ਇਤਿਹਾਸ – ਭਗਤ ਧੰਨਾ ਜੀ
ਸੱਭ ਤੋ ਪਹਿਲਾ ਇਹ ਦੱਸਣਾ ਜਰੂਰੀ ਹੈ ਕਿ ਭਗਤ ਧੰਨਾ ਜੀ ਨੇ ਸਰਧਾ , ਪਿਆਰ ਵਿੱਚੋ ਰੱਬ ਪਾਇਆ ਪੱਥਰ ਵਿੱਚੋ ਨਹੀ ਪੱਥਰ ਸਿਰਫ ਇਕ ਜਰੀਆ ਸੀ ।
ਭਗਤ ਧੰਨਾ ਜੀ ਹਿੰਦ ਉਪਮਹਾਦੀਪ ਦੇ ਇੱਕ ਅਹਿਮ ਰੂਹਾਨੀ ਅੰਦੋਲਨ ਮਧਕਾਲ ਦੀ ਭਗਤੀ ਲਹਿਰ ਦੇ ਇੱਕ ਭਗਤ ਸਨ। ਉਨ੍ਹਾਂ ਦਾ ਜਨਮ ਸੰਨ 21 ਅਪ੍ਰੈਲ 1416 ਰਾਜਸਥਾਨ ਦੇ ਜਿਲਾ ਟਾਂਕ, ਦਿਓਲੀ ਨੇੜੇ ਪਿੰਡ ਧੂਆਨ ਕਲਾਂ ਵਿੱਚ ਪਿਤਾ ਮਾਹੀ, ਜੋ ਕਿ ਇਕ ਕਿਸਾਨ ਜ਼ਮੀਦਾਰ ਦੇ ਘਰ ਹੋਇਆ ਸੀ। ਬਚਪਨ ਦੇ ਥੋੜੇ ਸਾਲ ਖੇਡਦਿਆਂ ਕੁਦਦਿਆਂ ਬੀਤੇ। ਜਦੋਂ ਥੋੜੇ ਵਡੇ ਹੋਏ ਤਾਂ ਮਾ-ਬਾਪ ਨੇ ਗਊਆਂ ਚਾਰਨ ਵਾਸਤੇ ਲਾ ਦਿੱਤਾ। ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਸਨ, ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਤ ਹਰ ਰੋਜ਼ ਉਸ ਠਾਕੁਰ ਦੁਆਰੇ ਵਿੱਚ ਦੇਵੀ-ਦੇਵਤਿਆਂ ਦੀਆਂ ਬਣੀਆਂ ਪੱਥਰ ਦੀਆਂ ਮੂਰਤੀਆਂ ਨੂੰ ਨੁਹਾਉਂਦਾ, ਘੰਟੀਆਂ ਖੜਕਾ ਕੇ ਉਨ੍ਹਾ ਦੀ ਪੂਜਾ ਕਰਦਾ ਤੇ ਭੋਗ ਲਵਾਉਂਦਾ ਜੋ ਉਸਦੀ ਰੋਟੀ ਰੋਜ਼ੀ ਦਾ ਵਸੀਲਾ ਸੀ ਬੱਸ ਹੋਰ ਕੁਝ ਨਹੀਂ I ਧੰਨਾ ਬਚਪਨ ਤੋਂ ਓਸ ਬ੍ਰਾਹਮਣ ਨੂੰ ਪੂਜਾ ਕਰਦਾ ਦੇਖਦਾ ਆਇਆ । ਇਕ ਦਿਨ ਉਸਦੇ ਮੰਨ ਵਿੱਚ ਸਵਾਲ ਉਠਿਆ ਕਿ ਬ੍ਰਾਹਮਣ ਰੋਜ਼ ਠਾਕਰਾਂ ਦੀ ਪੂਜਾ ਕਿਉ ਕਰਦਾ ਹੈ, ਠਾਕੁਰ ਇਸ ਨੂੰ ਕੀ ਦੇਂਦੇ ਹਨ? ਜੇ ਠਾਕੁਰ ਵਾਕਿਆ ਹੀ ਕੁੱਝ ਦਿੰਦੇ ਹਨ, ਤਾਂ ਉਹ ਵੀ ਠਾਕੁਰ ਦੀ ਪੂਜਾ ਕਰੇਗਾ ਤਾਕਿ ਉਸ ਦੀ ਗਰੀਬੀ ਦੂਰ ਹੋ ਜਾਵੇ।
ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੂਜਾ ਕਰਨ ਦਾ ਕਾਰਣ ਪੁੱਛਿਆ । ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾ ਜੋ ਮੰਗੀਏ ਸੋ ਦੇ ਦੇਂਦੇ ਹਨ। ਧੰਨੇ ਨੇ ਕਿਹਾ ਕਿ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਉ। ਪੰਡਤ ਨੇ ਕਿਹਾ ਕਿ ਇਹ ਤੇਰੇ ਕੋਲੋ ਪ੍ਰਸੰਨ ਨਹੀ ਹੋਣਾ। ਇੱਕ ਤਾ ਤੂੰ ਜੱਟ ਹੈਂ, ਦੂਸਰਾ ਅਨਪੜ੍ਹ ਤੇ ਤੀਜਾ ਠਾਕੁਰ ਮੰਦਰ ਤੋਂ ਬਗੈਰ ਕਿਤੇ ਪ੍ਰਸੰਨ ਨਹੀਂ ਹੁੰਦਾ। ਬ੍ਰਾਹਮਣ ਦਾ ਕੰਮ ਪੂਜਾ ਕਰਨਾ ਤੇ ਤੁਹਾਡਾ ਕੰਮ ਹੈ ਖੇਤੀ ਕਰਨੀ Iਪੰਡਤ ਨੇ ਬਹੁਤ ਸਮਝਾਇਆ ਪਰ ਧੰਨਾ ਆਪਣੀ ਜਿਦ ਤੇ ਅੜ ਗਿਆ। ਪੰਡਤ ਨੇ ਸੋਚਿਆ ਕਿ ਕਿਤੇ ਗੁੱਸੇ ਆਕੇ ਕੁਝ ਉਲਟੀ ਸਿਧੀ ਹਰਕਤ ਨਾ ਕਰ ਦੇਵੇ ਉਸ ਨੇ ਮੰਦਰ ਵਿੱਚ ਪਿਆ ਇਕ ਸਾਲ ਗਰਾਮ ਪੱਥਰ ਧੰਨੇ ਨੂੰ ਦੇ ਦਿੱਤਾ ਤੇ ਪੂਜਾ ਕਰਨ ਦਾ ਤਰੀਕਾ ਵੀ ਸਮਝਾ ਦਿਤਾ । ਚਾਦਰ ਵਿੱਚ ਲਪੇਟ ਕੇ ਧੰਨਾ ਠਾਕੁਰ ਨੂੰ ਘਰ ਲੈ ਗਿਆ। ਤਰਖਾਣ ਕੋਲੋ ਲੱਕੜ ਦੀ ਚੌਂਕੀ ਬਣਾਈ ਤੇ ਠਾਕੁਰ ਨੂੰ ਉਸ ਉੱਪਰ ਰੱਖ ਦਿੱਤਾ। ਧੰਨਾ ਸਾਰੀ ਰਾਤ ਸੋਚਦਾ ਰਿਹਾ ਕਿ ਉਹ ਠਾਕੁਰ ਨੂੰ ਪ੍ਰਸੰਨ ਕਰ ਕੇ ਕੀ ਮੰਗੇਗਾ। ਘਰ ਵਿੱਚ ਕਈ ਲੋੜਾਂ ਹਨ, ਪਹਿਲਾ ਕੀ ਮੰਗੇਗਾ। ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਕਰਾਇਆ। ਕੁੱਝ ਚਿਰ ਭਗਤੀ ਭਾਵ ਨਾਲ ਠਾਕੁਰ ਅੱਗੇ ਬੈਠਾ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਤੇ ਬੇਨਤੀ ਕੀਤੀ ਠਾਕੁਰ ਜੀ ਭੋਜਨ ਛਕੋ । ਧੰਨੇ ਨੇ ਵੇਖਿਆ ਕਿ ਵਾਰ ਵਾਰ ਮਿਨਤਾ ਕਰਨ ਤੇ ਵੀ ਠਾਕੁਰ ਨੇ ਪ੍ਰਸ਼ਾਦਾ ਨਹੀਂ ਛਕਿਆ। ਧੰਨੈ ਨੇ ਕਿਹਾ ਕਿ ਜੇਕਰ ਆਪ ਨਹੀਂ ਛਕੋਗੇ ਤਂ ਮੈ ਵੀ ਕੁੱਝ ਨਹੀਂ ਛਕਾਂਗਾ, ਭੁੱਖਾ ਹੀ ਮਰ ਜਾਵਾਂਗਾ। ਪ੍ਰਮਾਤਮਾ ਨੇ ਸੋਚਿਆ,ਧੰਨੇ ਦੀ ਆਤਮਾ ਨਿਰਮਲ ਹੈ ਉਹ ਵਲ ਛਲ ਨਹੀਂ ਜਾਣਦਾ ਤੇ ਸਚ-ਮੁਚ ਭੁਖਾ ਮਰ ਜਾਵੇਗਾI ਇਸ ਪਵਿੱਤਰ ਆਤਮਾ ਲਈ ਭਗਵਾਨ ਨੂੰ ਪੱਥਰ ਵਿੱਚੋਂ ਪ੍ਰਗਟ ਹੋਣਾ ਪਵੇਗਾ। ਧੰਨਾ ਉਡੀਕ ਵਿਚ ਠਾਕੁਰ ਤੇ ਅੱਖਾਂ ਜਮਾ ਕੇ ਬੈਠਾ ਰਿਹਾ। ਕਾਫੀ ਸਮਾਂ ਬੀਤ ਜਾਣ ਮਗਰੋ ਧੰਨਾ ਦੇਖਦਾ ਹੈ ਕਿ ਅਚਾਨਕ ਭਗਵਾਨ ਉਸ ਦੀ ਰੋਟੀ ਮੱਖਣ ਨਾਲ ਖਾ ਰਹੇ ਹਨ , ਥੋੜਾ ਪ੍ਰਸ਼ਾਦ ਧੰਨੇ ਵਾਸਤੇ ਬਚਾ ਦਿਤਾ । ਧੰਨਾ ਖੁਸ਼ੀ ਨਾਲ ਉਛਲ ਪਿਆ। ਰੋਟੀ ਖਾ ਕੇ ਭਗਵਾਨ ਜੀ ਨੇ ਪ੍ਰਸੰਨਚਿਤ ਹੋਕੇ ਧੰਨੇ ਨੂੰ ਕੁਝ ਮੰਗਣ ਵਾਸਤੇ ਕਿਹਾ । ਧੰਨੇ ਨੇ ਜੋ ਮੰਗਿਆ , ਉਨ੍ਹਾ ਦੀਆਂ ਸਤਰਾਂ ਰਾਗ ਧਨਾਸਰੀ ਹੇਠ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ –
ਗੋਪਾਲ ਤੇਰਾ ਆਰਤਾ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥੧॥ ਰਹਾਉ॥
ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥
ਪਨੀ੍ਆ ਛਾਦਨੁ ਨੀਕਾ॥ ਅਨਾਜੁ ਮਾਗਉ ਸਤ ਸੀ ਕਾ॥੧॥
ਗਊ ਭੇਸ ਮਗਉ ਲਾਵੇਰੀ॥ ਇੱਕ ਤਾਜਨਿ ਤੁਰੀ ਚੰਗੇਰੀ॥
ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥੨॥੪॥ ਅੰਗ 695
