ਇਤਿਹਾਸ – ਭਗਤ ਸਧਨਾਂ ਜੀ

ਇੱਕ ਰਵਾਇਤ ਅਨੁਸਾਰ ਭਗਤ ਸਧਨਾ ਜੀ ਦਾ ਜਨਮ ਸਿੰਧ ਪ੍ਰਾਤ (ਪਾਕਿਸਤਾਨ)ਦੇ ਸਿਹਵਾਂ ਪਿੰਡ ਵਿੱਚ ਚੌਦਵੀਂ ਸਦੀ ਦੇ ਆਰੰਭ ਵਿੱਚ ਹੋਇਆ। ਆਪ ਭਗਤ ਨਾਮਦੇਵ ਜੀ ਦੇ ਸਮਕਾਲੀ ਸਨ। ਆਪ ਦੇ ਜੀਵਨ ਦਾ ਮੁਢਲਾ ਸਮਾਂ ਪਿਤਾ ਪੁਰਖੀ ਕਸਾਈ ਦਾ ਕੰਮ ਕਰਨ ਵਿੱਚ ਗੁਜ਼ਾਰਿਆ । ਉਹ ਕਿਰਤ ਭਾਵੇਂ ਮਾਸ ਵੇਚਣ ਦੀ ਕਰਦੇ ਸਨ ਜਾਂ ਬੱਕਰੇ ਵੱਢਣ ਦੀ ਪਰ ਉਨ੍ਹਾਂ ਦਾ ਮਨ ਕਿੱਧਰੇ ਹੋਰ, ਕਿਸੇ ਹੋਰ ਦੀ ਤਲਾਸ਼ ਵਿੱਚ ਰਹਿੰਦਾ ਸੀ। ਉਨ੍ਹਾਂ ਦੇ ਸ਼ਬਦ ਵਿੱਚ ਪ੍ਰਭੂ ਮਿਲਾਪ ਵਾਸਤੇ ਤਰਲਾ ਸਾਫ਼ ਦਿੱਸਦਾ ਹੈ। ਬਾਅਦ ਵਿੱਚ ਆਪ ਕਸਾਈ ਦਾ ਕੰਮ ਛਡ ਭਗਤੀ ਵਿੱਚ ਲੀਨ ਹੋ ਗਏ। ਇਤਨੇ ਕਠੋਰ ਪੈਸ਼ਾ ਤੇ ਇਤਨਾ ਕੋਮਲ ਦਿਲ ,ਆਪਦੇ ਜੀਵਨ ਨੇ ਕਿਸ ਤਰ੍ਹਾ ਮੋੜ ਖਾਧਾ ਇਸ ਨਾਲ ਇਕ ਘਟਨਾ ਮਸਕੀਨ ਜੀ ਬਿਆਨ ਕਰਦੇ ਹਨ ।
ਕਹਿੰਦੇ ਹਨ ਇਕ ਦਿਨ ਉਥੋਂ ਦੇ ਰਾਜੇ ਦੇ ਘਰ ਬੇਵ੍ਕ਼ਤ ਮਹਿਮਾਨ ਆ ਗਏ । ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਸਧਨਾ ਕੋਲ 1-2 ਸੇਰ ਮਾਸ ਲੈਣ ਲਈ ਭੇਜਿਆ , ਦੁਕਾਨ ਬੰਦ ਹੋ ਚੁਕੀ ਸੀ , ਰਾਜੇ ਦੇ ਅਹਿਲਕਾਰ ਸਧਨਾ ਕੋਲ ਗਏ ਤੇ ਰਾਜੇ ਦਾ ਹੁਕਮ ਸੁਣਾਇਆ । ਨਾਂਹ ਨਹੀਂ ਸੀ ਕੀਤੀ ਜਾ ਸਕਦੀ, ਰਾਜੇ ਦਾ ਹੁਕਮ ਸੀ । ਸੋਚਿਆ ਕਿ ਜੇ ਪੂਰਾ ਬਕਰਾ ਝਟਕਾਇਆ ਤਾਂ ਬਾਕੀ ਦਾ ਮਾਸ ਸਵੇਰੇ ਤਕ ਖਰਾਬ ਹੋ ਜਾਏਗਾ, ਸੋਚਿਆ ਕਿ ਬਕਰੇ ਦੀ ਇਕ ਟੰਗ ਵੱਡ ਦਿੰਦਾਂ ਹਾਂ । ਜਦ ਛੁਰਾ ਲੈਕੇ ਬਕਰੇ ਕੋਲ ਗਏ ਤਾਂ ਮਨ ਵਿਚ ਉਸਦੇ ਦਰਦ , ਉਸਦੀ ਤੜਫ ਦਾ ਵੀ ਖ਼ਿਆਲ ਆ ਗਿਆ ਜੋ ਸਾਰੀ ਰਾਤ ਬਕਰੇ ਨੇ ਝੇਲਣਾ ਸੀ । ਆਪਣੇ ਪੈਸ਼ੇ ਬਾਰੇ ਵੀ ਸੋਚਿਆ ਕਿ ਇਹ ਦਰਦ ਉਹ ਕਿਨੀ ਵਾਰੀ ਤੇ ਕਿਨੇ ਜਾਨਵਰਾਂ ਨੂੰ ਹਰ ਰੋਜ਼ ਦਿੰਦੇ ਹਨ, ਹਥੋਂ ਛੁਰਾ ਡਿਗ ਪਿਆ, ਫੈਸਲਾ ਕਰ ਲਿਆ ਕਿ ਅਜ ਤੋਂ ਬਾਅਦ ਮੈਂ ਇਹ ਗੁਨਾਹ ਕਦੀ ਨਹੀਂ ਕਰਾਂਗਾ । ਅਹਿਲਕਾਰਾਂ ਨੂੰ ਕਹਿ ਦਿਤਾ ਕਿ ਅਜ ਤੋਂ ਮੈਂ ਕਸਾਈ ਦਾ ਪੈਸ਼ਾ ਛਡ ਦਿਤਾ ਹੈ., ਮੈ ਬਕਰੇ ਨਹੀਂ ਵਡਿਆ ਕਰਾਂਗਾ । ਅਜ ਤੋਂ ਮੈਂ ਆਪਣੇ ਕੀਤੇ ਪਾਪਾਂ ਤੇ ਗੁਨਾਹਾਂ ਨੂੰ ਵਡਣਾ ਹੈ । ਅਹਿਲਕਾਰ ਵੀ ਨੇਕ ਸੀ ,ਇਨ੍ਹਾ ਦੇ ਦਰਦ ਨੂੰ ਸਮਝ ਗਏ । ਉਹ ਦਿਨ ਉਨ੍ਹਾ ਦਾ ਇਸ ਪੈਸ਼ੇ ਦਾ ਆਖਰੀ ਦਿਨ ਸੀ । ਉਸਤੋਂ ਬਾਅਦ ਉਨ੍ਹਾਂ ਨੇ ਅਜਿਹੀ ਸ਼ਿਦਿਤ ਨਾਲ ਭਗਤੀ ਕੀਤੀ ਰੱਬ ਨਾਲ ਇਕ-ਮਿਕ ਹੋ ਗਏ । ਬਾਣੀ ਉਚਾਰਨ ਕੀਤੀ ,ਕਈ ਦੋਹੇ ਲਿਖੇ । ਉਨ੍ਹਾਂ ਦੇ ਪੰਜਾਬ ਰਾਜਿਸਥਾਨ ਅਤੇ ਯੂ: ਪੀ ਵਿੱਚ ਬਣੀ ਦੇ ਪ੍ਰਚਾਰ ਲਈ ਘੁੰਮਣ ਫਿਰਨ ਦੇ ਸੰਕੇਤ ਮਿਲਦੇ ਹਨ ।
ਭਗਤ ਸਧਨਾ ਜੀ ਦਾ ਰਾਗੁ ਬਿਲਾਵਲੁ ਵਿੱਚ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 852 ਉੱਤੇ ਅੰਕਿਤ ਹੈ ਜਿਸ ਵਿਚ ਉਹ ਫੁਰਮਾਂਦੇ ਹਨ ਕਿ ਭਗਤ ਜੋ ਮਨ ਉਸ ਪ੍ਰਮਾਤਮਾ ਨੂੰ ਦੇਕੇ ਭਗਤੀ ਕਰਦਾ ਹੈ, ਆਪਣਾ ਆਪ ਤਿਆਗ ਕੇ ਪ੍ਰਭੂ ਦਾ ਹੋ ਜਾਂਦਾ ਹੈ, ਉਸਦੀ ਲਾਜ ਪ੍ਰਮਾਤਮਾ ਆਪ ਰਖਦਾ ਹੈ । ਇਸ ਸਲੋਕ ਵਿੱਚ ਭਗਤ ਸਧਨਾ ਜੀ ਜਗਤ ਗੁਰੂ ਨੂੰ ਵੰਗਾਰ ਦੇ ਰੂਪ ਵਿੱਚ ਅਰਦਾਸ ਕਰਦੇ ਹਨ ਜੋ ਕਿ ਇੱਕ ਦਿਲੋਂ ਨਿਕਲੀ ਹੂਕ ਹੈ।
ਮੈ ਨਾਹੀ ਕਛੁ ਹਉ ਨਹੀਂ ਕਿਛੁ ਅਹਿ ਨ ਮੋਰਾ।I ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ।I
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥ ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥
ਅਸੀਂ ਸਾਰੀ ਉਮਰ ਚੰਗੇ-ਮੰਦੇ ਕਰਮਾਂ ਵਿੱਚ ਵਿਅੱਸਤ ਰਹਿੰਦੇ ਹਾਂ ਤੇ ਕਰਮਾ ਅਨੁਸਾਰ ਦੁਖ ਸੁਖ ਭੋਗਦੇ ਹਨ । ਪਰ ਜਦੋਂ ਵੀ ਸਮਝ ਆ ਜਾਏ, ਜੇਕਰ ਨੇਕ ਨੀਤੀ ਨਾਲ ਮਾਲਕ ਦੀ ਸ਼ਰਨ ਵਿੱਚ ਚਲੇ ਜਾਈਏ, ਉਸਦੀ ਰਜ਼ਾ ਵਿੱਚ ਰਹਿਣਾ ਕਬੂਲ ਕਰ ਲਈਏ ਤਾਂ ਨਿਰੰਕਾਰ ਅਉਗੁਣਹਾਰਿਆਂ ਨੂੰ ਅੰਗੀਕਾਰ ਕਰ ਲੈਂਦਾ ਹੈ। ਐਸਾ ਕਰਨਾ ਉਸ ਦਾ ਸੁਭਾਓ ਹੈ।
ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ॥ ਦਰਗਾਹ ਵਿੱਚ ਸ਼ੁੱਭ ਕਰਮ ਹੀ ਪਰਵਾਣ ਹਨ।
ਹੇਠ ਲਿਖੇ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਇੱਕ ਹੋਰ ਮਿਥਹਾਸਿਕ ਕਹਾਣੀ ਜਾਨਣੀ ਬੜੀ ਜ਼ਰੂਰੀ ਹੈ ਜੋ ਉਸ ਸਮੇਂ ਕਿਤਨੀ ਪ੍ਰਚੱਲਤ ਰਹੀ ਹੋਵੇਗੀ ਜਿਸ ਦਾ ਭਗਤ ਜੀ ਨੇ ਇਸ ਸ਼ਬਦ ਦੇ ਅਰੰਭ ਵਿੱਚ ਹੀ ਇਸ਼ਾਰਾ ਦਿੱਤਾ ਹੈ। ਇੱਕ ਰਾਜੇ ਦੀ ਲਕੜੀ ਨੇ ਐਲਾਨ ਕਰ ਦਿੱਤਾ ਸੀ ਕਿ ਜੇ ਉਹ ਵਿਆਹ ਕਰਾਵੇਗੀ ਤਾਂ ਵਿਸ਼ਨੂੰ ਭਗਵਾਨ ਨਾਲ ਹੀ ਕਰਾਵੇਗੀ। ਰਾਜੇ ਨੇ ਬੜਾ ਸਮਝਾਇਆ ਪਰ ਲੜਕੀ ਜ਼ਿਦ ਤੇ ਅੜੀ ਰਹੀ। ਇਕ ਤ੍ਰਖਾਣ ਦੇ ਲੜਕੇ ਨੇ ਵਿਸ਼ਨੂੰ ਭਗਵਾਨ ਬਾਰੇ ਜਾਣਕਾਰੀ ਹਾਸਲ ਕੀਤੀ। ਆਪਣੇ ਵਾਸਤੇ ਦੋ ਬਾਹਵਾਂ ਹੋਰ ਬਣਾ ਲਈਆਂ ਅਤੇ ਗਰੁੜ ਵਰਗਾ ਉੱਡਣ ਖਟੋਲਾ ਤਿਆਰ ਕਰ ਲਿਆ। ਉਸ ਤ੍ਰਖਾਣ ਦੇ ਲੜਕੇ ਦਾ ਰਾਜੇ ਦੀ ਬੇਟੀ ਨਾਲ ਵਿਆਹ ਕਰਵਾਉਣ ਦਾ ਮਕਸਦ ਕਾਮ ਤ੍ਰਿਪਤੀ ਅਤੇ ਮਹਿਲਾਂ ਵਿੱਚ ਰਹਿਣਾ ਨਿਜੀ ਸਾਵਾਰਥ ਸੀ। ਇੱਕ ਦਿਨ ਉਸ ਲੜਕੇ ਨੇ ਉਡਣ ਖਟੋਲਾ ਲੈ ਕੇ ਰਾਜੇ ਦੇ ਮਹਲ ਉੱਪਰ ਦੋ ਚਾਰ ਗੇੜੇ ਦਿੱਤੇ ਅਤੇ ਆਪਣਾ ਉੱਡਣ ਖਟੋਲਾ ਮਹਿਲਾਂ ਵਿਚ ਜਾ ਉਤਾਰਿਆ। ਰਾਜੇ ਅਤੇ ਰਾਜਕੁਮਾਰੀ ਨੇ ਉਸ ਨੂੰ ਵਿਸ਼ਨੂੰ ਭਗਵਾਨ ਸਮਝਕੇ ਸਵਾਗਤ ਕੀਤਾ ਤੇ ਅਗਲੇ ਦਿਨ ਹੀ ਰਾਜੇ ਨੇ ਉਸ ਨਾਲ ਆਪਣੀ ਲੜਕੀ ਦਾ ਵਿਆਹ ਕਰ ਦਿੱਤਾ। ਸਾਰੇ ਜਣੇ ਖੁਸ਼ੀ ਖੁਸ਼ੀ ਰਹਿਣ ਲੱਗੇ। ਰਾਜੇ ਨੇ ਸੋਚਿਆ ਕਿ ਹੁਣ ਆਪਣਾ ਜੁਆਈ ਵਿਸ਼ਨੂੰ ਭਗਵਾਨ ਹੈ, ਫੌਜ ਰੱਖ ਕੇ ਕੀ ਕਰਨੀ ਹੈ। ਫੌਜੀਆਂ ਨੂੰ ਹਟਾ ਕੇ ਘਰੋ-ਘਰੀ ਭੇਜ ਦਿੱਤਾ।
ਗਵਾਂਢੀ ਰਾਜੇ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਰਾਜੇ ਉੱਤੇ ਹਮਲਾ ਕਰ ਦਿੱਤਾ। ਰਾਜੇ ਨੇ ਜੁਆਈ ਰਾਜਾ ਪਾਸ ਮਦਦ ਲਈ ਗੁਹਾਰ ਲਾਈ। ਜੁਆਈ ਨੇ ਰਾਜੇ ਨੂੰ ਹੌਸਲਾ ਜ਼ਰੂਰ ਦਿੱਤਾ ਪਰ ਆਪ ਸਕਤੇ ਵਿਚ ਆ ਗਿਆ । ਰਾਤ ਪਈ ਤਾਂ ਤ੍ਰਖਾਣ ਦੇ ਲੜਕੇ ਨੇ ਆਪਣਾ ਗਰੁੜ ਉੜਾਨ ਦੀ ਕੋਸ਼ਿਸ਼ ਕੀਤੀ ਪਰ ਉਹ ਉਡਿਆ ਨਹੀਂ । ਲੜਕਾ ਬੜੀ ਦੁਬਿੱਧਾ ਵਿੱਚ ਫੱਸ ਗਿਆ। ਕਰੇ ਤਾਂ ਕੀ ਕਰੇ ? ਭੱਜ ਕੇ ਕਿਧਰੇ ਜਾ ਨਹੀਂ ਸੀ ਸਕਦਾ। ਸਚ ਬੋਲ ਨਹੀਂ ਸੀ ਸਕਦਾ । ਅਖੀਰ ਸਾਰੇ ਰਸਤੇ ਬੰਦ ਦੇਖ ਕੇ ਲੜਕੇ ਨੇ ਪਾਣੀ ਵਿੱਚ ਡੁੱਬ ਮਰਨ ਦੀ ਸਕੀਮ ਬਣਾਈ। ਲੜਕਾ ਨਦੀ ਵਿੱਚ ਵੜਨ ਵਾਲਾ ਹੀ ਸੀ ਕਿ ਅਸਲੀ ਵਿਸ਼ਨੂੰ ਭਗਵਾਨ ਨੇ ਆ ਕੇ ਲੜਕੇ ਦੀ ਬਾਂਹ ਫੜ ਲਈ ਅਤੇ ਕਿਹਾ, “ ਤੂੰ ਤਾਂ ਮਰ ਕੇ ਮੁਕਤ ਹੋ ਜਾਏਂਗਾ ਪਰ ਮੈਂ ਤਾਂ ਜਿਊਂਦੇ ਜੀਅ ਹੀ ਮਾਰਿਆ ਜਾਊਂਗਾ ? ਤੇਰੇ ਮਰਨ ਨਾਲ ਲੋਕਾਂ ਨੇ ਸਮਝ ਲੈਣਾ ਹੈ ਕਿ ਵਿਸ਼ਨੂੰ ਮਰ ਗਿਆ ਹੈ। ਫਿਰ ਮੇਰੀ ਪੂਜਾ ਕੌਣ ਕਰੇਗਾ? ਤੂੰ ਮਰਨ ਦਾ ਖ਼ਿਆਲ ਤਿਆਗ ਦੇ। ਮੇਰੀ ਹੋਂਦ ਹੁਣ ਤੇਰੀ ਹੋਂਦ ਉੱਤੇ ਨਿਰਭਰ ਹੋ ਗਈ ਹੈ। ਜੇ ਤੂੰ ਮਰ ਗਿਆ ਤਾਂ ਮੈਂ ਕਿੱਸੇ ਪਾਸੇ ਜੋਗਾ ਨਹੀਂ ਰਹਾਂਗਾ। ਤੂੰ ਮੇਰੀ ਮਦਦ ਕਰ। ਤੇਰਾ ਕੰਮ ਮੈਂ ਸੰਭਾਲ ਲਵਾਂਗਾ। ਤੂੰ ਇਦਾਂ ਕਰ ਆਪਣੇ ਘਰ ਜਾਹ। ਬਾਕੀ ਸਾਰਾ ਕੰਮ ਤੂੰ ਮੇਰੇ ਤੇ ਛੱਡ ਦੇ।”