15 ਅਕਤੂਬਰ – ਜਨਮ ਦਿਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ

15 ਅਕਤੂਬਰ ਜਨਮ ਦਿਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਣਾ ਦਾ ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਜੀਵਨ ਕਾਲ ਤੇ ਜੀ ।
ਗਿਆਨੀ ਸੰਤ ਸਿੰਘ ਮਸਕੀਨ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਮਹਾਨ ਕਥਾਵਾਚਕ, ਗੁਰਮਤਿ ਪ੍ਰਚਾਰ, ਦਲੇਰ ਤੇ ਧਾਰਮਿਕ ਜੀਵਨ ਵਾਲੇ ਪੂਰਨ ਗੁਰਸਿੱਖ ਸਨ।
ਗਿਆਨੀ ਸੰਤ ਸਿੰਘ ਮਸਕੀਨ ਦਾ ਜਨਮ 15 ਅਕਤੂਬਰ 1934 ਈ. ਨੂੰ ਪਿਤਾ ਕਰਤਾਰ ਸਿੰਘ ਦੇ ਗ੍ਰਹਿ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਕਸਬਾ ਲੱਕ ਮਰਵਤ ਜ਼ਿਲ੍ਹਾ ਬੰਨੂ (ਪਾਕਿਸਤਾਨ) ਵਿਚ ਹੋਇਆ। ਉਹਨਾਂ ਨੇ ਮੁੱਢਲੀ ਵਿੱਦਿਆ ਖਾਲਸਾ ਸਕੂਲ ਪਾਕਿਸਤਾਨ ਤੋਂ ਪ੍ਰਾਪਤ ਕੀਤੀ। ਉਪਰੰਤ ਗੌਰਮਿੰਟ ਹਾਈ ਸਕੂਲ ਵਿਚ ਦਾਖਲ ਹੋ ਗਏ, ਪਰ 1947 ਵਿਚ ਦੇਸ਼ ਦੀ ਵੰਡ ਹੋਣ ਕਾਰਨ ਮੈਟ੍ਰਿਕ ਦਾ ਇਮਤਿਹਾਨ ਨਾ ਦੇ ਸਕੇ। ਦੇਸ਼ ਵੰਡ ਤੋਂ ਬਾਅਦ ਗਿਆਨੀ ਜੀ ਰਾਜਸਥਾਨ ਦੇ ਜ਼ਿਲ੍ਹਾ ਅਲਵਰ ਵਿਖੇ ਵੱਸ ਗਏ।
ਗਿਆਨੀ ਜੀ ਰੁਚੀਆਂ ਦੀ ਪ੍ਰਬਲਤਾ ਦੇ ਕਾਰਨ ਧਾਰਮਿਕ ਸੰਤ ਬਣ ਗਏ। ਬੈਜਨਾਥ ਧਾਮ ਤੇ ਕਟਕ ਆਦਿ ਥਾਵਾਂ ’ਤੇ ਸਾਧੂਆਂ ਨਾਲ ਵਿਚਰਦੇ ਰਹੇ। ਉਹਨਾਂ ਨਿਰਮਲੇ ਸੰਤ ਗਿਆਨੀ ਬਲਵੰਤ ਸਿੰਘ ਪਾਸੋਂ ਬ੍ਰਹਮ ਵਿੱਦਿਆ ਹਾਸਲ ਕੀਤੀ। ਸੰਤਾਂ ਦੀ ਸੰਗਤ ਸਦਕਾ ਕਥਾ ਕਰਨੀ ਆਰੰਭ ਕਰ ਦਿੱਤੀ। ਗੁਰਮਤਿ ਦੇ ਧਾਰਨੀ ਹੋਣ ਦੇ ਨਾਲ ਨਾਲ ਪੂਰਨ ਤਿਆਗੀ, ਸੰਜਮੀ, ਨਾਮਬਾਣੀ ਦੇ ਰਸੀਏ ਤੇ ਨਿਮਰਤਾ ਦੇ ਪੁੰਜ ਸਨ। ਉਹਨਾਂ ਦੀ ਕਥਾ ਵਿਚ ਇੰਨਾ ਰਸ ਸੀ ਕਿ ਦੂਰ-ਦੂਰ ਤੋਂ ਕਥਾ ਸੁਣਨ ਲਈ ਸੰਗਤਾਂ ਆਉਂਦੀਆਂ ਸਨ। ਮਸਕੀਨ ਜੀ ਦੇ ਕਥਾ ਕਰਨ ਦਾ ਢੰਗ ਆਮ ਕਥਾਕਾਰਾਂ ਨਾਲੋਂ ਨਿਵੇਕਲਾ ਸੀ। ਉਹ ਸੰਗਤਾਂ ਨੂੰ ਬਹੁਤ ਹੀ ਨਿਮਰਤਾ ਨਾਲ ਸਟੀਕ ਟਿੱਪਣੀਆਂ ਕਰਿਆ ਕਰਦੇ ਸਨ।
ਗਿਆਨੀ ਜੀ ਨੂੰ ‘ਮਸਕੀਨ’ ਲਕਬ ਬਾਬਾ ਬਲਵੰਤ ਸਿੰਘ ਜੀ ਨੇ ਆਪ ਦਿੱਤਾ। 1958 ਵਿਚ ਉਹਨਾਂ ਦਾ ਵਿਆਹ ਬੀਬੀ ਸੁੰਦਰ ਕੌਰ ਨਾਲ ਹੋਇਆ। ਉਹਨਾਂ ਗ੍ਰਹਿਸਥੀ ਜੀਵਨ ਦੇ ਨਾਲ ਨਾਲ ਪ੍ਰਚਾਰ ਕਰਨ ਦਾ ਕੰਮ ਵੀ ਜਾਰੀ ਰੱਖਿਆ। 1960 ਵਿਚ ਉਹਨਾਂ ਆਪਣੇ ਗ੍ਰਹਿ ਵਿਖੇ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਕੀਤੀ। ਅਲਵਰ ਵਿਖੇ ਗੁਰੂ ਨਾਨਕ ਪਬਲਿਕ ਸਕੂਲ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗਿਆਨੀ ਜੀ ਦੀ ਦੇਖ-ਰੇਖ ਵਿਚ ਚੱਲ ਰਹੇ ਸਨ। ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਗਰੀਬ ਬੱਚਿਆਂ ਨੂੰ ਮੁਫਤ ਕਿਤਾਬਾਂ ਤੇ ਵਰਦੀਆਂ ਦਿੰਦੇ ਸਨ। ਇਨ੍ਹਾਂ ਸਕੂਲਾਂ ਦਾ ਖਰਚਾ ਵੀ ਜ਼ਿਆਦਾਤਰ ਗਿਆਨੀ ਜੀ ਆਪ ਕਰਦੇ ਸਨ। ਅਲਵਰ ਵਿਖੇ ਮਸਕੀਨ ਜੀ ਦੀ ਸਰਪ੍ਰਸਤੀ ਹੇਠ ਸਾਲਾਨਾ ਗੁਰਮਤਿ ਸਮਾਗਮ ਮਨਾਇਆ ਜਾਂਦਾ ਸੀ।
ਮਸਕੀਨ ਜੀ ਗਿਆਨ ਦੇ ਭੰਡਾਰ ਸਨ। ਉਹਨਾਂ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ, ਅਰਬੀ, ਫਾਰਸੀ ਭਾਸ਼ਾਵਾਂ ਦਾ ਗੂੜ੍ਹਾ ਗਿਆਨ ਸੀ। ਮਸਕੀਨ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਇਤਿਹਾਸ ਅਤੇ ਸਿੱਖ ਧਰਮ ਨਾਲ ਸਬੰਧਤ ਪੁਰਾਤਨ ਤੇ ਵਰਤਮਾਨ ਗ੍ਰੰਥਾਂ ਦਾ ਡੂੰਘਾ ਗਿਆਨ ਸੀ। ਉਹ ਕਥਾ ਕਰਦੇ ਸਮੇਂ ਅਨੇਕਾਂ ਹੀ ਅਰਬੀ, ਫਾਰਸੀ ਦੇ ਸ਼ੇਅਰ ਪੇਸ਼ ਕਰਕੇ ਉਹਨਾਂ ਦੇ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ। ਉਹਨਾਂ ਨੇ ਦਸਮ ਗ੍ਰੰਥ, ਵੇਦ, ਉਪਨਿਸ਼ਦ ਅਤੇ ਹੋਰ ਸੰਸਕ੍ਰਿਤ ਸਾਹਿਤ ਦਾ ਮੁਤਾਲਿਆ ਕੀਤਾ ਹੋਇਆ ਸੀ। ਡਾ. ਅਲਾਮਾ ਇਕਬਾਲ, ਮਿਰਜ਼ਾ ਗ਼ਾਲਿਬ, ਮੀਰ ਤਕੀ ਮੀਰ ਵਰਗੇ ਉਸਤਾਦ ਸ਼ਾਇਰਾਂ ਦੇ ਕਲਾਮ ਉਹਨਾਂ ਨੂੰ ਜ਼ੁਬਾਨੀ ਯਾਦ ਸੀ। ਉਹ ਸਿੱਖ ਧਰਮ ਦੇ…

