ਸੰਧਿਆ ਵੇਲੇ ਦਾ ਹੁਕਮਨਾਮਾ – 7 ਅਗਸਤ 2024
ਅੰਗ : 733
ਸੂਹੀ ਮਹਲਾ ੪ ਘਰੁ ੬
ੴ ਸਤਿਗੁਰ ਪ੍ਰਸਾਦਿ ॥
ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥ ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥ ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥ ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥ ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥ ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥
ਅਰਥ: ਰਾਗ ਸੂਹੀ, ਘਰ ੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।ਹੇ ਭਾਈ! ਨੀਵੀਂ ਜਾਤਿ ਵਾਲਾ ਮਨੁੱਖ ਭੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। (ਜੇ ਯਕੀਨ ਨਹੀਂ ਆਉਂਦਾ, ਤਾਂ ਕਿਸੇ ਪਾਸੋਂ) ਦਾਸੀ ਦੇ ਪੁੱਤਰ ਬਿਦਰ ਦੀ ਗੱਲ ਪੁੱਛ ਵੇਖੋ। ਉਸ ਬਿਦਰ ਦੇ ਘਰ ਵਿਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ ॥੧॥ ਹੇ ਸੱਜਣੋ! ਪਰਮਾਤਮਾ ਦੀ ਅਸਚਰਜ ਸਿਫ਼ਤਿ-ਸਾਲਾਹ ਸੁਣਿਆ ਕਰੋ, ਜਿਸ ਦੀ ਬਰਕਤਿ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੀ) ਭੁੱਖ ਮਿਟ ਜਾਂਦੀ ਹੈ ॥੧॥ ਰਹਾਉ ॥ ਹੇ ਭਾਈ! (ਭਗਤ) ਰਵਿਦਾਸ (ਜਾਤਿ ਦਾ) ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ। ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ। ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ॥੨॥ ਹੇ ਭਾਈ! (ਭਗਤ) ਨਾਮਦੇਵ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ। ਜਗਤ ਉਸ ਨੂੰ ਛੀਂਬਾ ਆਖ ਕੇ ਸੱਦਿਆ ਕਰਦਾ ਸੀ। ਪਰਮਾਤਮਾ ਨੇ ਖਤ੍ਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ, ਤੇ, ਨਾਮਦੇਵ ਨੂੰ ਮੱਥੇ ਲਾਇਆ ਸੀ ॥੩॥ ਹੇ ਭਾਈ! ਪਰਮਾਤਮਾ ਦੇ ਜਿਤਨੇ ਭੀ ਭਗਤ ਹਨ, ਸੇਵਕ ਹਨ, ਉਹਨਾਂ ਦੇ ਮੱਥੇ ਉਤੇ ਅਠਾਹਠ ਤੀਰਥ ਤਿਲਕ ਲਾਂਦੇ ਹਨ (ਸਾਰੇ ਹੀ ਤੀਰਥ ਭੀ ਉਹਨਾਂ ਦਾ ਆਦਰ-ਮਾਣ ਕਰਦੇ ਹਨ)। ਹੇ ਭਾਈ! ਜੇ ਪ੍ਰਭੂ-ਪਾਤਿਸ਼ਾਹ ਮੇਹਰ ਕਰੇ, ਤਾਂ ਦਾਸ ਨਾਨਕ ਹਰ ਵੇਲੇ ਉਹਨਾਂ (ਭਗਤਾਂ ਸੇਵਕਾਂ) ਦੇ ਚਰਨ ਛੁੰਹਦਾ ਰਹੇ ॥੪॥੧॥੮॥
🙏🙏🌼🌺🌸har Jio Nimanian Tu Maan Ek Teri Oat Rakhaeai Waheguru Ji🌼🌺🌸🙏🙏
waheguru ji ka khalsa Waheguru ji ki Fateh ji 🙏🏻