ਇਤਿਹਾਸ – ਭਗਤ ਤਰਲੋਚਨ ਜੀ

ਭਗਤ ਤ੍ਰਿਲੋਚਨ ਜੀ ਦਾ ਜਨਮ 1267 ਈ. ਵਿੱਚ ਮਹਾਂਰਾਸ਼ਟਰ ਦੇ ਜਿਲ੍ਹਾ ਸ਼ੋਲਾਪੁਰ ਦੇ ਬਾਰਸੀ ਕਸਬੇ ਵਿੱਚ ਹੋਇਆ। ਮੈਕਾਲਿ਼ਫ ਅਨੁਸਾਰ ਆਪਦਾ ਜਨਮ 1267 ਈ. ਵਿੱਚ ਗੁਜਰਾਤ ਵਿੱਚ ਹੋਇਆ ਵੀ ਮੰਨਿਆ ਜਾਂਦਾ ਹੈ। ਕੁਝ ਵਿਦਵਾਨਾਂ ਅਨੁਸਾਰ ਉਨ੍ਹਾਂ ਦਾ ਜੱਦੀ ਪਿੰਡ ਉੱਤਰ ਪ੍ਰਦੇਸ਼ ਵਿੱਚ ਸੀ ਅਤੇ ਗਿਆਨ ਦੇਵ ਦੇ ਸੰਪਰਕ ਵਿੱਚ ਆਉਣ ਮਗਰੋਂ ਉਹ ਮਹਾਰਾਸ਼ਟਰ ਵੱਲ ਚਲੇ ਗਏ।ਆਪ ਨਾਮਦੇਵ ਦੇ ਸਮਕਾਲੀ ਸਨ। ਆਪਦਾ ਵਿਆਹ ਅਨੰਤਾ ਨਾਮ ਦੀ ਇਸਤਰੀ ਨਾਲ ਮੰਨਿਆ ਜਾਂਦਾ ਹੈ। ਭਗਤ ਮਾਲਾ ਦੀ ਇੱਕ ਗਾਥਾ ਅਨੁਸਾਰ ਤ੍ਰਿਲੋਚਨ ਜੀ ਦਾ ਇਕਲੌਤਾ ਪੁੱਤਰ ਚਲਾਣਾ ਕਰ ਗਿਆ, ਜਿਸ ਕਰਕੇ ਬਿਰਧ ਉਮਰ ਵਿੱਚ ਕੋਈ ਸੇਵਾ ਕਰਨ ਵਾਲਾ ਨਾ ਰਿਹਾ।
ਭਗਤ ਤ੍ਰਿਲੋਚਨ ਜੀ ਦੇ ਵਿਅਕਤੀਤਵ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹੀ ਸੀ ਕਿ ਉਹ ਸਾਧੂਆਂ ਪ੍ਰਤੀ ਬੇਹੱਦ ਸ਼ਰਧਾ ਤੇ ਸਤਿਕਾਰ ਰੱਖਦੇ ਸਨ ਅਤੇ ਉਨ੍ਹਾਂ ਦੀ ਭੋਜਨ ਆਦਿ ਨਾਲ ਸੇਵਾ ਕਰਦੇ ਸਨ, ਪਰ ਸੇਵਾ ਦਾ ਕੰਮ ਆਪਦੀ ਪਤਨੀ ਤੋਂ ਇਕੱਲਿਆਂ ਨਾ ਸਾਂਭਿਆ ਜਾਣ ਕਾਰਨ ਆਪ ਨੇ ‘ਅੰਤਰਯਾਮੀ’ ਨਾਮਕ ਇੱਕ ਨੌਕਰ ਰੱਖ ਲਿਆ। ਉਸ ਨੌਕਰ ਨਾਲ ਇਹ ਸ਼ਰਤ ਰੱਖੀ ਗਈ ਕਿ ਉਹ ਨਿੱਤ ਘੱਟੋ ਘੱਟ ਪੰਜ ਜਾਂ ਸੱਤ ਸੇਰ ਭੋਜਨ ਕਰੇਗਾ ਅਤੇ ਅਜਿਹਾ ਕਰਨ ਉੱਤੇ ਉਸਨੂੰ ਕੋਈ ਵੀ ਨਹੀਂ ਟੋਕੇਗਾ ਨਹੀਂ ਤਾਂ ਉਹ ਨੌਕਰੀ ਛੱਡ ਜਾਵੇਗਾ। ਉਸ ਨੌਕਰ ਨੇ ਆਪਣਾ ਕੰਮ ਇੰਨੀ ਰੁਚੀ ਅਤੇ ਪ੍ਰੇਮ ਭਾਵ ਨਾਲ ਕੀਤਾ ਕਿ ਅਤਿਥੀ ਸਾਧੂਆਂ ਦੀ ਗਿਣਤੀ ਨਿੱਤ ਵਧਦੀ ਗਈ ਫਲਸਰੂਪ ਭੋਜਨ ਤਿਆਰ ਕਰਨ ਦਾ ਕੰਮ ਵਧ ਗਿਆ। ਇੱਕ ਵਾਰ ਅਧਿਕ ਕੰਮ ਹੋ ਜਾਣ ਕਾਰਨ ਭਗਤ ਤ੍ਰਿਲੋਚਨ ਦੀ ਪਤਨੀ ਨੇ ਆਪਣੀ ਕਿਸੇ ਗੁਆਂਢਣ ਨੂੰ ਕਹਿ ਦਿੱਤਾ ਕਿ ਇਸ ਨੌਕਰ ਦੇ ਆਉਣ ਨਾਲ ਸਾਧੂਆਂ ਦੀ ਆਮਦ ਵਧ ਗਈ ਹੈ ਤੇ ਆਪ ਬੇਹਿਸਾਬਾ ਖਾਂਦਾ ਹੈ। ਜਦੋਂ ਇਸ ਗੱਲ ਦਾ ਪਤਾ ‘ਅੰਤਰਯਾਮੀ’ ਨੂੰ ਲੱਗਿਆ ਤਾਂ ਉਹ ਚੁੱਪ ਚਾਪ ਨੌਕਰੀ ਛੱਡ ਕੇ ਚਲਾ ਗਿਆ। ਬਾਅਦ ਵਿੱਚ ਭਗਤ ਤ੍ਰਿਲੋਚਨ ਨੂੰ ਲੱਗਿਆ ਕਿ ਉਹ ਨੌਕਰ ਸੱਚਮੁੱਚ ਹੀ ‘ਅੰਤਰਯਾਮੀ’ (ਪ੍ਰਭੂ) ਸੀ, ਜਿਸ ਕਰਕੇ ਪਛਤਾਵਾ ਹੋਣ ਲੱਗਾ।
ਆਪ ਜੀ ਦੇ ਜੋਤੀ ਜੋਤ ਸਮਾਉਣ ਦਾ ਸੰਨ ਨਿਸ਼ਚਿਤ ਨਹੀਂ,ਪਰ ਭਾਈ ਘੱਨਈਆ ਸੇਵਾ ਜੋਤੀ ਸਤੰਬਰ 1991 ਵਿਸ਼ੇਸ਼ ਅੰਕ, ਪੰਜਾਬੀ ਮਾਸਕ ਵਿਚ ਆਪ ਦਾ ਅੰਤਿਮ ਸਮਾਂ 1335 ਈ. ਤਕ ਦੱਸਿਆ ਗਿਆ ਹੈ। ਪਤੀ ਪਤਨੀ ਨੇ ਅੰਤਿਮ ਜੀਵਨ ਪਾਸਰਪੁਰ ਵਿੱਚ ਹੀ ਗੁਜ਼ਾਰਿਆ ਤੇ ਦੋਹਾਂ ਦੇ ਚਲਾਣੇ ਵੀ ਪਾਸਰਪੁਰ ਵਿੱਚ ਹੀ ਮੰਨੇ ਜਾਂਦੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਤ੍ਰਿਲੋਚਨ ਜੀ ਦੇ ਚਾਰ ਸ਼ਬਦ, ਹੇਠ ਲਿਖੇ ਤਿੰਨ ਰਾਗਾਂ ਵਿੱਚ ਇਸ ਪ੍ਰਕਾਰ ਹਨ-
ਸਿਰੀ ਰਾਗੁ (ਸ਼ਬਦ -1, ਪੰਨਾ-91),
ਗੂਜਰੀ (ਸ਼ਬਦ-2, ਪੰਨਾ-525,526),
ਧਨਾਸਰੀ (ਸ਼ਬਦ-1 ਪੰਨਾ-694)
ਇਨ੍ਹਾਂ ਦੀ ਭਾਸ਼ਾ ਉੱਪਰ ਮਰਾਠੀ ਦਾ ਪ੍ਰਭਾਵ ਪ੍ਰਤੱਖ ਹੈ। ਆਪ ਜੀ ਫਰਮਾਉਂਦੇ ਹਨ ਕਿ ਮਨੁੱਖ ਜਨਮ ਕੌਡੀਆਂ ਬਦਲੇ ਗੁਆ ਬੈਠਦਾ ਹੈ ਮਾਇਆ ਮੂਠਾ ਚੇਤਸਿ ਨਾਹੀ ਜਨਮ ਗਵਾਹਿਓ ਆਲਸੀਆ ।
ਹੇਠਲਾ ਪ੍ਰਮਾਣ ਭਗਤ ਕਬੀਰ ਜੀ ਦੇ ਸਲੋਕਾਂ ਵਿੱਚੋਂ ਹੈ, ਜੋ ਉਨ੍ਹਾਂ ਭਗਤ ਨਾਮ ਦੇਵ ਜੀ ਅਤੇ ਭਗਤ ਤਰਲੋਚਨ ਜੀ ਬਾਰੇ ਲਿਖਿਆ ਹੈ। ਜਿਸ ਤੋਂ ਸਾਨੂੰ ਇੱਕ ਤਾਂ ਇਹ ਪਤਾ ਲਗਦਾ ਹੈ ਕਿ ਭਗਤ ਨਾਮ ਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਨਾ ਕੇਵਲ ਸਮਕਾਲੀ ਸਨ, ਸਗੋਂ ਚੰਗੇ ਮਿੱਤਰ ਵੀ ਸਨ ਅਤੇ ਨੇੜੇ-ਨੇੜੇ ਰਹਿੰਦੇ ਸਨ। ਇਹ ਵੀ ਸਪਸ਼ਟ ਹੁੰਦਾ ਹੈ ਕਿ ਜਿਨ੍ਹਾਂ ਨੂੰ ਅਕਾਲ-ਪੁਰਖ ਨਾਲ ਪਿਆਰ ਪੈ ਗਿਆ, ਉਹ ਸਾਰੇ ਜਾਤਿ-ਪਾਤਿ ਦੇ ਬੰਧਨਾਂ ਤੋਂ ਮੁਕਤ ਹੋ ਗਏ, ਤਾਂਹੀ ਤਾਂ ਬ੍ਰਾਹਮਣੀ ਵਿਵਸਥਾ ਅਨੁਸਾਰ ਉੱਚ ਜਾਤ ਦੇ ਕਹੇ ਜਾਂਦੇ (ਬ੍ਰਾਹਮਣ) ਤ੍ਰਿਲੋਚਨ ਜੀ, ਨੀਚ ਜਾਤ ਦੇ ਸਮਝੇ ਜਾਂਦੇ (ਛੀਪੇ) ਨਾਮ ਦੇਵ ਜੀ ਕੋਲੋਂ ਧਾਰਮਿਕ ਅਗਵਾਈ ਲੈਣ ਜਾਂਦੇ ਹਨ। ਭਗਤ ਕਬੀਰ ਜੀ ਦੱਸਦੇ ਹਨ ਕਿ ਇੱਕ ਦਿਨ ਭਗਤ ਤ੍ਰਿਲੋਚਨ ਜੀ ਮਨ ਵਿੱਚ ਇਹ ਵਿਚਾਰ ਬਣਾਕੇ ਭਗਤ ਨਾਮ ਦੇਵ ਜੀ ਕੋਲ ਗਏ ਕਿ ਦੋਵੇਂ ਕਿਧਰੇ ਬੈਠ ਕੇ ਪਰਮਾਤਮਾ ਦਾ ਨਾਮ ਜਪਾਂਗੇ ਪਰ ਜਦੋਂ ਭਗਤ ਨਾਮ ਦੇਵ ਜੀ ਆਪਣੇ ਛਪਾਈ ਦੇ ਕੰਮ ਵਿੱਚ ਹੀ ਲੱਗੇ ਰਹੇ ਤਾਂ ਭਗਤ ਤ੍ਰਿਲੋਚਨ ਜੀ ਨੇ ਇੱਕ ਮਿਹਣਾ ਮਾਰਿਆ:
“ਨਾਮਾ ਮਾਇਆ ਮੋਹਿਆ, ਕਹੈ ਤਿਲੋਚਨੁ ਮੀਤ॥
ਕਾਹੇ ਛੀਪਹੁ ਛਾਇਲੈ, ਰਾਮ ਨ ਲਾਵਹੁ ਚੀਤੁ॥”
ਤ੍ਰਿਲੋਚਨ ਆਖਦਾ ਹੈ …. . ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿੱਚ ਫਸਿਆ ਜਾਪਦਾ ਹੈਂ। ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ਅਗੋਂ ਜੋ ਜੁਆਬ ਭਗਤ ਨਾਮ ਦੇਵ ਜੀ ਨੇ ਭਗਤ ਤ੍ਰਿਲੋਚਨ ਜੀ ਨੂੰ ਦਿੱਤਾ, ਜੇ ਸਾਨੂੰ ਵੀ ਸਮਝ ਲੱਗ ਜਾਵੇ ਤਾਂ ਸ਼ਾਇਦ ਸਾਡੀਆਂ ਨਾਮ ਸਿਮਰਨ ਦੇ ਤਰੀਕਿਆਂ ਬਾਰੇ ਸਾਰੀਆਂ ਸਮੱਸਿਆਵਾਂ ਹੀ ਖਤਮ ਹੋ ਜਾਣ:
“ਨਾਮਾ ਕਹੈ ਤਿਲੋਚਨਾ, ਮੁਖ ਤੇ ਰਾਮੁ ਸੰਮਾੑਲਿ॥ ਹਾਥ ਪਾਉ ਕਰਿ ਕਾਮੁ ਸਭੁ, ਚੀਤੁ ਨਿਰੰਜਨ ਨਾਲਿ॥” (ਸਲੋਕ ਭਗਤ ਕਬੀਰ ਜੀਉ ਕੇ ਪੰਨਾ 1375-1376) ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ—
ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ; ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿੱਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ।
ਸਿੱਖ ਧਰਮ ਗ੍ਰਿਹਸਤੀਆਂ ਅਤੇ ਕਿਰਤੀਆਂ ਦਾ ਧਰਮ ਹੈ। ਇਥੇ ਤਾਂ ਅਕਾਲ-ਪੁਰਖ ਨੂੰ ਹਿਰਦੇ ਵਿੱਚ ਵਸਾ ਕੇ, ਆਪਣੀ ਸੁਕਿਰਤ ਕਰਦੇ ਹੋਏ, ਗ੍ਰਿਹਸਤ ਪਾਲਣ ਦਾ ਸਿਧਾਂਤ ਹੈ। ਸਾਰੀ ਗੱਲ ਤਾਂ ਇਹ ਹੈ ਕਿ ਇਹ ਸਾਰੇ ਫਰਜ਼ ਨਿਬਾਹੁੰਦੇ ਹੋਏ, ਕਦੇ ਵਾਹਿਗੁਰੂ ਨਾ ਭੁੱਲੇ, ਸਾਡੇ ਚਿੱਤ ਵਿੱਚ ਰਹੇ ਤਾਂਕਿ ਸਾਡੇ ਕਰਮ ਨਿਰਮਲ ਕਰਮ ਰਹਿਣ, ਪਾਪ ਕਰਮ ਨਾ ਬਣ ਜਾਣ। ਆਪਣੇ ਗ੍ਰਿਹਸਤ ਦੇ ਫਰਜ਼ ਨਿਭਾਂਉਂਦੇ ਹੋਏ, ਵਾਹਿਗੁਰੂ ਨੁੰ ਕਿਵੇਂ ਚਿੱਤ ਵਿੱਚ ਵਸਾ ਕੇ ਰਖਣਾ ਹੈ, ਇਸ ਗਲ ਨੂੰ ਹੋਰ ਸਪਸ਼ਟ ਕਰਦਾ ਹੋਇਆ, ਭਗਤ ਤ੍ਰਿਲੋਚਨ ਜੀ ਨੂੰ ਹੀ ਮੁਖਾਤਿਬ ਕਰਕੇ ਉਚਾਰਣ ਕੀਤਾ ਭਗਤ ਨਾਮਦੇਉ ਜੀ ਦਾ ਇੱਕ ਹੋਰ ਸ਼ਬਦ ਪੰਨਾ 972 ‘ਤੇ ਰਾਮਕਲੀ ਰਾਗ ਵਿੱਚ ਸੁਸ਼ੋਭਿਤ ਹੈ:
“ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥”
ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿੱਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿੱਚ ਵਿੱਝਾ ਹੋਇਆ ਹੈ। ਇਸ ਸ਼ਬਦ ਵਿੱਚ ਭਗਤ ਨਾਮ ਦੇਵ ਜੀ ਆਮ ਜੀਵਨ ਵਿੱਚੋਂ ਪੰਜ ਕਮਾਲ ਦੇ ਪ੍ਰਮਾਣ ਦੇਕੇ ਗੱਲ ਨੂੰ ਸਪਸ਼ਟ ਕਰਦੇ ਹਨ। ਪਹਿਲੇ ਰਹਾਉ ਦੇ ਬੰਦ ਵਿੱਚ ਜਿੱਥੇ ਸੁਨਿਆਰੇ ਦਾ ਪ੍ਰਮਾਣ ਦਿੱਤਾ ਹੈ,
