ਚੌਧਰੀ ਲੰਗਾਹ – ਪੜ੍ਹੋ ਇਤਿਹਾਸ

ਪੰਜਾਬ ਦੇ ਬਹੁਤੇ ਪਿੰਡ ਗੁਰੂ ਦੇ ਵਸਾਏ ਹੋਏ ਸਨ , ਪੰਜਾਬ ਤਾਂ ਜੀਉਂਦਾ ਹੀ ਗੁਰਾਂ ਦੇ ਨਾਂ ਤੇ ਹੈ । ਗੁਰੂ ਦੇ ਸਿੱਖ ਵੀ ਗੁਰੂ ਜੀ ਦਾ ਬੜਾ ਆਦਰ , ਸਤਿਕਾਰ ਕਰਦੇ । ਗੁਰੂ ਜੀ ਦੀ ਆਗਿਆ ਹਰ ਵਕਤ ਮੰਨਣ ਨੂੰ ਤਿਆਰ ਰਹਿੰਦੇ । ਹਰ ਪਿੰਡ ਵਿਚ ਕੋਈ ਨਾ ਕੋਈ ਗੁਰੂ ਦਾ ਅਨਿਨ ਸਿੱਖ ਮਿਲ ਹੀ ਜਾਂਦਾ ਸੀ । ਪੰਜਾਬ ਗੁਰੂ ਦੀ ਵਡਿਆਈ ਭਾਈ ਗੁਰਦਾਸ ਜੀ ਨੇ ਲਿਖੀ ਹੈ । ਮੁਹਸਨ ਫ਼ਾਨੀ ਇਸ ਦੀ ਗਵਾਹੀ ਭਰਦਾ ਹੈ । ਝਬਾਲ ਪਿੰਡ ਵੀ ਐਸਾ ਸੀ ਜੋ ਅੰਮ੍ਰਿਤਸਰ ਤੋਂ ਅੱਠ ਕੋਹ ਦੱਖਣ ਵੱਲ ਹੈ ਜਿਸ ਵਿਚ ਗੁਰੂ ਦੇ ਸ਼ਰਧਾਲੂਆਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ । ਏਸੇ ਝਬਾਲ ਸ਼ਹਿਰ ਦੇ ਵਸਨੀਕ ਚੌਧਰੀ ਲੰਗਾਹ ਸਨ । ਚੌਧਰੀ ਲੰਗਾਹ ਗੁਰੂ ਅਰਜਨ ਦੇਵ ਜੀ ਦੇ ਵੇਲੇ ਸਿੱਖ ਬਣੇ : ਚੌਧਰੀ ਲੰਗਾਹ ਪੱਟੀ ਦੇ ਪਰਗਨੇ ਦਾ ਚੌਧਰੀ ਢਿੱਲੋਂ ਜੱਟ ਸੀ ਜੋ ਅਬੁੱਲ ਖੈਰ ਦਾ ਪੁੱਤਰ ਸੀ । ਚੌਧਰੀ ਲੰਗਾਹ ਦੇ ਤਿੰਨ ਪੁੱਤਰ ਸਕੰਦਰ , ਜਸਮਤ ਤੇ ਮੁਬਾਰਕ ਸਨ ਤੇ ਇਕ ਬੇਟੀ ਓਮਰੀ ਸੀ । ਅਬੁੱਲ ਖੈਰ ਸੁਲਤਾਨ ਸਖੀ ਸਰਵਰ ਦਾ ਉਪਾਸਕ ਸੀ ਇਸ ਕਾਰਣ ਉਸ ਦਾ ਨਾਂ ਮੁਸਲਮਾਨਾਂ ਵਾਲਾ ਸੀ। ਉਸ ਤੋਂ ਬਾਅਦ ਉਸਦਾ ਪੁੱਤਰ ਭਾਈ ਲੰਗਾਹ ਪੱਟੀ ਪਰਗਨੇ ਦੇ 84 ਪਿੰਡਾਂ ਦਾ ਚੌਧਰੀ ਬਣਿਆ। ਇਕ ਵਾਰ ਇਹ ਬੀਮਾਰ ਪੈ ਗਿਆ ਅਤੇ ਸਖੀ ਸਰਵਰ ਦੀਆਂ ਮੰਨਤਾਂ ਦੇ ਬਾਵਜੂਦ ਇਹ ਠੀਕ ਨ ਹੋਇਆ। ਫਿਰ ਕਿਸੇ ਸਿੱਖ ਦੇ ਸੰਪਰਕ ਵਿਚ ਆਉਣ ਕਰਕੇ ਸਿੱਖ ਧਰਮ ਵਿਚ ਵਿਸ਼ਵਾਸ ਪ੍ਰਗਟ ਕੀਤਾ ਅਤੇ ਇਸ ਦੀ ਬੀਮਾਰੀ ਖ਼ਤਮ ਹੋ ਗਈ। ਜਦੋਂ ਪੂਰੀ ਤਰ੍ਹਾਂ ਠੀਕ ਹੋ ਗਿਆ ਤਾਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਲਈ ਅੰਮ੍ਰਿਤਸਰ ਆਇਆ। ਉਦੋਂ ਸਰੋਵਰ ਦੀ ਖੁਦਾਈ ਅਤੇ ਹਰਿਮੰਦਿਰ ਸਾਹਿਬ ਦੀ ਉਸਾਰੀ ਦਾ ਕੰਮ ਚਲ ਰਹੀ ਸੀ। ਇਸ ਨੇ ਉਸ ਮਹਾਨ ਕਾਰਜ ਵਿਚ ਸ਼ਰੀਰਿਕ ਅਤੇ ਮਾਇਕ ਦੋਹਾਂ ਤਰ੍ਹਾਂ ਦੀ ਸੇਵਾ ਕੀਤੀ। ਇਸ ਦੇ ਸੇਵਾ ਭਾਵ ਨੂੰ ਦੇਖ ਗੁਰੂ ਜੀ ਨੇ ਇਸ ਨੂੰ ਆਪਣੇ ਇਲਾਕੇ ਦਾ ਮਸੰਦ ਥਾਪਿਆ। ਜਦੋਂ ਗੁਰੂ ਜੀ ਲਾਹੌਰ ਗਏ, ਤਾਂ ਉਨ੍ਹਾਂ ਦੇ ਨਾਲ ਗਏ ਪੰਜ ਸਿੱਖਾਂ ਵਿਚ ਇਹ ਵੀ ਸ਼ਾਮਲ ਸੀ। ਇਸ ਨੇ ਗੁਰੂ ਜੀ ਦਾ ਲਾਹੌਰ ਵਿਚ ਸਸਕਾਰ ਕੀਤਾ।
ਫਿਰ ਭਾਈ ਲੰਗਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਰਹਿਣ ਲੱਗਾ। ਇਹ ਤੇਗ ਦਾ ਵੀ ਬੜਾ ਧਨੀ ਸੀ, ਇਸ ਲਈ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਭਾਈ ਲੰਗਾਹ ਨੂੰ ਫੌਜ਼ ਦੈ ਇੱਕ ਜੱਥੇ ਦਾ ਜੱਥੇਦਾਰ ਥਾਪਿਆ। ਜਦੋਂ ਛੇਵੇਂ ਗੁਰੂ ਸਾਹਿਬ ਲਾਹੌਰ ਗਏ ਤਾਂ ਉਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਾਲੀ ਥਾਂ ਉਤੇ ਇਕ ਸਮਾਰਕ ਬਣਵਾਇਆ ਅਤੇ ਉਸ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਇਸ ਨੂੰ ਸੌਂਪੀ। ਭਾਈ ਲੰਗਾਹ ਦਾ ਦੇਹਾਂਤ ਬਿਆਸ ਨਦੀ ਦੇ ਕੰਢੇ ਢਿਲਵਾਂ ਪਿੰਡ ਵਿਚ ਹੋਇਆ।
ਮਾਈ ਭਾਗੋ ਵੀ ਇਸ ਦੇ ਛੋਟੇ ਭਰਾ ਪੀਰੋ ਸ਼ਾਹ ਦੀ ਪੋਤੀ ਸੀ, ਜੋ ਚਾਲ੍ਹੀ ਮੁਕਤਿਆਂ ਨੂੰ ਦਸਮ ਗੁਰੂ ਤੋਂ ਬਖ਼ਸ਼ਵਾਉਣ ਲਈ ਖਿਦਰਾਣੇ ਦੀ ਢਾਬ ਪਾਸ ਪਹੁੰਚੀ।
