15 ਦਸੰਬਰ – ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਤੇ ਵਿਸ਼ੇਸ਼

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਹਨ। ਗੁਰੂ ਜੀ ਦਾ ਪ੍ਰਕਾਸ਼ ਸੰਮਤ 1723 (ਦਸੰਬਰ 1666 ਈ:) ਨੂੰ ਪਟਨਾ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਗੁਰੂ ਤੇਗ ਬਹਾਦਰ ਜੀ ਉਸ ਸਮੇਂ ਆਪਣੀ ਪੂਰਬ ਦੀ ਯਾਤਰਾ ’ਤੇ ਗਏ ਹੋਏ ਸਨ। ਗੁਰੂ ਜੀ ਨੂੰ ਢਾਕਾ ਵਿਖੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਸੂਚਨਾ ਮਿਲੀ। ਗੁਰੂ ਤੇਗ ਬਹਾਦਰ ਜੀ ਨੇ ਪਟਨਾ ਦੀ ਸੰਗਤ ਨੂੰ ਇਕ ਹੁਕਮਨਾਮਾ ਲਿਖ ਕੇ ਪਰਿਵਾਰ ਦੀ ਸੇਵਾ-ਸੰਭਾਲ ਕਰਨ ਲਈ ਆਸ਼ੀਰਵਾਦ ਦਿੱਤਾ ਅਤੇ ਸਾਹਿਬਜ਼ਾਦੇ ਦਾ ਨਾਂ ਗੋਬਿੰਦ ਰਾਏ ਰੱਖਣ ਲਈ ਲਈ ਕਿਹਾ।

ਗੋਬਿੰਦ ਰਾਇ ਜੀ ਦੇ ਪਹਿਲੇ 5 ਸਾਲ ਪਟਨਾ ਸਾਹਿਬ ਵਿਖੇ ਹੀ ਬੀਤੇ। ਗੁਰੂ ਤੇਗ ਬਹਾਦਰ ਜੀ ਨੇ ਪੰਜਾਬ ਆ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਆਪਣੇ ਕੋਲ ਆਨੰਦਪੁਰ ਸਾਹਿਬ ਵਿਖੇ ਬੁਲਾਇਆ। ਆਨੰਦਪੁਰ ਸਾਹਿਬ ਵਿਖੇ ਗੋਬਿੰਦ ਰਾਇ ਜੀ ਨੇ ਧਾਰਮਿਕ ਵਿਦਿਆ ਗ੍ਰਹਿਣ ਕੀਤੀ ਅਤੇ ਸ਼ਸ਼ਤਰਬਾਜ਼ੀ ਵਿਚ ਵੀ ਨਿਪੁੰਨਤਾ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਕਸ਼ਮੀਰ ਦੇ ਉਸ ਵੇਲੇ ਦੇ ਗਵਰਨਰ ਇਫਤਖ਼ਾਰ ਖ਼ਾਂ ਨੇ ਕਸ਼ਮੀਰ ਦੇ ਬ੍ਰਾਹਮਣਾਂ ’ਤੇ ਬਹੁਤ ਅੱਤਿਆਚਾਰ ਕੀਤੇ। ਇਹ ਅੱਤਿਆਚਾਰ ਔਰੰਗਜੇਬ ਦੇ ਇਸ਼ਾਰੇ ’ਤੇ ਹੋ ਰਹੇ ਸਨ।

ਤੰਗ ਆ ਕੇ 16 ਕਸ਼ਮੀਰੀ ਬ੍ਰਾਹਮਣਾਂ ਦਾ ਇਕ ਵਫਦ ਮਟਨ ਦੇ ਨਿਵਾਸੀ ਪੰਡਿਤ ਕ੍ਰਿਪਾ ਰਾਮ ਦੱਤ ਦੀ ਅਗਵਾਈ ਹੇਠ ਗੁਰੂ ਤੇਗ ਬਹਾਦਰ ਜੀ ਨੂੰ ਆਨੰਦਪੁਰ ਸਾਹਿਬ ਵਿਖੇ 25 ਮਈ 1675 ਈਸਵੀ ਨੂੰ ਆ ਕੇ ਮਿਲਿਆ ਅਤੇ ਆਪਣੇ ਧਰਮ ਦੀ ਰੱਖਿਆ ਲਈ ਪੁਕਾਰ ਕੀਤੀ। ਪੰਡਿਤਾਂ ਦਾ ਕਹਿਣਾ ਸੀ ਕਿ ਗੁਰੂ ਤੇਗ ਬਹਾਦਰ ਜੀ ਹੀ ਉਨ੍ਹਾਂ ਦੇ ਧਰਮ ਦੀ ਰੱਖਿਆ ਕਰ ਸਕਦੇ ਹਨ। ਗੋਬਿੰਦ ਰਾਇ ਜੀ ਨੇ ਆਪਣੇ ਪਿਤਾ ਜੀ ਨੂੰ ਆਪਾ ਵਾਰਨ ਲਈ ਖੁਦ ਦਿੱਲੀ ਵੱਲ ਤੋਰਿਆ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਸ਼੍ਰੀ ਗੋਬਿੰਦ ਰਾਇ ਜੀ ਨੂੰ ਸੌਂਪ ਗਏ।

ਗੁਰੂ ਜੀ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਜ਼ੁਲਮ ਦਾ ਟਾਕਰਾ ਸਿੱਧੇ ਤੌਰ ’ਤੇ ਕਰਨ ਲਈ ਆਪਣੀ ਫੌਜ ਵਿਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ। ਪਹਾੜੀ ਰਾਜੇ ਗੁਰੂ ਜੀ ਨਾਲ ਹਮੇਸ਼ਾ ਹੀ ਕੋਈ ਨਾ ਕੋਈ ਪੰਗਾ ਖੜ੍ਹਾ ਕਰੀ ਰੱਖਦੇ ਸਨ। ਜਦੋਂ ਗੁਰੂ ਜੀ ਪਾਉਂਟਾ ਸਾਹਿਬ ਵਿਖੇ ਗਏ ਹੋਏ ਸਨ ਤਾਂ ਉਥੇ ਭੰਗਾਣੀ ਦੇ ਮੈਦਾਨ ’ਚ ਬਾਈਧਾਰ ਦੇ ਰਾਜਿਆਂ ਨੇ ਗੁਰੂ ਜੀ ਨਾਲ ਲੜਾਈ ਕੀਤੀ। ਇਹ ਲੜਾਈ ਫਰਵਰੀ 1686 ਈਸਵੀ ਨੂੰ ਹੋਈ, ਜਿਸ ਵਿਚ ਗੁਰੂ ਜੀ ਦੀ ਜਿੱਤ ਹੋਈ। ਇਸ ਜੰਗ ਤੋਂ ਕੁੱਝ ਹੀ ਸਮੇਂ ਬਾਅਦ ਗੁਰੂ ਜੀ ਦੇ ਘਰ ਮਾਤਾ ਸੁੰਦਰੀ ਜੀ ਦੇ ਕੁੱਖੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਪ੍ਰਕਾਸ਼ ਹੋਇਆ। ਮਾਤਾ ਜੀਤੋ ਜੀ ਦੀ ਕੁੱਖ ਤੋਂ ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਦਾ ਪ੍ਰਕਾਸ਼ ਹੋਇਆ।

1 ਵਿਸਾਖ ਸੰਮਤ 1756 (1699 ਈਸਵੀ) ਨੂੰ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਪੰਜ ਪਿਆਰੇ ਸਾਜੇ। ਇਨ੍ਹਾਂ ਪੰਜਾਂ ਪਿਆਰਿਆਂ ਦਾ ਜਨਮ ਤਲਵਾਰ ਦੀ ਧਾਰ ਵਿਚੋਂ ਹੋਇਆ। ਗੁਰੂ ਜੀ ਨੇ ਬਾਅਦ ਵਿਚ ਪੰਜ ਪਿਆਰਿਆਂ ਕੋਲੋਂ ਖੁਦ ਅੰਮਿ੍ਰਤ ਛਕਿਆ ਅਤੇ ਗੁਰੂ ਜੀ ਜੀ ਦਾ ਨਾਮ ਗੋਬਿੰਦ ਰਾਇ ਤੋਂ ਗੁਰੂ ਗੋਬਿੰਦ ਸਿੰਘ ਜੀ ਹੋ ਗਿਆ। ਪਹਾੜੀ ਰਾਜਿਆਂ ਤੇ ਮੁਗਲਾਂ ਨਾਲ ਗੁਰੂ ਜੀ ਨੂੰ ਕਈ ਜੰਗ ਲੜਨੇ ਪਏ ਪਰ ਹਮੇਸ਼ਾ ਗੁਰੂ ਜੀ ਦੀ ਜਿੱਤ ਹੁੰਦੀ ਰਹੀ।

6 ਪੋਹ ਸੰਮਤ 1761 ਮੁਤਾਬਿਕ 20 ਦਸੰਬਰ 1704 ਈ: (ਪ੍ਰਿੰਸੀਪਲ ਤੇਜਾ ਸਿੰਘ, ਡਾ. ਗੰਡਾ ਸਿੰਘ ਅਨੁਸਾਰ 1705 ਈਸਵੀ) ਨੂੰ ਗੁਰੂ ਜੀ ਨੇ ਆਨੰਦਪੁਰ ਸਾਹਿਬ ਨੂੰ ਅਲਵਿਦਾ ਆਖ ਦਿੱਤੀ। ਸਰਸਾ ਨਦੀ ’ਤੇ ਘੋਰ ਯੁੱਧ ਹੋਇਆ ਜਿਸ ਵਿਚ ਗੁਰੂ ਜੀ ਦਾ ਪਰਿਵਾਰ ਬਿਖਰ ਗਿਆ। ਗੁਰੂ ਜੀ ਨੂੰ ਚਮਕੌਰ ਸਾਹਿਬ ਵਿਖੇ ਮੁਗਲਾਂ ਨਾਲ ਜੰਗ ਲੜਨੀ ਪਈ, ਜਿਸ ਵਿਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਅਤੇ ਕਈ ਸਿੰਘ ਸ਼ਹੀਦ ਹੋ ਗਏ। ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਵਲੋਂ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ ਗੁਜਰੀ ਜੀ ਵੀ ਸਰਹਿੰਦ ਵਿਖੇ ਹੀ ਸ਼ਹੀਦ ਹੋਏ।

ਗੁਰੂ ਜੀ ਮਾਛੀਵਾੜੇ ਤੋਂ ਉੱਚ ਦੇ ਪੀਰ ਦੇ ਰੂਪ ਵਿਚ ਅਗਾਂਹ ਲਈ ਰਵਾਨਾ ਹੋਏ। ਜਦੋਂ ਆਪ ਖਿਦਰਾਣੇ ਦੀ ਢਾਬ ਨੇੜੇ ਪੁੱਜੇ ਤਾਂ ਮੁਗਲ ਸੈਨਾ ਨੇ ਦੁਬਾਰਾ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਗੁਰੂ ਜੀ ਨੇ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ। ਕੁਝ ਸਿੰਘ ਜੋ ਕਿ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਚਲੇ ਗਏ ਸਨ, ਉਹ ਮਾਈ ਭਾਗੋ ਜੀ ਦੀ ਪ੍ਰੇਰਣਾ ਸਦਕਾ ਦੁਬਾਰਾ ਗੁਰੂ ਜੀ ਨੂੰ ਆ ਮਿਲੇ ਅਤੇ ਮੁਗਲਾਂ ਨਾਲ ਲੜੇ। ਇਥੇ ਵੀ ਜਿੱਤ ਗੁਰੂ ਜੀ ਦੀ ਹੋਈ। ਖਿਦਰਾਣੇ ਵਾਲੇ ਇਸ ਥਾਂ ਦਾ ਨਾਂਅ ਵੀ ਗੁਰੂ ਜੀ ਨੇ ਮੁਕਤਸਰ ਰੱਖਿਆ।

ਅਖੀਰ ਇਥੋਂ ਚਲ ਕੇ ਗੁਰੂ ਜੀ ਤਲਵੰਡੀ ਸਾਬੋ (ਬਠਿੰਡਾ) ਵਿਖੇ ਪੁੱਜੇ ਅਤੇ ਇਥੇ ਆ ਕੇ ਕੁੱਝ ਸਮੇਂ ਲਈ ਆਰਾਮ ਕੀਤਾ। ਗੁਰੂ ਜੀ ਨੇ ਇਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੁਬਾਰਾ ਲਿਖਵਾਈ, ਜਿਸ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕੀਤੀ ਗਈ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top