ਦੂਸਰਾ ਬੱਚਿਆਂ ਦੇ ਪਤੰਗ ਉਡਾਉਣ ਦਾ ਪ੍ਰਮਾਣ ਦੇਕੇ ਫੁਰਮਾਂਉਂਦੇ ਹਨ, ਜਿਵੇਂ ਬੱਚਾ ਪਤੰਗ ਉਡਾਉਂਦਾ ਹੋਇਆ, ਯਾਰਾਂ ਦੋਸਤਾਂ ਨਾਲ ਗੱਲਾਂ ਬਾਤਾਂ ਕਰਦਾ ਹੋਇਆ, ਧਿਆਨ ਪਤੰਗ ਦੀ ਡੋਰ ਵਿੱਚ ਰਖਦਾ ਹੈ:
“ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ॥ 1॥”,
ਅਜ ਸ਼ਹਿਰਾਂ ਵਿੱਚ ਭਾਵੇਂ ਪਾਣੀ ਦੇ ਨਲਕੇ ਸਾਡੇ ਘਰਾਂ ਦੇ ਅੰਦਰ ਵੱਗ ਰਹੇ ਹਨ, ਪਰ ਪੁਰਾਤਨ ਸਮਿਆਂ ਵਿੱਚ ਪਾਣੀ ਦੂਰੋਂ ਖੂਹਾਂ, ਤਲਾਬਾਂ ਤੋਂ ਭਰ ਕੇ ਲਿਆਉਣਾ ਪੈਂਦਾ ਸੀ ਅਤੇ ਅਕਸਰ ਇਹ ਕੰਮ ਘਰ ਦੀਆਂ ਔਰਤਾਂ ਕਰਦੀਆਂ। ਅਜ ਵੀ ਰਾਜਸਥਾਨ ਆਦਿ ਦੇ ਕਈ ਇਲਾਕਿਆਂ ਵਿੱਚ ਇੰਜ ਹੀ ਹੁੰਦਾ ਹੈ।
ਤੀਸਰਾ ਪ੍ਰਮਾਣ ਬੀਬੀਆਂ ਦੇ ਪਾਣੀ ਭਰਨ ਜਾਣ ਦਾ ਦੇਕੇ ਸਮਝਾਂਉਂਦੇ ਹਨ, ਜਿਵੇਂ ਪਾਣੀ ਦੀ ਗਾਗਰ ਚੁੱਕੀ ਔਰਤਾਂ, ਸਹੇਲੀਆਂ ਨਾਲ ਹੱਸਦੀਆਂ ਖੇਡਦੀਆਂ ਹੋਈਆਂ ਵੀ ਧਿਆਨ ਸਿਰ ਤੇ ਚੁੱਕੀ ਗਾਗਰ ਵਿੱਚ ਰਖਦੀਆਂ ਹਨ ਅਤੇ ਉਸ ਨੂੰ ਡਿਗਣ ਨਹੀਂ ਦੇਂਦੀਆਂ:
“ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ॥ 2॥”,
ਕਈ ਮੀਲਾਂ ਤੇ ਚਰਦੀ ਹੋਈ ਗਊ ਦਾ ਧਿਆਨ ਆਪਣੇ ਵਛੇਰੇ ਵਿੱਚ ਰਹਿੰਦਾ ਹੈ:
“ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ॥ 3॥”,
ਘਰ ਦੇ ਕੰਮ ਕਾਜ ਵਿੱਚ ਰੁਝੀ ਔਰਤ ਦਾ ਧਿਆਨ ਪਾਲਣੇ ( ਪੰਗੂੜੇ ) ਵਿੱਚ ਪਾਏ ਆਪਣੇ ਬੱਚੇ ਵਿੱਚ ਰਹਿੰਦਾ ਹੈ: “ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ॥ 4॥ 1॥”,
ਤਿਵੇਂ ਜੀਵਨ ਦੇ ਕਾਰ ਵਿਹਾਰ ਕਰਦਿਆਂ ਸਾਡਾ ਚਿੱਤ ਅਕਾਲ-ਪੁਰਖ ਨਾਲ ਜੁੜਿਆ ਰਹਿਣਾ ਚਾਹੀਦਾ ਹੈ। ਇਥੇ ਕਿਸੇ ਆਸਣਾਂ ਦੀ ਗੱਲ ਤਾਂ ਸੋਚੀ ਵੀ ਨਹੀਂ ਜਾ ਸਕਦੀ।
