10 ਮਾਰਚ ਦਾ ਇਤਿਹਾਸ – ਭਾਈ ਮਨੀ ਸਿੰਘ ਜੀ

10 ਮਾਰਚ 1644 ਨੂੰ ਭਾਈ ਮਨੀ ਸਿੰਘ ਜੀ ਦਾ ਜਨਮ ਪਿਤਾ ਮਾਈ ਦਾਸ ਤੇ ਮਾਤਾ ਮਾਧੁਰੀ ਬਾਈ ਦੇ ਘਰ ਹੋਇਆ ਸੀ ।
ਆਪ ਦੀ ਧਰਮ ਪਤਨੀ ਦਾ ਨਾਮ ਸੀਤੋ ਸੀ ਆਪ ਜੀ ਦੇ ਪੁੱਤਰਾ ਦਾ ਨਾਮ ਭਾਈ ਬਚਿੱਤਰ ਸਿੰਘ, ਉਦੈ ਸਿੰਘ, ਅਨੈਕ ਸਿੰਘ, ਅਜੈਬ ਸਿੰਘ, ਅਜਾਬ ਸਿੰਘ, ਗੁਰਬਕਸ਼ ਸਿੰਘ, ਭਗਵਾਨ ਸਿੰਘ, ਚਿੱਤਰ ਸਿੰਘ , ਬਲਰਾਮ ਸਿੰਘ, ਦੇਸਾ ਸਿੰਘ ਸਨ ।
ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਇਸ ਕੌਮ ਨੇ ਉਹ ਮਰਜੀਵੜੇ ਪੈਦਾ ਕੀਤੇ ਹਨ ਜਿਹਨਾਂ ਦੀ ਮਿਸਾਲ ਸੰਸਾਰ ਦੇ ਕਿਸੇ ਇਤਿਹਾਸ ਵਿੱਚ ਲੱਭਣੀ ਨਾਮੁਮਕਿਨ ਹੈ। ਸਿੱਖੀ ਨੂੰ ਨਸਤੋਨਾਬੂਦ ਕਰਨ ਲਈ ਸਮੇਂ ਦੇ ਹਾਕਮਾਂ ਨੇ ਅਨੇਕਾਂ ਜ਼ੁਲਮ ਢਾਹੇ, ਤਰਾਂ ਤਰ੍ਹਾਂ ਦੇ ਤਸੀਹੇ ਦਿਤੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਪਰ ਧੰਨ ਸੀ, ਸਮੇਂ ਦੀ ਸਿੱਖੀ, ਸਿੱਖੀ ਸਿਦਕ ਅਤੇ ਗੁਰੂ ਦੇ ਸਿੱਖ, ਜਿਨਾਂ ਨੇ ਸਿਰ-ਧੜ ਦੀ ਬਾਜ਼ੀ ਲਗਾਉਂਦਿਆਂ ਆਪਾ ਤਾਂ ਕੁਰਬਾਣ ਕਰ ਲਿਆ ਪਰ ਜ਼ਾਲਮਾਂ ਦਾ ਹੁਕਮ ਮੰਨ ਕੇ ਗੁਰਮਤਿ ਦੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਅਤੇ ਸ਼ਹਾਦਤਾਂ ਦਾ ਜਾਮ ਹੱਸਦੇ-ਹੱਸਦੇ ਪੀ ਗਏ। ਐਸੇ ਹੀ ਮਹਾਨ ਸ਼ਹੀਦਾਂ ਵਿੱਚੋਂ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਜਿਨਾਂ ਨੇ ਹਕ ਤੇ ਸਚ ਦੀ ਖਾਤਰ, ਸਿਖੀ ਦੀ ਖਾਤਰ, ਝੂਠ ਦੇ ਅਗੇ ਘੁਟਨੇ ਨਹੀਂ ਟੇਕੇ।
ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਪਿੰਡ ਕੈਂਬੋਵਾਲ, ਤੇ ਕੁਝ ਇਤਿਹਾਸਕਾਰ ਅਲੀਪੁਰ, ਮੁਲਤਾਨ, ਪੰਜਾਬ (ਹੁਣ ਪਾਕਿਸਤਾਨ) ਮੰਨਦੇ ਹਨ।
ਪਿਤਾ ਮਾਈ ਦਾਸ ਤੇ ਮਾਤਾ ਮਧੁਰੀ ਬਾਈ ਜੀ, ਜੋ ਇਕ ਸਪੰਨ ਤੇ ਧਾਰਮਿਕ ਪਰਿਵਾਰ ਸੀ, ਵਿਚ ਹੋਇਆ। ਮਾਂ-ਪਿਓ ਨੇ ਇਨ੍ਹਾ ਦਾ ਨਾਮ ਮਨੀਆ ਰਖ ਦਿਤਾ।ਭਾਈ ਮਨੀ ਸਿੰਘ ਜੀ ਦੇ ਵੱਡੇ ਮੁਗਲਾਂ ਦੀ ਨੌਕਰੀ ਕਰਦੇ ਸੀ। ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਿਖ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਾ ਵਿਚ ਰਹਿਣ ਲਗੇ। ਇਹਨਾ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ਼ ਦੇ ਜਰਨੈਲ ਰਹਿ ਚੁਕੇ ਸਨ, ਜੋ ਬਹੁਤ ਸੂਰਬੀਰ ਯੋਧਾ ਸੀ। ਭਾਈ ਮਨੀ ਸਿੰਘ, 12 ਭਰਾ ਸੀ, ਜਿਨ੍ਹਾ ਵਿਚੋਂ ਇਕ ਦੀ ਬਚਪਨ ਵਿਚ ਹੀ ਮੌਤ ਹੋ ਗਈ, ਗਿਆਰਾਂ ਭਰਾ ਪੰਥ ਲਈ ਸ਼ਹੀਦ ਹੋਏ ਜਿਨ੍ਹਾ ਵਿਚੋ ਇਕ ਭਾਈ ਦਿਆਲਾ ਚਾਂਦਨੀ ਚੋਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਇਆ। ਇਹ ਪਰਿਵਾਰ ਸ਼ਹੀਦਾ ਦਾ ਪਰਿਵਾਰ ਕਿਹਾ ਜਾਂਦਾ ਹੈ ਕਿਓਂਕਿ ਇਕੱਲੇ ਭਾਈ ਮਨੀ ਸਿੰਘ ਦੇ ਪਰਿਵਾਰ ਵਿਚ ਭਾਈ ਮਨੀ ਸਿੰਘ ਜੀ ਦਾ ਦਾਦਾ ਸ਼ਹੀਦ, ਉਨ੍ਹਾ ਸਮੇਤ ਇਹ 11 ਭਰਾ ਸ਼ਹੀਦ, 10 ਪੁਤਰਾਂ ਵਿਚੋਂ 7 ਪੁਤਰ ਤੇ ਅਗੋਂ ਭਰਾਵਾਂ ਦੇ ਪੁਤਰ ਕੁਲ ਮਿਲਾ 29 ਸ਼ਹੀਦ ਹੋਏ ਹਨ। ਉਸਤੋਂ ਬਾਅਦ ਇਸ ਪਰਿਵਾਰ ਦੀ ਕੁਲ ਵਿਚੋਂ ਹੋਰ ਕਿਤਨੇ ਸ਼ਹੀਦ ਹੋਏ ਹੋਣਗੇ ਇਤਿਹਾਸ ਵਿਚ ਇਸਦਾ ਕੋਈ ਵੇਰਵਾ ਨਹੀਂ ਹੈ ਜੋ ਖੋਜਣ ਦੀ ਲੋੜ ਹੈ।
ਉਹ ਮਸਾ 13 ਕੁ ਵਰਿਆਂ ਦੇ ਸਨ ਜਦ ਇਹ ਪਰਿਵਾਰ ਗੁਰੂ ਹਰ ਰਾਇ ਸਾਹਿਬ ਦੇ ਦਰਸ਼ਨ ਕਰਨ ਕੀਰਤ ਪੁਰ ਆਏ ਤੇ ਮਨੀ ਸਿੰਘ ਨੂੰ ਇਥੇ ਹੀ ਗੁਰੂ ਸਾਹਿਬ ਕੋਲ ਛਡ ਕੇ ਚਲੇ ਗਏ। ਉਦੋਂ ਰਿਵਾਜ਼ ਸੀ ਕੀ ਹਰ ਪਰਿਵਾਰ ਘਟ ਤੋਂ ਘਟ ਇਕ ਬਚਾ ਗੁਰੂ ਸਾਹਿਬ ਦੇ ਚਰਨਾ ਵਿਚ ਭੇਟ ਕਰਦਾ ਸੀ। ਦੋ ਸਾਲ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਦੇ ਚਰਨਾ ਵਿਚ ਰਹਿ ਕੇ ਲੰਗਰ ਘਰ ਦੀ ਦਿਲੋ-ਜਾਨ ਨਾਲ ਸੇਵਾ ਕੀਤੀ। ਗੁਰੂ ਹਰ ਰਾਇ ਸਾਹਿਬ ਦੀ ਦੇਖ ਰੇਖ ਵਿਚ ਉਨ੍ਹਾ ਨੇ ਗੁਰਬਾਣੀ ਵੀ ਸਿਖੀ। ਪੰਦਰਾ ਸਾਲ ਦੀ ਉਮਰ ਵਿਚ ਇਨ੍ਹਾ ਦੀ ਸ਼ਾਦੀ ਲਖੀ ਰਾਇ ਦੀ ਪੁਤਰੀ ਬੀਬੀ ਸੀਤੋ ਨਾਲ ਹੋਈ। ਕੁਝ ਦੇਰ ਵਿਆਹੁਤਾ ਜੀਵਨ ਗੁਜਾਰਨ ਤੋਂ ਬਾਅਦ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੇਵਾ ਵਿਚ ਦਿਲੀ ਆ ਗਏ। ਜਦੋਂ ਗੁਰੂ ਹਰ ਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਏ ਤਾਂ ਇਹ ਮਾਤਾ ਸੁਲਖਣੀ ਜੀ ਨੂੰ ਨਾਲ ਲੈਕੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਬਕਾਲੇ ਪਹੁੰਚ ਗਏ।
ਇਨ੍ਹਾ ਨੇ ਛੋਟੀ ਉਮਰ ਤੋ ਹੀ ਬਾਲ ਗੁਰੂ ਗੋਬਿੰਦ ਰਾਇ ਦੀ ਸੰਗ-ਸੰਗਤ ਮਾਣੀ ਸੀ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਸਿਖਦੇ ਰਹੇ। ਗੁਰੂ ਸਹਿਬ ਦੀ ਆਗਿਆ ਲੈਕੇ ਕੁਝ ਸਮੇ ਲਈ ਘਰ ਗਏ ਪਰ 1672 ਵਿਚ ਮੁੜ ਆਪਣੇ ਦੋ ਭਰਾਵਾਂ ਨਾਲ ਅਨੰਦਪੁਰ ਸਾਹਿਬ ਵਾਪਸ ਆ ਗਏ।ਇਹ ਇਕ ਮਹਾਨ ਸਹਿਤਕਾਰ, ਫਿਲੋਸ੍ਫੇਰ ਅਤੇ ਦਮਦਮੀ ਬੀੜ, ਗੁਰੂ ਗਰੰਥ ਸਾਹਿਬ ਦੇ ਪਹਿਲੇ ਲਿਖਾਰੀ ਵੀ ਸਨ, ਜਿਨ੍ਹਾ ਨੇ ਗੁਰੂ ਗੋਬਿੰਦ ਸਿੰਘ ਜੀ ਅਗਵਾਈ ਹੇਠ ਗੁਰੂ ਗਰੰਥ ਸਾਹਿਬ ਲਿਖਿਆ ਤੇ ਬਾਬਾ ਦੀਪ ਸਿੰਘ ਜੀ ਦੀ ਮਦਤ ਨਾਲ ਇਨ੍ਹਾ ਦੀਆਂ ਕਈ ਕਾਪੀਆਂ ਹਥ ਨਾਲ ਲਿਖ ਲਿਖ ਕੇ ਸਿਖੀ ਪ੍ਰਚਾਰ ਅਤੇ ਪ੍ਰਸਾਰ ਲਈ ਦੂਰ ਦੁਰਾਡੇ ਬੈਠੇ ਸਿਖਾਂ ਵਿਚ ਵੰਡੀਆਂ।
ਆਪ ਗੁਰੂ ਸਾਹਿਬ ਦੇ 52 ਕਵੀਆਂ ਵਿਚੋਂ ਅਹਿਮ ਸਥਾਨ ਰਖਦੇ ਸੀ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਕਥਾ ਵਾਚਕ, ਗਿਆਨ ਰਤਨਾਵਲੀ ਤੇ ਭਗਤ ਮਾਲਾ ਜਿਹੇ ਗ੍ਰੰਥਾਂ ਦੇ ਰਚਨਾਕਾਰ ਦੇ ਕਰਤਾ ਰਹੇ।
ਭਾਈ ਮਨੀ ਸਿੰਘ ਸਿਰਫ ਕਲਮ ਦੇ ਧਨੀ ਨਹੀਂ ਸੀ ਬਲਿਕ ਤਲਵਾਰ ਦੇ ਵੀ ਧਨੀ ਸੀ। ਪਾਉਂਟਾ ਸਾਹਿਬ ਵਿਖੇ ਭੰਗਾਣੀ ਦੇ ਅਸਥਾਨ ਤੇ ਜੰਗ ਹੋਇਆ ਤਾਂ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਗਤੀ ਦੇ ਉਹ ਜੌਹਰ ਵਿਖਾਏ ਕਿ ਦੇਖਣ ਤੇ ਪੇਖਣ ਵਾਲੇ ਦੰਗ ਰਹਿ ਗਏ। ਇਸ ਜੰਗ ਵਿਚ ਆਪ ਜੀ ਦੇ ਭਰਾ ਹਰੀ ਚੰਦ ਜੀ ਸ਼ਹੀਦੀ ਪਾ ਗਏ ਸਨ। ਇਸੇ ਤਰ੍ਹਾਂ ਨਾਦੌਣ ਦੀ ਜੰਗ ਵਿਚ ਆਪ ਦੀ ਸੂਰਮਗਤੀ ਤੇ ਗੁਰੂ ਸਿਦਕ ਨੂੰ ਵੇਖ ਕੇ ਗੁਰੂ ਪਾਤਸ਼ਾਹ ਨੇ ਆਪ ਨੂੰ ਦੀਵਾਨ (ਪ੍ਰਧਾਨ ਮੰਤਰੀ) ਦੀ ਉਪਾਧੀ ਬਖ਼ਸ਼ੀ।
ਦੀਵਾਨ ਹੋਣ ਦੇ ਨਾਤੇ ਉਨ੍ਹਾ ਨੂੰ ਮਾਲੀ, ਸਿਆਸੀ ਤੇ ਪ੍ਰਬੰਧਕੀ ਮਾਮਲਿਆਂ ਵਲ ਵੀ ਧਿਆਨ ਦੇਣਾ ਪੈਂਦਾ। ਇਤਨਾ ਕੁਝ ਕਰਦਿਆਂ ਫਿਰ ਵੀ ਆਪ ਗੁਰੂ ਗਰੰਥ ਸਾਹਿਬ ਦੇ ਅਰਥਾਂ ਦਾ ਗਿਆਨ ਕਰਨ ਲਈ ਸਮਾ ਕਢ ਲੈਂਦੇ ਤੇ ਹਰ ਰੋਜ਼ ਸਿਖ ਸੰਗਤਾਂ ਨੂੰ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿਚੋਂ ਕਥਾ ਸੁਣਾਦੇ। ਹਰਿਮੰਦਰ ਸਾਹਿਬ ਵਿਖੇ ਸੌਢੀ ਹਰਿ ਰਾਇ ਦੇ ਚਲਾਣੇ ਉਪਰੰਤ ਦਰਬਾਰ ਸਾਹਿਬ ਤੇ ਅਕਾਲ ਤਖਤ ਦੀ ਦੇਖ ਭਾਲ ਤੇ ਸੇਵਾ ਦਾ ਕੰਮ ਉਸਦੇ ਪੁਤਰ ਨਿਰੰਜਨ ਰਾਇ ਦੇ ਹਥ ਆ ਗਿਆ। ਇਹ ਇਕ ਕਮਜ਼ੋਰ ਪ੍ਰਬੰਧਕ ਹੋਣ ਕਰਕੇ, ਹਰਿਮੰਦਰ ਸਾਹਿਬ ਦੀ ਦੇਖ ਭਾਲ ਤੇ ਪ੍ਰਬੰਧ ਵਿਚ ਕਈ ਊਣਤਾਈਆਂ ਆ ਗਈਆਂ।
ਸਾਧ-ਸੰਗਤ ਦੀ ਬੇਨਤੀ ਅਤੇ ਭਾਈ ਮਨੀ ਸਿੰਘ ਦੀ ਵਿਦਵਤਾ ਤੇ ਗਿਆਨ ਨੂੰ ਦੇਖਦੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹਰਮੰਦਿਰ ਸਹਿਬ ਤੇ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰਕੇ ਅਮ੍ਰਿਤਸਰ ਭੇਜ ਦਿਤਾ। ਇਸ ਤਰਹ ਆਪਜੀ ਦਰਬਾਰ ਸਾਹਿਬ ਦੇ ਤੀਜੇ ਹੈਂਡ ਗ੍ਰੰਥੀ ਬਣੇ। ਪਹਿਲੇ ਬਾਬਾ ਬੁਢਾ ਜੀ ਤੇ ਦੂਸਰੇ ਭਾਈ ਗੁਰਦਾਸ ਜੀ ਸਨ। ਉਥੇ ਜਾਕੇ ਸੋਢੀਆਂ ਦੇ ਅਡੰਬਰ ਬੰਦ ਕਰਵਾਕੇ, ਗੁਰ ਮਰਯਾਦਾ ਦਾ ਪ੍ਰਵਾਹ ਚਲਾਇਆ। ਬੇਲੋੜੀਆਂ ਮਰਿਆਦਾਵਾਂ ਨੂੰ ਸਮਾਪਤ ਕਰਕੇ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਗੁਰੂ ਹਰਗੋਬਿੰਦ ਸਿੰਘ ਜੀ ਵਲੋਂ ਅਕਾਲ ਤਖਤ ਦੀ ਸਥਾਪਤ ਤੇ ਪ੍ਰਮਾਣਿਤ ਗੁਰ-ਮਰਿਆਦਾ ਨੂੰ ਲਾਗੂ ਕੀਤਾ। ਨਿਤਨੇਮ, ਕੀਰਤਨ ਤੇ ਕਥਾ ਦਾ ਪ੍ਰਵਾਹ ਚਾਲੂ ਕੀਤਾ ਜਿਸ ਸਦਕਾ ਦਰਬਾਰ ਸਾਹਿਬ ਵਿਚ ਪੁਰਾਣੀਆਂ ਰੌਣਕਾਂ ਮੁੜ ਪਰਤ ਆਈਆਂ।
