2 ਜੂਨ ਦਾ ਇਤਿਹਾਸ – ਸਾਕਾ ਨੀਲਾ ਤਾਰਾ
ਅੰਮ੍ਰਿਤਸਰ: (2 ਜੂਨ): ਸਿੱਖ ਇਤਿਹਾਸ ਦੇ ਤੀਸਰੇ ਘਲੂਘਾਰੇ ਦੀ ੨੯ਵੀਂ ਸਦੀਵੀਂ ਯਾਦ ਦਾ ਅੱਜ ਦੂਸਰਾ ਦਿਨ ਹੈ।ਜੂਨ ੧੯੮੪ ਵਿੱਚ ਅੱਜ ਦੇ ਦਿਨ ਦਾ ਅਗਾਜ਼ ਗੁਰੁ ਨਗਰੀ ਅੰਮ੍ਰਿਤਸਰ ਵਿਚ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਲਗਾਏ ਕਰਫਿਉ ਨਾਲ ਹੋਇਆ ਸੀ। ੧ ਜੂਨ ੧੯੮੪ ਵਾਲੇ ਦਿਨ ਕੇਂਦਰੀ ਰਿਜਰਵ ਪੁਲਿਸ ਫੋਰਸ ਵਲੋਂ ਕੋਈ ੫-੬ ਘੰਟੇ ਗੋਲੀ ਚਲਾਏ ਜਾਣ ਦੀ ਖਬਰ ਸੁਣਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ, ਸ੍ਰੀ ਅਨੰਦਪੁਰ ਸਾਹਿਬ ਤੋਂ ਚਲਕੇ ਕੋਈ ੧੦ ਵਜੇ ਦੇ ਕਰੀਬ ਸ਼੍ਰੋਮਣੀ ਕਮੇਟੀ ਦਫਤਰ ਪੁਜੇ ਸਨ। ਸਰਾਂ ਵਾਲੇ ਗੇਟ ਤੇ ਤਾਇਨਾਤ ਪੁਲਿਸ ਫੋਰਸ ਨੇ ਇਕ ਵਾਰ ਤਾਂ ਸ੍ਰ ਟੋਹੜਾ ਨੂੰ ਵੀ ਰੋਕ ਲਿਆ ਸੀ, ਕਿ ਉਹ ਕਮੇਟੀ ਦਫਤਰ ਨਹੀਂ ਜਾ ਸਕਦੇ ਲੇਕਿਨ ਉਹ ਕਿਸੇ ਦੀ ਪ੍ਰਵਾਹ ਨਾ ਕਰਦਿਆਂ ਇਹ ਕਹਿ ਕੇ ਦਫਤਰ ਚਲ ਪਏ ਕਿ “ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ, ਮੈਨੂੰ ਕੋਣ ਰੋਕ ਸਕਦਾ”।
ਕਰਫਿਉ ਦਿਨ ਭਰ ਜਾਰੀ ਰਿਹਾ । ਸ਼ਾਮ ਦੇ ੬ ਕੁ ਵਜੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਉ ਤੋਂ ਦੇਸ਼ ਵਾਸੀਆਂ ਦੇ ਨਾਮ ਜਾਰੀ ਇਕ ਸੰਦੇਸ਼ ਵਿਚ ਅਕਾਲੀਆਂ ਨੂੰ ਕਿਹਾ ਸੀ ਕਿ “ਜੇ ਕਿਸੇ ਸਵਾਲ ਬਾਰੇ ਕੋਈ ਗਲਤ ਫਹਿਮੀ ਜਾਂ ਸ਼ੱਕ ਬਾਕੀ ਹੈ, ਹਨ ਤਾਂ ਆਉ ਰਲ ਬੈਠੀਏ ਤੇ ਹੱਲ ਲਭ ਲਈਏ”। ਲੇਕਿਨ ਇਸ ਐਲਾਨ ਦੇ ਕੁਝ ਸਮਾਂ ਪਹਿਲਾਂ ਹੀ ਪੰਜਾਬ ਅਤੇ ਚੰਡੀਗੜ੍ਹ ਨੂੰ ਫੋਜ ਦੇ ਹਵਾਲੇ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਸਨ ।
ਇਕ ਨਿਰੰਕਾਰੀ ਜਨਰਲ ਰਣਜੀਤ ਸਿੰਘ ਦਿਆਲ ਨੂੰ ਗਵਰਨਰ ਪੰਜਾਬ ਦਾ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ । ਪੰਜਾਬ, ਇਸਦੇ ਨਾਲ ਲਗਦੇ ਸੂਬਿਆਂ ਤੇ ਪਾਕਿਸਤਾਨ ਨਾਲ ਲਗਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ। ਫੌਜ ਦੀਅ ਸੱਤ ਡਵੀਜਨਾਂ ਪੰਜਾਬ ਦੇ ਪਿੰਡਾਂ ਵਿਚ ਤਾਇਨਾਤ ਕਰ ਦਿੱਤੀਆਂ ਗਈਆਂ ਸਨ। ਸਮੁਚਾ ਪੰਜਾਬ ਗੜਬੜ ਵਾਲਾ ਇਲਾਕਾ ਐਲਾਨ ਦਿੱਤਾ ਗਿਆ ਸੀ।