ਜਦੋਂ ਭਾਈ ਗੁਰਦਾਸ ਜੀ ਨੂੰ ਸਾਰੇ ਭਗਤਾਂ ਦੇ ਦਰਸ਼ਨ ਹੋਏ
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਸੀ। ਗੁਰੂ ਸਾਹਿਬ ਬੋਲਦੇ ਸਨ ਅਤੇ ਭਾਈ ਸਾਹਿਬ ਲਿਖਦੇ ਸਨ। ਜਦੋਂ ਭਗਤਾਂ ਦੀ ਬਾਣੀ ਆਰੰਭ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਅਤੇ ਭਾਈ ਗੁਰਦਾਸ ਜੀ ਦੇ ਵਿਚਕਾਰ ਇੱਕ ਪਰਦਾ ਕਰ ਲਿਆ। ਸਿਰਫ ਆਵਾਜ਼ ਸੁਣਦੀ ਸੀ ਗੁਰੂ ਸਾਹਿਬ ਦਿਖਾਈ ਨਹੀਂ ਦੇਂਦੇ ਸਨ। ਗੁਰੂ ਸਾਹਿਬ ਜੀ ਭਗਤਾਂ ਦੀ ਬਾਣੀ ਲਿਖਵਾਉਂਦੇ ਗਏ। ਇੱਕ ਸਮਾਂ ਐਸਾ ਆਇਆ ਜਦੋਂ ਭਾਈ ਗੁਰਦਾਸ ਜੀ ਦੇ ਮਨ ਵਿੱਚ ਅੱਖ ਝਮਕਣ ਜਿੰਨੇ ਸਮੇਂ ਲਈ ਸ਼ੰਕਾ ਆ ਗਿਆ। ਭਾਈ ਸਾਹਿਬ ਨੇ ਸੋਚਿਆ ਕਿ ਗੁਰੂ ਸਾਹਿਬ ਜੀ ਸਾਰੇ ਭਗਤਾਂ ਦੀ ਬਾਣੀ ਲਿਖਵਾ ਰਹੇ ਨੇ ਪਰ ਗੁਰੂ ਸਾਹਿਬ ਜੀ ਨੂੰ ਕਿਸ ਤਰਾਂ ਪਤਾ ਕਿ ਕਿਹੜੇ ਭਗਤ ਨੇ ਕਿਹੜੀ ਬਾਣੀ ਲਿਖੀ ਹੈ। ਭਗਤ ਸਾਹਿਬਾਨਾਂ ਨੇ ਕਿੰਨੇ ਸ਼ਲੋਕ ਲਿਖੇ ਹਨ ਅਤੇ ਬਾਣੀ ਤੋਂ ਪਹਿਲਾਂ ਗੁਰੂ ਸਾਹਿਬ ਰਾਗ ਦਾ ਨਾਮ ਲਿਖਵਾ ਰਹੇ ਹਨ ਇਹ ਗੁਰੂ ਸਾਹਿਬ ਜੀ ਨੂੰ ਕਿਸ ਤਰਾਂ ਪਤਾ ਹੈ। ਖਿਨ ਪਲ ਲਈ ਸ਼ੰਕਾ ਆ ਗਿਆ। ਰਿਹਾ ਨਾ ਗਿਆ ਤਾਂ ਭਾਈ ਸਾਹਿਬ ਜੀ ਨੇ ਥੋੜਾ ਜਿਹਾ ਪਰਦਾ ਚੁੱਕ ਕੇ ਵੇਖ ਲਿਆ। ਪਰ ਕੀ ਹੋਇਆ ਕਿ ਭਾਈ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਦੇ ਪਾਸ ਬੈਠੇ ਸਾਰੇ ਭਗਤਾਂ ਦੇ ਦਰਸ਼ਨ ਹੋਏ।
ਸੰਗਤ ਜੀ ਗੁਰੂ ਭਗਤਾਂ ਨਾਲੋਂ ਵੱਖ ਨਹੀਂ ਹੈ। ਓਹ ਆਪਣੇ ਭਗਤਾਂ ਨਾਲ ਇੱਕ ਮਿੱਕ ਹੈ। ਅੱਜ ਅਸੀਂ ਆਮ ਇਨਸਾਨ ਕਈ ਤਰਾਂ ਦੇ ਸ਼ੰਕੇ ਕਰ ਬੈਠਦੇ ਹਾਂ ਕਿਉਂਕਿ ਸਾਡੀ ਸਮਝ ਦੀ ਪਹੁੰਚ ਖੂਹ ਦੇ ਡੱਡੂ ਵਾਂਗ ਹੁੰਦੀ ਹੈ ਪਰ ਸੱਚੇ ਪਾਤਸ਼ਾਹ ਬੇਅੰਤ ਹਨ, ਸਾਰੀ ਸ੍ਰਿਸਟੀ ਦੇ ਮਾਲਕ ਹਨ। ਓਹਨਾ ਤੋਂ ਕੁਝ ਵੀ ਓਹਲੇ ਨਹੀਂ ਹੈ।
(ਰਣਜੀਤ ਸਿੰਘ ਮੋਹਲੇਕੇ)