾ ਕਰ ਦਿੱਤਾ । ਆਪਣੀ ਜਵਾਨੀ ਨੂੰ ਗੁਰੂ ਘਰ ਤੋਂ ਵਾਰਨ ਵਾਲੀ ਬਸੰਤ ਨੇ ਮਾਤਾ ਸਾਹਿਬ ਕੌਰ ਦਾ ਸਾਥ ਨਾ ਛੱਡਿਆ । ਮਾਤਾ ਜੀ ਨਾਲ ਪੈਦਲ ਚਲ ਪਈ । ਮਾਤਾ ਜੀ ਨੇ ਬਥੇਰਾ ਸਮਝਾਇਆ ਕਿ ਉਹ ਮਾਤਾ ਦੇ ਨਾਲ ਪਾਲਕੀ ਵਿੱਚ ਬੈਠ ਜਾਵੇ । ਇਹੋ ਕਹਿ ਟਾਲ ਦੇਵੇ ਕਿ ਉਹ ਪੂਜਨੀਕ ਮਾਤਾ ਦੇ ਬਰਾਬਰ ਨਹੀਂ ਬੈਠ ਸਕਦੀ ਬਸੰਤ ਲਤਾ ਤੇਈ ਕੁ ਸਾਲ ਦੀ ਹੋਵੇ ਗੀ । ਪਵਿਤਰ ਜੀਵਨ , ਕੰਵਾਰਾਪਨ ਹੋਣ ਕਰਕੇ ਕਾਫੀ ਬਲਵਾਨ ਸੀ । ਚੂੰਗੀਆਂ ਮਾਰਦੀ ਪਾਲਕੀ ਦੇ ਨਾਲ ਨੱਠੀ ਜਾਂਦੀ ਹੱਥ ਵਿਚ ਨੰਗੀ ਕਿਰਪਾਨ । ਸਿਰ ਉਪਰ ਕੇਸਰੀ ਲੱਕ ਦੁਆਲੇ ਕਮਰ ਕੱਸਾ । ਫੁਰਤੀਲਾ ਸਰੀਰ ਏਨੀ ਠੰਡ ਤੇ ਸ਼ੀਤ ਵਾਲੀ ਹਵਾ ਦੀ ਵੀ ਕੋਈ ਪਰਵਾਹ ਨਾ ਕਰਦੀ ।
ਅੱਗੇ ਜੋਬਨਮਤੀ ਸ਼ੂਕਾਂ ਮਾਰਦੀ ਸਰਸਾ ਨਦੀ ਠਾਠਾਂ ਮਾਰ ਰਹੀ ਹੈ । ਇਸ ਨੂੰ ਪਾਰ ਕਰ ਠੰਡ ਨਾਲ ਬੌਦਲ ਗਈ । ਪਹਿਲਾਂ ਵਾਂਗ ਪਾਲਕੀ ਨਾਲ ਚਲਨੋ ਅਸਮਰਥ ਹੋ ਗਈ । ਹਨੇਰੀ ਰਾਤ ਵਿੱਚ ਠੇਡਾ ਖਾ ਡਿਗ ਪਈ । ਕਾਹਲੀ ਵਿੱਚ ਸਾਥੀ ਅੱਗੇ ਨਿਕਲ ਗਏ । ਜਦੋਂ ਹੋਸ਼ ਆਈ ਤਾਂ ਕਿਰਪਾਨ ਸੰਭਾਲ ਫਿਰ ਤੁਰ ਪਈ । ਪਿਛੋਂ ਨਿਰਦਈ ਵੈਰੀਆਂ ਦੇ ਸਿਪਾਹੀ ਆ ਮਿਲੇ । ਬਿਜਲੀ ਦੀ ਲਿਸ਼ਕ ਨਾਲ ਉਨ੍ਹਾਂ ਦੀ ਨਿਗਾਹ ਇਸ ਤੇ ਪਈ । ਸੁੰਦਰ ਮੁਟਿਆਰ ਨੂੰ ਇਕੱਲਿਆਂ ਵੇਖ ਪਕੜ ਲਿਆ । ਇਸ ਨੇ ਕਿਰਪਾਨ ਦਾ ਪ੍ਰਯੋਗ ਕਰਨ ਦਾ ਬਥੇਰਾ ਯਤਨ ਕੀਤਾ । ਇਕ ਤਾਂ ਠੰਡ ਨੇ ਉਸ ਨੂੰ ਨਿਢਾਲ ਕਰ ਦਿੱਤਾ ਸੀ ਦੂਜੇ ਵੈਰੀਆਂ ਦਾ ਗਲਬਾ ਪੈ ਗਿਆ । ਵਿਚਾਰੀ ਦੀ ਕੋਈ ਪੇਸ਼ ਨਾ ਗਈ । ਸਿਪਾਹੀ ਉਸ ਨੂੰ ਧੂਹਦੇ ਆਪਣੇ ਹਾਕਮ ਸਮੁੰਦ ਖਾਂ ਪਾਸ ਲੈ ਗਏ । ਇਹ ਬੜਾ ਨਿਰਦਈ ਤੇ ਕਾਮੀ ਪੁਰਸ਼ ਸੀ ! ਇਸ ਨੂੰ ਵੇਖ ਉਹ ਆਪਣਾ ਦਿਲ ਹੀ ਖੋ ਬੈਠਾ ।