1699 ਦੀ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਸਮੇਂ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਅਤੇ ਪੁੱਤਰਾਂ ਸਹਿਤ ਅਮ੍ਰਿਤ ਪਾਨ ਕੀਤਾ। ਹੁਣ ਆਪਜੀ ਦਾ ਨਾਮ ਭਾਈ ਮਨੀ ਸਿੰਘ ਹੋ ਗਿਆ। ਅੰਮ੍ਰਿਤ ਪ੍ਰਚਾਰ ਦੀ ਲਹਿਰ ਵਿਚ ਹਿਸਾ ਲੈਕੇ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ। ਜਦ ਭਾਈ ਮਨੀ ਸਿੰਘ ਜੀ ਦੇ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਕਈ ਵਰ੍ਹੇ ਬੀਤ ਗਏ ਤਾਂ ਉਹ ਅਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਲਈ ਆਏ। 1703 ਵਿਚ ਭਾਈ ਮਨੀ ਸਿੰਘ ਜੀ ਦੀ ਉਤਮ ਸੇਵਾ, ਨਿਮਰਤਾ ਤੇ ਸਰਬ-ਪਖੀ ਗੁਣਾਂ ਤੋ ਪ੍ਰਸੰਨ ਹੋਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾ ਨੂੰ ਇਕ ਮਹਤਵ ਪੂਰਨ ਹੁਕਮਨਾਮਾ ਬਖਸ਼ਿਆ ਜਿਸਤੋਂ ਧੰਨ ਹੋਕੇ ਇਹ ਮੁੜ ਦਰਬਾਰ ਸਾਹਿਬ ਦੀ ਸੇਵਾ ਵਿਚ ਆਕੇ ਜੁਟ ਗਏ।
“ੴ ਸਤਿਗੁਰ ਪ੍ਰਸਾਦਿ॥”
ਸ੍ਰੀ ਸਤਿਗੁਰੂ ਜੀ ਦੀ ਆਗਿਆ ਹੈ। ਭਾਈ ਬਚਿਤਰ ਸਿੰਘ ਜੀ, ਭਾਈ ਉਦੈ ਸਿੰਘ ਜੀ, ਭਾਈ ਅਨਿਕ ਸਿੰਘ ਜੀ, ਭਾਈ ਅਜਬ ਸਿੰਘ ਜੀ, ਭਾਈ ਅਜਾਇਬ ਸਿੰਘ ਜੀ, ਨਾਇਕ ਮਾਈ ਦਾਨੁ ਵੋਇ ਮਨੀ ਸਿੰਘ ਨੂੰ ਵਾਹਿਗੁਰੂ ਸ਼ਰਨ ਰੱਖੇਗਾ। ਤੁਸੀਂ ਮੇਰੇ ਪੁੱਤਰ ਫਰਜੰਦਹ ਖਾਨੇਜਾਦੇ ਹੋ। ਤੁਸਾਂ ਉਪਰ ਮੇਰੀ ਖੁਸ਼ੀ ਹੈ। ਸਭ ਵਰਤਾਰੇ ਦੇ ਤੁਸੀਂ ਮਹਿਰਮ ਹੋ। ਹੋਰ ਕੌਡੀ, ਦਮੜੀ, ਪੈਸਾ, ਧੇਲਾ, ਰੁਪਿਆ ਰੱਛਿਆ ਦਾ ਅਸਾ ਨੂੰ ਦੇਵੇਗਾ। ਇਹ ਮੇਰੇ ਫਰਜੰਦ ਹੈਨ। ਸਿੱਖਾਂ ਪੁੱਤਾਂ ਦਾ ਸੇਵਾ ਦਾ ਵੇਲਾ ਹੈ, ਜੋ ਲੋਚ ਕੇ ਸੇਵਾ ਕਰੋਗੇ ਤੁਸਾਡੀ ਸੇਵਾ ਥਾਇੰ ਪਵੇਗੀ। ਤੁਸਾਂ ਉਪਰ ਵਾਹਿਗੁਰੂ ਰੱਛਿਆ ਕਰੇਗਾ। ਸੰਮਤ 1760 ਮਿਤੀ ਕੱਤਕ”।
ਆਪ ਅਮ੍ਰਿਤਸਰ ਦੀ ਸੇਵਾ ਨਿਭਾਂਦਿਆਂ ਗੁਰੂ ਸਾਹਿਬ ਨਾਲ ਆਪਣਾ ਤਾਲ ਮੇਲ ਹਮੇਸ਼ਾ ਬਣਾਈ ਰਖਦੇ। ਆਪ ਗੁਰੂ ਸਾਹਿਬ ਦਾ ਆਨੰਦਪੁਰ ਛਡਣ ਤੋਂ ਲੈਕੇ ਚਮਕੌਰ ਦੀ ਗੜੀ ਤਕ ਵੈਰੀਆਂ ਨਾਲ ਲੜੇ। ਜੰਗਾਂ ਸਮੇ ਜਿਥੇ ਗੁਰੂ ਸਾਹਿਬ ਦਾ ਪਰਿਵਾਰ ਤੇ ਅਨੇਕਾਂ ਸਿੰਘ ਸਿੰਘਣੀਆਂ ਸਹੀਦ ਹੋਈਆਂ ਉਥੇ ਭਾਈ ਮਨੀ ਸਿੰਘ ਜੀ ਦੇ ਪੰਜ ਪੁਤਰਾਂ ਨੇ ਵੀ ਸ਼ਹਾਦਤ ਦੇ ਜਾਮ ਪੀਤੇ। ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦਿਆਂ ਜਦ ਗੁਰੂ ਦਸ਼ਮੇਸ਼ ਜੀ ਸਾਬੋਂ ਕੀ ਤਲਵੰਡੀ ਪਹੁੰਚੇ ਤਾਂ ਇਥੇ ਵੀ ਭਾਈ ਮਨੀ ਸਿੰਘ ਜੀ ਕੁਝ ਸਿੰਘਾਂ ਸਮੇਤ ਆਪਜੀ ਦੇ ਦਰਸ਼ਨ ਕਰਨ ਆਏ।
ਜਦ 1704 ਵਿਚ ਗੁਰੂ ਸਾਹਿਬ ਨੇ ਆਨੰਦਪੁਰ ਛਡਿਆ ਤਾਂ ਗੁਰੂ ਸਾਹਿਬ ਦੀ ਆਗਿਆ ਨਾਲ ਦੋਨੋ ਮਾਤਾਵਾਂ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੀ ਅਗਵਾਈ ਤੇ ਜਿਮੇਦਾਰੀ ਭਾਈ ਮਨੀ ਸਿੰਘ ਜੀ ਨੂੰ ਸੌਪੀ ਗਈ। ਬਿਖੜੇ ਪੈਂਡਾ ਤਹਿ ਕਰਕੇ ਜਦ ਉਹ ਦਿਲੀ ਵਲ ਨੂੰ ਨਿਕਲ ਗਏ ਤਾਂ ਉਥੇ ਰਹਿ ਕੇ ਉਹ ਦੋਨੋ ਮਾਤਾਵਾਂ ਦੀ ਸੇਵਾ ਵਿਚ ਰਹੇ। 1705-06 ਉਹ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਨਾਲ ਗੁਰੂ ਦਸ਼ਮੇਸ਼ ਪਿਤਾ ਦੀ ਹਜੂਰੀ ਵਿਚ ਦਮਦਮਾ ਸਾਹਿਬ ਪਹੁੰਚੇ। ਆਪਜੀ ਗੁਰੂ ਸਾਹਿਬ ਕੋਲ ਸਾਬੋਂ ਕੀ ਤਲਵੰਡੀ ਵੀ ਪਹੁੰਚੇ, ਜਿਥੇ ਸਤਿਗੁਰੂ ਦੇ ਹੁਕਮ ਤੇ ਸਰਵਪ੍ਰਸਤੀ ਹੇਠ ਗੁਰੂ ਗਰੰਥ ਸਾਹਿਬ ਵਿਚ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਦਰਜ ਕਰਕੇ ਗਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਇਸ ਸੰਪੂਰਨ ਪਵਿਤਰ ਗ੍ਰੰਥ ਨੂੰ ਦੂਰ ਦੂਰ ਦੀਆਂ ਸੰਗਤਾਂ ਨੂੰ ਭੇਜਣ ਲਈ ਕਈ ਉਤਾਰੇ ਕੀਤੇ। ਜਦ ਗੁਰੂ ਗੋਬਿੰਦ ਸਿੰਘ ਜੀ, ਔਰੰਗਜ਼ੇਬ ਨੂੰ ਮਿਲਣ ਦੱਖਣ ਵਲ ਰਵਾਨਾ ਹੋਏ ਤਾ ਬ੍ਘੋਰ ਤਕ ਇਹ ਗੁਰੂ ਸਾਹਿਬ ਦੇ ਨਾਲ ਸਨ। ਇਥੋਂ ਗੁਰੂ ਸਾਹਿਬ ਆਪ ਤਾਂ ਦਖਣ ਵਲ ਰਵਾਨਾ ਹੋ ਗਏ ਤੇ ਭਾਈ ਮਨੀ ਸਿੰਘ ਜੀ ਨੂੰ ਵਾਪਸ ਅਮ੍ਰਿਤਸਰ ਭੇਜ ਦਿਤਾ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਣ ਉਪਰੰਤ ਸਿਖ ਸੰਗਠਨ ਨੂੰ ਕਾਇਮ ਤੇ ਮਜਬੂਤ ਰਖਣਾ ਇਕ ਮਹਤਵ ਪੂਰਨ ਮੁਦਾ ਸੀ ਜਿਸਨੂੰ ਭਾਈ ਮਨੀ ਸਿੰਘ ਜੀ ਨੇ ਚਣੋਤੀ ਸਮਝਕੇ ਆਪਣੀ ਸੂਝ ਬੂਝ ਦੇ ਨਾਲ ਇਸ ਨੂੰ ਚੜਦੀਆਂ ਕਲਾਂ ਵਿਚ ਰਖਣ ਲਈ ਪੂਰਾ ਪੂਰਾ ਸਾਥ ਦਿਤਾ। ਉਹਨਾ ਨੇ ਅਮ੍ਰਿਤਸਰ ਪੁਜ ਕੇ ਗੁਰੂ ਘਰ ਬਾਰੇ ਸਾਖੀਆਂ ਅਤੇ ਗੁਰੂ-ਸ਼ਬਦ ਦੀ ਕਥਾ ਸੁਣਾ ਸੁਣਾ ਕੇ ਸੰਗਤਾਂ ਦਾ ਮਨੋਬਲ ਕਾਇਮ ਰਖਿਆ । ਉਹਨਾ ਨੂੰ ਹਰ ਕਿਸਮ ਦੇ ਹਾਲਾਤਾਂ ਦਾ ਸਾਮਣਾ ਕਰਨ ਲਈ ਤਿਆਰ -ਬਰ -ਤਿਆਰ ਕੀਤਾ ਤੇ ਗੁਰੂ ਘਰ ਦੀ ਮਹਿਮਾ ਅਤੇ ਸਤਕਾਰ ਨੂੰ ਆਂਚ ਨਹੀਂ ਆਣ ਦਿਤੀ । ਖਾਲਸਾ ਪੰਥ ਵਿਚ ਪੰਥਕ ਜਜ੍ਬਾ ਸੰਚਾਰ ਕਰਨ ਖਾਤਿਰ ਦੁਸਹਿਰੇ ਤੇ ਦਿਵਾਲੀ ਦੇ ਮੌਕਿਆਂ ਤੇ ਸੰਗਤਾਂ ਨੂੰ ਅਮ੍ਰਿਤਸਰ ਇੱਕਠੇ ਹੋਣ ਲਈ ਪ੍ਰੇਰਿਆ ਜਿਸ ਨਾਲ ਸੰਗਤਾ ਇੱਕਤਰ ਹੋਕੇ ਸਤਿਗੁਰਾਂ ਦੇ ਦਰਬਾਰ ਵਿਚ ਨਤਮਸਤਕ ਹੁੰਦੀਆਂ, ਉਥੇ ਭਰਪੂਰ ਵਿਚਾਰਾਂ ਵੀ ਹੁੰਦੀਆਂ।
ਸੌਢੀ ਨਿਰੰਜਨ ਰਾਇ ਤਾਂ ਅਮ੍ਰਿਤਸਰ ਛਡ ਗਿਆ ਪਰੰਤੂ ਉਸਦਾ ਮੁਖਤਿਆਰ ਚੂਹੜ ਮਲ ਉਹਰੀ ਤੇ ਉਸਦੇ ਦੋ ਪੁਤਰ ਮੁਹਕਮ ਸਿੰਘ ਅਤੇ ਰਾਮੂ ਮਲ ਅਮ੍ਰਿਤਸਰ ਵਿਚ ਰਹਿੰਦੇ ਸੀ। ਮੁਹਕਮ ਸਿੰਘ ਤਾਂ ਗੁਰੂ ਘਰ ਦਾ ਪਕਾ ਸ਼ਰਧਾਲੂ ਸੀ , ਪਰੰਤੂ ਚੂਹੜ ਮਲ ਉਹਰੀ ਅਤੇ ਉਸਦਾ ਦੂਸਰਾ ਪੁਤਰ ਰਾਮੂ ਮੱਲ ਗੁਰੂ ਘਰ ਦੀਆਂ ਰੋਣਕਾਂ ਦੇਖ ਕੇ ਬੜੀ ਖਾਰ ਖਾਂਦੇ ਸੀ। ਇਨ੍ਹਾ ਨੇ ਭਾਈ ਮਨੀ ਸਿੰਘ ਦੇ ਖਿਲਾਫ਼ ਸੂਬਾ ਲਾਹੌਰ ਦੇ ਕੰਨ ਭਰਨੇ ਸ਼ੁਰੂ ਕਰ ਦਿਤੇ। ਲਾਹੌਰ ਦੇ ਸੂਬੇ ਤੇ ਤਾਂ ਕੋਈ ਅਸਰ ਨਹੀਂ ਹੋਇਆ ਪਰ ਪੱਟੀ ਦੇ ਹਾਕਮ ਨੇ ਦੇਵਾ ਜੱਟ ਦੀ ਅਗਵਾਈ ਹੇਠ ਅਮ੍ਰਿਤਸਰ ਤੇ ਹਮਲਾ ਕਰਵਾ ਦਿਤਾ। ਯੁਧ ਹੋਇਆ , ਦੇਵਾ ਜਟ ਜਾਨ ਬਚਾ ਕੇ ਦੋੜਨ ਵਿਚ ਸਫਲ ਹੋ ਗਏ। ਖਾਲਸੇ ਦੀ ਇਸ ਜਿਤ ਨਾਲ ਭਾਈ ਮਨੀ ਸਿੰਘ ਦਾ ਮਾਨ-ਸਤਕਾਰ ਹੋਰ ਵਧ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਦਸਮ ਪਾਤਸ਼ਾਹ ਦੇ ਆਸ਼ੀਰਵਾਦ ਸਦਕਾ ਜਦ ਦੁਸਮਨਾਂ ਨੂੰ ਸੋਧਨਾ ਸ਼ੁਰੂ ਕੀਤਾ ਤਾਂ ਸਿਖਾਂ ਦੇ ਹੋਸਲੇ ਹੋਰ ਵੀ ਬੁਲੰਦ ਹੋ ਗਏ। ਉਹਨਾ ਨੇ ਦਰਿਆ ਜਮਨਾ ਦੇ ਕੰਢੇ ਤੋਂ ਲੈਕੇ ਦਰਿਆ ਰਾਵੀ ਦੇ ਕੰਢੇ ਤਕ ਦੇ ਇਲਾਕੇ ਵਿਚੋਂ ਮੁਗਲ ਫੌਜਾਂ ਨੂੰ ਹਰਾਇਆ , ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਕਾਤਲ ਸੂਬਾ ਸਰਹੰਦ ਤੋ ਬਦਲਾ ਲੈਕੇ 1710 ਵਿਚ ਸਰਹੰਦ ਦੇ ਕਿਲੇ ਤੇ ਖਾਲਸਾਈ ਪੰਚਮ ਲਹਿਰਾ ਕੇ ਖਾਲਸਾ ਰਾਜ ਦੀ ਨੀਂਹ ਰਖੀ ਤੇ ਇਕ ਨਵਾਂ ਇਤਿਹਾਸ ਸਿਰਜ਼ ਦਿਤਾ।
ਬਦਕਿਸ੍ਮਤੀ ਨਾਲ ਕੁਝ ਕਾਰਣਾ ਕਰਕੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿਛੋਂ ਖਾਲਸਾ ਜਥੇਬੰਦੀ ਟੁਟ ਗਈ। ਖਾਲਸਾ ਦਲ ਦੋ ਹਿਸਿਆਂ ਵਿਚ ਵੰਡਿਆ ਗਿਆ, ਆਪਸੀ ਮਤ ਭੇਦ ਹੋ ਗਿਆ ਤਾਂ ਮਾਤਾ ਸੁੰਦਰੀ ਜੀ ਨੇ ਇਨ੍ਹਾ ਦਾ ਝਗੜਾ ਨਿਬੇੜਨ ਲਈ ਭਾਈ ਮਨੀ ਸਿੰਘ ਜੀ ਨੂੰ ਫਿਰ ਅਮ੍ਰਿਤਸਰ ਭੇਜ ਦਿਤਾ । ਬੰਦਈ ਖਾਲਸਾ ਚਾਹੰਦਾ ਸੀ ਕੀ ਗਿਆਰਵੇਂ ਗੁਰੂ ਬੰਦਾ ਸਿੰਘ ਬਹਾਦਰ ਨੂੰ ਮੰਨਿਆ ਜਾਵੇ ਜਦ ਕੀ ਤਤ ਖਾਲਸਾ ਗੁਰੂ ਗੋਬਿੰਦ ਸਿੰਘ ਦੇ ਹੁਕਮ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਗੁਰੂ ਮੰਨਦੇ ਸੀ। ਦੋਨੋ ਧਿਰਾਂ ਆਪਣੀ ਆਪਣੀ ਜਗਹ ਡਟੀਆਂ ਰਹੀਆਂ ਤੇ ਆਪਸੀ ਖਿਚੋਤਾਣ ਵਧ ਗਈ। ਉਸੇ ਸਾਲ ਵੈਸਾਖੀ ਦੇ ਮੋਕੇ ਤੇ ਬੰਦਈ ਤੇ ਤਤ ਖਾਲਸੇ ਵਿਚ ਖੁਲਮ-ਖੁਲਾ ਲੜਾਈ ਹੋਣ ਦੀ ਤਿਆਰੀ ਹੋਣ ਲਗੀ। ਇਸ ਮਸਲੇ ਨੂੰ ਵੀ ਭਾਈ ਮਨੀ ਸਿੰਘ ਜੀ ਨੇ ਅਮਨ-ਅਮਾਨ ਨਾਲ ਸੁਲਝਾਇਆ। ਦੋ ਪਰਚੀਆਂ ਇਕ “ਫਤਹਿ ਦਰਸ਼ਨ” ਤੇ ਦੂਜੀ ,” ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ” ਲਿਖ ਕੇ ਹਰ ਕੀ ਪੋੜੀ ਅਮ੍ਰਿਤ ਸਰੋਵਰ ਵਿਚ ਪਾਈਆਂ ਤੇ ਫੈਸਲਾ ਕੀਤਾ ਕੀ ਜੋ ਪਰਚੀ ਪਹਿਲੇ ਉਪਰ ਆਏਗੀ , ਉਹੀ ਅਕਾਲ ਪੁਰਖ ਦਾ ਹੁਕਮ ਹੋਵੇਗਾ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਲੀ ਪਰਚੀ ਉਪਰ ਆ ਗਈ। ਸਭ ਨੇ ਜੈਕਾਰੇ ਛਡੇ। ਅਮਨ ਤੇ ਸੁਖ ਸ਼ਾਂਤੀ ਨਾਲ ਫੈਸਲਾ ਹੋ ਗਿਆ। ਉਨ੍ਹਾ ਦੀ ਸੁਚਜੀ ਅਗਵਾਈ ਨਾਲ ਮਾਮਲਾ ਨਜਿਠਿਆ ਗਿਆ ਤੇ ਸਿਖਾਂ ਵਿਚ ਮੁੜ ਏਕਤਾ ਹੋ ਗਈ।
