ਸ਼ਹੀਦ ਰਣਜੀਤ ਕੌਰ

( ਸ਼ਹੀਦ ਰਣਜੀਤ ਕੌਰ )
ਵੈਰੋਵਾਲ ਦਾ ਇਕ ਸ਼ਿਵ ਦਿਆਲ ਕਰਾੜ ਸੀ । ਸਾਰੇ ਇਲਾਕੇ ਵਿੱਚੋਂ ਮਹਾਨ ਹੱਟ ਦਾ ਮਾਲਕ ਦੇ ਸ਼ਾਹੂਕਾਰਾ ਕਰਦਾ ਸੀ । ਲੋਕੀਂ ਇਸ ਨੂੰ ਪਿਆਰ ਨਾਲ ਸ਼ਿਬੂ ਸ਼ਾਹ ਕਹਿੰਦੇ ਸਨ । ਪੰਜਾਬ ਸਿੰਘ ਚੋਹਲੇ ਵਾਲੇ ਇਸ ਇਲਾਕੇ ਦੇ ਜੱਥੇਦਾਰ ਸਨ । ਇਸ ਦੇ ਆਦਮੀਆਂ ਦਾ ਰਾਸ਼ਨ ਪਾਣੀ ਵੀ ਰਾਤ ਬਰਾਤੇ ਸਿੱਖ ਵੈਰੋਵਾਲ ਤੋਂ ਲਿਜਾਂਦੇ ਸਨ । ਸ਼ਿਬੂ ਦੀ ਘਰ ਵਾਲੀ ਨਿਹਾਲੀ ਵੀ ਆਪਣੇ ਪਤੀ ਦਾ ਹੱਥ ਵੰਡਾਉਦੀ । ਇਨ੍ਹਾਂ ਦੇ ਘਰ ਇਕ ਸੁੰਦਰ ਕੁੜੀ ਪੈਦਾ ਹੋਈ । ਜਿਸ ਦਾ ਨਾਂ ਸੁੰਦਰਤਾ ਦੇ ਪੱਖੋਂ ਕੰਵਲ ਨੈਣੀ ਰਖਿਆ ਗਿਆ । ਇਸ ਤੋਂ ਛੋਟੇ ਇਸ ਦੇ ਦੋ ਭਰਾ ਸਨ । ਇਹ ਦਿਨਾਂ ਵਿੱਚ ਹੀ ਮੁਟਿਆਰ ਹੋ ਗਈ । ਇਸ ਨੂੰ ਜਰਵਾਣਿਆਂ ਤੋਂ ਡਰਦੇ ਬਾਹਰ ਨਾਂ ਕੱਢਦੇ । ਨਿਹਾਲੀ ਰਾਤ ਬਰਾਤੇ ਸੌਦਾ ਲੈਣ ਆਏ ਸਿੱਖਾਂ ਨੂੰ ਪਿੰਡਾਂ ਵਿੱਚ ਤੁਰਕਾਂ ਵਲੋਂ ਕੀਤੇ ਜਾਂਦੇ ਅਤਿਆਚਾਰਾਂ ਬਾਰੇ ਦੱਸਦੀ ਰਹਿੰਦੀ ਤੇ ਸਿੱਖ ਜੁਲਮ ਕਰਨ ਵਾਲਿਆਂ ਨੂੰ ਰਾਤ ਬਰਾਤੇ ਸੋਧਾ ਲਾ ਜਾਂਦੇ । ਪਿੰਡ ਜਲਾਲਾਬਾਦ ਜਿਹੜਾ ਕੇ ਵੈਰੋਵਾਲ ਵਾਂਗ ਦਰਿਆ ਬਿਆਸ ਦੇ ਢਾਹੇ ਪੂਰ ਅਸਥਿਤ ਹੈ । ਇਕ ਈਰਾਨ ਤੋਂ ਆਏ ਜਲਾਲਦੀਨ ਜਿਹੜਾ ਕਿ ਬਾਬਰ ਦੇ ਨਾਲ ਆਇਆ ਨੇ ਆਪਣੇ ਨਾ ਤੇ ਵਸਾਇਆ ਸੀ । ਇਸ ਨੇ ਉਸ ਵੇਲੇ ਇਹ ਨਗਰ ਵਸਾ ਕੇ ਇਕ ਪੱਕਾ ਕਿਲਾ ਬਣਾਇਆ ਹੋਇਆ ਸੀ । ਇਸ ਦੇ ਅਧੀਨ ੫੦ ਪਿੰਡ ਸਨ । ਇਸ ਦੇ ਖਾਨਦਾਨ ਵਿੱਚ ਇਕ ਸ਼ਮੀਰਾ ਅਲੀ ਮੀਰ ਮਨੂੰ ਦੇ ਵੇਲੇ ਹੋਇਆ ਹੈ । ਇਹ ਬੜਾ ਦੁਰਾਚਾਰੀ ਤੇ ਹਰ ਵਕਤ ਸ਼ਰਾਬ ਵਿੱਚ ਮਸਤ ਰਹਿੰਦਾ ਤੇ ਵੇਸਵਾ ਦਾ ਨਾਚ ਤੇ ਗਾਣਾ ਸੁਣਦਾ ਰਹਿੰਦਾ ਤੇ ਦਾਅ ਲੱਗਦਾ ਤੇ ਢਾਹੇ ਵਿਚ ਝਲ ਵਿਚੋਂ ਲੁਕੇ ਕਿਸੇ ਸਿੰਘ ਨੂੰ ਫੜ ਕੇ ਮੀਰ ਮਨੂੰ ਪਾਸ ਭੇਜ ਇਨਾਂ ਦੇ ਬਦਲੇ ਇਨਾਮ ਲੈਂਦਾ । ਇਸ ਨੇ ਕਈ ਬਦਮਾਸ਼ ਤੇ ਗੁੰਡੇ ਚਾਟੜੇ ਰੱਖੇ ਹੋਏ ਸਨ । ਜਿਹੜੇ ਇਸ ਦੀ ਮਲਗੁਜ਼ਾਰ ਵਿਚੋਂ ਮਾਮਲਾ ਉਗਰਾਹ ਕੇ ਦੇਂਦੇ ਤੇ ਆਪ ਮਨ ਮਾਨੀਆਂ ਕਰਦੇ । ਹਿੰਦੂਆਂ ਦੀਆਂ ਧੀਆਂ ਭੈਣਾਂ ਚੁੱਕ ਕੇ ਇਸ ਦੇ ਹਵਾਲੇ ਕਰਦੇ । ਜਿਨ੍ਹਾਂ ਵਿਚੋਂ ਖੂਬਸੂਰਤ ਲੜਕੀਆਂ ਨੂੰ ਮੀਰ ਮੰਨੂੰ ਦੇ ਪੇਸ਼ ਕਰਕੇ ਖੁਸ਼ ਕਰਦਾ । ਇਨ੍ਹਾਂ ਵਿਚੋਂ ਹੀ ਇਕ ਧੀਰੂ ਮਲ , ਧੀਰੂ ਕਰਕੇ ਵੈਰੋਵਾਲ ਦਾ ਹਿੰਦੂ ਹੋਇਆ ਹੈ । ਧੀਰੂ ਵੀ ਇਹੋ ਜਿਹੀਆਂ ਸੁੰਦਰ ਕੁੜੀਆਂ ਬਾਰੇ ਸ਼ਮੀਰੇ ਨੂੰ ਦਸ ਪਾਉਂਦਾ ਕਈ ਵਾਰੀ ਪੰਜਾਬ ਸਿੰਘ ਨੂੰ ਵੈਰੋਵਾਲ ਦੀ ਨਿਹਾਲੀ ਰਾਹੀ ਪਤਾ ਲਗਦਾ ਕਿ ਅਮਕੇ ਹਿੰਦੂ ਦੀ ਫਲਾਨੇ ਪਿੰਡੋ ਕੁੜੀ ਚੁੱਕੀ ਗਈ ਹੈ ਤੇ ਫਲਾਨੇ ਪਿੰਡ ਦੇ ਮੁਸਲਮਾਨ ਨੇ ਘਰ ਪਾ ਲਈ ਹੈ ਤਾਂ ਉਸ ਹਿੰਦੂਆਂਨੀ ਨੂੰ ਅਜ਼ਾਦ ਕਰਾ , ਉਸ ਦੇ ਘਰ ਭੇਜਦਾ ਤੇ ਮੁਸਲਮਾਨ ਨੂੰ ਮੌਤ ਦਾ ਡੰਡ ਦੇਂਦਾ । ਹੁਣ ਕੰਵਲ ਨੈਣੀ ਜੁਆਨ ਹੋਈ ਤਾਂ ਧੀਰੂ ਨੇ ਜਲਾਲਾਬਾਦ ਸ਼ਮੀਰੇ ਨੂੰ ਇਸ ਸੁੰਦਰੀ ਦੀ ਦੱਸ ਪਾਈ ਤੇ ਨਾਲ ਕਿਹਾ ਉਹ ਜਿਸ ਦਿਨ ਇਸ ਦਾ ਪਿਤਾ ਸ਼ਿਬੂ ਹੱਟੀ ਤੇ ਨਹੀਂ ਹੋਏ ਗਾ ਦੱਸੇਗਾ ਤਾਂ ਕਿ ਬਗੈਰ ਕਿਸੇ ਰੁਕਾਵਟ ਤੋਂ ਕੰਵਲ ਨੈਣੀ ਨੂੰ ਉਸ ਦੇ ਘਰੋਂ ਚੁੱਕਿਆ ਜਾ ਸਕੇ । ਸੋ ਇਕ ਦਿਨ ਸ਼ਿਬੂ ਜੰਡਿਆਲੇ ਗੁਰੂ ਤੋਂ ਗੱਡ ਵਿਚ ਆਪਣੀ ਹੱਟੀ ਦਾ ਸਮਾਨ ਆਦਿ ਲੈਣ ਗਿਆ ਹੋਇਆ ਸੀ ਤਾਂ ਧੀਰੂ ਨੇ ਸ਼ਮੀਰੇ ਨੂੰ ਸ਼ਿਬੂ ਦੀ ਘਰ ਤੋਂ ਬਾਹਰ ਗਏ ਦੀ ਖਬਰ ਦੇ ਕੇ ਕੰਵਲ ਨੈਣੀ ਨੂੰ ਚੁੱਕ ਕੇ ਲੈ ਜਾਣ ਦੀ ਵਿਉਂਤ ਦੱਸੀ । ਸ਼ਮੀਰਾ ਉਸੇ ਵੇਲੇ ਆਪਣੇ ਗੁੰਡਿਆਂ ਨੂੰ ਨਾਲ ਲੈ ਕੇ ( ਹਸਦੀ ਖੇਡਦੀ ਕੂੰਜ ਨੂੰ ਬਾਜ਼ ਪੈਣ ਵਾਂਗ ) ਰੋਂਦੀ ਕੁਰਲਾਂਦੀ ਨੂੰ ਇਕ ਪਾਲਕੀ ਵਿਚ ਨੂੜ ਕੇ ਬੰਨ ਕੇ ਵੈਰੋਵਾਲ ਤੋਂ ਲੈ ਗਏ । ਹਰਨਾਮਾ ਜਿਹੜਾ ਕਿ ਸ਼ਿਬੂ ਦਾ ਭਤੀਜਾ ਸੀ ਅਗਲਵਾਂਡੀ ਸਰਲੀ ਦੇ ਲਾਗੇ ਜਾ ਮਿਲਿਆ ਉਹ ਜੰਡਿਆਲੇ ਤੋਂ ਗੱਡੇ ਤੇ ਸੌਦਾ ਪੱਤਾ ਲਈ ਆਉਂਦਾ ਸੀ । ਉਸ ਨੂੰ ਸਾਰੇ ਹਾਲ ਰੋਂਦੇ ਕੁਰਲਾਂਦੇ ਨੇ ਦੱਸਿਆ । ਸ਼ਿਬੂ ਨੇ ਹਰਨਾਮ ਦਾਸ ਨੂੰ ਉਸੇ ਵੇਲੇ ਜਿਹੜਾ ਕਿ ਘੋੜੀ ਤੇ ਸਵਾਰ ਸੀ ਨੂੰ ਦਰਿਆ ਬਿਆਸ ਦੇ ਝੱਲ ਵਿਚ ਜਥੇਦਾਰ ਪੰਜਾਬ ਸਿੰਘ ਚੋਹਲੇ ਵਾਲੇ ਵਲ ਇਕ ਰੁੱਕਾ ਲਿਖ ਕੇ ਭੇਜਿਆ । ਹਰਨਾਮ ਦਾਸ ਘੋੜਾ – ਦੌੜਾ ਕੇ ਝਲ ਵਿਚੋਂ ਸਿੰਘਾਂ ਨੂੰ ਮਿਲ ਪੰਜਾਬ ਸਿੰਘ ਨੂੰ ਉਹ ਰੁੱਕਾ ਦਿਤਾ । ਫਿਰ ਕੀ ਸੀ , ਦਸ ਬਾਰਾਂ ਸਿੰਘਾਂ ਨੂੰ ਜਲਾਲਬਾਦ ਭੇਜਿਆ ਗਿਆ । ਉਧਰ ਸ਼ਮੀਰਾ ਸ਼ਰਾਬ ਵਿਚ ਬਦਮਸਤ ਵੇਸਵਾ ਦਾ ਨਾਚ ਵੇਖ ਰਿਹਾ ਸੀ । ਸਿੰਘਾਂ ਜਾ ਕਿਲ੍ਹਾ ਘੇਰਿਆ । ਬਾਹਰ ਤਿੰਨ ਚਾਰ ਚੌਕੀਦਾਰ ਸਨ ਉਨ੍ਹਾਂ ਦੇ ਸਿੰਘਾਂ ਨੂੰ ਵੇਖ ਕੇ ਤੋਤੇ ਉਡ ਗਏ ਲੱਗੇ ਡਰ ਕੇ ਕੰਬਨ । ਜਦੋਂ ਭਜਨ ਲੱਗੇ ਤੇ ਇਕ ਸਿੰਘ ਨੇ ਘੋੜੇ ਤੋਂ ਉਤਰ ਇਕ ਦੀ ਗਚੀਓਂ ਫੜ ਕੇ ਪੁਛਿਆ ਕਿ ” ਕਿਥੇ ਹੈ ਤੁਹਾਡਾ ਨੰਬਰਦਾਰ ਸ਼ਮੀਰਾ । ਉਸਨੇ ਡਰਦੇ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੱਤਾ । ਅੱਗੇ ਹੋ ਕੇ ਤੁਰ ਪਿਆ ਤੇ ਉਸ ਥਾਂ ਲੈ ਗਿਆ ਜਿਥੇ ਸ਼ਮੀਰਾ ਨਾਚ ਗਾਣੇ ਸੁਣਦਾ ਸੀ । ਇਸ ਦੇ ਸਿੰਘਾਂ ਨੂੰ ਅਚਨਚੇਤ ਅੰਦਰ ਆਇਆ ਵੇਖ ਹਵਾਸ ਉਡ ਗਏ । ਜਲਦੀ ਹੀ ਹੋਸ਼ ਵਿਚ ਆ ਕੇ ਸਿੰਘਾਂ ਦੇ ਪੈਰ ਫੜ ਲਏ ਤੇ ਤਰਲੇ ਮਿੰਨਤਾਂ ਕਰਨ ਲੱਗਾ । ਇਧਰ ਸਿੰਘਾਂ ਨੂੰ ਮੌਤ ਦੇ ਡੰਨ ਸਜਾ ਇਹ ਸੁਣਾਈ ਕਿ ਇਸ ਨੂੰ ਵੈਰੋਵਾਲ ਲਿਜਾ ਕੇ ਕਿਸੇ ਰੁੱਖ ਨਾਲ ਬੰਨ ਕੇ ਫਾਹ ਲਾਵਾਗੇ । ਤਾਂ ਕਿ ਹੋਰ ਇਹੋ ਜਿਹਿਆਂ ਨੂੰ ਵੀ ਕੰਨ ਹੋ ਜਾਣ । ਏਨੇ ਚਿਰ ਨੂੰ ਸ਼ਮੀਹੇ ਦੇ ਬੱਚਿਆਂ ਤੇ ਘਰ ਵਾਲੀ ਨੇ ਲਿਲਕੜੀਆਂ ਲੈ ਕੇ ਹੱਥ ਜੋੜ ਰੋਦਿਆਂ ਤਰਲੇ ਲਏ ਤਾਂ ਸਿੰਘਾਂ ਨੂੰ ਤਰਸ ਆ ਗਿਆ ਤੇ ਜਾਨ ਬਖਸ਼ ਦਿੱਤੀ । ਮੁਟਿਆਰ ਕੰਵਲ ਨੈਣੀ ਨੂੰ ਇਕ ਕਮਰੇ ਵਿਚ ਭੁੱਖੀ ਤਿਹਾਈ ਨੂੰ ਅਜਾਦ ਕਰਵਾਇਆ। ਤੇ ਵੈਰੋਵਾਲ ਲਿਆਦਾ ਰਾਹ ਵਿੱਚ ਨੀਰੂ ਮੱਲ ਜਲਾਲਾਬਾਦ ਨੂੰ ਜਾਂਦਾ ਹੋਇਆ ਮਿਲ ਗਿਆ ਹਰਨਾਮ ਸਿੰਘ ਦੇ ਦਸ਼ਣ ਤੇ ਕਿ ‘ ਤੇ ਪਵਾੜੇ ਦੀ ਜੱੜ ਇਹੋ ਹੈ ਇਹ ਹੀ ਸ਼ਮੀਰੇ ਦਾ ਮੁਖਬਰ ਹੈ ਤੇ ਸਾਰੀਆਂ ਕਾਲੀਆਂ ਕਰਤੂਤਾਂ ਇਸ ਰਾਹੀ ਹੁੰਦੀਆਂ ਹਨ । ਇਹ ਸਿੱਖਾਂ ਦੀਆਂ ਖਬਰਾਂ ਤੇ ਚੰਗੀਆਂ ਤੇ ਸੁੰਦਰ ਨੂੰਹਾ ਧੀਆਂ ਦੀਆਂ ਖਬਰਾਂ ਸ਼ਮੀਰੇ ਨੂੰ ਪਹੁੰਦਾ ਹੈ ।