11 ਪੋਹ (25 ਦਸੰਬਰ) ਦਾ ਇਤਿਹਾਸ – ਸਾਹਿਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ ਵਿਚ ਪੇਸ਼ੀ
25 ਦਸੰਬਰ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।
ਜਿਸ ਕੁਲ ਜਾਤੀ ਦੇਸ਼ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ॥
ਗੁਰਮਤਿ ਅਨੁਸਾਰ ਅਧਿਆਤਮਿਕ ਅਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਾ ਮਿਟਾਉਣ ਦੀ ਲੋੜ ਹੁੰਦੀ ਹੈ। ਇਹ ਮਾਰਗ ਇੱਕ ਮਹਾਨ ਸੂਰਮਗਤੀ ਦਾ ਕਾਰਜ ਹੈ। ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ। ਇਸੇ ਲੀਹ ਤੇ ਤੁਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸੇ ਦੀ ਸਾਜਨਾ ਕੀਤੀ। ਖਾਲਸਾ ਇੱਕ ਆਦਰਸ਼ਕ, ਸੰਪੂਰਨ ਅਤੇ ਸੁਤੰਤਰ ਮਨੁੱਖ ਹੈ ਜਿਸ ਨੂੰ ਗੁਰਬਾਣੀ ਵਿੱਚ ਸਚਿਆਰ, ਗੁਰਮੁਖ ਅਤੇ ਬ੍ਰਹਮ ਗਿਆਨੀ ਕਿਹਾ ਗਿਆ ਹੈ। ਖਾਲਸਾ ਗੁਰੂ ਨੂੰ ਤਨ, ਮਨ, ਧਨ ਸੌਂਪ ਦਿੰਦਾ ਹੈ, ਤੇ ਜਬਰ ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਝਿਜਕਦਾ ਨਹੀਂ ਹੈ-
ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਅਰੁ ਸਿੱਖ ਹੋਂ ਆਪਨੇ ਹੀ ਮਨ ਕਉ ਇਹ ਲਾਲਚ ਹਉ ਗੁਨ ਤਉ ਉਚਰੋਂ॥ ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥
ਗੁਰੂ ਜੀ ਦੇ ਕਿਲਾ ਖਾਲੀ ਕਰਕੇ ਜਾਣ ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਵਹੀਰ ਤੋਂ ਵੱਖ ਹੋ ਗਏ
ਕਿ ਦਹ ਲਕ ਬਰਾਯਦ ਬਰੂੰ ਬੇਖਬਰ॥ (ਜ਼ਫ਼ਰਨਾਮਾ)
ਮਾਤਾ ਗੁਜਰ ਕੌਰ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ। ਇਹ ਉਹਨਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਮਾਤਾ ਗੁਜਰ ਕੌਰ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿਨ੍ਹਾਂ ਨੂੰ ਸਾਰੀ ਰਾਤ ਠੰਡੇ ਬੁਰਜ ’ਚ ਭੁੱਖੇ-ਤਿਹਾਏ ਰੱਖਿਆ ਗਿਆ। ਭਾਈ ਮੋਤੀ ਰਾਮ ਨੇ, ਆਪਣੇ ਪਰਵਾਰ ਨੂੰ ਖ਼ਤਰੇ ਵਿੱਚ ਪਾ ਕੇ ਉਹਨਾਂ ਵਾਸਤੇ ਦੁੱਧ ਪਹੁੰਚਾਇਆ।
ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ‘ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਜੋਗੀ ਦੇ ਸ਼ਬਦਾਂ ਵਿੱਚ-
ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਬਾਪ ਸੇ।
ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।
ਕਾਜ਼ੀ ਅਤੇ ਸ਼ੇਰ ਖਾਨ ਨੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਦੇਖਦੇ ਹੋਏ ਵਜ਼ੀਰ ਖਾਨ ਦੇ ਮਨ ਵਿੱਚ ਨਰਮੀ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇੱਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਹਨਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗ਼ੀ ਸਿੱਧ ਕੀਤਾ। ਉਸ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਵਜ਼ੀਰ ਖ਼ਾਨ ਕੁਝ ਚਿਰ ਦੀ ਵੀਚਾਰ ਬਾਅਦ ਬੱਚਿਆ ਨੂੰ ਵਾਪਿਸ ਠੰਢੇ ਬੁਰਜ ਵਿੱਚ ਭੇਜ ਦਿੰਦਾ ਹੈ ।
( ਚਲਦਾ )
ਜੋਰਾਵਰ ਸਿੰਘ ਤਰਸਿੱਕਾ।
🙏🙏ਧੰਨ ਧੰਨ ਬਾਬਾ ਦੀਪ ਸਿੰਘ ਜੀ ਕੋਟਿ ਕੋਟਿ ਪ੍ਰਣਾਮ🙏🙏
Dhan dhan baba deep singh ji
🙏🙏ek Onkar Satnam Waheguru Ji Sarbat De Bhale Di Ardas Parwan Hove Ji Waheguru Ji🙏🙏