ਭਗਤ ਜੀ ਦਾ ਇਕ ਹੋਰ ਸ਼ਬਦ ਜੋ ਬਹੁਤ ਕੁਝ ਸਮਝਣ ਲਈ ਮਜਬੂਰ ਕਰਦਾ ਹੈ ।
ਬਾਣੀ ਭਗਤ ਤਰਲੋਚਨ ਜੀ. ਅੰਗ 526 ੫੨੬
ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ {ਪੰਨਾ 526}
ਅਰਥ: ਹੇ ਭੈਣ! ਮੇਰੇ ਲਈ ਅਰਦਾਸ ਕਰ) ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ (ਤਾਂ ਜੁ ਅੰਤ ਵੇਲੇ ਭੀ ਉਹ ਪਰਮਾਤਮਾ ਹੀ ਚੇਤੇ ਆਵੇ) ।ਰਹਾਉ।
ਜੋ ਮਨੁੱਖ ਮਰਨ ਵੇਲੇ ਧਨ-ਪਦਾਰਥ ਚੇਤੇ ਕਰਦਾ ਹੈ ਤੇ ਇਸੇ ਸੋਚ ਵਿਚ ਹੀ ਮਰ ਜਾਂਦਾ ਹੈ, ਉਹ ਮੁੜ ਮੁੜ ਸੱਪ ਦੀ ਜੂਨੇ ਪੈਂਦਾ ਹੈ।੧।
ਜੋ ਮਨੁੱਖ ਮਰਨ ਸਮੇਂ (ਆਪਣੀ) ਇਸਤ੍ਰੀ ਨੂੰ ਹੀ ਯਾਦ ਕਰਦਾ ਹੈ ਤੇ ਇਸੇ ਯਾਦ ਵਿਚ ਪ੍ਰਾਣ ਤਿਆਗ ਦੇਂਦਾ ਹੈ, ਉਹ ਮੁੜ ਮੁੜ ਵੇਸਵਾ ਦਾ ਜਨਮ ਲੈਂਦਾ ਹੈ।੨।
ਜੋ ਮਨੁੱਖ ਅੰਤ ਵੇਲੇ (ਆਪਣੇ) ਪੁੱਤ੍ਰਾਂ ਨੂੰ ਹੀ ਯਾਦ ਕਰਦਾ ਹੈ ਤੇ ਪੁੱਤ੍ਰਾਂ ਨੂੰ ਯਾਦ ਕਰਦਾ ਕਰਦਾ ਹੀ ਮਰ ਜਾਂਦਾ ਹੈ, ਉਹ ਸੂਰ ਦੀ ਜੂਨੇ ਮੁੜ ਮੁੜ ਜੰਮਦਾ ਹੈ।੩।
ਜੋ ਮਨੁੱਖ ਅਖ਼ੀਰ ਵੇਲੇ (ਆਪਣੇ) ਘਰ ਮਹਲ-ਮਾੜੀਆਂ ਦੇ ਹਾਹੁਕੇ ਲੈਂਦਾ ਹੈ ਤੇ ਇਹਨਾਂ ਹਾਹੁਕਿਆਂ ਵਿਚ ਸਰੀਰ ਛੱਡ ਜਾਂਦਾ ਹੈ, ਉਹ ਮੁੜ ਮੁੜ ਪ੍ਰੇਤ ਬਣਦਾ ਹੈ।੪।
ਤ੍ਰਿਲੋਚਨ ਜੀ ਆਖਦਾ ਹੈ-ਜੋ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ, ਉਹ ਮਨੁੱਖ (ਧਨ, ਇਸਤ੍ਰੀ, ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ) ਆਜ਼ਾਦ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਵਸਦਾ ਹੈ ।
ਜੋਰਾਵਰ ਸਿੰਘ ਤਰਸਿੱਕਾ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top