ਚੌਧਰੀ ਲੰਗਾਹ ਦਾ ਗੁਰੂ ਅਰਜਨ ਦੇਵ ਜੀ ਨਾਲ ਅਥਾਹ ਪਿਆਰ ਹੋਣ ਕਾਰਨ ਰੋਜ਼ ਦਰਸ਼ਨਾਂ ਨੂੰ ਜਾਂਦੇ । ਪਿੰਡਾਂ ਦਹੀਂ ਗੁਰੂ ਅਰਜਨ ਜੀ ਲਈ ਉਚੇਚੇ ਗੋਇੰਦਵਾਲ ਲੈ ਕੇ ਜਾਂਦੇ ਤੇ ਰੋਜ਼ ਵਾਪਸ ਮੁੜ ਕੇ ਅੰਨ ਮੂੰਹ ਲਗਾਂਦੇ । ਐਸੀ ਸ਼ਰਧਾ ਤੇ ਪਿਆਰ ਸੀ । ਇਕ ਦਿਨ ਗੁਰੂ ਅਰਜਨ ਜੀ ਬਗੈਰ ਦੱਸੇ ਹੀ ਸ੍ਰੀ ਅੰਮ੍ਰਿਤਸਰ ਵੱਲ ਚੱਲ ਪਏ । ਜਦ ਚੌਧਰੀ ਲੰਗਾਹ ਅੰਮ੍ਰਿਤਸਰ ਪੁੱਜੇ ਤਾਂ ਗੁਰੂ ਜੀ ਤਰਨ ਤਾਰਨ ਜਾ ਚੁੱਕੇ ਸਨ । ਉਹ ਅੰਮ੍ਰਿਤਸਰ ਤੋਂ ਤਰਨ ਤਾਰਨ ਵਾਪਸ ਟੁਰ ਪਏ । ਗੁਰੂ ਜੀ ਨੇ ਭਾਈ ਲੰਗਾਹ ਦੀ ਘਾਲ ਉੱਤੇ ਖ਼ੁਸ਼ ਹੋ ਕੇ ਕਿਹਾ ਕਿ ਅਸੀਂ ਆਪ ਆ ਦਰਸ਼ਨ ਦੇ ਦਿਆ ਕਰਾਂਗੇ ਤੁਸੀਂ ਹੁਣ ਇਤਨੀ ਖੇਚਲ ਨਹੀਂ ਕਰਨੀ । ਉਸ ਨੇ ਸਤਿਗੁਰੂ ਜੀ ਦੇ ਮਾਲ ਡੰਗਰ ਲਈ ਆਪਣੀ ਬੀੜ ਦਾ ਇਕ ਹਿੱਸਾ ਅੱਡ ਕਰ ਦਿੱਤਾ । ਉੱਥੇ ਹੀ ਬਾਬਾ ਬੁੱਢਾ ਜੀ ਰਹਿਣ ਲੱਗ ਪਏ । ਇਕ ਵਾਰ ਚੌਧਰੀ ਲੰਗਾਹ ਸਖ਼ਤ ਬੀਮਾਰ ਹੋ ਗਿਆ । ਗੁਰੂ ਜੀ ਆਪ ਪੁੱਜੇ ਤੇ ਮਿਹਰ ਭਰੀ ਨਜ਼ਰ ਮਾਰੀ ਤੇ ਉਹ ਅਰੋਗ ਹੋਇਆ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਵੀ ਭਾਈ ਲੰਗਾਹ ਦਾ ਪਿਆਰ ਗੁਰੂ ਘਰ ਨਾਲ ਬਣਿਆ ਰਿਹਾ । ਗੁਰੂ ਹਰਿਗੋਬਿੰਦ ਜੀ ਜਦ ਬੀਬੀ ਨਾਨਕੀ ਨੂੰ ਲੈਕੇ ਕੇ ਵਾਪਸ ਸ੍ਰੀ ਅੰਮ੍ਰਿਤਸਰ ਆ ਰਹੇ ਸਨ ਤਾਂ ਪਤਾ ਲੱਗਾ ਕਿ ਭਾਈ ਲੰਗਾਹ ਲਾਹੌਰ ਤੋਂ ਆਏ ਹਨ । ਆਪ ਜੀ ਨੇ ਉਸੇ ਸਮੇਂ ਡੋਲੇ ਨੂੰ ਰੋਕਣ ਦਾ ਹੁਕਮ ਦਿੱਤਾ । ਭਾਈ ਲੰਗਾਹ ਦਾ ਇਤਨਾ ਸਤਿਕਾਰ ਇਸ ਲਈ ਸੀ ਕਿਉਂਕਿ ਉਨ੍ਹਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦ ਹੋਣ ਸਮੇਂ ਵੀ ਸਾਥ ਨਹੀਂ ਸੀ ਛੱਡਿਆ । ਭਾਈ ਲੰਗਾਹ ਨੇ ਚਰਨ ਛੂਹ ਕੇ ਦੱਸਿਆ ਕਿ ਲਾਹੌਰ ਬਉਲੀ ਸਾਹਿਬ ਦੋਖੀਆਂ ਨੇ ਢਾਹ ਦਿੱਤੀ ਹੈ ਅਤੇ ਉਹਦੇ ਉੱਤੇ ਮਕਾਨ ਉਸਾਰ ਦਿੱਤੇ ਹਨ । ਲੋਪ ਬਾਵਲੀ ਗੁਰ ਕੀ ਕੀਨੀ । ਢਾਹਿ ਡਾਰ ਹਡ ਪੂਰਨ ਦੀ ? ਲੰਗਾਹ ਜੀ ਨੇ ਇਹ ਵੀ ਦੱਸਿਆ ਕਿ ਕਾਜ਼ੀ ਨੇ ਬੜਾ ਉਪੱਦਰ ਚੁੱਕਿਆ ਹੋਇਆ ਹੈ । ਮਹਾਰਾਜ ਨੇ ਉਸ ਸਮੇਂ ਕਿਹਾ ਕਿ ਆਉਣ ਵਾਲੇ ਸਮੇਂ ਸੁਖਾਲੇ ਹੋਣਗੇ । ਜਦ ਗੁਰੂ ਹਰਿਗੋਬਿੰਦ ਜੀ ਹਾਫਿਜ਼ਾਬਾਦ ਤੋਂ ਮੰਦਰਾਂ ਤੋਂ ਭਾਈ – ਕੋ – ਮਟਵੀ ਪੁੱਜੇ ਤਾਂ ਭਾਈ – ਕੇ – ਮਟਵੀਂ ਭਾਈ ਲੰਗਾਹ ਇਹ ਖ਼ਬਰ ਲੈ ਕੇ ਆਇਆ ਕਿ ਵਿਚ ਕੁਝ ਲੋਕੀਂ ਜਹਾਂਗੀਰ ਦੇ ਕੰਨ ਭਰ ਰਹੇ ਹਨ । ਕਾਜ਼ੀ ਰੁਸਤਮ ਖ਼ਾਨ ਤੇ ਕਾਜ਼ੀ ਨੂਰ ਉਲਾ ਮੁਹਰੀ ਹਨ । ਵਜ਼ੀਰ ਖ਼ਾਨ ਦੀ ਹੋਂਦ ਉਨ੍ਹਾਂ ਦੀ ਦਾਲ ਗਲਣ ਨਹੀਂ ਦਿੰਦੀ ਪਰ ਜਵਾਬੀ ਟਾਕਰਾ ਕਰਨਾ ਜ਼ਰੂਰੀ ਹੈ । ਪਰ ਗੁਰੂ ਮਹਾਰਾਜ ਨੇ ਇਹ ਆਖ ਕੇ ਭਾਈ ਲੰਗਾਹ ਦੀ ਤਸੱਲੀ ਕਰਾਈ ਕਿ ਹੁਣ ਜਹਾਂਗੀਰ ਕਿਸੇ ਦੀ ਨਹੀਂ ਸੁਣੇਗਾ ਤੇ ਨਾ ਹੀ ਕਿਸੇ ਦੀ ਜੁਰੱਅਤ ਹੈ ਹਮਲਾ ਕਰਨ ਦੀ । ਉੱਥੇ ਹੀ ਇਹ ਖ਼ਬਰ ਵੀ ਪੁੱਜੀ ਕਿ ਜਹਾਂਗੀਰ ਨੇ ਕਾਜ਼ੀ – ਨੂਰ – ਉਲਾ ਨੂੰ ਹਟਾ ਦਿੱਤਾ ਹੈ । ਉਥੋਂ ਗੁਰੂ ਹਰਿਗੋਬਿੰਦ ਜੀ ਨਨਕਾਣਾ ਸਾਹਿਬ ਪੁੱਜੇ । ਰਾਇ ਬੁਲਾਰ ਦੀ ਸੰਤਾਨ ਦਰਸ਼ਨਾਂ ਲਈ ਆਈ। ਆਪ ਜੀ ਨੇ ਜਨਮ ਅਸਥਾਨ ਬਣਾਉਣ ਲਈ ਟੱਕ ਵੀ ਲਗਾਇਆ । ਫੇਰ ਪੱਧਰੀ ਤੇ ਲਾਹੌਰ ਤੋਂ ਹੁੰਦੇ ਹੋਏ ਅੰਮ੍ਰਿਤਸਰ ਪੁੱਜੇ । ਪਹਿਲੀ ਜੰਗ ਦੇ ਦੌਰਾਨ ਜਦ ਸ਼ਾਹੀ ਫੌਜਾਂ ਅੱਗੇ ਹੀ ਅੱਗੇ ਵਧ ਰਹੀਆਂ ਸਨ ਤੇ ਬੀਬੀ ਵੀਰੋ ਜੀ ਦੀ ਜੰਝ ਵੀ ਅੰਮ੍ਰਿਤਸਰ ਵੱਲ ਚੱਲ ਪਈ ਸੀ । ਐਸੇ ਸਮੇਂ ਵਿਚ ਜਦ ਯੁੱਧ ਦੌਰਾਨ ਕਿਲ੍ਹੇ ਦੀ ਇਕ ਦੀਵਾਰ ਗਿਰਾਉਣ ਵਿਚ ਕਾਮਯਾਬ ਹੋ ਗਏ ਤਾਂ ਦੀਵਾਰ ਡਿੱਗਦੀ ਦੇਖ ਗੁਰੂ ਜੀ ਨੇ ਪ੍ਰੋਹਤ ਸਿੰਘ , ਬਾਬਕ ਰਬਾਬੀ , ਜਮਾਲ ਖ਼ਾਨ ਤੇ ਭਾਈ ਭਾਗ ਨੂੰ ਹੁਕਮ ਦਿੱਤਾ ਕਿ ਗੁਰੂ ਮਹਲ ਜਾਣ ਤੇ ਉੱਥੇ ਉਨ੍ਹਾਂ ਨੂੰ ਆਖਣ ਕਿ ਉਹ ਝਬਾਲ ਨੂੰ ਚੱਲ ਪੈਣ । ਝਬਾਲ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਜੋ ਸੁਰੱਖਿਅਤ ਸਥਾਨ ਨਜ਼ਰ ਵਿਚ ਆਇਆ ਸੀ ਉਹ ਭਾਈ ਲੰਗਾਹ ਦੀ ਹਵੇਲੀ ਹੀ ਸੀ । ਜੰਝ ਵੱਲ ਵੀ ਪੈਗਾਮ ਭੇਜ ਦਿੱਤਾ ਕਿ “ ਵੱਲੇ ਪਿੰਡ ਜਾ ਕੇ ਕਹਿ ਆਉਣ ਕਿ ਜੰਝ ਸਿੱਧੀ ਝਬਾਲ ਹੀ ਪੁੱਜੇ । ਰਾਤ ਪੈ ਜਾਣ ਕਰਕੇ ਜੰਗ ਰੁਕ ਗਈ ਸੀ । ਸਿੱਖਾਂ ਨੇ ਰਾਤ ਭਰ ਵਿਚ ਦੀਵਾਰ ਦੀ ਉਸਾਰੀ ਕੀਤੀ ਅਤੇ ਅਗਲੇ ਦਿਨ ਪ੍ਰੋਗਰਾਮ ਬਣਾਉਣ ਲੱਗੇ । ਜੰਗ ਦੀ ਖ਼ਬਰ ਇਲਾਕੇ ਵਿਚ ਫੈਲ ਗਈ ਤੇ ਕੱਬੇਵਾਲ ਦੇ ਸਭ ਜਵਾਨ ਜੋ ਹੱਥ ਵਿਚ ਆਇਆ ਲੈ ਅੰਮ੍ਰਿਤਸਰ ਵੱਲ ਚੱਲ ਪਏ । ਉਧਰ ਮੁਖ਼ਲਿਸ ਖ਼ਾਨ ਦੀ ਮਦਦ ਉੱਤੇ ਲਾਹੌਰ ਤੋਂ ਕਲੰਦਰ ਖ਼ਾਨ ਦੁਰਾਨੀ ਤੋਂ ਬਹਾਦਰ ਖ਼ਾਨ ਪੁੱਜ ਗਏ । ਮੁਖ਼ਲਿਸ ਖ਼ਾਨ ਆਪ ਛੇਤੀ ਲੜਾਈ ਤੋਂ ਪੱਲਾ ਛੁਡਾਉਣਾ ਚਾਹੁੰਦਾ ਸੀ । ਪਰ ਗੁਰੂ ਹਰਿਗੋਬਿੰਦ ਜੀ ਨੂੰ ਈਨ ਮੰਨਵਾ ਕੇ ਛੱਡਣਾ ਚਾਹੁੰਦਾ ਸੀ ਪਰ ਗੁਰੂ ਹਰਿਗੋਬਿੰਦ ਜੀ ਸਾਹਮਣੇ ਉਸ ਦੀ ਇਕ ਨਾ ਚੱਲੀ । ਜੰਗ ਜਿੱਤਣ ਉਪਰੰਤ ਤੁਰੰਤ ਗੁਰੂ ਜੀ ਝਬਾਲ ਪੁੱਜੇ ਕਿਉਂਕਿ ਜੰਝ ਝਬਾਲ ਪੁੱਜ ਗਈ ਸੀ ਤੇ ਦੂਜੇ ਦਿਨ ਸਵੇਰੇ ਬੀਬੀ ਵੀਰੋ ਦਾ ਅਨੰਦ ਕਾਰਜ ਹੋਣਾ ਸੀ । ਸਵਾ ਪਹਿਰ ਰਹਿੰਦੀ ਰਾਤ ਨੂੰ ਸਤਿਗੁਰੂ ਜੀ ਝਬਾਲ ਅੱਪੜੇ । ਅੰਮ੍ਰਿਤ ਵੇਲੇ ਬੀਬੀ ਵੀਰੋ ਦਾ ਅਨੰਦ ਕਾਰਜ ਕੀਤਾ ! ਸਵੇਰ ਚੜ੍ਹਦਿਆਂ ਹੀ ਡੋਲੀ ਤੋਰ ਦਿੱਤੀ । ਆਪ ਜੀ ਵੀ ਸਣੇ ਪਰਿਵਾਰ ਗੋਇੰਦਵਾਲ ਵੱਲ ਚਲੇ ਗਏ । ਅੱਜ ਵੀ ਉਸ ਦਿਨ ਵਾਂਗ ਚੌਹਾਂ ਲਾਵਾਂ ਦਾ ਪਾਠ ਕਰਕੇ ਝਬਾਲ ਵਿਖੇ ਇਸ ਕਾਰਜ ਦੀ ਯਾਦਗਾਰ ਮਨਾਈ ਜਾਂਦੀ ਹੈ । ਸਿੱਖ ਇਤਿਹਾਸ ਦਾ ਇਹ ਪਹਿਲਾ ਅਨੰਦ ਕਾਰਜ ਕਿਹਾ ਜਾ ਸਕਦਾ ਹੈ । ਇਹ ਅਨੰਦ ਕਾਰਜ ਚੌਧਰੀ ਲੰਗਾਹ ਨੇ ਆਪਣੇ ਮਹੱਲਾਂ ਵਿਚ ਕਰਵਾਇਆ ਸੀ । ਉੱਥੇ ਅੱਜਕੱਲ੍ਹ ਗੁਰਦੁਆਰਾ ਹੈ । ਚੌਧਰੀ ਲੰਗਾਹ ਨਾਲ ਬਾਅਦ ਵਿਚ ਕੀ ਬੀਤੀ , ਇਸ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਛੇਤੀ ਹੀ ਚੌਧਰੀ ਅਕਾਲ ਚਲਾਣਾ ਕਰ ਗਏ ਪਰ ਉਸ ਮਰਦ ਨੇ ਸਿੱਖੀ ਨਿਭਾ ਕੇ ਦੱਸੀ । ਇਸੇ ਖ਼ਾਨਦਾਨ ਵਿਚ ਮਾਈ ਭਾਗੋ ਦਾ ਜਨਮ ਹੋਇਆ ਜਿਸ ਬੇਦਾਵਾ ਦੇ ਆਏ ਸਿੰਘਾਂ ਨੂੰ ਫਿਟਕਾਰ ਪਾ ਫੇਰ ਗੁਰੂ ਦੇ ਲੜ ਲਗਾਇਆ ਸੀ ਅਤੇ ਟੁੱਟੀ ਗੰਢੀ ।
ਜੋਰਾਵਰ ਸਿੰਘ ਤਰਸਿੱਕਾ ।


Related Posts

One thought on “ਧੰਨ ਗੁਰੂ ਨਾਨਕ ਜੀ ਤੁਹਾਡੀ ਵੱਡੀ ਕਮਾਈ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top