ਸਮੁੰਦ ਖਾਂ ਪਹਾੜੀ ਰਾਜਿਆ ਦਾ ਨਵਾਬ ਸੀ । ਬੜਾ ਬਦਚਲਨ , ਲਾਲਚੀ ਤੇ ਅਭਿਮਾਨੀ ਸੀ । ਬਸੰਤ ਨੂੰ ਆਪਣੇ ਕਿਲ੍ਹੇ ਵਿਚ ਲੈ ਗਿਆ । ਕਿਲ੍ਹੇ ਵਿੱਚ ਲਿਜਾ ਬੜੇ ਲਾਲਚ ਮੁਖ ਬੇਗਮ ਬਣਾਉਣ ਤੇ ਹੋਰ ਐਸ਼ੋ ਇਸ਼ਰਤ ਦੇ ਲਾਲਚ ਦੇ ਵਰਗਲਾਉਣ ਲੱਗਾ ਪਰ ਬਸੰਤ ਲਤਾ ਨੇ ਸੱਚੀ ਗੱਲ ਕਹੀ ਕਿ “ ਬਸੰਤ ਨੂੰ ਭਾਵੇਂ ਕੁੱਟ ਕੁੱਟ , ਭੁਖਿਆ ਰਖ , ਕੀਮਾਂ ਕੀਮਾਂ ਕਰ ਦਿਉ । ਇਹ ਕਿਸੇ ਮਰਦ ਨੂੰ ਆਪਣਾ ਪਤੀ ਸਵੀਕਾਰ ਨਹੀਂ ਕਰੇਗੀ । ਮੈਂ ਸਤਿਗੁਰੂ ਜੀ ਹਜ਼ੂਰੀ ਵਿੱਚ ਇਹ ਪ੍ਰਣ ਕੀਤਾ ਹੈ । ਮੈਨੂੰ ਸੰਸਾਰਕ ਐਸ਼ੋ ਇਸ਼ਰਤ ਨਹੀਂ ਭਾਉਂਦੇ । ਮੈਂ ਮਾਤਾ ਜੀ ਦੀ ਸੇਵਾ ਕਰਨ ਦਾ ਪ੍ਰਣ ਕੀਤਾ ਹੋਇਆ ਹੈ । ਜੇ ਉਹ ਮਿਲ ਜਾਣ ਤਾਂ ਉਨ੍ਹਾਂ ਦੇ ਚਰਨਾਂ ਵਿਚ ਸੇਵਾ ਕਰ ਜੀਵਨ ਬਤੀਤ ਕਰ ਸਕਾਂ । ”
ਸਮੁੰਦ ਖਾਂ ਇਸ ਨੂੰ ਗੁਰੂ ਘਰ ਵਿਚੋਂ ਇਸਤਰੀ ਸਮਝਦਾ ਸੀ । ਸਮੁੰਦ ਖਾਂ ਨੇ ਬੜਾ ਜੋਰ ਲਾਇਆ ਕਿ ਬਸੰਤ ਬੇਗਮ ਬਣ ਜਾਵੇ । ਲਾਲਚ , ਡਰਾਵੇ ਜਦੋਂ ਫੇਲ ਹੋ ਗਏ ਤਾਂ ਇਸ ਨੂੰ ਬੰਦੀ ਖਾਨੇ ਵਿਚ ਪਾ ਕੇ ਨਿਰਬਲ ਕਰਨ ਦੀ ਵਿਚਾਰ ਬਣਾਈ । ਬੰਦੀ ਖਾਨਾ ਵੀ ਇਕ ਨਰਕ ਹੀ ਸੀ । ਸਲਾਭੀ ਥਾਂ , ਘੁੱਪ ਹਨੇਰਾ , ਅੰਦਰ ਕੀੜੇ ਮਕੌੜੇ , ਚੂਹੇ ਕਿਰਲੀਆਂ ਅਨੇਕ ਹੋਰ ਜੀਵ ॥ ਇਸ ਵਿਚ ਇਕ ਪੱਥਰ ਦਾ ਉੱਚਾ ਥੜਾ ਬਣਿਆ ਹੋਇਆ ਸੀ । ਜਿਸ ਉਪਰ ਬੈਠਿਆ ਜਾਂ ਤਾ ਜਾ ਸਕਦਾ ਸੀ । ਜੰਗਲ ਪਾਣੀ ਵੀ ਵਿਚੇ ਹੀ।