ਸ਼ਹੀਦ ਬੀਬੀ ਬਘੇਲ ਕੌਰ

ਸ਼ਹੀਦ ਬੀਬੀ ਬਘੇਲ ਕੌਰ ,
ਮੁਗਲ ਰਾਜ ਦੀਆਂ ਕੰਧਾਂ ਢੱਠ ਰਹੀਆਂ ਸਨ । ਤੁਰਕ ਬੜੇ ਜ਼ੁਲਮ ਤੇ ਧੱਕੋ – ਜ਼ੋਰੀ ਕਰ ਰਹੇ ਸਨ । ਇਕ ਹਿੰਦੂ ਲਾੜਾ ਵਿਆਹ ਕਰਾ ਕੇ ਜੰਝ ਸਮੇਤ ਲਾੜੀ ਨੂੰ ਡੋਲੀ ‘ ਚ ਲੱਦੀ ਆ ਰਿਹਾ ਸੀ ਕਿ ਰਸਤੇ ਵਿਚ ਇਲਾਕੇ ਦਾ ਚੌਧਰੀ ਕੁਝ ਸਿਪਾਹੀਆਂ ਸਮੇਤ ਗਸ਼ਤ ਕਰਦਾ ਅਗੋਂ ਮਿਲ ਪਿਆ । ਦਬਕਾ ਮਾਰ ਕੇ ਡੋਲਾ ਆਪਣੇ ਘਰ ਲੈ ਗਿਆ । ਜਦੋਂ ਲਾੜਾ ਤੇ ਉਸ ਦਾ ਪਿਤਾ , ਚੌਧਰੀ ਦੀਆਂ ਮਿੰਨਤਾਂ ਕਰਨ ਲਗਾ ਤਾਂ ਅਗੋਂ ਕਹਿਣ ਲਗਾ ਕਿ “ ਇਹੋ ਜਿਹੀ ਹੋਰ ਕੋਈ ਬਹੂ ਦੇ ਜਾਓ ਤੇ ਇਸ ਨੂੰ ਲੈ ਜਾਓ ਜਾਂ ਮਹੀਨੇ ਬਾਅਦ ਇਸ ਨੂੰ ਆ ਕੇ ਲੈ ਜਾਇਓ । ” ਇਸ ਦਾ ਘਰ ਵਾਲਾ ਸਿੱਧਾ ਸਿੰਘਾਂ ਪਾਸ ਜਾ ਕੇ ਅੰਮ੍ਰਿਤ ਛੱਕ ਕੇ ਤੇਜਾ ਸਿੰਘ ਬਣ ਗਿਆ । ਆਪਣੀ ਪਤਨੀ ਨੂੰ ਸਿੱਖਾਂ ਦੀ ਸਹਾਇਤਾ ਨਾਲ ਵਾਪਸ ਲਿਆਂਦਾ । ਉਸ ਨੇ ਅੰਮ੍ਰਿਤ ਛਕ ਬਘੇਲ ਕੌਰ ਨਾਮ ਰਖਿਆ । ਸਿੰਘਾਂ ਨਾਲ ਕਸ਼ਟ ਝਲਦੀ ਕਿਸੇ ਨੂੰ ਬਚਾਉਂਦੀ ਲਾਹੌਰ ਕੈਂਪ ਵਿਚ ਗਈ । ਜਰਵਾਨਿਆਂ ਦੀ ਕੋਈ ਈਨ ਨਹੀਂ ਮੰਨੀ , ਸਾਥਣਾਂ ਨੂੰ ਵੀ ਹੌਸਲਾ ਤੇ ਜੁਰੱਅਤ ਪ੍ਰਦਾਨ ਕਰਦੀ ਅੰਤ ਆਪਣੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਂਦੀ ਸ਼ਹੀਦ ਹੋ ਗਈ ।
ਅਬਦਾਲੀ ਦੀ ਲੁੱਟ ਖਸੁੱਟ ਦਾ ਬਿਖੜਾ ਸਮਾਂ ਸੀ । ਮੁਸਲਮਾਨ ਹਿੰਦੂਆਂ ਉਤੇ ਜ਼ੁਲਮ ਢਾਹੁੰਦੇ ਉਨ੍ਹਾਂ ਦੀਆਂ ਜੁਆਨ ਲੜਕੀਆਂ ਚੁੱਕ ਕੇ ਲੈ ਜਾਂਦੇ । ਸਿੱਖਾਂ ਨੇ ਜੰਗਲਾਂ ਵਿਚ ਟੱਬਰਾਂ ਸਮੇਤ ਡੇਰੇ ਲਾਏ ਹੋਏ ਸਨ ਕਿਤੇ ਕਿਤੇ ਸਿੱਖਾਂ ਦੇ ਘਰਾਂ ‘ ਚ ਇਸਤਰੀਆਂ ਰਹਿੰਦੀਆਂ ਸਨ । ਇਨ੍ਹਾਂ ਦਿਨਾਂ ਵਿਚ ਇਕ ਹਿੰਦੂ ਪ੍ਰਵਾਰ ਆਪਣੇ ਲੜਕੇ ਦਾ ਵਿਆਹ ਕਰਕੇ ਆਪਣੀ ਜੁਆਨ ਨੂੰਹ ਲਿਜਾ ਰਿਹਾ ਸੀ ਕਿ ਰਸਤੇ ਵਿਚ ਕੁਝ ਤੁਰਕ ਸਿਪਾਹੀ ਗਸ਼ਤ ਕਰਦੇ ਮਿਲੇ । ਤੁਰਕ ਚੌਧਰੀ ਨੇ ਹਿੰਦੂ ਬਹੂ ਨੂੰ ਖੋਹ ਲਿਆ ਤੇ ਉਨ੍ਹਾਂ ਦਾ ਮਾਲ ਅਸਬਾਬ ਵੀ ਲੁੱਟ ਲਿਆ । ਲਾੜਾ ਘਰ ਨਹੀਂ ਗਿਆ ਸਿੱਧਾ ਜੰਗਲ ਵਿਚ ਸਿੰਘਾਂ ਪਾਸ ਚਲਾ ਗਿਆ । ਸਾਰੀ ਵਿਥਿਆ ਦੱਸੀ । ਸਿੰਘਾਂ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਉਸ ਚੌਧਰੀ ਪਾਸੋਂ ਬਦਲਾ ਲੈਣ ਲਈ ਪ੍ਰੇਰਿਆ । ਇਹ ਅੰਮ੍ਰਿਤ ਛਕ ਕੇ ਤੇਜ ਰਾਮ ਤੋਂ ਤੇਜਾ ਸਿੰਘ ਬਣ ਗਿਆ । ਤੇਜਾ ਸਿੰਘ ਇਕ ਰਾਤ ਕੁਝ ਸਿੰਘਾਂ ਨੂੰ ਨਾਲ ਲੈ ਚੌਧਰੀ ਪਾਸੋਂ ਆਪਣੀ ਪਤਨੀ ਖੋਹ ਲਿਆਇਆ , ਮਾਲ ਵੀ ਵਾਪਸ ਲੈ ਕੇ ਆਇਆ । ਉਸ ਦੀ ਘਰ ਵਾਲੀ ਵਾਪਸ ਆਈ , ਬੜੀ ਤਰਸਯੋਗ ਤੇ ਭੈੜੀ ਹਾਲਤ ਸੀ । ਉਹ ਚਾਹੁੰਦੀ ਸੀ ਕਿ ਆਤਮ ਹੱਤਿਆ ਕਰ ਲਵਾਂ ਪਰ ਸਿੱਖਾਂ ਤੇ ਬੀਬੀਆਂ ਨੇ ਹੌਸਲਾ ਦਿੱਤਾ ਕਿ ਇਹ ਮਨੁੱਖਾ ਜੀਵਨ ਬੜੇ ਜਨਮਾਂ ਬਾਅਦ ਮਿਲਦਾ ਹੈ ਇਸ ਨੂੰ ਅਜਾਈਂ ਨਹੀਂ ਗਵਾਉਣਾ ਚਾਹੀਦਾ। ਇਨ੍ਹਾਂ ਦਿਲਬਰੀਆਂ ਨੇ ਉਸ ਨੂੰ ਧਰਵਾਸ ਤੇ ਹੌਸਲਾ ਦਿੱਤਾ। ਅੰਮ੍ਰਿਤ ਛੱਕ ਕੇ ਨਾਮ ਬਘੇਲ ਕੌਰ ਰਖਿਆ ਗਿਆ । ਸਿੰਘਾਂ ਵਾਲਾ ਬਾਣਾ ਸਜਾ ਨਿਹੰਗ ਬਣ ਗਈ । ਹਰ ਸਮੇਂ ਵੱਡੀ ਕਿਰਪਾਨ ਗਲ ਵਿਚ ਰੱਖਦੀ । ਇਥੇ ਕਾਹਨੂੰਵਾਨ ਦੇ ਛੰਭ ਵਿਚ ਹੋਰ ਬੀਬੀਆਂ ਵੀ ਰਹਿੰਦੀਆਂ ਸਨ । ਹੁਣ ਬੀਬੀ ਬਘੇਲ ਕੌਰ ਨੇ ਵਿਚਾਰ ਬਣਾਈ ਕਿ ਰਾਤ ਬਰਾਤੇ ਗਸ਼ਤ ਕਰਦੇ ਤੁਰਕ ਸਿਪਾਹੀਆਂ ਪਾਸੋਂ ਘੋੜੇ ਖੋਹੇ ਜਾਣ । ਇਹ ਜਾਣਦੀ ਕਿ ਉਹ ਰਾਤ ਸ਼ਰਾਬ ਦੀ ਮਦਹੋਸ਼ੀ ਵਿਚ ਫਿਰਦੇ ਹਨ । ਇਕ ਰਾਤ ਬੀਬੀ ਜੀ ਕੁਝ ਸਿੰਘਾਂ ਨਾਲ ਏਸੇ ਭਾਲ ਵਿਚ ਛੰਭ ਤੋਂ ਬਾਹਰ ਆਈ । ਕੁਦਰਤੀ ਕੁਝ ਤੁਰਕ ਸਿਪਾਹੀ ਘੋੜੇ ਜੰਗਲ ‘ ਚ ਰੁੱਖਾਂ ਨਾਲ ਬੰਨ ਲਾਗੇ ਲੇਟੇ ਪਏ ਸਨ । ਚੁਪ ਚੁਪੀਤੇ ਉਨ੍ਹਾਂ ਦੀਆਂ ਬੰਦੂਕਾਂ ਚੁੱਕੀਆਂ ਤੇ ਘੋੜੇ ਖੋਲ੍ਹ ਕੇ ਦੌੜਾ ਲਏ । ਸਿੱਧੇ ਛੰਭ ਵਿੱਚ ਆ ਗਏ । ਇਹ ਛੰਭ ਕੰਡਿਆਲੀਆਂ ਝਾੜੀਆਂ ਨਾਲ ਘਿਰਿਆ ਪਿਆ – ਕੁਝ ਰੁੱਖ ਵੱਢ ਕੇ ਰਾਹ ਬਣਾਇਆ ਗਿਆ ਸੀ । ਇਸ ਵਿਚ ਇਕ ਵੱਡੀ ਢਾਬ ਸੀ , ਜਿਸ ਦਾ ਪਾਣੀ ਸਿੰਘ ਵਰਤਦੇ ਸਨ । ਰਾਤ ਬਰਾਤੇ ਦੂਰੋਂ ਨੇੜਿਓਂ ਪਿੰਡਾਂ ਵਿਚੋਂ ਖਾਣ ਪੀਣ ਵਾਲੀਆਂ ਵਸਤੂਆਂ ਲੈ ਆਉਂਦੇ । ਮੁਗਲਾਂ ਨੇ ਤੰਬੇ ( ਸਲਵਾਰਾਂ ਪਾਈਆਂ ਹੁੰਦੀਆਂ ਸਨ , ਉਨ੍ਹਾਂ ਦੇ ਕਪੜੇ ਝਾੜੀਆਂ ਵਿੱਚ ਫਸ ਜਾਂਦੇ ਸਨ ਇਸ ਲਈ ਇਨ੍ਹਾਂ ਥਾਵਾਂ ਤੋਂ ਦੂਰ ਹੀ ਰਹਿੰਦੇ ਸਨ । ਖਾਲਸੇ ਨੇ ਕੇਵਲ ਕਛਹਿਰੇ ਹੀ ਪਾਏ ਹੁੰਦੇ ਤੇ ਸਰੀਰ ਵੀ ਸਖਤ ਰਿਸ਼ਟ ਪੁਸ਼ਟ ਹੋ ਗਿਆ ਸੀ । ਇਹ ਕੰਡਿਆਂ ਦੀ ਕੋਈ ਪ੍ਰਵਾਹ ਨਹੀਂ ਸੀ ਕਰਦੇ । ਇਥੋਂ ਨਿਕਲ ਲੁਕਦੇ ਛਿਪਦੇ ਨਵਾਬ ਕਪੂਰ ਸਿੰਘ ਨੂੰ ਜਾ ਮਿਲੇ । ਲਾਹੌਰ ਦਾ ਨਵਾਬ ਮੀਰ ਮੰਨੂੰ ਸੀ । ਉਸ ਦਾ ਵਜ਼ੀਰ ਕੌੜਾ ਮੱਲ ਜਿਸ ਨੂੰ ਸਿੱਖ ਮਿੱਠਾ ਮੱਲ ਕਰਕੇ ਸੱਦਦੇ ਸਨ । ਸਿੱਖਾਂ ਦਾ ਬੜਾ ਹਿਤੈਸ਼ੀ ਸੀ । ਉਹ ਸਿੱਖਾਂ ‘ ਤੇ ਸਖਤੀ ਨਹੀਂ ਸੀ ਹੋਣ ਦੇਂਦਾ । ਉਧਰੋਂ ਅਬਦਾਲੀ ਭਾਰਤ ਨੂੰ ਲੁਟ ਕੇ ਜਾਂਦਾ , ਨਾਲ ਹਿੰਦੂ ਇਸਤਰੀਆਂ ਨੂੰ ਗੱਡਿਆਂ ‘ ਤੇ ਬਿਠਾ ਕੇ ਆਪਣੇ ਦੇਸ਼ ਨੂੰ ਲਿਜਾਂਦਾ ਰਸਤੇ ਵਿਚ ਸਿੱਖ ਉਨ੍ਹਾਂ ਔਰਤਾਂ ਨੂੰ ਛੁਡਾ ਉਨ੍ਹਾਂ ਦੇ ਘਰੀ ਪਚਾਉਣਾ ਤੇ ਨਾਲ ਇਸ ਦਾ ਖਜ਼ਾਨਾ ਰਸ਼ਦ ਆਦਿ ਲੁਟ ਕੇ ਲੈ ਜਾਣੀ । ਉਸ ਨੇ ਜਾਂਦੇ ਹੋਏ ਲਾਹੌਰ ਦੇ ਨਵਾਬ ਮੀਰ ਮੰਨੂੰ ਨੂੰ ਤਾੜਨਾ ਕਰਨੀ ਕਿ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ । ਜਦੋਂ ਸਾਰੇ ਸਿੱਖ ਜੰਗਲਾਂ ਵਿਚ ਚਲੇ ਗਏ , ਹੁਣ ਫਿਰ ਅਬਦਾਲੀ ਵਾਪਸ ਭਾਰਤ ਨੂੰ ਲੁੱਟਣ ਆਇਆ ਤਾਂ ਸਿੰਘਾਂ ਨੂੰ ਵੰਗਾਰਿਆ ਕਿ “ ਜੇ ਤੁਸੀਂ ਏਡੇ ਬਹਾਦਰ ਹੋ ਤਾਂ ਜੰਗਲਾਂ ਨੂੰ ਕਿਉਂ ਭੱਜਦੇ ਹੋ ਸਾਡੇ ਨਾਲ ਮੈਦਾਨ ‘ ਚ ਮੁਕਾਬਲਾ ਕਰੋ । ਨਵਾਬ ਕਪੂਰ ਸਿੰਘ ਨੇ ਅਬਦਾਲੀ ਦੀ ਵੰਗਾਰ ਨੂੰ ਕਬੂਲਿਆ । ਚਾਰ ਕੁ ਹਜ਼ਾਰ ਸਿੰਘ ਤੇ ਸੌ ਕੁ ਸਿੰਘਣੀਆਂ , ਬਘੇਲ ਕੌਰ ਨੇ ਮਰਦਾਂ ਵਾਲੇ ਬਸਤਰ ਸਜਾਏ ਹੋਏ ਸਨ । ਬਬਰ ਸ਼ੇਰ ਭੁਬਾਂ ਮਾਰਦੇ ਜੈਕਾਰੇ ਗਜਾਉਂਦੇ ਜੰਗਲ ‘ ਚੋਂ ਬਾਹਰ ਆਏ । ਬਿਜਲੀ ਦੀ ਫੁਰਤੀ ਨਾਲ ਦੁੰਬੇ ਖਾਣਿਆਂ ‘ ਤੇ ਆਪਣੇ ਖੁੰਢਿਆਂ ਸ਼ਸ਼ਤਰਾਂ ਨਾਲ ਹੱਲਾ ਬੋਲ ਦਿੱਤਾ । ਸਿੰਘਾਂ ਨੇ ਤੁਰਕਾਂ ਦੇ ਬੜੇ ਆਹੂ ਲਾਏ । ਰਾਤ ਪੈ ਗਈ 50 ਸਿੰਘ ਸ਼ਹੀਦ ਹੋ ਗਏ । ਪਠਾਨਾਂ ਦਾ ਢੇਰ ਜਾਨੀ ਨੁਕਸਾਨ ਹੋਇਆ । ਅਗਲੇ ਦਿਨ ਬਘੇਲ ਕੌਰ ਆਪਣੀਆਂ ਸਿੰਘਣੀਆਂ ਦੇ ਜਥੇ ਨਾਲ ਬੜੀ ਜੁਰੱਅਤ ਤੇ ਬਹਾਦਰੀ ਨਾਲ ਲੜਦੀ ਨੇ ਵੈਰੀਆਂ ਦੇ ਦੰਦ ਖੱਟੇ ਕੀਤੇ । ਸ਼ਾਮ ਨੂੰ ਤੁਰਕ ਹਜ਼ਾਰਾਂ ਪਠਾਨ ਮਰਵਾ ਕੇ ਹਾਰ ਖਾ ਕੇ ਪਿਛੇ ਮੁੜ ਗਏ । ਇਸ ਭੱਜ ਦੌੜ ਵਿਚ ਬੀਬੀ ਬਘੇਲ ਕੌਰ ਕੁਝ ਸਿੰਘਣੀਆਂ ਸਮੇਤ ਸਿੰਘਾਂ ਨਾਲੋਂ ਵੱਖ ਹੋ ਗਈ । ਇਹ ਰਾਤ ਇਕ ਪਿੰਡ ਚਲੇ ਗਈਆਂ । ਉਥੇ ਜਾ ਲੰਗਰ ਤਿਆਰ ਕਰ ਛੱਕ ਕੇ ਹੇਠਾਂ ਭੁੰਜੇ ਹੀ ਸੌਂ ਗਈਆਂ । ਸਾਰੀ ਰਾਤ ਦੋ ਦੋ ਜਾਗ ਕੇ ਪਹਿਰਾ ਦੇਂਦੀਆਂ ਰਹੀਆਂ । ਅੰਮ੍ਰਿਤ ਵੇਲੇ ਨਿਤਨੇਮ ਕਰ ਆਪਣੇ ਰਾਹ ਪੈ ਗਈਆਂ । ਰਸਤੇ ਵਿਚ ਇਨ੍ਹਾਂ ਦਾ 50 ਕੁ ਤੁਰਕਾਂ ਨਾਲ ਟਾਕਰਾ ਹੋ ਗਿਆ । ਇਨ੍ਹਾਂ ‘ ਚੋਂ ਪੰਜ ਕੁ ਤੁਰਕ ਬਘੇਲ ਕੌਰ ਵਲ ਭੈੜੀ ਨੀਅਤ ਨਾਲ ਅਗੇ ਆਏ । ਬੜੀ ਫੁਰਤੀ ਨਾਲ ਅਗੇ ਵਧ ਬਘੇਲ ਕੌਰ ਨੇ ਇਕ ਤੁਰਕ ਦੀ ਤਲਵਾਰ ਕਟ ਦਿੱਤੀ । ਏਨੇ ‘ ਚ ਦੂਜੇ ਤੁਰਕਾਂ ਨੇ ਬਘੇਲ ਕੌਰ ‘ ਤੇ ਹੱਲਾ ਬੋਲ ਦਿਤਾ ਤੇ ਜ਼ਖ਼ਮੀ ਕਰ ਦਿੱਤਾ । ਅਜੇ ਉਹ ਸੰਭਲ ਹੀ ਰਹੀ ਸੀ ਕਿ ਇਕ ਹੋਰ ਨੇਜੇ ਵਾਲੇ ਨੇ ਉਸ ਪਰ ਹਮਲਾ ਕਰ ਦਿੱਤਾ । ਉਧਰੋਂ ਉਸ ਦੀਆਂ ਸਾਥਣਾਂ ਨੇ ਜਵਾਬੀ ਹਮਲਾ ਕਰਕੇ ਉਸ ਨੂੰ ਨੇਜੇ ਤੋਂ ਬਚਾ ਲਿਆ । ਤੁਰਕ ਜ਼ਖ਼ਮੀ ਹੋ ਆਪਣੇ ਸਾਥੀਆਂ ਵਲ ਪਰਤੇ । ਮੌਕਾ ਤਾੜ ਕੇ ਬਘੇਲ ਕੌਰ ਆਪਣੀਆਂ ਸਾਥਣਾਂ ਸਮੇਤ ਸੰਘਣੇ ਜੰਗਲ ਵਿਚ ਆਪਣੇ ਸਾਥੀ ਸਿੱਖਾਂ ਦੀ ਭਾਲ ਵਿਚ ਚਲ ਪਈ । ਉਧਰ ਪਠਾਨਾਂ ਨੇ ਵੀ ਇਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ । ਉਧਰ ਇਕ ਟਾਂਗੂ ਜਿਹੜਾ ਇਕ ਉਚੇ ਰੁੱਖ ‘ ਤੇ ਚੜ੍ਹੇ ਵੈਰੀ ਦੀਆਂ ਹਰਕਤਾਂ ਵੇਖਦਾ ਹੈ ) ਨੇ ਪਠਾਨਾਂ ਦੀ ਜੰਗਲ ਵਲ ਆਉਣ ਦੀ ਸਿੱਖਾਂ ਨੂੰ ਸੂਚਨਾ ਦਿੱਤੀ । ਸਿੱਖਾਂ ਨੇ ਜੰਗਲ ‘ ਚੋਂ ਬਾਹਰ ਨਿਕਲ ਬਘੇਲ ਕੌਰ ਦਾ ਪਿੱਛਾ ਕਰਦੇ ਪਠਾਨਾਂ ਦੇ ਆਹੂ ਲਾਹੁਣੇ ਸ਼ੁਰੂ ਕਰ ਦਿੱਤੇ ਤਿੰਨ ਸਿੱਖ ਵੀ ਸ਼ਹੀਦ ਹੋ ਗਏ । ਸਾਰੇ ਪਠਾਨਾਂ ਨੂੰ ਸਦਾ ਦੀ ਨੀਂਦ ਸੁਆ ਦਿਤਾ । ਸਿੰਘਾਂ ਨੇ ਬਘੇਲ ਕੌਰ ਤੇ ਉਸ ਦੀਆਂ ਸਾਥਣਾਂ ਨੂੰ ਬਥੇਰਾ ਸਮਝਾਇਆ ਕਿ ਉਹ ਵਾਪਸ ਘਰੀਂ ਚਲੀਆਂ ਜਾਣ ਪਰ ਉਹ ਅਗੋਂ ਕਹਿੰਦੀਆਂ ਕਿ “ ਅਸੀਂ ਵੀ ਗੁਰੂ ਦਸ਼ਮੇਸ਼ ਪਿਤਾ ਦੀਆਂ ਧੀਆਂ ਹਾਂ ਅਸੀਂ ਤੁਹਾਥੋਂ ਪਿਛੇ ਕਿਉਂ ਰਹੀਏ । ਅਸੀਂ ਤੁਹਾਡੇ ਨਾਲ ਹਰ ਦੁਖ ਸੁਖ ਝੱਲਣ ਨੂੰ ਤਿਆਰ ਹਾਂ । ਉਧਰ ਦੁਸ਼ਟ ਮੰਨੂੰ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਕੇ ਸਿੱਖਾਂ ਨੂੰ ਮਰਵਾਉਣਾ ਸ਼ੁਰੂ ਕਰ ਦਿੱਤਾ । ਹੁਕਮ ਕਰ ਦਿੱਤਾ ਕਿ ਜਿਥੇ ਸਿੱਖ ਮਿਲਦਾ ਹੈ ਉਸ ਨੂੰ ਜਬਰਨ ਕਲਮਾਂ ਪੜਾਉ , ਜੇ ਉਹ ਨਹੀਂ ਪੜ੍ਹਦਾ ਤਾਂ ਉਸ ਨੂੰ ਮਾਰ ਕੇ ਉਸ ਦਾ ਸਿਰ ਕੱਟ ਕੇ ਮੰਨੂੰ ਪਾਸ ਲਿਜਾਇਆ ਜਾਵੇ , ਉਸ ਦੇ ਬਦਲੇ 50 ਰੁਪੈ ਮਿਲਣਗੇ । ਸਿੱਖ ਬੀਬੀਆਂ ਨੂੰ ਜਬਰਨ ਇਸਲਾਮ ਧਰਮ ਵਿਚ ਲਿਆਂਦਾ ਜਾਵੇ । ਇਸ ਤਰਾਂ ਹਜ਼ਾਰਾਂ ਸਿੱਖਾਂ ਨੂੰ ਕਤਲ ਕੀਤਾ ਗਿਆ । ਜਦੋਂ ਇਹ ਸਿੱਖਾਂ ਨੇ ਕਹਾਵਤ ਬਣਾਈ ਕਿ ਮੈਨੂੰ ਅਸਾਡੀ ਦਾਤਰੀ ਅਸੀਂ ਮੰਨੂੰ ਦੀ ਸੋਇ ( ਸੌਂਫ ਵਰਗੀ ਫਸਲ ) ਜਿਉਂ ਜਿਉਂ ਮੰਨੂੰ ਸਾਨੂੰ ਵੱਢਦਾ ਅਸੀਂ ਦੁਨੇ ਚੌਣੇ ਹੋਏ ਜਦੋਂ ਬੀਬੀ ਬਘੇਲ ਕੌਰ ਨੇ ਇਕ ਪਿੰਡ ਵਿਚ ਰਾਤ ਕੱਟੀ ਸੀ ਇਸ ਨੇ ਉਸ ਪਿੰਡ ਵਿਚ ਕੁਝ ਬੀਬੀਆਂ ਤੇ ਬੱਚੇ ਵੇਖੇ ਸਨ । ਇਹ ਬੀਬੀਆਂ ਤੇ ਬੱਚੇ ਕਿਸੇ ਤਰਸਵਾਨ ਮੁਸਲਮਾਨ ਬੀਬੀ ਦੇ ਘਰ ਛਿਪ ਕੇ ਰਹਿ ਰਹੇ ਸਨ । ਉਨ੍ਹਾਂ ਨੂੰ ਅੱਧੀ ਰਾਤ ਜੰਗਲ ਵਿਚ ਨਾਲ ਲਿਜਾਣ ਲਈ ਕਿਹਾ । ਕੁਕੜ ਦੀ ਬਾਂਗ ਨਾਲ ਤਿੰਨ ਸਿੱਖ ਬੀਬੀਆਂ ਤੇ ਉਨ੍ਹਾਂ ਦੇ ਬੱਚੇ ਨਾਲ ਲੈ ਜੰਗਲ ਵੱਲ ਤੁਰ ਪਈਆਂ । ਪਿੰਡੋਂ ਬਾਹਰ ਪਹਿਰੇ ‘ ਤੇ ਚਾਰ ਤੁਰਕ ਸਿਪਾਹੀਆਂ ਨੂੰ ਪਤਾ ਲਗ ਗਿਆ । ਉਨ੍ਹਾਂ ਨੇ ਇਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ । ਬਘੇਲ ਕੌਰ ਨੇ ਇਨ੍ਹਾਂ ਬੀਬੀਆਂ ਨੂੰ ਦਰਿਆ ਬਿਆਸ ਪਾਰ ਕਰ ਚੜ੍ਹਦੇ ਪਾਸੇ ਜਾਣ ਲਈ ਕਹਿ ਕੇ ਆਪ ਸਿਪਾਹੀਆਂ ਦਾ ਟਾਕਰਾ ਕਰਨ ਲੱਗ ਪਈ । ਬੜੀ ਫੁਰਤੀ ਨਾਲ ਦੋ ਸਿਪਾਹੀਆਂ ਦੀਆਂ ਹਿੱਕਾਂ ‘ ਚ ਨੇਜਾ ਪਾਰ ਕਰ ਦਿੱਤਾ । ਦੂਜੀ ਬੀਬੀ ਨੇ ਆਪਣੇ ਨੇਜੇ ਨਾਲ ਤੀਜੇ ਸਿਪਾਹੀ ਤੇ ਹਮਲਾ ਕਰ ਦਿੱਤਾ ਪਰ ਉਸ ਤੁਰਕ ਨੇ ਪਹਿਲਾਂ ਹੀ ਬੀਬੀ ਨੂੰ ਜ਼ਖਮੀ ਕਰ ਦਿੱਤਾ । ਬੀਬੀ ਬਘੇਲ ਕੌਰ ਨੇ ਆਪਣਾ ਘੋੜਾ ਜ਼ਖਮੀ ਬੀਬੀ ਦੇ ਹਵਾਲੇ ਕਰਦਿਆਂ ਜ਼ਖਮੀ ਸਿਪਾਹੀ ਪਾਸੋਂ ਉਸ ਦਾ ਘੋੜਾ ਖੋਹ ਦੂਜੇ ਸਿਪਾਹੀ ਨਾਲ ਬੜੀ ਬਹਾਦਰੀ ਤੇ ਜੁਰੱਅਤ ਨਾਲ ਲੜੀ । ਬਘੇਲ ਕੌਰ ਤੇ ਸਿਪਾਹੀਆਂ ਦੇ ਲਹੂ ਵਗ ਰਿਹਾ ਸੀ । ਬੜੀ ਫੁਰਤੀ ਨਾਲ ਦੂਜੀ ਬੀਬੀ ਨੂੰ ਨਾਲ ਘੋੜੇ ਤੇ ਬਿਠਾ , ਦੌੜਾ ਕੇ ਆਪਣੇ ਸਾਥੀਆਂ ਨੂੰ ਜਾ ਮਿਲੀਆਂ । ਉਧਰ ਮੰਨੂੰ ਸਿੱਖ ਬੀਬੀਆਂ ਨੂੰ ਲਾਹੌਰ ਵਿਚ ਤੰਗ ਕਰਦਾ ਸ਼ਿਕਾਰ ਖੇਡਣ ਗਿਆ । ਘੋੜਾ ਡਰ ਕੇ ਤਬਕ ਗਿਆ ( ਬੀਬੀਆਂ ਦੀਆਂ ਬਦਅਸੀਸਾਂ ਨਾਲ ਘੋੜੇ ਤੋਂ ਡਿੱਗ ਪਿਆ । ਪੈਰ ਰਕਾਬ ਵਿਚ ਅੜ ਗਿਆ । ਧੂਈ ਘਸੀਟੀ ਦਾ 1753 ਵਿਚ ਦੁਸ਼ਟ ਮਰ ਗਿਆ । ਹੁਣ ਸਿੱਖਾਂ ਨੇ ਆਪਣੇ ਘਰਾਂ ਨੂੰ ਪਰਤਨਾਂ ਸ਼ੁਰੂ ਕਰ ਦਿੱਤਾ । ਇਸੇ ਦੌਰਾਨ ਬੀਬੀ ਬਘੇਲ ਕੌਰ ਨੇ ਆਪਣੇ ਬੀਬੀਆਂ ਦੇ ਜਥੇ ਨਾਲ ਲਾਹੌਰ ਕੈਦ ਸਿੱਖ ਬੀਬੀਆਂ ਦੇ ਕੈਂਪ ‘ ਤੇ ਹੱਲਾ ਬੋਲ ਦਿੱਤਾ । ਸਿਪਾਹੀਆਂ ਨੂੰ ਸਦਾ ਦੀ ਨੀਂਦ ਸੁਲਾ ਕੇ ਬੀਬੀਆਂ ਨੂੰ ਆਜ਼ਾਦ ਕਰਾਇਆ ਤੇ ਉਨ੍ਹਾਂ ਦੇ ਪਿੰਡਾਂ ‘ ਚ ਵਾਪਸ ਛੱਡ ਕੇ ਆਈ । ਹੁਣ ਇਹ ਆਪ ਵੀ ਆਪਣੇ ਚਾਰ ਸਾਲ ਦੇ ਬੱਚੇ ਸਮੇਤ ਆਪਣੇ ਪਤੀ ਨਾਲ ਪਿੰਡ ‘ ਚ ਰਹਿ ਰਹੀ ਸੀ । ਹੁਣ ਮੰਨੂੰ ਦੀ ਘਰ ਵਾਲੀ ਨੇ ਆਪਣੇ ਪਤੀ ਦੀ ਮੌਤ ਦਾ ਵਾਸਤਾ ਪਾ ਕੇ ਅਬਦਾਲੀ ਨੂੰ ਸੱਦ ਲਿਆ । ਹੁਣ ਅਬਦਾਲੀ ਦਾ ਆਉਣਾ ਸੁਣ ਕੇ ਸਿੱਖ ਫਿਰ ਜੰਗਲਾਂ ‘ ਚ ਜਾ ਵਸੇ । ਬੀਬੀ ਬਘੇਲ ਕੌਰ ਵੀ ਆਪਣੇ ਪਤੀ ਨੂੰ ਚਾਰ ਸਾਲਾਂ ਦਾ ਬੱਚਾ ਲੈ ਕੇ ਜੰਗਲਾਂ ਵਿਚ ਜਾਣ ਲਈ ਕਹਿ ਆਪ ਲਾਹੌਰ ਦੂਜੇ ਕੈਂਪ ‘ ਚੋਂ ਬੀਬੀਆਂ ਨੂੰ ਛੁਡਾਉਣ ਲਈ ਸੋਚਣ ਲਗੀ । ਹੁਣ ਇਸ ਨੇ ਦੇ ਸਿਪਾਹੀਆਂ ਨੂੰ , ਇਕ ਸਿੱਖ ਬੀਬੀ ਨੂੰ , ਕੈਂਪ ਵਲ ਲਿਜਾਂਦਿਆਂ ਡਿੱਠਾ , ਇਹ ਤਾਕ ਕੇ ਬੈਠ ਗਈ । ਲਾਗੇ ਲੰਘਦਿਆਂ ਦੋਹਾਂ ਸਿਪਾਹੀਆਂ ਨੂੰ ਨੇਜ਼ੇ ਨਾਲ ਜ਼ਖਮੀ ਕਰ ਦਿੱਤਾ । ਏਨੇ ਚਿਰ ਨੂੰ ਸਾਥੀ ਸਿਪਾਹੀਆਂ ਨੇ ਬੀਬੀ ਬਘੇਲ ਕੌਰ ਨੂੰ ਘੇਰਾ ਪਾ ਕੇ ਫੜ ਕੇ ਉਸੇ ਕੈਂਪ ਵਿਚ ਲਿਆ ਸੁਟਿਆ ਜਿਥੇ ਪਹਿਲਾਂ ਬੀਬੀਆਂ ਨਰਕ ਭੋਗ ਰਹੀਆਂ ਸਨ । ਕੈਂਪ ਵਿਚ ਬੀਬੀਆਂ ਭੁੱਖੀਆਂ ਤਿਹਾਈਆਂ ਚੱਕੀ ਪੀਸਦੀਆਂ ਬੈਂਤਾਂ ਨਾਲ ਮਾਰ ਖਾਂਦੀਆਂ , ਬੱਚਿਆਂ ਦੇ ਟੋਟੇ ਕਰਾ ਗਲਾਂ ‘ ਚ ਪਵਾਉਂਦੀਆਂ , ਬੱਚੇ ਭੁੱਖੇ ਵਿਲਕਦੇ ਪਰ ਕਿਸੇ ਇਕ ਨੇ ਵੀ ਤੁਰਕਾਂ ਦੀ ਈਨ ਨਾ ਮੰਨੀ । ਇਨ੍ਹਾਂ ਨਾਲ ਹੀ ਬੀਬੀ ਬਘੇਲ ਕੌਰ ਨੂੰ ਸਾਰੀ ਰਾਤ ਭੁੱਖੀ ਤੇ ਤਿਹਾਈ ਨੂੰ ਚੱਕੀ ਪੀਹਣ ਡਾਹ ਛੱਡਣਾ । ਅਧੀ ਰਾਤ ਨੂੰ ਕੈਂਪ ਦੇ ਮੁਖੀ ਨੇ ਬਘੇਲ ਕੌਰ ਨੂੰ ਆਪਣੇ ਪਾਸ ਸਦਿਆ ਪਰ ਉਹ ਹਿੱਲੀ ਤਕ ਨਾ । ਹਾਰ ਕੇ ਆਪਣੇ ਸਿਪਾਹੀਆਂ ਨੂੰ ਉਸਨੂੰ ਧੂਹ ਕੇ ਲਿਆਉਣ ਦਾ ਹੁਕਮ ਕੀਤਾ । ਜਦੋਂ ਇਕ ਸਿਪਾਹੀ ਨੇ ਉਸ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਤਾਂ ਸ਼ੇਰਨੀ ਨੇ ਏਨੇ ਜ਼ੋਰ ਦੀ ਧੌਹਲ ਮਾਰੀ ਕਿ ਉਹ ਮੂੰਹ ਪਰਨੇ ਡਿੱਗ ਪਿਆ , ਹਾਰ ਕੇ ਆਪਣੀ ਛੇ ਇੰਚੀ ਕਿਰਪਾਨ ਕੱਢ ਕੇ ਉਸ ਦੇ ਦਿੱਡ ਵਿਚ ਖੁਭੋ ਦਿੱਤੀ । ਹੋਰ ਬੀਬੀਆਂ ਵੀ ਉਸ ਦੀ ਸਹਾਇਤਾ ਲਈ ਆਈਆਂ , ਦੂਜੇ ਸਿਪਾਹੀ ਵੀ ਭੱਜ ਗਏ । ਅਗਲੇ ਦਿਨ ਦੇ ਮੁਖੀ ਨੇ ਸਾਰੀਆਂ ਸਿੱਖ ਬੀਬੀਆਂ ਨੂੰ ਇੱਕਠਾ ਕਰਕੇ ਕਿਹਾ ਕਿ ਜਿਹੜੀ ਆਪਣਾ ਧਰਮ ਤਿਆਗ ਕੇ ਆਪਣੇ ਮਨ – ਪਸੰਦ ਸਿਪਾਹੀ ਨਾਲ ਵਿਆਹ ਕਰਵਾ ਲਵੇਗੀ ਉਸ ਨੂੰ ਛੱਡ ਦਿੱਤਾ ਜਾਵੇਗਾ । ਬੀਬੀ ਬਘੇਲ ਕੌਰ ਅਗੇ ਹੋ ਕੇ ਕਹਿਣ ਲਗੀ , “ ਕੋਈ ਬੀਬੀ ਆਪਣਾ ਪਿਆਰਾ ਧਰਮ ਛੱਡਣ ਲਈ ਤਿਆਰ ਨਹੀਂ ਹੈ । ਅਸੀਂ ਗੁਰੂ ਦਸਮੇਸ਼ ਪਿਤਾ ਜੀ ਦੀਆਂ ਪੁੱਤਰੀਆਂ ਹਾਂ ਅਸੀਂ ਧਰਮ ਤਿਆਗਨ ਨਾਲੋਂ ਮੌਤ ਨੂੰ ਪਸੰਦ ਕਰਦੀਆਂ ਹਾਂ । ਇਹ ਜੁਰੱਅਤ ਭਰਿਆ ਉਤਰ ਸੁਣ ਮੁਖੀ ਦੀਆਂ ਅੱਖਾਂ ਤਾੜੀ ਲਗ ਗਈਆਂ , ਸੋਚਣ ਲਗਾ ਕਿ ਕੀ ਕੀਤਾ ਜਾਵੇ । ਹਾਰ ਕੇ ਸ਼ਰਮਿੰਦਾ ਹੋਇਆ ਹੁਕਮ ਦੇਂਦਾ ਹੈ , ਇਸ ਨੂੰ ਰੱਸਿਆਂ ਨਾਲ ਇਕ ਥੰਮ ਨਾਲ ਬੰਨ ਕੇ ਕੋਟੜੇ ਬੈਂਤਾਂ ਨਾਲ ਕੁਟ ਕੁਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ । ਹੁਣ ਇਕ ਸਿਪਾਹੀ ਉਸ ਨੂੰ ਬੰਨ੍ਹਣ ਲਈ ਬਾਹੋਂ ਫੜਣ ਲਗਾ ਤਾਂ ਭੁੱਖੀ ਸ਼ੇਰਨੀ ਨੇ ਪੰਜਾ ਮਾਰ ਕੇ ਉਸ ਨੂੰ ਹੇਠਾਂ ਸੁੱਟ ਉਸ ਦੀ ਕਟਾਰ ਖੋਹ ਉਸ ਤੇ ਹਮਲਾ ਕਰ ਜ਼ਖਮੀ ਕਰ ਦਿੱਤਾ । ਹੋਰ ਸਿਪਾਹੀਆਂ ਨੇ ਬੀਬੀ ਬਘੇਲ ਕੌਰ ਤੇ ਹਮਲਾ ਕਰ ਸ਼ਹੀਦ ਕਰ ਦਿੱਤਾ । ਭੁੱਖੀ ਸ਼ੇਰਨੀ ਨੇ ਤੁਰਕਾਂ ਦੀ ਕੋਈ ਈਨ ਨਾ ਮੰਨੀ ਸਗੋਂ ਬਹਾਦਰੀ ਤੇ ਜੁਰੱਅਤ ਦੇ ਪੂਰਨੇ ਪਾਉਂਦੀ ਸਿੱਖ ਬੀਬੀਆਂ ਦਾ ਨਾਮ ਉਚਾ ਕਰ ਗਈ । ਅਗਲੇ ਦਿਨ ਸਿੱਖਾਂ ਨੇ ਹਮਲਾ ਕਰਕੇ ਮੁਖੀ ਤੇ ਸਿਪਾਹੀਆਂ ਨੂੰ ਦੰਡ ਦੇਂਦਿਆਂ ਸਾਰੀਆਂ ਬੀਬੀਆਂ ਨੂੰ ਅੱਧੀ ਰਾਤ ਆਜ਼ਾਦ ਕਰਾ ਲਿਆ ।
ਜੋਰਾਵਰ ਸਿੰਘ ਤਰਸਿੱਕਾ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top