ਅਰਥ: (ਹੇ ਧਰਤੀ ਦੇ ਪਾਲਣਹਾਰ ਪ੍ਰਭੂ ! ਮੈਂ ਤੁਹਾਡੇ ਦਰ ਦਾ ਮੰਗਤਾ ਹਾਂ, ਮੇਰੀ ਜਰੂਰਤਾਂ ਪੂਰੀ ਕਰ, ਜੋ-ਜੋ ਮਨੁੱਖ ਤੁਹਾਡੀ ਭਗਤੀ ਕਰਦੇ ਹਨ, ਤੂੰ ਉਨ੍ਹਾਂ ਦੇ ਕੰਮ ਪੂਰੇ ਕਰਦਾ ਹੈਂ ॥1॥ ਰਹਾਉ ॥ ਮੈਂ ਤੁਹਾਡੇ ਦਰ ਵਲੋਂ ਦਾਲ, ਆਟਾ ਅਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿਤ ਸੁਖੀ ਰੱਖ ਸਕੇ। ਜੁੱਤੀ ਅਤੇ ਸੁੰਦਰ ਕੱਪੜਾ ਵੀ ਮੰਗਦਾ ਹਾਂ ਅਤੇ ਸੱਤਸੀਵਾਂ ਦਾ ਅਨਾਜ ਵੀ ਮੰਗਦਾ ਹਾਂ ॥ ਹੇ ਗੋਪਾਲ ! ਮੈਂ ਦੁੱਧ ਦੇਣ ਵਾਲੀ ਗਾਂ ਵੀ ਮੰਗਦਾ ਹਾਂ ਅਤੇ ਇੱਕ ਅਰਬੀ ਘੋੜੀ ਵੀ ਮੰਗਦਾ ਹਾਂ। ਮੈਂ ਤੇਰਾ ਦਾਸ ਧੰਨਾ ਤੁਹਾਡੇ ਵਲੋਂ ਘਰ ਲਈ ਇੱਕ ਚੰਗੀ ਇਸਤਰੀ (ਨਾਰੀ) ਵੀ ਮੰਗਦਾ ਹਾਂ।)
ਇੱਸ ਪ੍ਰਚਲਤ ਕਹਾਣੀ ਦਾ ਜਿਕਰ ਭਾਈ ਗੁਰਦਾਸ ਜੀ ਵੀ ਦਸਵੀਂ ਵਾਰ ਦੀ 13ਵੀਂ ਪਉੜੀ ਵਿਚ ਜਿਕਰ ਕਰਦੇ ਹੋਏ ਲਿਖਦੇ ਹਨ –
ਬ੍ਰਾਹਮਣੁ ਪੂਜੇ ਦੇਵਤੇ, ਧੰਨਾ ਗਊ ਚਰਾਵਣ ਆਵੈਂ॥ ਧੰਨੇ ਡਿਠਾ ਚਲਿਤ ਏਹੁ, ਪੂਛੈ ਬ੍ਰਾਹਮਣ ਆਖਿ ਸੁਣਾਵੈ॥ ਠਾਕੁਰ ਦੀ ਸੇਵਾ ਕਰੈ, ਜੋ ਇਛੈ ਸੋਈ ਫਲ ਪਾਵੈ। ਧੰਨਾ ਕਰਦਾ ਜੋਦੜੀ, ਮੈਂ ਭਿ ਦੇਹ ਇੱਕ, ਜੇ ਤੁਧ ਭਾਵੈ॥ ਪਥਰੁ ਇੱਕ ਲਪੇਟਿ ਕਰਿ, ਦੇ ਧੰਨੈ ਨੋ ਗੈਲ ਛੁਡਾਵੈ॥ ਠਾਕੁਰ ਨੋ ਨ੍ਹਾਵਾਲਿਕੈ, ਛਾਹਿ, ਰੋਟੀ ਲੈ ਭੌਗੁ ਚੜ੍ਹਾਵੈ॥ ਹਥਿ ਜੋੜਿ ਮਿਨਤਾਂ ਕਰੈ, ਪੈਰੀ ਪੈ ਪੈ ਬਹੁਤ ਮਨਾਵੈ॥ ਹਉਂ ਭੀ ਮੁਹੁ ਨਾ ਜੁਠਾਲਸਾਂ, ਤੂੰ ਰੂਠਾ ਮੈਂ ਕਿਹੁ ਨਾ ਸੁਖਾਵੈ॥ ਗੋਸਾਈ ਪਰਤਖਿ ਹੋਇ, ਰੋਟੀ ਖਾਇ, ਛਾਹਿ ਮੁਹਿ ਲਾਵੈ॥ ਭੋਲਾ ਭਾਉ ਗੋਬਿੰਦੁ ਮਿਲਾਵੈ॥13॥
ਇਹ ਭਾਵਨਾ ਠੀਕ ਹੈ ਕਿ ਠੀਕ ਈਸ਼ਵਰ ਅਣਮੰਗਿਆ ਹੀ ਸਭ ਕੁਝ ਦਿੰਦਾ ਹੈ ਤੇ ਹਰ ਬੰਦਾ ਆਪਣੀਆਂ ਲੋੜਾਂ ਤੇ ਆਪਣੀ ਸੋਚ ਦੇ ਹਿਸਾਬ ਨਾਲ ਉਸ ਅਕਾਲ ਪੁਰਖ ਤੋ ਕੁਝ ਨਾ ਕੁਝ ਮੰਗਦਾ ਹੀ ਰਹਿੰਦਾਂ ਹੈ, ਭੁਖਾ ਦਾਲ ਰੋਟੀ ਤੇ ਰਜਿਆ ਮਹਿਲ ਮਾੜੀਆਂ ਤੇ ਅਧਿਆਤਮਿਕ ਉਸਦੇ ਰਾਹ ਤੇ ਤੁਰਨ ਦਾ ਰਸਤਾI ਪਰ ਜੋ ਢਿਡ ਤੋ ਭੁਖਾ ਤੇ ਸੋਚ ਤੋਂ ਅਧਿਆਤਮਿਕ ਹੋਵੇ ਉਹ ਪਹਿਲਾਂ ਰੋਟੀ ਤਾਂ ਰਬ ਕੋਲੋਂ ਮੰਗੇਗਾ ਹੀ, ਕਿਓਂਕਿ ਭੁਖਿਆਂ ਭਗਤੀ ਨਹੀਂ ਹੁੰਦੀ ਜਦ ਤਕ ਇਨਸਾਨ ਅਕਾਲ ਪੁਰਖ ਨਾਲ ਇਕਮਿਕ ਨਹੀਂ ਹੋ ਜਾਂਦਾI
ਮਾਂਗਉ ਰਾਮ ਤੇ ਸਭ ਥੋਕ ॥
ਮਾਨੁਖ ਕਉ ਜਾਚਤ ਸ੍ਰਮੁ ਪਾਈਐ, ਪ੍ਰਭ ਕੇ ਸਿਮਰਨਿ ਮੋਖ ॥ਰਹਾਉ॥50॥
ਧਨਾਸਰੀ ਮਹਲਾ 5
ਮੈ ਤਾਣੁ ਦੀਬਾਣੁ ਤੂ ਹੈ ਮੇਰੇ ਸੁਆਮੀ, ਮੈ ਤੁਧੁ ਆਗੈ ਅਰਦਾਸਿ ॥
ਮੈ ਹੋਰੂ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ, ਮੇਰਾ ਦੁਖੁ ਸੁਖੁ ਤੁਧ ਹੀ ਪਾਸਿ ॥
ਕਈ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਬ੍ਰਾਹਮਣ ਕੋਲੋਂ ਲੈਕੇ ਸਾਲਗਰਾਮ ਦੀ ਪੂਜਾ ਕਰਨ ਲੱਗੇ ਤਾਂ ਕੋਈ ਫਲ ਪ੍ਰਪਤ ਨਾ ਹੋਇਆ ਤਾਂ ਸਾਲਗਰਾਮ ਉਸ ਨੇ ਬ੍ਰਾਹਮਣ ਨੂੰ ਮੋੜ ਦਿੱਤਾ। ਕਹਿਣ ਲੱਗੇ ਕਿ ਸਾਲਗ੍ਰਾਮ ਮੇਰੇ ਨਾਲ ਗੁੱਸੇ ਹੈ, ਮੇਰੀ ਰੋਟੀ ਨਹੀਂ ਖਾਂਦਾ। ਬ੍ਰਾਹਮਣ ਨੇ ਅਸਲ ਗੱਲ ਦੱਸੀ ਕਿ ਭਾਈ ਇਹ ਤਾਂ ਤੱਥਰ ਹੈ, ਇਹ ਖਾਂਦਾ ਪੀਂਦਾ ਕੁਝ ਨਹੀਂ, ਰੱਬ ਤਾਂ ਹੋਰ ਹੈ। ਭਾਈ ਕਾਨ੍ਹ ਸਿੰਘ ਜੀ ਅਨੁਸਾਰ, ਭਗਤ ਧੰਨਾ ਜੀ ਨੇ ਸਵਾਮੀ ਰਾਮਾਨੰਦ ਜੀ ਤੋਂ ਕਾਂਸ਼ੀ ਜਾ ਕੇ ਗੁਰ ਦੀਖਿਆ ਲਈ, ਪਹਿਲੀ ਉਮਰ ਵਿਚ ਇਹ ਮੂਰਤੀ ਪੂਜਕ ਰਹੇ ਪਰ ਅੰਤ ਨੂੰ ਅਕਾਲ ਪੁਰਖ ਦਾ ਉਪਾਸ਼ਕ ਹੋ ਕੇ ਪਰਮਪਦ ਦਾ ਅਧਿਕਾਰੀ ਬਣੇ।` (ਪੰਨਾ 673 ਮਹਾਨ ਕੋਸ਼)
ਸਿੱਖ ਦੀ ਸ਼ਰਧਾ ਤਾਂ ਇਹ ਹੈ ਕਿ ਦੁਨੀਆ ਦਾ ਹਰੇਕ ਕਾਰ ਵਿਹਾਰ ਸ਼ੁਰੂ ਕਰਣ ਲੱਗੋ ਤਾਂ ਉਸਦੀ ਸਫਲਤਾ ਲਈ ਪ੍ਰਭੂ ਦੇ ਦਰ ਉੱਤੇ ਅਰਦਾਸ ਕਰਣੀ ਹੈ। ਸਿੱਖ ਵਿਦਆਰਥੀ ਜੇਕਰ ਇਮਤਿਹਾਨ ਦੇਣ ਜਾ ਰਿਹਾ ਹੈ, ਤਾਂ ਚਲਣ ਵਲੋਂ ਪਹਿਲਾਂ ਪ੍ਰਭੂ ਦੇ ਦਰ ਉੱਤੇ ਅਰਦਾਸ ਕਰੋ। ਸਿੱਖ ਜੇਕਰ ਸਫਰ ਵਿੱਚ ਚਲਿਆ ਹੈ ਤਾਂ ਅਰਦਾਸ ਕਰਕੇ ਚਲੇ। ਸਿੱਖ ਆਪਣਾ ਰਿਹਾਇਸ਼ੀ ਮਕਾਨ ਬਣਵਾਉਣ ਲਗਾ ਹੈ ਤਾਂ ਨੀਂਹ ਰੱਖਣ ਵਲੋਂ ਪਹਿਲਾਂ ਅਰਦਾਸ ਕਰੋ। ਹਰੇਕ ਦੁੱਖ-ਸੁਖ ਦੇ ਸਮੇਂ ਸਿੱਖ ਅਰਦਾਸ ਕਰੇ। ਜਦੋਂ ਕੋਈ ਰੋਗ ਆਦਿ ਬਿਪਦਾ ਪ੍ਰਭੂ ਦੀ ਮਿਹਰ ਵਲੋਂ ਦੂਰ ਹੁੰਦੀ ਹੈ, ਤੱਦ ਵੀ ਸਿੱਖ ਸ਼ੁਕਰਾਨੇ ਦੇ ਤੌਰ ਉੱਤੇ ਅਰਦਾਸ ਕਰੇ। ਹੁਣ ਤੁਸੀ ਹੀ ਦੱਸੋ ਸਾਧਸੰਗਤ ਜੀ ਕੀ ਇਹ ਗੁਰਮਤਿ ਦੇ ਵਿਰੂੱਧ ਹੈ ? ਬਾਣੀ ਵਿੱਚ ਹੁਕਮ ਤਾਂ ਇਹੀ ਹੈ:
ਕੀਤਾ ਲੋੜੀਐ ਕੰਮੁ, ਸੁ ਹਰਿ ਪਹਿ ਆਖੀਐ ॥
ਕਾਰਜੁ ਦੇਇ ਸਵਾਰਿ, ਸਤਿਗੁਰੂ ਸਚੁ ਸਾਖੀਐ ॥20॥ ਸਿਰੀ ਰਾਗ ਦੀ ਵਾਰ
ਭਗਤ ਧੰਨਾ ਜੀ ਦਾ ਅਗਲਾ ਸ਼ਬਦ,ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿਗੁਰ ਪ੍ਰਸਾਦਿ ॥
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥
ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥
ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥
ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥
ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥
ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥
ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥
ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥ ੪॥੧॥ ਅੰਗ 487
ਅਰਥ: (ਮਾਇਆ ਦੇ ਮੋਹ ਵਿੱਚ ਭਟਕਦੇ ਹੋਏ ਕਈ ਜਨਮ ਗੁਜਰ ਜਾਂਦੇ ਹਨ। ਇਹ ਸ਼ਰੀਰ ਨਾਸ਼ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਅਤੇ ਪੈਸਾ ਵੀ ਟਿਕਿਆ ਨਹੀਂ ਰਹਿੰਦਾ। ਲੋਭੀ ਜੀਵ ਜਹਿਰ ਰੂਪੀ ਪਦਾਰਥਾਂ ਦੇ ਲਾਲਚ ਵਿੱਚ, ਕੰਮ ਵਾਸਨਾ ਵਿੱਚ ਰਹਿੰਦਾ ਹੈ, ਇਸਦੇ ਮਨ ਵਲੋਂ ਵੱਡਮੁੱਲਾ ਈਸ਼ਵਰ (ਵਾਹਿਗੁਰੂ) ਵਿਸਰ ਜਾਂਦਾ ਹੈ ॥1॥ਰਹਾਉ॥ ਹੇ ਕਮਲੇ ਮਨ ! ਇਹ ਜਹਿਰ ਰੂਪੀ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੁੰਦਰ ਵਿਚਾਰ ਨਹੀਂ ਆਉਂਦੇ, ਗੁਣਾਂ ਵਲੋਂ ਹਟਕੇ ਹੋਰ-ਹੋਰ ਕਿੱਸਮ ਦੀ ਪ੍ਰੀਤ ਤੁਹਾਡੇ ਅੰਦਰ ਵੱਧ ਰਹੀ ਹੈ ਅਤੇ ਤੁਹਾਡੇ ਜਨਮ-ਮਰਣ ਦਾ ਤਾਨਾ ਬਣਿਆ ਜਾ ਰਿਹਾ ਹੈ ॥1॥ ਹੇ ਮਨ ! ਤੂੰ ਜੀਵਨ ਦੀ ਜੁਗਤ ਸੱਮਝਕੇ ਇਹ ਜੁਗਤੀ ਆਪਣੇ ਅੰਦਰ ਪੱਕੀ ਨਹੀਂ ਕੀਤੀ। ਤ੍ਰਿਸ਼ਣਾ ਵਿੱਚ ਜਲਕੇ ਤੈਨੂੰ ਯਮਦੂਤਾਂ ਦੇ ਜਾਲ, ਯਮਦੂਤਾਂ ਦੀ ਫਾਹੀ ਪੈ ਗਈ ਹੈ। ਹੇ ਮਨ ! ਤੂੰ ਵਿਸ਼ਾ ਰੂਪੀ ਜਹਿਰ ਦੇ ਫਲ ਹੀ ਇਕੱਠੇ ਕਰਕੇ ਸੰਭਾਲਦਾ ਰਿਹਾ ਅਤੇ ਅਜਿਹੇ ਸੰਭਾਲਦਾ ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ ॥2॥ ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪਰਵੇਸ਼ ਰੂਪੀ ਧਨ ਦਿੱਤਾ, ਉਸਦੀ ਮੂਰਤਿ ਪ੍ਰਭੂ ਵਲੋਂ ਇੱਕ-ਮਿਕ ਹੋ ਗਈ, ਉਸਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸਦੀ ਸੁਖ ਦੇ ਨਾਲ ਸਾਂਝ ਬੰਣ ਗਈ, ਉਹ ਮਾਇਆ ਵਲੋਂ ਚੰਗੀ ਤਰ੍ਹਾਂ ਵਲੋਂ ਰਜ ਗਿਆ ਅਤੇ ਬੰਧਨ ਮੂਕਤ ਹੋ ਗਿਆ ॥3॥ ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ-ਵਿਆਪਕ ਜੋਤੀ ਟਿਕ ਗਈ, ਉਸਨੇ ਮਾਇਆ ਵਿੱਚ ਨਹੀਂ ਛਲੇ ਜਾਣ ਵਾਲੇ ਪ੍ਰਭੂ ਨੂੰ ਪਹਿਚਾਣ ਲਿਆ। ਮੈਂ ਯਾਨਿ ਧੰਨੇ ਨੇ ਵੀ ਉਸ ਪ੍ਰਭੂ ਦਾ ਨਾਮ ਰੂਪ ਧਨ ਢੂੰਢ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ, ਮੈਂ ਧੰਨਾ ਵੀ ਸੰਤ ਲੋਕਾਂ ਨੂੰ ਮਿਲਕੇ ਪ੍ਰਭੂ ਵਿੱਚ ਲੀਨ ਹੋ ਗਿਆ ਹਾਂ ॥4॥1॥1)
ਇਸ ਗੱਲ ਨੂੰ ਹੋਰ ਵਧੇਰੇ ਸਪਸ਼ਟ ਕਰਨ ਵਾਸਤੇ, ਗੁਰੂ ਗ੍ਰੰਥ ਦੇ ਰਚਾਇਤਾ, ਗੁਰੂ ਅਰਜਨ ਪਾਤਸ਼ਾਹ ਨੇ ਭੀ ਇਸੇ ਰਾਗ ਵਿਚ, ਇਸੇ ਹੀ ਪੰਨੇ ਤੇ ਇਸੇ ਸ਼ਬਦ ਦੇ ਨਾਲ ਆਪ ਇਕ ਸ਼ਬਦ ਉਚਾਰਿਆ ਅਤੇ ਦੱਸਿਆ ਕਿ ਭਗਤ ਨਾਮ ਦੇਵ, ਕਬੀਰ, ਰਵਿਦਾਸ ਅਤੇ ਸੈਣ ਦੀ ਸੁਣੀ ਹੋਈ ਸ਼ੋਭਾ ਸੁ ਕੇ ਭਗਤ ਧੰਨਾ ਭੀ ਪ੍ਰਭੂ ਭਗਤੀ ਵਿਚ ਜੁੜ ਗਿਆ ਅਤੇ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਮਿਲਾਪ ਪੂਭੂ ਨਾਲ ਹੋ ਗਿਆ। ਪੂਰਾ ਸ਼ਬਦ ਇਸ ਤਰ੍ਹਾਂ ਹੈ –
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥4॥2॥
(ਗੁਰੂ ਗ੍ਰੰਥ ਸਾਹਿਬ, ਪੰਨਾ 487)
58 ਸਾਲ ਗੁਰੂ ਚਰਨਾ ਵਿਚ ਬਿਤਾ 1474 ਵਿਚ ਆਪ ਅਕਾਲ ਚਲਾਣਾ ਕਰ ਗਏ ।
ਜੋਰਾਵਰ ਸਿੰਘ ਤਰਸਿੱਕਾ
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਤਹਿ ।
ਵਾਹਿਗੁਰੂ ਜੀ🙏