ਪਹਿਲੀ ਰਾਤ ਸਿਰ ਤੇ ਆਈ ਥੱਕੀ ਟੁੱਟੀ ਨੂੰ ਨੀਂਦ ਆ ਗਈ । ਸਾਰੀ ਰਾਤ ਰਾਹ ਵਿੱਚ ਕਸ਼ਟਾ ਤੇ ਲੜਾਈ ਦਾ ਖਿਆਲ ਫਿਲਮ ਵਾਂਗ ਖਿਆਲਾ ਵਿੱਚ ਆਉਂਦਾ ਰਿਹਾ ਜਦੋਂ ਮਾਤਾ ਸਾਹਿਬ ਕੌਰ ਦਾ ਵਿਛੋੜਾ ਯਾਦ ਆ ਗਿਆ ਸੁਪਨੇ ਵਿਚ ਬੜਾਉਣ ਲੱਗੀ ‘ ਮਾਤਾ ਜੀ ਮਾਤਾ ਜੀ ਮੈਨੂੰ ਛੱਡ ਕੇ ਨਾ ਜਾਇਓ ਕਰਦੀ ਉਠ ਕੇ ਭੁੱਜੀ ਤਾਂ ਬੰਦੇ ਦੀ ਪੱਥਰ ਦੀ ਕੰਧ ਨਾਲ ਸਿਰ ਜਾ ਵੱਜਾ ਸੱਟ ਲੱਗੀ ਤਾਂ ਹੋਸ਼ ਵਿੱਚ ਆਈ ਤਾਂ ਪਤਾ ਲਗਾ ਕਿ ਮੈਂ ਕੈਦ ਵਿਚ ਹਾਂ । ‘ ‘
ਉਥੇ ਹੀ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਕਰ ਅਰਦਾਸ ਬੇਨਤੀ ਕਰਨ ਲੱਗੀ । “ ਹੇ ਸੱਚੇ ਪਾਤਸ਼ਾਹ ! ਕਲਗੀਆਂ ਵਾਲੇ ! ਦਿਆਲੂ ਪਿਤਾ ਦਾਸੀ ਨੂੰ ਤਾਂ ਤੇਰਾ ਹੀ ਆਸਰਾ ਹੈ । ਮੈਂ ਭੋਲੇ ਭਾ ਪ੍ਰਣ ਕਰ ਲਿਆ ਸੀ ਕਿ ਤੇਰੇ , ਚਰਨਾ ਵਿੱਚ ਜੀਵਨ ਬਤੀਤ ਕਰਾਂਗੀ ਮਾਤਾ ਜੀ ਦੀ ਸੇਵਾ ਕਰਾਂਗੀ , ਗੁਰੂ ਘਰ ਦੇ ਜੂਠੇ ਬਰਤਨ ਮਾਜਾਂਗੀ ਤੇ ਸੰਗਤ ਦੇ ਜੋੜੇ ਝਾੜ ਜਨਮ ਸਫਲਾ ਕਰਾਂਗੀ । ਕੀ ਭਾਣਾ ਵਰਤਾ ਦਿੱਤਾ । ਸਾਰੇ ਵਿਛੜ ਗਏ । ਮੈਨੂੰ ਇਕੱਲੀ ਨੂੰ ਛੱਡ ਗਏ । ਮੇਰਾ ਰੂਪ ਤੇ ਜਵਾਨੀ ਹੀ ਮੇਰਾ ਵੈਰੀ ਬਣ ਗਿਆ । ਮੈਨੂੰ ਤੇ ਮੇਰੀ ਪਵਿਰਤਾ ਨੂੰ ਬਚਾਓ । ਮੇਰਾ ਧਰਮ ਚਲਿਆ ਜੇ ਕਿਤੇ ਮੇਰਾ ਨਰਕਾਂ ਵਿਚ ਵਾਸਾ ਨਾ ਹੋਵੇ । ਹੇ ਜਗਤ ਰਖਿਅਕ ਦੀਨ ਦਿਆਲੂ ਪ੍ਰਭੂ ਲਜਿਆ ਰੱਖੋ ।
“ ਰਾਖਨ ਹਾਰੇ ਰਾਖਹੁ ਆਪ || ਸਗਲ ਸੁਖਾ ਪ੍ਰਭ ਤੁਮਰੈ ਹਾਥ ॥
ਇਸ ਤਰ੍ਹਾਂ ਪ੍ਰਮਾਤਮਾ ਅੱਗੇ ਲਿਲੜੀਆ ਲੈ ਰਹੀ ਸੀ ਕਿ ਪ੍ਰਭੁ ਮੇਰੀ ਸਹਾਇਤਾ ਕਰੋ । ਇਸ ਤਰ੍ਹਾਂ ਆਪਣੇ ਨਾਲ ਹੀ ਗੱਲਾਂ ਕਰ ਰਹੀ ਸੀ ਕਿ ਇਕ ਅੱਧਖੜ ਹਿੰਦੂ ਤੀਵੀਂ ਦੀਵਾ ਲੈ ਕੇ ਬੰਦੀ ਖਾਨੇ ਦੇ ਬੂਹੇ ਅੱਗੇ ਆ ਖਲੋਤੀ ਤੇ ਕਹਿਣ ਲੱਗੀ ਕਿ ਉਹ ਹਿੰਦੂ ਹੈ ਉਸ ਨੂੰ ਖਾਨ ਬਹਾਦਰ ਨੇ ਉਸ ਲਈ ਰੋਟੀ ਪਕਵਾ ਕੇ ਘੱਲੀ ਰੋਟੀ ਖਾ ਲੈ । ਬਸੰਤ ਲਤਾ ਨੇ ਬੜਾ ਟਾਲਿਆ ਪਰ ਬੁੱਢੜੀ ਨੇ ਉਸ ਨੂੰ ਰੋਟੀ ਖਾਣ ਲਈ ਮਜਬੂਰ ਕਰ ਹੀ ਦਿੱਤਾ । ਦੋ ਤਿੰਨ ਦੀ ਦੁੱਖੀ ਨੇ ਰੋਟੀ ਖਾਧੀ ਤੇ ਅੰਦਰ ਜਾ ਪੱਥਰ ਤੇ ਲੇਟੀ ।
ਚੰਦਰ ਪ੍ਰਭਾ ਹਿੰਦੂ ਤੀਵੀਂ ਨੂੰ ਅਜੇ ਥੋੜਾ ਚਿਰ ਗਈ ਨੂੰ ਹੋਇਆ ਸੀ ਕਿ ਸਮੁੰਦ ਖਾਨ ਬੰਦੀ ਖਾਨੇ ਵਿੱਚ ਆ ਵੜਿਆ ਆਉਂਦਿਆਂ ਹੀ ਬਸੰਤ ਨੂੰ ਕਿਹਾ ਹੈ ਸੁੰਦਰਤਾ ਦੀ ਦੇਵੀ ! ਮੈਨੂੰ ਅਫਸੋਸ ਹੈ ਤੈਨੂੰ ਇਸ ਕਾਲ ਕੋਠੜੀ ਵਿੱਚ ਸੁੱਟਣਾ ਪਿਆ । ਮੈਨੂੰ ਦਸੋ ਮੇਰੇ ਵਿਚ ਕੀ ਐਬ ਹੈ ? ਤੇਰੇ ਸਾਰੇ ਸਾਥੀ ਤੇ ਗੁਰੂ ਦਾ ਪ੍ਰਵਾਰ ਖਤਮ ਕਰ ਦਿੱਤਾ ਗਿਆ ਹੈ । ਤੇਰਾ ਹੁਣ ਕੋਈ ਆਸਰਾ ਨਹੀਂ ਰਿਹਾ । ਤੂੰ ਇਕੱਲੀ ਕੀ ਕਰੇਂਗੀ ? ਕਿਥੇ ਜਾਵੇਗੀ ? ਤੈਨੂੰ ਸਭ ਸੁੱਖ ਆਰਾਮ ਅਰਪਣ ਕੀਤਾ ਜਾਣਗੇ । ‘ ‘
ਬਸੰਤ ਨੇ ਕਿਹਾ ਕਿ “ ਮੈਂ ਇਕ ਵਾਰੀ ਨਹੀਂ ਕਈ ਵਾਰੀ ਕਿਹਾ ਹੈ ਕਿ ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਸਮ ਖਾਧੀ ਹੈ ਕਿ ਮੈਂ ਕਿਸੇ ਨੂੰ ਪਤੀ ਨਹੀਂ ਮਨਾਂਗੀ । ਤੇ ਨਾ ਕੋਈ ਬੁਰਾ ਐਬ ਕਰਨਾ ਹੈ । ਮੈਨੂੰ ਪਵਿੱਤਰ ਰਹਿਣ ਦਿਓ । ਮੈਨੂੰ ਆਪਣੀ ਭੈਣ ਸਮਝੋ । ਮੇਰੇ ਤੇ ਦਯਾ ਕਰੋ , ਧਰਮ ਕਰੋ । ਸਦਾ ਖੁਦਾ ਪਾਸੋਂ ਡਰਨਾ ਚਾਹੀਦਾ ਹੈ । ਮੈਂ ਇਕ ਇਸਤਰੀ ਹਾਂ ਤੇ ਨਿਰਬਲ ਹਾਂ । ਇਸ ਨਿਰਬਲਤਾ ਦਾ ਲਾਭ ਨਾ ਉਠਾਓ ਖੁਦਾ ਮੰਦਾ ਚੰਗਾ ਸਭ ਕੁਝ ਦੇਖਦਾ ਹੈ । ਪਾਪ ਕਰ ਕੇ ਦੋਜ਼ਖ ਦੀ ਅੱਗ ਵਿਚ ਨਾ ਸੜਿਓ ।
