ਜਰੂਰ ਪੜ੍ਹੋ – ਬੰਦੀ ਛੋੜ ਦਿਵਸ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਨਾਲ ਜੁੜਨ ਦਾ ਯਤਨ

ਬੰਦੀ ਛੋੜ ਦਿਵਸ ਤੇ ਰੋਸ਼ਨੀ ਦਾ ਤਿਉਹਾਰ ਦੀਵਾਲੀ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਬੰਦੀ ਛੋੜ ਦਿਵਸ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਨਾਲ ਜੁੜਨ ਦਾ ਯਤਨ ਕਰੀਏ ਜੀ ।
ਜਹਾਂਗੀਰ ਨੇ ਆਪਣੇ ਰਾਜ ਨੂੰ ਮਜਬੂਤ ਕਰਨ ਲਈ ਆਪਣੀ ਫੌਜ ਨੂੰ ਵੱਖ ਵੱਖ ਇਲਾਕਿਆਂ ਵਿੱਚ ਭੇਜਿਆ ਤੇ ਆਖਿਆ ਜਿਹੜਾ ਸਾਡੀ ਅਧੀਨਗੀ ਕਬੂਲ ਲਵੇ ਉਸ ਨੂ ਛੱਡ ਦਿੱਤਾ ਜਾਵੇ । ਜਿਹੜਾ ਸਾਡੇ ਵਿਰੁਧ ਖੜਾ ਹੋਵੇ ਉਸ ਨੂੰ ਜਾਂ ਤੇ ਮਾਰ ਦਿੱਤਾ ਜਾਵੇ ਜਾ ਉਸ ਨੂੰ ਬੰਦੀ ਬਣਾ ਕੇ ਸਾਡੇ ਸਾਹਮਣੇ ਲਿਆਂਦਾ ਜਾਵੇ , ਫੌਜ ਨੇ ਬਹੁਤ ਸਾਰੇ ਰਾਜੇ ਜੰਗ ਵਿੱਚ ਮਾਰ ਦਿੱਤੇ ਤੇ ਕੁਝ ਫੜ ਕੇ ਜਹਾਂਗੀਰ ਦੇ ਸਾਹਮਣੇ ਲਿਆਦੇ ਗਏ । ਜਿਨਾਂ ਦੀ ਕੁਲ ਗਿਣਤੀ 52 ਇਤਿਹਾਸ ਵਿੱਚ ਆਉਦੀ ਹੈ ਇਹਨਾਂ ਵਿੱਚੋ ਕੁਝ ਪਹਾੜੀ ਰਾਜੇ ਸਨ ਤੇ ਕੁਝ ਰਾਜਪੂਰ ਰਾਜੇ ਸਨ । ਇਹਨਾਂ ਰਾਜਿਆ ਨੂੰ ਐਸੀ ਮਜਬੂਤ ਜਗਾ ਤੇ ਰੱਖਣ ਦੀ ਯੋਜਨਾਂ ਬਣਾਈ ਗਈ ਜਿਥੋ ਇਹ ਮਰਨ ਤੱਕ ਨਿਕਲ ਨਾ ਸਕਣ । ਜਹਾਂਗੀਰ ਦੇ ਅਧਿਕਾਰੀਆਂ ਨੇ ਆਖਿਆ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਜਾਵੇ । ਕਿਉਕਿ ਗਵਾਲੀਅਰ ਦਾ ਕਿਲਾ ਸਭ ਤੋ ਮਜਬੂਤ ਹੈ , ਦੂਸਰਾ ਇਹ ਪਹਾੜੀ ਉਤੇ ਹੋਣ ਕਰਕੇ ਦੁਸ਼ਮਨ ਇਸ ਤੇ ਹਮਲਾਂ ਕਰਨ ਤੋ ਵੀ ਡਰਦੇ ਹਨ । ਸਾਰਿਆ ਦੀ ਸਲਾਹ ਲੈ ਕੇ ਜਹਾਂਗੀਰ ਨੇ ਇਹਨਾਂ 52 ਰਾਜਿਆ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਤੇ ਨਾਲ ਹੀ ਹੁਕਮ ਕਰ ਦਿੱਤਾ ਜਿਨਾ ਚਿਰ ਇਹ ਮਰ ਨਹੀ ਜਾਦੇ ਇਹਨਾਂ ਨੂੰ ਛੱਡਿਆ ਨਹੀ ਜਾਵੇਗਾ ।
