ਅਮ੍ਰਿਤ ਵੇਲੇ ਦਾ ਹੁਕਮਨਾਮਾ – 12 ਅਕਤੂਬਰ 2024
ਅੰਗ : 713
ਟੋਡੀ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਮਾਗਉ ਦਾਨੁ ਠਾਕੁਰ ਨਾਮ ॥
ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥
ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥
ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥
ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥
ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥
ਅਰਥ: ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਹੇ ਸਾਹਿਬ! ਤੇਰੇ ਪਾਸੋਂ ਮੈਂ ਤੇਰੇ ਨਾਮ ਦੀ ਦਾਤ ਮੰਗਦਾ ਹਾਂ।
ਹੋਰ ਕੁਝ ਭੀ ਤੇਰੇ ਨਾਲ ਨਹੀਂ ਜਾਣਾ। ਆਪਣੀ ਮਿਹਰ ਰਾਹੀਂ ਮੈਨੂੰ ਆਪਣੇ ਜੱਸ ਦਾ ਗਾਇਨ ਕਰਨਾ ਬਖਸ਼। ਠਹਿਰਾਉ।
ਹਕੂਮਤ, ਦੌਲਤ, ਅਨੇਕਾਂ ਰੰਗ-ਰਲੀਆਂ ਅਤੇ ਬਹਾਰਾਂ ਸਾਭ ਬਿਰਛ ਦੇ ਪ੍ਰਛਾਵੇ ਦੀ ਮਾਨੰਦ ਹਨ।
ਇਨਸਾਨ ਬਹੁਤੀਆਂ ਦਿਸ਼ਾਂ ਨੂੰ ਦੌੜਦਾ ਅਤੇ ਭਜ ਦੌੜ ਕਰਦਾ ਹੈ ਪ੍ਰੰਤੂ ਉਸ ਦੇ ਸਾਰੇ ਕਾਰਜ ਨਿਸਫਲ ਹਨ।
ਬਗੈਰ ਦ੍ਰਿਸ਼ਟੀ ਦੇ ਸੁਆਮੀ ਦੇ ਹੋਰ ਹਰ ਸ਼ੈ ਜਿਹੜੀ ਬੰਦਾ ਲੋੜਦਾ ਹੈ। ਅਨਸਥਿਰ ਦਿਸਦੀ ਹੈ।
ਗੁਰੂ ਜੀ ਫੁਰਮਾਉਂਦੇ ਹਨ, ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ, ਤਾਂ ਜੋ ਮੇਰੀ ਆਤਮਾ ਨੂੰ ਆਰਾਮ ਪ੍ਰਾਪਤ ਹੋ ਜਾਵੇ।
Waheguruji 🙏🏻