ਸਮੁੰਦ ਖਾਂ ਨਸ਼ੇ ਵਿਚ ਅੰਨ੍ਹਾਂ ਹੋਇਆ ਪਿਆ ਸੀ ਕਹਿਣ ਲੱਗਾ ਕਿ “ ਜੇ ਇਉਂ ਨਾ ਮੰਨੇਗੀ ਮੈ ਧੱਕੇਸ਼ਾਹੀ ਕਰਾਂਗਾ ਬੀਬੀ ਬਸੰਤ ਲਤਾ ਬੋਲੀ ਕੌਣ ਹੈ ਮੇਰੇ ਨਾਲ ਧੱਕੇਸ਼ਾਹੀ ਕਰਨ ਵਾਲਾਂ ਮੇਰਾ ਸਤਿਗੁਰੂ ਮੇਰੇ ਧਰਮ ਦਾ ਰਾਖਾ ਹੈ । ਅਕਾਲ ਪੁਰਖ ਮੇਰੇ ਜਿਹੀਆਂ ਅਬਲਾਵਾਂ ਦੀ ਬੇਨਤੀ ਸੁਣ ਰਖਿਆ ਕਰਦਾ ਹੈ । ਕੰਨ ਖੋਹਲ ਕੇ ਸੁਣ ਲੈ । ਮੈਨੂੰ ਹਥ ਲਾ ਕੇ ਆਪਣਾ ਸਤਿਆਨਾਸ ਨਾ ਕਰਾ ਲਵੀਂ । ਮੈਂ ਬਿਜਲੀ ਹਾਂ ਚੰਡੀ ਹਾਂ । ਮੇਰੀ ਪਵਿਤਾ ਸੱਚੀ ਹੈ । ਕੋਈ ਮਨੁੱਖ ਮੇਰੇ ਤਨ ਨੂੰ ਹੱਥ ਨਹੀਂ ਲਾ ਸਕਦਾ । ‘ ‘
ਸਮੁੰਦ ਖਾਨ ਬੋਲਿਆ “ ਸਤਿਗੁਰੂ ਤੇਰਾ ਆਪਣੀ ਰਾਖੀ ਨਾ ਕਰ ਸਕਿਆ ਤੇਰੀ ਕੀ ਰਖਿਆ ਕਰੇਗਾ । ਬਸੰਤ ਲਤਾ ਬੋਲੀ । “ ਉਹ ਵੇਖ ਮੇਰੇ ਸਤਿਗੁਰੂ ਮੇਰੀ ਸਹਾਇਤਾ ਲਈ ਆ ਰਹੇ ਹਨ । ਪਾਪੀ ਕੁੱਤੇ ਪਰਾਂ ਹਟ ਮਰ ਪਰੇ ! ਧੰਨ ਮੇਰੇ ਭਾਗ ਉਹ ਕਲਗੀਆਂ ਵਾਲੇ ਆ ਗਏ ਹਨ । ਮੈਂ ਬਲਿਹਾਰੇ ਜਾਵਾਂ । ਸਮੁੰਦ ਖਾਂ ਹਥ ਫੈਲਾ ਬਾਹਵਾਂ ਵਿਚ ਘੁਟਣ ਲਈ ਬਸੰਤ ਲਤਾ ਵਲ ਅੱਗੇ ਵਧਿਆ । ਬਸੰਤ ਲਤਾ ਖਿੜ ਖਿੜਾ ਹੱਸਣ ਲੱਗੀ ‘ ਕੀ ਵੇਖ ਰਹੀ ਹੈ ਕਿ ਧੰਨ ਹੈ ਸਤਿਗੁਰੂ ! ਮੈਂ ਬਲਿਹਾਰੇ ਜਾਂਦੀ ਹਾਂ । ਆਪਣੀ ਪੁਤਰੀ ਦੀ ਲਾਜ ਤੇ ਪਵਿਰਤਾ ਕਾਇਮ ਰੱਖਣ ਖਾਤਰ ਪੁਜ ਹੀ ਗਏ ਨਾ ! ਇਸ ਪਾਪੀ ਦੁਸ਼ਟ ਨੂੰ ਬਹੁਤ ਸਮਝਾਇਆ | ਪਰ ਨਹੀਂ ਸਮਝਿਆ | ਅਕਾਲ ਪੁਰਖ ਦੀ ਸ਼ਕਤੀ ਨੂੰ ਮਖੌਲ ਕਰਦਾ ਹੈ।ਦਾਤਾ ! ਮਿਹਰ ਕਰੋ ਬੰਦੀ ਖਾਨੇ ਵਿੱਚੋਂ ਕੱਢ ਕੇ ਲੈ ਚਲੋ ਪਾਪੀਆਂ ਪਾਸੋ । ‘ ‘
ਸਮੁੰਦ ਖਾਂ ਅੱਗੇ ਵਧਣ ਦਾ ਜਤਨ ਕਰਦਾ ਹੈ ਬਾਹਵਾਂ ਫੈਲਾਈਆਂ ਹੀ ਰਹਿ ਗਈਆਂ ਹਨ । ਇਕੱਠੀਆਂ ਨਹੀਂ ਹੁੰਦੀਆਂ । ਹੇਠੋਂ ਪੈਰ ਧਰਤੀ ਨਾਲ ਜੁੜ ਗਏ ਹਨ । ਹਿਲਦੇ ਨਹੀਂ ਹਨ । ਅੱਖਾਂ ਤੋਂ ਅਨ੍ਹਾਂ ਹੋ ਗਿਆ ਹੈ । ਉਸ ਦੇ ਸਰੀਰ ਦਾ ਲਹੂ ਜਮਣ ਲੱਗ ਪਿਆ ਹੈ । ਹੈਰਾਨ ਹੈ ਕਿ ਕੀ ਹੋ ਗਿਆ , ਸੋਚਦਾ ਹੈ ਕਿ ਸੱਚ ਮੁੱਚ ਹੀ ਕੋਈ ਰੱਬੀ ਸ਼ਕਤੀ ਬਸੰਤ ਦੀ ਸਹਾਇਤਾ ਲਈ ਆ ਬਹੁੜੀ ਹੈ । ਬਸੰਤ ਪਿਛੇ ਹੱਟ ਗਈ ਹੈ । ਸਤਿਗੁਰੂ ਦੇ ਦਰਸ਼ਨ ਹੋਣੋਂ ਹੱਟ ਗਏ ਹਨ । ਉਹ ਗੁਰੂ ਜੀ ਦਾ ਜਸ “ ਸਤਿਨਾਮ ਵਾਹਿਗੁਰੂ , ਸਤਿਨਾਮ ਵਾਹਿਗੁਰੂ ਦਾ ਜਾਪ ਕਰਨ ਲੱਗੀ । ਸਮੁੰਦ ਖਾਂ ਸਭ ਕੁਝ ਸੁਣ ਰਿਹਾ ਹੈ । ਦਿਖਾਈ ਕੁਝ ਨਹੀਂ ਦੇਂਦਾ । ਬਾਹਵਾਂ ਉਸੇ ਤਰ੍ਹਾਂ ਆਕੜੀਆਂ ਹੋਈਆਂ ਹਨ । ਸ਼ੁਕਰ ਹੈ ਕਿ ਕੰਨ ਤੇ ਜੁਬਾਨ ਕੰਮ ਕਰਦੇ ਹਨ । ਉਹ ਅਨੁਭਵ ਕਰਨ ਲਗਾ ਕਿ ਵਾਕਈ ਕੋਈ ਖੁਦਾਈ ਸ਼ਕਤੀ ਬਹੁੜੀ ਹੈ । ਡਿਕੋਲੱਕਾ ਜਿਹਾ ਹੋ ਕੇ ਬੋਲਿਆ “ ਹੇ ਦੇਵੀ ਬਸੰਤ ਲਤਾ ਮੈਨੂੰ ਖਿਮਾ ਬਖਸ਼ ! ਮੈਂ ਭੁਲ ਗਿਆ ਸਾਂ । ਮੇਰੇ ਪਾਪ ਨੂੰ ਨਾ ਚਿਤਾਰ ਬਖਸ਼ ਦੇ । ਭੈਣ ਬਸੰਤ ਲਤਾ ਮੈਨੂੰ ਮੁਆਫ ਕਰ ਕੇ ਮੈਥੋਂ ਗਲਤੀਆਂ ਹੋ ਗਈਆਂ ਹਨ ।
ਬਸੰਤ ਲਤਾ ਕਿਹਾ ਕਿ ਇਹ ਮੇਰੇ ਵਸ ਦੀ ਗੱਲ ਨਹੀਂ ਹੈਂ ਮੈਂ ਤਾਂ ਅਬਲਾ ਤੇ ਕੈਦਨ ਹਾਂ ਮੈਂ ਵਿਚਾਰੀ ਕੀ ਕਰ ਸਕਦੀ ਹਾਂ । ਹੁਣ ਸਮੁੰਦ ਖਾਂ ਦੇ ਕਪਾਟ ਖੁੱਲ ਗਏ ਕਹਿਣ ਲੱਗਾ , “ ਹੈ ਭੈਣੇ ! ਮੇਰੇ ਖਾਤਰ ਆਪਣੇ ਸਤਿ ਗੁਰ ਅੱਗੇ ਅਰਜ਼ ਕਰ ਕਿ ਉਹ ਮੇਰੀਆਂ ਪਿਛਲੀਆਂ ਭੁੱਲਾਂ ਨੂੰ ਬਖਸ਼ਣ । ਮੇਰੀ ਭੈੜੀ ਨੀਚ ਜ਼ਬਾਨ ਵਿਚੋਂ ਉਨ੍ਹਾਂ ਦੀ ਸ਼ਾਨ ਵਿਰੁੱਧ ਜਿਹੜੇ ਭੈੜੇ ਸ਼ਬਦ ਮੈਥੋਂ ਨਿਕਲੇ ਹਨ , ਉਹ ਖਿਮਾ ਕਰਨ ! ਮੈਂ ਮਹਾਂ ਪਾਪੀ ਹਾਂ । ਹੁਣ ਮੈਨੂੰ ਬਖਸ਼ ਦੇਣ । ਮੇਰੀਆਂ ਅੱਖਾਂ ਖੁਲਣ ਮੇਰੇ ਹਥ ਬਾਹਾਂ ਠੀਕ ਹੋਣ । ਤੈਨੂੰ ਭੈਣ ਸਮਝਦਾ ਹਾਂ । ਮੈ ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕਸਮ ਖਾਂਦਾ ਹੈ ਕਿ ਮੈਂ ਭੈਣ ਬਸੰਤ ਲਤਾ ਨੂੰ ਗੁਰੂ ਦੇ ਪ੍ਰਵਾਰ ਪਾਸ ਭੇਜ ਦੇਵਾਂਗਾ । ਇਸ ਦੀ ਕੋਈ ਨਿਰਾਦਰੀ ਨਹੀਂ ਕਰੇਗਾ । ਮੈਂ ਫਿਰ ਖਿਮਾਂ ਲਈ ਅਰਜ਼ ਕਰਦਾ ਹਾਂ । ‘ ‘
ਸਮੁੰਦ ਖਾਂ ਨੇ ਬਸੰਤ ਲਤਾ ਨੂੰ ਬੰਦੀ ਖਾਨਿਓ ਬਾਹਰ ਕੱਢ ਕੇ ਭੈਣ ਬਣਾ ਲਿਆ । ਆਪਣੇ ਮਹਿਲਾਂ ਵਿਚ ਲਿਆ ਕੇ ਆਪਣੀਆਂ ਬੇਗਮਾਂ ਪਾਸੋਂ ਬੜਾ ਆਦਰ ਮਾਨ ਕਰਵਾਇਆ ਤੇ ਸਮੁੰਦ ਖਾਂ ਪਾਸੋਂ ਬਸੰਤ ਦੀ ਪਵਿਤਾ ਦੀ ਸਾਖੀ ਸੁਣ ਕੇ ਹੱਕੀ ਬੱਕੀ ਰਹਿ ਗਈਆਂ । ਮਹਿਲਾਂ ਦੀਆਂ ਇਸਤ੍ਰੀਆਂ ਇਸ ਨੂੰ ਦੇਵੀ ਹੀ ਸਮਝਣ ਲੱਗ ਪਈਆਂ । ਸਾਰੇ ਘਰ ਦਾ ਵਾਤਾਵਰਨ ਹੀ ਬਦਲ ਕੇ ਪਵਿਤਰ ਹੋ ਗਿਆ । ਸਮੁੰਦ ਖਾਂ ਨੇ ਤੀਜੇ ਦਿਨ ਪਤਾ ਕਰਕੇ ਦਸਿਆ ਕਿ “ ਭੈਣ ਜੀ ਬੜੀਆਂ ਮਾੜੀਆਂ ਤੇ ਭੈੜੀਆਂ ਖਬਰਾਂ ਦਸਣ ਲਗਾ ਹਾਂ ਚਮਕੌਰ ਵਿੱਚ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ । ਗੁਰੂ ਜੀ ਅੱਗੇ ਨਿਕਲ ਗਏ ਹਨ । ਸਾਰਾ ਪ੍ਰਵਾਰ ਹੀ ਖਿਲਰ ਪੁਲਰ ਗਿਆ ਹੈ । ਅਜੇ ਰੌਲਾ ਬਹੁਤ ਹੈ । ਤੁਹਾਨੂੰ ਅਜੇ ਬਾਹਰ ਭੇਜਣਾ ਚੰਗਾ ਨਹੀਂ ਹੈ । ਤੁਸੀਂ ਏਥੇ ਆਰਾਮ ਨਾਲ ਟਿਕੇ ।
ਇਸ ਤਰ੍ਹਾਂ ਬਸੰਤ ਲਤਾ ਸਮੁੰਦ ਖਾਂ ਦੀ ਭੈਣ ਬਣ ਕੇ ਕਾਫੀ ਅਰਸਾ ਉਸ ਪਾਸ ਰਹੀ । ਸਮੁੰਦ ਖਾਂ ਦੀਆਂ ਬੇਗਮਾਂ ਤੇ ਦਾਸੀਆਂ ਇਸ ਨੂੰ ਦੇਵਾਂ ਕਰਕੇ ਪੂਜਦੀਆਂ । ਇਹ ਸਾਰਾ ਦਿਨ ਪ੍ਰਭੂ ਭਗਤੀ ਤੇ ਸਿਮਰਨ ਵਿੱਚ ਜੁੜੀ ਰਹਿੰਦੀ । ਰਾਤ ਸੌਣ ਲਗਿਆਂ । ਗੁਰੂ ਘਰ ਦੀਆਂ ਸ਼ਕਤੀਆਂ ਤੇ ਬਰਕਤਾਂ ਬਾਰੇ ਸਾਰਿਆਂ ਨੂੰ ਦੱਸਦੀ । ਜਾਣੋ ਇਕ ਸਤਿਸੰਗ ਹੀ ਲੱਗ ਜਾਂਦਾ । ਸਾਰੇ ਇਸ ਦੀ ਗਿਆਨ ਭਰਪੂਰ ਵਿਚਾਰ ਤੇ ਪ੍ਰਮਾਤਮਾ ਨਾਲ ਜੋੜਨ ਦੀਆਂ ਗਲਾਂ ਬੜੇ ਪ੍ਰੇਮ ਤੇ ਦਿਲਚਸਪੀ ਨਾਲ ਸੁਣਦੇ । ਦੋ ਮਹੀਨੇ ਬੀਤ ਗਏ । ਠੰਡ ਠੰਡੋਲਾ ਹੋ ਗਿਆ | ਬਸੰਤ ਲਤਾ ਨੂੰ ਸਮੁੰਦ ਖਾਂ ਨੇ ਭੈਣਾ ਵਾਂਗ ਚੰਗਾ ਸਾਮਾਨ ਬਣਾ ਕੇ ਤੋਰਿਆ । ਛੇ ਘੋੜ ਸਵਾਰ ਦਿੱਤੇ ਬਸੰਤ ਨੂੰ ਪਾਲਕੀ ਵਿੱਚ ਬਿਠਾ ਚੰਦਰ ਪ੍ਰਭਾ ਨੂੰ ਨਾਲ ਘੋੜੇ ਤੇ ਤੋਰਿਆ । ਪੰਦਰਾ ਦਿਨ ਮੰਜ਼ਲਾ ਮਾਰਦੇ ਗੁਰੂ ਜੀ ਪਾਸ ਦੀਨੇ ਛਡ ਆਏ । ਉਧਰੋਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਵੀ ਦਿੱਲੀਓਂ ਉਥੇ ਪੁੱਜ ਗਈਆਂ ਬਾਕੀ ਰਹਿੰਦੇ ਪ੍ਰਵਾਰ ਨੂੰ ਵੇਖ ਕੇ ਬਹੁਤ ਖੁਸ਼ ਹੋਈ । ਆਪਣੀ ਸਾਰੀ ਹੱਡ ਬੀਤੀ ਸਭ ਸੰਗਤ ਨੂੰ ਸੁਣਾਈ । ਕਲਗੀਆਂ ਵਾਲੇ ਦਾ ਧੰਨਵਾਦ ਕੀਤਾ । ਜਿਨ੍ਹਾਂ ਨੇ ਉਸ ਦੀ ਪੈਜ ਤੇ ਪ੍ਰਤਿਗਿਆ ਰੱਖ ਉਸ ਦੀ ਪਵਿਤ੍ਰਤਾ ਕਾਇਮ ਰੱਖੀ ਤੇ ਕਾਲ ਕੋਠੜੀ ‘ ਚੋਂ ਖਲਾਸੀ ਕਰਾਈ ।
ਜਿਹੜੀਆਂ ਬੀਬੀਆਂ ਧਰਮ ਵਿਚ ਪੱਕੀਆਂ , ਪ੍ਰਭੂ ਭਗਤੀ ਤੇ ਸੇਵਾ ਸਿਮਰਨ ਦੀਆਂ ਧਾਰਨੀ ਹੁੰਦੀਆਂ ਹਨ । ਅਕਾਲ ਪੁਰਖ ਆਪ ਬਹੁੜ ਕੇ ਉਨ੍ਹਾਂ ਦੇ ਧਰਮ ਦੀ ਰਖਿਆ ਤੇ ਸਹਾਇਤਾ ਕਰਦਾ ਹੈ । ਉੱਚਾ ਆਰਚਨ ਉੱਚੀ ਅਵਸਥਾ ਵਿਚ ਲੈ ਜਾਂਦਾ ਹੈ । ਇਸ ਬੀਬੀ ਦੀ ਕਥਾ ਵੀ ਸਿੱਖ ਬੀਬੀਆਂ ਲਈ ਇੱਕ ਚਾਨਣ ਮੁਨਾਰਾ ਹੈ ।
ਜੋਰਾਵਰ ਸਿੰਘ ਤਰਸਿੱਕਾ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top