ਜਦੋ ਇਹ 52 ਰਾਜੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿਤੇ ਇਹਨਾਂ ਦੇ ਭੋਜਨ ਵਿੱਚ ਮਿਠਾ ਜ਼ਹਿਰ ਮਿਲਾ ਕੇ ਦਿਤਾ ਜਾਣ ਲੱਗਾ । ਜਿਸ ਜ਼ਹਿਰ ਨਾਲ ਹੌਲੀ ਹੌਲੀ ਸਰੀਰ ਕਮਜ਼ੋਰ ਹੁੰਦਾ ਜਾਂਦਾ ਤੇ ਅਖੀਰ ਉਸ ਦੀ ਮੌਤ ਹੋ ਜਾਂਦੀ। ਜਦੋ ਰਾਜਿਆਂ ਨੇ ਦੇਖਿਆ ਹੁਣ ਸਾਡਾ ਬਚਣ ਦਾ ਕੋਈ ਰਾਹ ਨਹੀ ਰਹਿ ਗਿਆ ਫੇਰ ਸਾਰਿਆ ਨੇ ਸਲਾਹ ਕੀਤੀ ਹੁਣ ਭਗਵਾਨ ਹੀ ਸਾਡੀ ਰੱਖਿਆ ਕਰ ਸਕਦਾ ਹੈ । ਇਸ ਲਈ ਹੁਣ ਸਾਰੇ ਰਲ ਕੇ ਉਸ ਪ੍ਰਮੇਸ਼ਰ ਨੂੰ ਯਾਦ ਕਰਨ ਲਗੇ ਸਾਰੇ ਰਾਜੇ ਰਾਤ ਦਿਨ ਉਸ ਪ੍ਰਮੇਸ਼ਰ ਨੂੰ ਯਾਦ ਕਰਦੇ ਰਹਿੰਦੇ । ਜਦੋ ਸੱਚੇ ਹਿਰਦੇ ਤੋ ਅਰਦਾਸ ਨਿਕਲਦੀ ਹੈ ਉਹ ਉਸ ਪ੍ਰਮੇਸ਼ਰ ਦੇ ਦਰਬਾਰ ਵਿੱਚ ਜਰੂਰ ਮਨਜ਼ੂਰ ਹੁੰਦੀ ਹੈ । ਉਸ ਸਮੇ ਇਸ ਧਰਤੀ ਤੇ ਪ੍ਰਮੇਸ਼ਰ ਰੂਪ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਸੰਸਾਰ ਤੇ ਵਿਚਰ ਰਹੇ ਸਨ । ਗੁਰੂ ਜੀ ਨੇ ਇਹਨਾਂ ਦੇ ਕਲਿਆਣ ਵਾਸਤੇ ਐਸੀ ਖੇਡ ਰਚਾਈ ਜਹਾਂਗੀਰ ਨੂੰ ਐਸੀ ਬਿਮਾਰੀ ਲੱਗੀ ਜਿਸ ਦਾ ਇਲਾਜ ਵੱਡੇ ਹਕੀਮ , ਮੌਲਵੀ , ਸੂਫੀ ਫਕੀਰ ਕੋਈ ਨਾ ਕਰ ਸਕੇ। ਫੇਰ ਕੁਝ ਫਕੀਰਾਂ ਨੇ ਸਲਾਹ ਦਿੱਤੀ ਕੋਈ ਮਹਾਨ ਮਹਾਂਪੁਰਸ਼ 40 ਦਿਨ ਇਕਾਂਤ ਵਿੱਚ ਬੈਠ ਕੇ ਉਸ ਅੱਲਾ ਦੀ ਇਬਾਦਤ ਕਰੇ ਫੇਰ ਇਹ ਦੁਖ ਦੂਰ ਹੋ ਸਕਦਾ ਹੈ । ਉਸ ਸਮੇ ਜਹਾਂਗੀਰ ਦੇ ਕੋਲ ਹੀ ਚੰਦੂ ਖਲੋਤਾ ਸੀ ਜੋ ਗੁਰੂ ਘਰ ਦਾ ਦੋਖੀ ਸੀ ਉਸ ਨੇ ਸੋਚਿਆ ਕਿਉ ਨਾ ਗੁਰੂ ਹਰਿਗੋਬਿੰਦ ਸਾਹਿਬ ਦਾ ਨਾ ਲਿਆ ਜਾਵੇ ਜੇ ਉਹ ਇਕ ਵਾਰ ਆ ਜਾਣਗੇ ਫੇਰ ਨਹੀ ਮੈ ਉਸ ਨੂੰ ਏਥੋ ਨਿਕਲਣ ਦੇਂਦਾ । ਇਹ ਸੋਚ ਕੇ ਚੰਦੂ ਨੇ ਜਹਾਂਗੀਰ ਨੂੰ ਆਖਿਆ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਬਹੁਤ ਸ਼ਕਤੀ ਹੈ ਉਹਨਾ ਦੀ ਗੱਦੀ ਤੇ ਛੇਵੇ ਗੁਰੂ ਹਰਿਗੋਬਿੰਦ ਸਾਹਿਬ ਬਿਰਾਜਮਾਨ ਹਨ । ਜੇ ਉਹ ਆਣ ਕੇ ਆਪ ਜੀ ਲਈ 40 ਦਿਨ ਇਬਾਦਤ ਕਰਨ ਮੈਨੂੰ ਲਗਦਾ ਤੁਸੀ ਜਰੂਰ ਠੀਕ ਹੋ ਸਕਦੇ ਹੋ । ਜੇ ਤੁਸੀ ਇਕਾਂਤ ਜਗਾ ਬਾਰੇ ਸੋਚਦੇ ਹੋਵੋ ਤਾ ਗਵਾਲੀਅਰ ਦੇ ਕਿਲੇ ਨਾਲੋ ਵੱਧ ਸਾਂਤੀ ਕਿਥੋ ਮਿਲ ਸਕਦੀ ਹੈ । ਏਥੇ ਸੋਚਣ ਵਾਲੀ ਗੱਲ ਇਹ ਹੈ ਕਈ ਕਹਿਣਗੇ ਗੁਰੂ ਜੀ ਨੂੰ ਕੈਦ ਕਰ ਲਿਆ ਮੈ ਆਖਦਾ ਗੁਰੂ ਨੂੰ ਕੈਦ ਕਰਨ ਵਾਲਾ ਤਿੰਨਾਂ ਲੋਕਾਂ ਵਿੱਚ ਕੌਣ ਜੰਮਿਆ। ਗੁਰੂ ਆਪਣੀ ਮਰਜੀ ਦਾ ਆਪ ਮਾਲਕ ਹੈ ਗੁਰੂ ਜੀ ਨੇ ਉਹਨਾ ਰਾਜਿਆਂ ਦੀਆਂ ਅਰਦਾਸਾਂ ਸੁਣ ਕੇ ਉਹਨਾਂ ਨੂੰ ਮੁਕਤ ਕਰਨ ਦਾ ਸੋਚ ਲਿਆ। ਫੇਰ ਸਤਿਗੁਰੂ ਜੀ ਨੇ ਦੁਸ਼ਮਨਾਂ ਦੇ ਦਿਮਾਗ ਦੇ ਵਿੱਚ ਵੀ ਉਹੋ ਈ ਖਿਆਲ ਲਿਆ ਦਿਤਾ ਜੋ ਗੁਰੂ ਚਾਹੁੰਦੇਂ ਸਨ । ਗੁਰੂ ਜੀ ਨੂੰ ਮੁਗ਼ਲ ਰਾਜ ਵੱਲੋ ਇਕ ਚਿਠੀ ਆਈ ਤੇ ਨਾਲ ਜਹਾਂਗੀਰ ਦੇ ਅਹਿਲਕਾਰ ਆਏ ਤੇ ਬੇਨਤੀ ਕੀਤੀ ਤੁਸੀ ਜਹਾਂਗੀਰ ਦੇ ਲਈ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਇਬਾਦਤ ਕਰੋ ਜੀ । ਗੁਰੂ ਜੀ ਨੇ ਬੇਨਤੀ ਮੰਨ ਲਈ ਤੇ ਗਵਾਲੀਅਰ ਲਈ ਅੰਮ੍ਰਿਤਸਰ ਸਾਹਿਬ ਤੋ ਰਵਾਨਾ ਹੋ ਗਏ। ਜਦੋ ਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚ ਪਹੁੰਚੇ ਤਾ ਉਹ ਦੁਖੀ ਰਾਜੇ ਜਿਹੜੇ ਜਿਉਣ ਦੀ ਆਸ ਛੱਡ ਕੇ ਪ੍ਰਮੇਸ਼ਰ ਦੀ ਬੰਦਗੀ ਕਰ ਰਹੇ ਸਨ । ਇਕ ਦਮ ਉਹਨਾਂ ਦੇ ਮਨ ਸਾਂਤ ਹੋ ਗਏ ਅੰਦਰ ਏਉ ਲੱਗਾ ਜਿਵੇ ਪ੍ਰਮੇਸ਼ਰ ਨੇ ਸਾਡੀ ਅਰਦਾਸ ਸੁਣ ਲਈ ਹੋਵੇ ਤੇ ਸਾਨੂੰ ਕਿਸੇ ਵੇਲੇ ਵੀ ਇਸ ਨਰਕ ਤੋ ਮੁਕਤ ਕਰਵਾ ਦੇਣਗੇ । ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤ ਵੇਲੇ ਇਸਨਾਨ ਕਰਕੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ । ਜਦੋ ਇਹ ਜਾਪ ਉਹਨਾ ਰਾਜਿਆ ਨੇ ਸੁਣਿਆ ਕੋਈ ਸੁਦ ਬੁਧ ਨਾ ਰਹੀ ਕਿਉਕਿ ਪ੍ਰਮੇਸ਼ਰ ਦੀ ਬਾਣੀ ਖੁਦ ਪ੍ਰਮੇਸ਼ਰ ਹੀ ਸੁਣਾ ਰਹੇ ਸਨ । ਬਾਣੀ ਦੀ ਸਮਾਪਤੀ ਮਗਰੋ ਰਾਜੇ ਗੁਰੂ ਜੀ ਦੇ ਚਰਨਾਂ ਉਤੇ ਡਿੱਗ ਪਏ ਤੇ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਹਰ ਰੋਜ ਗੁਰੂ ਜੀ ਦੇ ਪਾਸੋ ਬਾਣੀ ਸਰਵਨ ਕਰਨੀ ਤੇ ਗੁਰੂ ਜੀ ਦੇ ਬਚਨ ਸੁਣਦੇ ਰਹਿਣਾ । ਹੌਲੀ ਹੌਲੀ ਦਿਨ ਬੀਤਦੇ ਗਏ 40 ਦਿਨ ਤੋ ਸਮਾਂ ਉਤੇ ਹੋ ਗਿਆ ਗੁਰੂ ਜੀ ਨੂੰ ਵਾਪਿਸ ਭੇਜਣ ਦਾ ਕੋਈ ਫੁਰਮਾਨ ਜਾਰੀ ਨਾ ਹੋਇਆ । ਅੱਜ ਵੀ ਸਰਕਾਰਾ ਏਹੋ ਕੁਝ ਕਰ ਰਹੀਆਂ ਹਨ ਬੰਦੀ ਸਿੰਘ ਆਪਣੀਆ ਸਜਾਵਾ ਤੋ ਡਬਲ ਸਜਾਵਾ ਭੁਗਤ ਚੁੱਕੇ ਹਨ ਪਰ ਕੋਈ ਸੁਣਵਾਈ ਨਹੀ ਹੋਈ ਅਜੇ ਤੱਕ। ਜਦੋ ਗੁਰੂ ਜੀ ਦੇ ਵਾਪਸ ਆਉਣ ਦੀ ਕੋਈ ਖਬਰ ਨਾ ਆਈ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਤੋ ਬਗੈਰ ਵਿਆਕੁਲ ਹੋ ਗਈਆ । ਐਸੀ ਪ੍ਰਮੇਸ਼ਰ ਦੀ ਕਰਨੀ ਹੋਈ ਜਹਾਂਗੀਰ ਰਾਤ ਨੂੰ ਸੁਪਨੇ ਵਿੱਚ ਡਰਨ ਲੱਗ ਪਿਆ ਜਦੋ ਸੌਣ ਲਗੇ ਉਸੇ ਸਮੇ ਇਉ ਜਾਪੇ ਜਿਵੇ ਜਹਾਂਗੀਰ ਨੂੰ ਕੋਈ ਮਾਰ ਰਿਹਾ ਹੋਵੇ । ਨਾ ਦਿਨ ਵੇਲੇ ਨੀਦ ਨਾ ਰਾਤ ਵੇਲੇ ਨੀਦ ਜਹਾਂਗੀਰ ਦਾ ਪਾਗਲਾਂ ਵਾਲਾ ਹਾਲ ਹੋ ਗਿਆ। ਏਧਰ ਬਾਬਾ ਬੁੱਢਾ ਸਾਹਿਬ ਜੀ ਭਾਈ ਜੇਠਾ ਜੀ ਬਾਬਾ ਬਿਧੀ ਚੰਦ ਹੋਰ ਮਹਾਂਪੁਰਸ਼ ਸਾਂਈ ਮੀਆਂ ਮੀਰ ਨੂੰ ਮਿਲੇ ਤੇ ਗੁਰੂ ਜੀ ਨੂੰ ਰਿਹਾਅ ਕਰਵਾਉਣ ਦਾ ਮਤਾ ਪਕਾਇਆ ਏਧਰ ਜਹਾਂਗੀਰ ਦੀ ਹਾਲਤ ਖਰਾਬ ਹੁੰਦੀ ਵੇਖ ਸਾਈ ਮੀਆਂ ਮੀਰ ਜੀ ਨੂੰ ਜਹਾਂਗੀਰ ਨੇ ਆਪਣੇ ਕੋਲ ਬਲਾਇਆ ਤੇ ਸਾਰੀ ਵਿਥਿਆ ਦਸੀ । ਸਾਈ ਮੀਆਂ ਮੀਰ ਜੀ ਨੇ ਆਖਿਆ ