ਦਰਸ਼ਨ ਕਰੋ ਜੀ ਤੇ ਇਤਿਹਾਸ ਜਾਣੋ ”ਗੁਰੂ ਨਾਨਕ ਦੇਵ ਜੀ” ਨਾਲ ਸੰਬੰਧਤ ਗੁਰੂ ਘਰਾਂ ਦੇ ਜੋ ਪਾਕਿਸਤਾਨ ਹਨ
ਦਰਸ਼ਨ ਕਰੋ ਜੀ ਤੇ ਇਤਿਹਾਸ ਜਾਣੋ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਗੁਰੂਘਰਾਂ ਦੇ ਜੋ ਪਾਕਿਸਤਾਨ ਹਨ ‘ਇਹ ਗੁਰਦੁਆਰਾ ਸਾਹਿਬ ਪਾਕਿਸਤਾਨ ਦੇ ਬਿਲਕੁਲ ਨਜ਼ਦੀਕ ਤਕਰੀਬਨ ਇਕ ਕਿਲੋਮੀਟਰ ਦੀ ਵਿੱਥ ‘ਤੇ ਹੈ। ਗੁਰੂ ਨਾਨਕ ਦੇਵ ਜੀ ਜ਼ਿੰਦਗੀ ਦੇ ਆਖਰੀ ਤਕਰੀਬਨ 18 ਸਾਲ ਕਰਤਾਰਪੁਰ (ਪਾਕਿਸਤਾਨ) ਤੇ ਡੇਰਾ ਬਾਬਾ ਨਾਨਕ ਦੇ ਇਲਾਕੇ ‘ਚ ਵਿਚਰਦੇ ਰਹੇ। ਇਸ ਲਈ ਇਹ ਭਾਗਾਂਵਾਲੀ ਧਰਤੀ ਹੈ। ਇਥੇ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਬਾਅਦ ਦਸੰਬਰ 1515 ਈ. ਵਿਚ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਆਏ ਸਨ।
ਉਨ੍ਹਾਂ ਦਾ ਪਰਿਵਾਰ ਗੁਰੂ ਕੇ ਮਹਿਲ ਮਾਤਾ ਸੁਲੱਖਣੀ ਜੀ, ਬਾਬਾ ਸ੍ਰੀਚੰਦ ਤੇ ਬਾਬਾ ਲਖਮੀ ਦਾਸ ਜੀ ਆਪਣੇ ਨਾਨਾ ਮੂਲ ਚੰਦ ਜੀ ਕੋਲ (ਜੋ ਪੱਖੋਕੇ ਰੰਧਾਵਾ ਦੇ ਪਟਵਾਰੀ ਸਨ) ਆਏ ਹੋਏ ਸਨ। ਇਹ ਨਗਰ ਉਸ ਸਮੇਂ ਰਾਵੀ ਦਰਿਆ ਤੋਂ ਪਾਰ ਹੁੰਦਾ ਸੀ। ਸਰਜੀ ਸਾਹਿਬ : ਇਹ ਖੂਹ ਉਸ ਸਮੇਂ ਅਜਿਤੇ ਰੰਧਾਵੇ ਨੇ ਆਪਣੇ ਖੇਤ ਨੂੰ ਸਿੰਜਣ ਵਾਸਤੇ ਬਣਵਾਇਆ ਸੀ, ਜੋ ਅੱਜਕਲ ਬਾਉਲੀ ਦੇ ਰੂਪ ‘ਚ ਮੌਜੂਦ ਹੈ। ਇਸ ਖੂਹ ਦੇ ਲਾਗੇ ਬੈਠ ਕੇ ਗੁਰੂ ਨਾਨਕ ਦੇਵ ਜੀ ਸਿਮਰਨ ਕਰਦੇ ਸਨ ਅਤੇ ਆਈਆਂ ਸੰਗਤਾਂ ਨੂੰ ਉਪਦੇਸ਼ ਕਰਦੇ ਸਨ। ਅਜਿਤੇ ਰੰਧਾਵੇ ਦੇ ਨਾਲ ਗੋਸ਼ਟੀ ਵੀ ਇਸੇ ਖੂਹ ‘ਤੇ ਹੋਈ ਸੀ। ਗੁਰੂ ਜੀ ਦੀ ਬਖਸ਼ਿਸ਼ ਸਦਕਾ ਇਹ ਖੂਹ ਸਰਜੀ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਥੇ ਹੀ ਅਜਿਤਾ ਰੰਧਾਵਾ ਗੁਰੂ ਜੀ ਦਾ ਅਨਿਨ ਸੇਵਕ ਬਣਿਆ। ਥੜ੍ਹਾ ਸਾਹਿਬ : ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਆਏ ਤਾਂ ਇਸੇ ਜਗ੍ਹਾ ‘ਤੇ ਬੈਠੇ ਸਨ। ਸਸਕਾਰ ਸਮੇਂ ਗੁਰੂ ਜੀ ਦੇ ਚਾਦਰੇ ਦੀ ਵਿਭੂਤੀ ਵਾਲੀ ਗਾਗਰ ਜੋ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਦੱਬੀ ਗਈ ਸੀ, ਰਾਵੀ ਦਰਿਆ ਦੇ ਢਾਹ ਲਾਉਣ ਕਾਰਨ ਬਾਬਾ ਸ੍ਰੀਚੰਦ ਸੰਗਤਾਂ ਸਮੇਤ ਪੁੱਟ ਕੇ ਲੈ ਆਏ ਤੇ ਥੜ੍ਹਾ ਸਾਹਿਬ ਵਾਲੀ ਜਗ੍ਹਾ ਹੇਠ ਦਫਨਾ ਦਿੱਤੀ। ਬਾਅਦ ਵਿਚ ਇਸ ਅਸਥਾਨ ‘ਤੇ ਇਮਾਰਤ ਦੀ ਸੇਵਾ ਦੀਵਾਨ ਚੰਦੂ ਲਾਲ ਹੈਦਰਾਬਾਦ ਨੇ ਕਰਵਾਈ। ਇਸ ਅਸਥਾਨ ‘ਤੇ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਸੰਮਤ 1884 ਨੂੰ ਕਰਵਾਈ।
ਕੀਰਤਨ ਅਸਥਾਨ : ਸੰਮਤ 1646 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਧਰਮਚੰਦ ਜੀ ਦੇ ਅਕਾਲ ਚਲਾਣੇ ਸਮੇਂ ਇਥੇ ਆਏ ਅਤੇ ਉਸ ਜਗ੍ਹਾ ‘ਤੇ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਕੀਤਾ। ਉਨ੍ਹਾਂ ਦੀ ਯਾਦ ‘ਚ ਗੁਰਦੁਆਰਾ ਕੀਰਤਨ ਅਸਥਾਨ ਬਣਿਆ ਹੋਇਆ ਹੈ। ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਇਸ ਅਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਚੋਲਾ ਸਾਹਿਬ ਤੇ ਰੁਮਾਲ, ਜੋ ਗੁਰੂ ਜੀ ਦੇ ਵਿਆਹ ਸਮੇਂ ਬੇਬੇ ਨਾਨਕੀ ਨੇ ਭੇਟਾ ਕੀਤਾ ਸੀ। ਚੌਰ ਸਾਹਿਬ : ਜੋ ਚੋਲਾ ਸਾਹਿਬ ਦੇ ਨਾਲ ਹੀ ਪ੍ਰਾਪਤ ਹੋਇਆ। ਰੁਮਾਲੇ : ਜਰਨੈਲ ਹਰੀ ਸਿੰਘ ਨਲੂਆ, ਜੋ ਉਨ੍ਹਾਂ ਨੇ ਦਰਸ਼ਨ ਕਰਨ ਸਮੇਂ ਭੇਟ ਕੀਤੇ। ਗੁਰੂ ਜੀ ਦੀ ਬਖਸ਼ਿਸ਼ ਲੌਂਗ ਪ੍ਰਸ਼ਾਦਿ ਗੁਰਦੁਆਰਾ ਚੋਲਾ ਸਾਹਿਬ ਤੋਂ ਬਖਸ਼ਿਸ਼ ਕੀਤੇ ਜਾਂਦੇ ਹਨ।
ਸਤਿਨਾਮ ਸ਼੍ਰੀ ਵਾਹਿਗੁਰੂ ਜੀ