ਇਨਸਾਈਕਲੋਪੀਡੀਆ ਸਨ। ਉਹਨਾਂ ਸਿੱਖ ਧਰਮ ਦੇ ਪ੍ਰਚਾਰ, ਪਸਾਰ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪੂਰੇ ਸੰਸਾਰ ਵਿਚ ਫੈਲਾਉਣ ਲਈ ਵਰਨਣਯੋਗ ਕੰਮ ਕੀਤਾ। ਮਸਕੀਨ ਜੀ ਨੇ 50 ਸਾਲ ਤਕ ਦੇਸ਼ਾਂ-ਵਿਦੇਸ਼ਾਂ ਵਿਚ ਗੁਰਮਤਿ ਦਾ ਪ੍ਰਚਾਰ ਕੀਤਾ। ਉਹਨਾਂ ਆਪਣੀ ਗੱਲ ਨੂੰ ਬਹੁਤ ਹੀ ਸਰਲ ਤੇ ਸਾਦੇ ਸ਼ਬਦਾਂ ਵਿਚ ਅਤੇ ਵੱਖ-ਵੱਖ ਦ੍ਰਿਸ਼ਟਾਂਤ ’ਤੇ ਵਾਰ-ਵਾਰ ਗੱਲ ਕਰਕੇ ਦੱਸਣ ਦੀ ਨਿਵੇਕਲੀ ਸ਼ੈਲੀ ਵਿਕਸਤ ਕੀਤੀ ਹੋਈ ਸੀ। ਉਹ ਇੱਕ ਗੱਲ ਨੂੰ ਵਾਰ-ਵਾਰ ਕਰਦੇ ਤਾਂ ਜੋ ਸੰਗਤਾਂ ਨੂੰ ਉਹਨਾਂ ਦਾ ਦੱਸਿਆ ਨੁਕਤਾ ਸਮਝ ਆ ਸਕੇ। ਮਸਕੀਨ ਜੀ ਜੋ ਕਹਿੰਦੇ, ਉਸ ’ਤੇ ਅਮਲ ਵੀ ਕਰਦੇ ਸਨ। ਇਹੀ ਕਾਰਨ ਹੈ ਕਿ ਉਹਨਾਂ ਦੀ ਕਥਾ ਵਿਆਖਿਆ ਦਾ ਅਸਰ ਸੰਗਤਾਂ ਵਿਚ ਰਚ-ਮਿਚ ਜਾਂਦਾ ਸੀ। ਉਹਨਾਂ ਦਾ ਲਿਬਾਸ ਬਹੁਦ ਸਾਦਾ ਸੀ। ਮਸਕੀਨ ਜੀ ਦੇਸ਼-ਵਿਦੇਸ਼ ਵਿਚ ਪ੍ਰਚਾਰ ਕਰਨ ਲਈ ਜਿੱਥੇ ਵੀ ਜਾਂਦੇ, ਰਿਹਾਇਸ਼ ਉਹ ਆਪਣੀ ਗੁਰਦੁਆਰੇ ਹੀ ਰੱਖਦੇ ਸਨ। ਪ੍ਰਸ਼ਾਦਾ ਵੀ ਉਹ ਗੁਰਦੁਆਰੇ ਦੇ ਲੰਗਰ ਵਿਚ ਹੀ ਛਕਦੇ ਸਨ। ਮਸਕੀਨ ਜੀ ਵੱਲੋਂ ਭਾਰਤ ਵਿਚ ਹਰ ਸਾਲ ਬਹੁਤ ਥਾਵਾਂ ’ਤੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਸਨ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ’ਤੇ ਪਟਨਾ ਸਾਹਿਬ ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਦੀਵਾਲੀ ’ਤੇ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਚ ਸਵੇਰੇ ਸ਼ਾਮ ਕਥਾ ਅਤੇ ਗੁਰਬਾਣੀ ਦੀ ਵਿਆਖਿਆ 40 ਸਾਲ ਤੋਂ ਕਰਦੇ ਰਹੇ ਹਨ।