ਧੀਰੂ ਨੂੰ ਇਸ ਦੇ ਪਾਪਾਂ ਦਾ ਦੰਡ ਇਸ ਦਾ ਸਿਰ ਕਲਮ ਕਰਕੇ ਦਿੱਤਾ ਗਿਆ। ਜਦੋਂ ਕੰਵਲ ਨੈਣੀ ਨੂੰ ਇਸ ਦੇ ਮਾਪਿਆ ਪਾਸ ਛੱਡ ਕੇ ਸਿੰਘ ਜਾਣ ਲੱਗੇ ਤਾਂ ਪਹਿਲਾਂ ਤਾਂ ਇਨ੍ਹਾਂ ਦੀ ਵਾਹਵਾ ਆਓ ਭਗਤ ਕੀਤੀ ਗਈ ਤੇ ਫਿਰ ਕੰਵਲ ਨੈਣੀ ਆਪ ਵੀ ਸਿੰਘਾਂ ਨਾਲ ਤਿਆਰ ਹੋ ਪਈ ਤੇ ਮਾਪਿਆਂ ਨੂੰ ਕਿਹਾ ਅੱਜ ਤੋਂ ਮੈਂ ਤੁਹਾਡੇ ਲਈ ਮਰ ਗਈ ਸਮਝੋ । ਮੈਂ ਸਿੰਘਣੀ ਬਣ ਕੇ ਬਾਕੀ ਜੀਵਨ ਕੌਮ ਦੇ ਲੇਖੇ ਲਾਉਣਾ ਚਾਹੁੰਦੀ ਹਾਂ ਤੇ ਮੈਂ ਆਪਣੇ ਸਿੰਘ ਭਰਾਵਾਂ ਨੂੰ ਆਪ ਜਾਂ ਕੇ ਦੱਸਾਂ ਕਿ ਜਰਵਾਨੇ ਨੌਜੁਆਨ ਧੀਆਂ ਭੈਣਾਂ ਨਾਲ ਕਿਹੋ ਜਿਹੇ ਜੁਲਮ ਕਰਦੇ ਹਨ ਤੇ ਆਪ ਵਿਚੋਂ ਰਹਿ ਕੇ ਇਹੋ ਜਿਹੀਆਂ ਅਬਲਾਵਾਂ ਨੂੰ ਅਜਾਦ ਕਰਾਉਣ ਵਿਚ ਤੁਹਾਡੇ ਮੋਢੇ ਨਾਲ ਮੋਢਾ ਡਾਹ ਕੇ ਤੁਰਾਂਗੀ । ਮੇਰੇ ਵੀਰ ਜੇ ਤਾਂ ਮੈਨੂੰ ਛੱਡ ਕੇ ਨਾ ਜਾਇਓ ॥ ਇਹ ਸ਼ਬਦ ਬੀਬੀ ਦੇ ਸੁਣ ਕੇ ਸਾਰੇ ਸਿੰਘ ਹੱਕੇ – ਬੱਕੇ ਰਹਿ ਗਏ । ਇੱਕ ਸਿੰਘ ਨੇ ਉਤਰ ਦਿੱਤਾ ਕਿ “ ਬੀਬੀ ਜੀ ! ਸਾਨੂੰ ਸਾਡੇ ਜਥੇਦਾਰ ਗੁੱਸੇ ਹੋਣਗੇ । ਅਸੀਂ ਜਾ ਕੇ ਆਪਣੇ ਜਥੇ ਦਾਰ ਸਾਹਿਬ ਨੂੰ ਤੁਹਾਡੇ ਵਿਚਾਰਾਂ ਤੋਂ ਜਾਣੂ ਕਰਾਵਾਂਗੇ । ਜੇ ਉਹ ਕਹਿਣਗੇ ਤਾਂ ਅਸੀਂ ਫਿਰ ਆ ਕੇ ਲੈ ਜਾਵਾਂਗੇ ਤੁਸੀਂ ਅਜੇ ਘਰ ਹੀ ਟਿੱਕੋ । ਬੀਬੀ ਬੋਲੀ “ ਮੈਂ ਦਸ਼ਮੇਸ਼ ਪਿਤਾ ਦੀ ਪੁਤਰੀ ਬਣ ਕੇ ਬੀਬੀ ਸ਼ਰਨ ਕੌਰ ਵਾਂਗ ਸ਼ਹੀਦੀ ਜਾਮ ਪੀਵਾਂਗੀ । ਤੁਸੀਂ ਜਥੇਦਾਰ ਸਾਹਿਬ ਦੀ ਪ੍ਰਵਾਹ ਨਾ ਕਰੋ ਉਨ੍ਹਾਂ ਨੂੰ ਮੈਂ ਆਪੇ ਸਮਝਾ ਲਵਾਂਗੀ । ‘ ਇਹ ਕਹਿ ਕੇ ਆਪ ਨੇ ਵੀ ਆਪਣੇ ਚਚੇਰੇ ਭਰਾ ਹਰਨਾਮ ਦਾਸ ਦੀ ਘੋੜੀ ਤੇ ਕਾਠੀ ਪਾ ਸਿੰਘਾਂ ਦੇ ਨਾਲ ਚਲ ਪਈ । ਬੀਬੀ ਨੇ ਝੱਲ ‘ ਚ ਜਾ ਕੇ ਸਿੰਘਾਂ ਦੇ ਦਸਨ ਅਨੁਸਾਰ ਜਥੇਦਾਰ ਪੰਜਾਬ ਸਿੰਘ ਨੂੰ ਗੁਰੂ ਫਤਹਿ ਬੁਲਾ ਕੇ ਆਪਦੀ ਸਭੈ ਹੱਡ ਬੀਤੀ ਦਸਦਿਆਂ ਕਿਹਾ ਕਿ ਉਹ ਹੁਣ ਘਰ ਨਹੀਂ ਰਹਿ ਸਕਦੀ ਆਪਣੇ ਸਿੰਘ ਭਰਾਵਾਂ ਨਾਲ ਮੋਢਾ ਜੋੜ ਜਰਵਾਣਿਆਂ ਦੇ ਜ਼ੁਲਮ ਖਿਲਾਫ ਜੂਝੇਗੀ । ਉਸ ਨੂੰ ਅੰਮ੍ਰਿਤ ਦੀ ਦਾਤ ਮਿਲ ਜਾਵੇ ਤਾਂ ਅਕਾਲ ਪੁਰਖ ਦਾ ਸ਼ੁਕਰ ਮਨਾਵੇਗੀ । ਕੰਵਲ ਨੈਣੀ ਤੋਂ ਅੰਮ੍ਰਿਤ ਛੱਕ ਕੇ ਰਣਜੀਤ ਕੌਰ ਬਣ ਗਈ ਏਥੇ ਹੀ ਆਪ ਦਾ ਵਿਆਹ ਭਾਈ ਤੇਗਾ ਸਿੰਘ ਜੀ ਨਾਲ ਕਰ ਦਿੱਤਾ । ਰਣਜੀਤ ਕੌਰ ਹੋਰਾਂ ਬੀਬੀਆਂ ਨਾਲ ਸਿੰਘਾਂ ਦੇ ਲੰਗਰ ਦੀ ਸੇਵਾ ਕਰਦੀ ਅੰਮ੍ਰਿਤ ਵੇਲੇ ਉਠ ਇਸ਼ਨਾਨ ਪਾਣੀ ਕਰ ਨਿੱਤਨੇਮ ਕਰ ਹੋਰਾਂ ਬੀਬੀਆਂ ਨਾਲ ਲੰਗਰ ਦੇ ਕੰਮ ਵਿਚ ਜੁਟ ਜਾਂਦੀ । ਭੱਜ – ਭੱਜ ਕੇ ਕੰਮ ਕਰਦੀ ਥੱਕਦੀ ਅਕਦੀ ਨਾਂ । ਇਧਰ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਆਉਣ ਦੀ ਖਬਰ ਮਿਲੀ ਤੇ ਸਾਰੇ ਸਿੰਘਾਂ ਨੇ ਸੁਚੇਤ ਹੋ ਕੇ ਆਪਣੇ ਘੁਰਨਿਆਂ ਜੰਗਲ ਬੇਲਿਆਂ ਵਿਚ ਜਾ ਲੁੱਕੇ । ਅਬਦਾਲੀ ਲਾਹੌਰ ਲੱਟ ਸਿੱਧਾ ਦਿੱਲੀ ਵਲ ਧਾਵਾ ਕਰ ਦਿੱਤਾ । ਨਾਮਰੂਦੀਨ ਨੂੰ ਜਲੰਧਰ ਦਾ ਇਲਾਕਾ ਦੇ ਗਿਆ ਸੀ । ਸਿੱਖਾਂ ਤੇ ਜ਼ੁਲਮ ਕਰਨ ਲੱਗਾ ਪਿੰਡਾਂ ਵਸਦੇ ਗਰੀਬਾਂ ਤੇ ਕਿਰਤੀਆਂ ਨੂੰ ਫੜ ਫੜ ਕੇ ਮਕਾਉਣ ਲੱਗਾ ਹੁਣ ਸਿੰਘਾਂ ਫਿਰ ਪਹਾੜਾਂ ਤੇ ਝੱਲਾਂ ਵਿਚੋਂ ਨਿਕਲ ਸ਼ਾਹ ਅਬਦਾਲੀ ਨਾਲ ਇਕ ਹੋ ਕੇ ਲੜਨ ਲਈ ਤਿਆਰ ਹੋਏ । ਇਧਰੋ ਝੱਲ ਵਿਚੋਂ ਪੰਜਾਬ ਸਿੰਘ ਵੀ ਇਧਰ ਆਉਣ ਲਈ ਤਿਆਰ ਹੋਇਆ ਤਾਂ ਅਣਖੀਲੀ ਰਣਜੀਤ ਕੌਰ ਨੇ ਜਲਾਲਾਬਾਦ ਦੇ ਸ਼ਮੀਰੇ ਨੂੰ ਸੋਧਨ ਦੀ ਵਿਚਾਰ ਬਣਾਈ ਕਿਉਂਕਿ ਉਸ ਦੇ ਮਾਪਿਆਂ ਤੋਂ ਪਤਾ ਲੱਗਾ ਕਿ ਉਹ ਆਪਣੀ ਜਾਨ ਬਚਾਉਣ ਲਈ ਮਾਫੀ ਮੰਗ ਕੇ ਬਚ ਗਿਆ ਸੀ ਪਰ ਆਪਣੇ ਮਾੜੇ ਕੰਮਾਂ ਤੋਂ ਹੱਟਿਆ ਨਹੀ । ਸ਼ੇਰਨੀ ਨੇ ਕੁਝ ਸਿੰਘਾਂ ਸਮੇਤ ਜਲਾਲਾਬਾਦ ਨੂੰ ਘੇਰਾ ਪਾ ਕੇ ਕਿਲ੍ਹੇ ਨੂੰ ਢਾਹ ਦਿੱਤਾ ਤੇ ਸ਼ਮੀਰੇ ਨੂੰ ਮੌਤ ਦਾ ਡੰਡ ਦਿੱਤਾ । ਹੁਣ ਇਥੋਂ ਸ਼ਮੀਰੇ ਨੂੰ ਸੋਧ ਕੇ ਆਪਣੇ ਜਥੇ ਨਾਲ ਦੁਆਬੇ ਵਲ ਹੋਰ ਜਥਿਆ ਨਾਲ ਜਾ ਰਲੇ । ਆਦਮ ਪੁਰ ਲਾਗੇ ਯੁੱਧ ਹੋਇਆ ਸਿੰਘਾਂ ਨੂੰ ਪਹਾੜਾਂ ਤੋਂ ਉਤਰਦਿਆਂ ਨੂੰ ਰਾਹ ਵਿੱਚ ਘੇਰ ਲਿਆ ਜਾਫਰ ਖਾਂ , ਮਸ਼ਮ ਖਾਂ ਨੇ ਰਾਹ ਰੋਕ ਲਿਆ । ਪੰਜਾਬ ਸਿੰਘ ਦੇ ਜੱਥੇ ਨੇ ਵੈਰੀਆਂ ਦੇ ਕਾਫੀ ਆਹੂ ਲਾਹੇ । ਕਿਰਪਾਨਾਂ ਚਲੀਆਂ ਤੇਗਾ ਸਿੰਘ ਵੀ ਇਸ ਯੁੱਧ ਵਿਚ ਆਪਣੇ ਕਾਫੀ ਕਰਤੱਵ ਵਿਖਾਏ । ਓਧਰ ਰਣਜੀਤ ਕੌਰ ਤੇ ਹੋਰ ਬੀਬੀਆਂ ਜਗਜੀਤ ਕੌਰ ਆਦਿ ਸਿੰਘਾਂ ਦੇ ਫਟੜਾਂ ਦੀ ਮਲਮ ਪੱਟੀ ਕਰਦੀਆਂ ਤੇ ਲੰਗਰ ਪਾਣੀ ਤਿਆਰ ਕਰ ਅੱਗੇ ਪੁਚਾਉਂਦੀਆਂ ਸਾਰੇ ਫਟੜਾਂ ਦੀ ਰਾਤ ਦਿਨੇ ਸੰਭਾਲ ਕਰਦੀਆਂ ਥਕਦੀਆਂ ਨਾ । ਨਾਸਰ ਅਲੀ ਦੀ ਅਲਖ ਮੁੱਕਾ ਦਿੱਤੀ । ਉਸ ਨੂੰ ਗੱਡੇ ਤੇ ਲੱਦ ਕੇ ਲਿਆ ਕਰਤਾਰਪੁਰ ਸਾੜਿਆ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਸਿੰਘਾਂ ਆਪਣੇ ਪਵਿਤਰ ਗੁਰਦੁਆਰਾ ਥੰਮ ਸਾਹਿਬ ਜਿਹੜਾ ਕਿ ਗੁਰੂ ਅਰਜਨ ਦੇਵ ਜੀ ਨੇ ਇਹ ਨਗਰ ਵਸਾਉਣ ਵਲੋਂ ਬਣਾਇਆ ਦੇ ਸਾੜਨ ਦਾ ਦੁਸ਼ਟ ਨਾਸਰ ਅਲੀ ਪਾਸੋਂ ਬਦਲਾ ਲੈ ਲਿਆ ਹੈ । ਹੁਣ ਪੰਜਾਬ ਸਿੰਘ ਤੇ ਹੋਰ ਜੱਥੇ ਫਿਰ ਆਪਣੇ ਟਿਕਾਣਿਆਂ ਤੇ ਪੁੱਜ ਗਏ । ਇਹ ਅਜੇ ਆਪਣੇ ਇਲਾਕੇ ਵਿਚ ਪੁੱਜਾ ਹੀ ਸੀ ਕਿ ਇਸ ਨੂੰ ਕਸੂਰ ਦੇ ਪਠਾਨਾਂ ਦੀ ਕੋਝੀਆਂ ਹਰਕਤਾਂ ਬਾਰੇ ਪਤਾ ਲੱਗਿਆ ਇਥੋਂ ਇਸ ਦਾ ਜਥਾ ਸਿੱਧਾ ਕਸੂਰ ਪੁੱਜਾ ਤੇ ਕਸੂਰ ਨੂੰ ਘੇਰਾ ਪਾ ਲਿਆ ਪਠਾਨਾਂ ਨੂੰ ਡੱਟ ਕੇ ਮੁਕਾਬਲਾ ਕੀਤਾ ਤੇਗਾ ਸਿੰਘ ਤੇ ਰਣਜੀਤ ਕੌਰ ਨੇ ਵੀ ਇਸ ਯੁੱਧ ਵਿੱਚ ਕਾਫੀ ਜੌਹਰ ਦਿਖਾਏ । ਰਣਜੀਤ ਕੌਰ ਹੁਣ ਪੰਜਾ ਛੇਆ ਤੁਰਕਾਂ ਦੇ ਘੇਰੇ ਵਿਚ ਆ ਗਈ । ਕਿਉਂਕਿ ਇਹ ਲੜਾਈ ਪਿਛੋਂ ਫਟੜਾਂ ਦੀ ਸੇਵਾ ਸੰਭਾਲ ਕਰ ਰਹੀ ਸੀ । ਸਿੰਘਣੀ ਪੈਦਲ ਸੀ ਆਪਣੀ ਸ੍ਰੀ ਸਾਹਿਬ ਨੂੰ ਮਿਆਨੋ ਕੱਢ ਭੁੱਖੀ ਸ਼ੇਰਨੀ ਬਿਘਆੜਾ ਤੇ ਟੁੱਟ ਪਈ । ਬਿਜਲੀ ਦੀ ਫੁਰਤੀ ਨਾਲ ਦੋਹਾਂ ਦੇ ਤਲਵਾਰਾਂ ਵਾਲੇ ਹੱਥ ਕੱਟ ਦਿੱਤੇ ਉਨੇ ਚਿਰ ਨੂੰ ਦੂਜਿਆਂ ਨੇ ਸ਼ੇਰਨੀ ਤੇ ਇਕੱਠੇ ਹਮਲਾ ਕਰ ਦਿੱਤਾ । ਬਹਾਦਰ ਰਣਜੀਤ ਕੌਰ ਤੁਰਕਾਂ ਨਾਲ ਇਸ ਤਰ੍ਹਾਂ ਜੂਝਦੀ ਸ਼ਹੀਦੀ ਪਾ ਗਈ । ਇਹ ਸੀ ਕਿਰਦਾਰ ਸਾਡੀਆਂ ਪ੍ਰਚੀਨ ਬੀਬੀਆਂ ਦਾ । ਕੀ ਅੱਜ ਕਲ ਦੀਆਂ ਬੀਬੀਆਂ ਆਪਣੇ ਅੰਦਰ ਝਾਤੀ ਮਾਰ ਕੇ ਕਹਿ ਸਕਦੀਆਂ ਹਨ ਕਿ ਅਸੀਂ ਇਨ੍ਹਾਂ ਮਹਾਨ ਬੀਬੀਆਂ ਦੇ ਚਲਾਏ ਰਾਹਾਂ ਤੇ ਚਲਣ ਯੋਗ ਹਾਂ ਕਿ ਨਹੀਂ । ਕਿ ਫੈਸ਼ਨਾ ਤੋਂ ਸਿਵਾ ਸਾਨੂੰ ਹੋਰ ਕੁਝ ਸੁਝਦਾ ਹੀ ਨਹੀਂ ਹੈ ।
ਜੋਰਾਵਰ ਸਿੰਘ ਤਰਸਿੱਕਾ ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top