ਭਾਈ ਸਾਹਿਬ ਨੇ ਆਪਣੇ ਗ੍ਰੰਥੀ ਹੋਣ ਦੇ ਦੌਰਾਨ ਕਈ ਪੁਸਤਕਾ ਰਚੀਆਂ। ਗਿਆਂਨ ਰਤਨਾਵਲੀ ਇਹਨਾ ਦੀ ਸਭ ਤੋਂ ਪ੍ਰਸਿਧ ਪੁਸਤਕ ਹੈ। ਸੰਨ 1734 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਇਕਠੀਆਂ ਕਰਕੇ ਦਸਮ ਗਰੰਥ ਦੀ ਬੀੜ ਤਿਆਰ ਕੀਤੀ। ਭਾਈ ਮਨੀ ਸਿੰਘ ਨੇ ਗੁਰੂ ਗਰੰਥ ਸਾਹਿਬ ਦੀ ਇਕ ਨਵੀਂ ਬੀੜ ਤਿਆਰ ਕੀਤੀ ਜਿਸ ਵਿਚ ਹਰੇਕ ਗੁਰੂ ਸਹਿਬਾਨਾਂ ਦੀ ਬਾਣੀ ਰਾਗਾਂ ਵਿਚੋਂ ਚੁਣ ਕੇ ਇਕ ਥਾਂ ਕੀਤੀ। ਅਤੇ ਭਗਤਾਂ ਦੀ ਬਾਣੀ ਵੀ ਹਰ ਇਕ ਭਗਤ ਦੀ ਇਕ ਥਾਂ ਲਿਖੀ ਪਰ ਪੰਥ ਨੇ ਇਹ ਬੀੜ ਪ੍ਰਵਾਨ ਨਹੀਂ ਕੀਤੀ।
ਸ੍ਰੀ ਅਮ੍ਰਿਤਸਰ ਵਿਚ ਦੀਵਾਲੀ ਦਾ ਜੋੜ ਮੇਲਾ ਤੇ ਸਰੋਵਰ ਵਿਚ ਇਸ਼ਨਾਨ ਕਰਨਾ , ਮੁਗਲ ਸਰਕਾਰ ਨੇ ਕਈ ਵਰਿਆਂ ਤੋਂ ਬੰਦ ਕੀਤਾ ਹੋਇਆ ਸੀ। ਭਾਈ ਮਨੀ ਸਿੰਘ ਜੋ ਇਸ ਵਕਤ ਤਕ 90 ਸਾਲਾਂ ਦੇ ਹੋ ਚੁਕੇ ਸੀ, ਨੇ ਆਪਣੇ ਹੋਰ ਮੁਖੀ ਸਿੰਘਾ ਨਾਲ ਸਲਾਹ ਕੀਤੀ ਕਿ ਆਉਂਦੀ ਦਿਵਾਲੀ ਸਮੇ ਗੁਰੂ ਹਰਗੋਬਿੰਦ ਸਾਹਿਬ ਦਾ ਬੰਦੀ-ਛੋੜ ਦਿਵਸ ਦੀ ਦੀਪਮਾਲਾ ਦਾ ਮੇਲਾ ਅਮ੍ਰਿਤਸਰ ਕੀਤਾ ਜਾਵੇ। ਆਪਸੀ ਮੇਲ-ਜੋਲ ਨਾਲ ਪੰਥਕ ਹਿਤਾਂ ਤੇ ਚੜਦੀ ਕਲਾ ਦੇ ਮਾਮਲੇ ਤੇ ਵਿਚਾਰ ਵੀ ਕੀਤਾ ਜਾ ਸਕਦਾ ਹੈ ਤੇ ਸੰਗਤ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਵੀ ਕਰ ਲਵੇਗੀ। ਸਿੰਘਾਂ ਨੇ ਮਿਲ ਕੇ ਲਾਹੌਰ ਦੇ ਸੂਬੇ ਜਕਰੀਆਂ ਖਾਨ ਨਾਲ ਗਲ ਬਾਤ ਕੀਤੀ ਤੋ ਇਜਾਜ਼ਤ ਵੀ ਲੈ ਲਈ ਇਸ ਸ਼ਰਤ ਤੇ ਕਿ ਸਿਖ ਕੋਈ ਗੜਬੜ ਨਹੀਂ ਕਰਨਗੇ। ਜ਼ਕਰਿਆਂ ਖਾਨ ਨੇ ਹਾਂ ਤਾਂ ਕਰ ਦਿਤੀ ਪਰ ਇਸਦੇ ਇਵਜ਼ ਵਲੋਂ 5,000 ਰੁਪੇ ਟੈਕ੍ਸ ਲਾ ਦਿਤਾ ਗਿਆ । ਭਾਈ ਮਨੀ ਸਿੰਘ ਨੇ ਦੂਰ ਦੂਰ ਤਕ ਸੰਗਤਾਂ ਨੂੰ ਲਿਖਤੀ ਸਨੇਹੇ ਭੇਜ ਦਿਤੇ। ਬਾਅਦ ਵਿਚ ਜਕਰੀਆਂ ਖਾਨ ਦੀ ਨੀਅਤ ਖਰਾਬ ਹੋ ਗਈ ਤੇ ਉਸਨੇ ਸੋਚਿਆਂ ਕੀ ਇਸਤੋਂ ਵਧੀਆ ਕਿਹੜਾ ਮੌਕਾ ਹੋਵੇਗਾ ਸਿਖਾਂ ਦਾ ਖੁਰਾ ਖੋਜ ਮਿਟਾਣ ਦਾ, ਇਸ ਇੱਕਠ ਨੂੰ ਇਕੋ ਵਾਰੀ ਵਿਚ ਖਤਮ ਕੀਤਾ ਜਾਵੇ । ਅੰਦਰੋਂ ਅੰਦਰੋਂ ਉਸਨੇ ਪੂਰੀ ਤਿਆਰੀ ਕਰ ਲਈ। ਪਰ ਕਿਸੇ ਤਰੀਕੇ ਨਾਲ ਭਾਈ ਮਨੀ ਸਿੰਘ ਜੀ ਨੂੰ ਇਸਦੀ ਸੂਚਨਾ ਮਿਲ ਗਈ। ਉਹਨਾ ਨੇ ਦੁਬਾਰਾ ਚਿਠੀਆਂ ਲਿਖਕੇ ਇਹ ਪ੍ਰੋਗਰਾਮ ਰਦ ਕਰਣ ਦਾ ਸਨੇਹਾ ਸੰਗਤਾਂ ਨੂੰ ਦੇ ਦਿਤਾ ਤੇ ਸਭ ਨੂੰ ਆਣ ਲਈ ਮਨਾ ਕਰ ਦਿਤਾ ਪਰ ਕਈ ਜਿਨ੍ਹਾ ਨੂੰ ਵਕਤ ਤੇ ਚਿਠੀ ਨਹੀਂ ਮਿਲੀ ਉਹ ਆ ਗਏ। ਜਕਰੀਆ ਖਾਨ ਨੇ ਲਖਪਤ ਰਾਇ ਨੂੰ ਫੌਜ਼ ਦੇਕੇ ਅਮ੍ਰਿਤਸਰ ਭੇਜ ਦਿਤਾ। ਕਈ ਸਿਖ ਇਸ਼ਨਾਨ ਕਰਦੇ ਪ੍ਰਕਰਮਾਂ ਵਿਚ ਹੀ ਸ਼ਹੀਦ ਕਰ ਦਿਤੇ ਗਏ। ਪਰ ਫਿਰ ਵੀ ਸਿਖਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ। ਭਾਈ ਮਨੀ ਸਿੰਘ ਨੇ ਰੋਸ ਪ੍ਰਗਟ ਕੀਤਾ ਤੇ ਕਤਲੇਆਮ ਦੀ ਨਿਖੇਦੀ ਕੀਤੀ ਪਰ ਜਕਰੀਆਂ ਖਾਨ ਨੇ ਉਹਨਾ ਦੀ ਇਹ ਗਲ ਨਜਰ-ਅੰਦਾਜ਼ ਕਰਕੇ 5,000 ਰੁਪੇ ਦੀ ਮੰਗ ਕੀਤੀ ਜਿਸ ਨੂੰ ਭਾਈ ਸਾਹਿਬ ਨੇ ਦੇਣ ਤੋਂ ਇਨਕਾਰ ਕਰ ਦਿਤਾ।