ਵਿਸ਼ਨੂੰ ਭਗਵਾਨ ਜੀ ਨੇ ਭੇਖੀ ਤ੍ਰਖਾਣ ਦੀ ਥਾਂ ਆਪ ਪਹਿਰਾ ਦੇ ਕੇ ਹਮਲਾਵਰ ਫੌਜ ਦਾ ਮੁਕਾਬਲਾ ਕੀਤਾ ਸੀ, ਭਗਤ ਸਧਨਾ ਜੀ ਦੇ ਸ਼ਬਦ ਦੀਆਂ ਪਹਿਲੀਆਂ ਦੋ ਸਤਰਾਂ ਇਸ ਮਿਥ ਦੀ ਵਿਆਖਿਆ ਹਨ। ਭਗਤ ਸਧਨਾ ਜੀ ਭਗਵਾਨ ਨੂੰ ਅਰਦਾਸ ਕਰਦੇ ਹੋਏ ਕਹਿੰਦੇ ਹਨ ਕਿ ਪਖੰਡੀ ਤ੍ਰਖਾਣ ਲੜਕੇ ਦੀ ਤੁਸਾਂ ਰੱਖਿਆ ਕੀਤੀ ਸੀ, ਮੈਂ ਤਾਂ ਤੁਹਾਡਾ ਭਗਤ ਹਾਂ।
॥ ਪੰਨਾ 858 ॥
ਬਾਣੀ ਸਧਨੇ ਕੀ ਰਾਗੁ ਬਿਲਾਵਲੁ (858-13)
ੴ ਸਤਿਗੁਰ ਪ੍ਰਸਾਦਿ ॥
ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥
ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥1॥
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥1॥ ਰਹਾਉ ॥
ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥2॥
ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥
ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥3॥
ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥
ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥4॥1॥
ਵਾਹਿਗੁਰੂ ਦੀ ਇਬਾਦਤ ਕਰਦੇ ਆਪ ਵਾਹਿਗੁਰੂ ਜੀ ਦੇ ਵਿੱਚ ਹੀ ਅਭੇਦ ਹੋ ਗਏ ਸਨ। ਭਗਤ ਸਧਨਾ ਜੀ ਦਾ ਦੇਹੁਰਾ , ਇੱਕੋ ਇੱਕ ਯਾਦਗਾਰ ਸਰਹੰਦ ਕੋਲ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਤੇ, ਜਿਥੇ ਉਹਨਾਂ ਨੇ ਸਰੀਰ ਤਿਆਗਿਆ ਸੀ, ਇੱਕ ਮਸਜਿਦ ਬਣੀ ਹੋਈ ਹੈ।
ਦਾਸ ਜੋਰਾਵਰ ਸਿੰਘ ਤਰਸਿੱਕਾ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top