ਮਸਕੀਨ ਜੀ ਜਿੱਥੇ ਚੰਗੇ ਬੁਲਾਰੇ ਸਨ, ਉਥੇ ਉਹ ਕਲਮ ਦੇ ਧਨੀ ਵੀ ਸਨ। ਉਹਨਾਂ ਨੇ ਜਪੁ ਨੀਸਾਣ, ਗੁਰੂ ਚਿੰਤਨ, ਗੁਰੂ ਜੋਤੀ, ਬ੍ਰਹਮ ਗਿਆਨ, ਤੀਜਾ ਨੇਤਰ, ਪੰਜ ਤੱਤ, ਧਰਮ ਤੇ ਮਨੁੱਖ, ਮਸਕੀਨ ਜੀ ਦੇ ਲੈਕਚਰ ਸਮੇਤ ਇੱਕ ਦਰਜਨ ਤੋਂ ਵੀ ਵੱਧ ਪੁਸਤਕਾਂ ਸਿੱਖ ਜਗਤ ਨੂੰ ਭੇਟ ਕੀਤੀਆਂ ਹਨ। ਮਸਕੀਨ ਜੀ ਦੇ ਲੈਕਚਰ ਕੈਸੇਟਾਂ ਅਤੇ ਸੀਡੀਜ਼ ਰਾਹੀਂ ਵੀ ਮਾਰਕੀਟ ਵਿਚ ਉਪਲਬਧ ਹਨ। ਈ.ਟੀ.ਸੀ. ਚੈਨਲ ਪੰਜਾਬੀ ਤੋਂ ਰੋਜ਼ਾਨਾ ਸਵੇਰੇ ਉਹਨਾਂ ਦੀ ਲੜੀਵਾਰ ਕਥਾ ਆਉਂਦੀ ਰਹੀ।
ਮਸਕੀਨ ਜੀ ਨੂੰ ਪੰਥ ਰਤਨ ਦੀ ਉਪਾਧੀ ਤੇ ਦੇਸ਼-ਵਿਦੇਸ਼ ਵਿਚ ਅਨੇਕਾਂ ਮਾਣ-ਸਨਮਾਨਾਂ ਨਾਲ ਸਨਮਾਨਤ ਕੀਤਾ ਗਿਆ।
20 ਮਾਰਚ 2005 ਨੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਤੋਂ ਮਸਕੀਨ ਜੀ ਦੀ ਮੌਤ ਉਪਰੰਤ ‘ਗੁਰਮਤਿ ਵਿੱਦਿਆ ਮਾਰਤੰਡ’ ਦੀ ਉਪਾਧੀ ਨਾਲ ਨਿਵਾਜਿਆ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸਨਮਾਨ ਪੱਤਰ, ਤਸ਼ਤਰੀ, ਸਿਰੋਪਾਓ, ਸਿਰੀ ਸਾਹਿਬ ਨਾਲ ਮਸਕੀਨ ਜੀ ਦੀ ਧਰਮ ਪਤਨੀ ਬੀਬੀ ਸੁੰਦਰ ਕੌਰ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਭਾਈ ਗੁਰਦਾਸ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ।
ਪੰਥ ਦੇ ਪ੍ਰਸਿੱਧ ਵਿਦਵਾਨ, ਕਥਾਵਾਚਕ, ਗਿਆਨੀ ਸੰਤ ਸਿੰਘ ਜੀ ਮਸਕੀਨ 18 ਫਰਵਰੀ, 2005 ਈ. ਦਿਨ ਸ਼ੁੱਕਰਵਾਰ ਨੂੰ 71 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ।


Related Posts

One thought on “ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹਾ, “ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ, ਮੇਰਾ ਪੰਜਵਾਂ ਪੁੱਤਰ ਖ਼ਾਲਸਾ ਅਜੇ…..!!! ਸਾਰੇ ਜਰੂਰ ਸ਼ੇਅਰ ਕਰੋ ਜੀ

  1. ਫਿਰ ਅੱਗੇ ਕੀ ਹੋਇਆ ਇਸ ਦਾ ਪੁਰਾ ਇਤਿਹਾਸ ਨਹੀ ਹੈ ਇਹ ਤਾ!

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top