ਇਸ ਬਹਾਨੇ ਭਾਈ ਮਨੀ ਤੇ ਕੁਝ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਨਖਾਸ ਚੋਕ ਲਿਆਂਦਾ ਗਿਆ। ਕਾਜ਼ੀ ਨੇ ਮੁਸਲਮਾਨ ਬਣਨ ਲਈ ਕਿਹਾ। ਨਾਹ ਕਰਨ ਤੇ ਬੰਦ ਬੰਦ ਕਟ ਕੇ ਸ਼ਹੀਦ ਕਰਨ ਦਾ ਹੁਕਮ ਦਿਤਾ ਗਿਆ । ਜਲਾਦ ਭਾਵੇ ਜਲਾਦ ਹੀ ਸੀ ਉਸ ਵਿਚ ਫਿਰ ਵੀ ਥੋੜਾ ਇਨਸਾਨੀਅਤ ਦਾ ਅੰਸ਼ ਬਚਿਆ ਹੋਵੇਗਾ। ਉਸਨੇ ਉਨ੍ਹਾ ਦੇ ਬੰਦ ਬੰਦ ਕਟਣ ਦੀ ਬਜਾਏ ਜਦ ਸਿਧਾ ਬਾਂਹ ਕਟਣ ਲਗਿਆ ਤਾਂ ਭਾਈ ਮਨੀ ਸਿੰਘ ਜੀ ਨੇ ਕਿਹਾ , ” ਮਿਤਰਾ ਬੰਦ ਬੰਦ ਕਟ , ਤੈਨੂੰ ਹੁਕਮ ਮੰਨਣਾ ਚਾਹੀਦਾ ਹੈ ” ਧੰਨ ਹੈ ਸਿਖੀ ,ਭਾਈ ਮਨੀ ਸਿੰਘ ਤੇ ਬਾਕੀ ਦੇ ਸਿਖ ਉਸ ਵਾਹਿਗੁਰੂ ਦਾ ਜਾਪੁ ਕਰਦੇ ਕਰਦੇ ਅਕਾਲ ਪੁਰਖ ਦੀ ਗੋਦ ਵਿਚ ਜਾ ਸਮਾਏ। ਭਾਈ ਮਨੀ ਸਿੰਘ ਦੇ ਆਖਰੀ ਸਾਹਾਂ ਵਿਚ ਵੀ ਜਬਾਨ ਤੇ ਇਹ ਲਫਜ਼ ਸਨ ,”ਸਿਰ ਜਾਵੇ ਤਾਂ ਜਾਵੇ ਮੇਰਾ ਸਿਖੀ ਸਿਦਕ ਨਾ ਜਾਵੇ “। ਭਾਈ ਸੁਬੇਗ ਤੇ ਕੁਝ ਹੋਰ ਸਿਖਾਂ ਨੇ ਮਸਤੀ ਦਰਵਾਜ਼ੇ ਤੋਂ ਬਾਹਰ ਕਿਲੇ ਦੇ ਪਾਸ ਉਨ੍ਹਾ ਦਾ ਸਸਕਾਰ ਕੀਤਾ ਜਿਥੇ ਗੁਰੂਦਵਾਰਾ ਸ਼ਹੀਦ ਗੰਜ ਬਣਿਆ ਹੈ। ਇਸ ਸਹੀਦੀ ਨਾਲ ਸਿਖ ਕੌਮ ਵਿਚ ਅਜਿਹਾ ਜੋਸ਼ ਪੈਦਾ ਹੋਇਆ ਕੀ ਸਿਖਾਂ ਨੇ ਇਸ ਜ਼ੁਲਮੀ ਰਾਜ ਦਾ ਅੰਤ ਕਰਨ ਲਈ ਮਿਸਲਾਂ ਬਣਾ ਲਈਆਂ ਜਿਨ੍ਹਾ ਨੇ ਮਿਲਕੇ ਹਕੂਮਤ ਨੂੰ ਮੁੜਕੇ ਚੈਨ ਨਾਲ ਬੈਠਣ ਨਹੀਂ ਦਿਤਾ। ਚਾਹੇ ਸਿਖਾਂ ਨੂੰ ਇਕ ਤੋ ਬਾਅਦ ਇਕ ਨਹੀਂ ਬਲਿਕ ਲਖਾਂ ਸਹੀਦੀਆਂ ਦੇਣੀਆ ਪਈਆਂ।
ਅਜ ਵੀ ਜਦ ਅਸੀਂ ਅਰਦਾਸ ਕਰਦੇ ਹਾਂ “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ…ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ! ਬੋਲੋ ਜੀ ! ਵਾਹਿਗੁਰੂ” ਜਦੋਂ ਹਰ ਸਿੱਖ ਅਰਦਾਸ ਵਿਚ ਇਹ ਅੱਖਰ ਸੁਣਦਾ ਹੈ ਤਾਂ ਆਪ ਮੁਹਾਰੇ ਹੀ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੀ ਤਸਵੀਰ ਉਸਦੇ ਸਾਮਣੇ ਆ ਜਾਂਦੀ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਸਿੱਖ ਧਰਮ ਵਿੱਚ ਬੜਾ ਅਹਿਮ ਸਥਾਨ ਰੱਖਦੀ ਹੈ।
ਜੋਰਾਵਰ ਸਿੰਘ ਤਰਸਿੱਕਾ ।
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਗੁਰੂ ਜੀ ਕੀ ਫਤਹਿ ।


Related Posts

One thought on “ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਨੰਦ ਲਾਲ ਜੀ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top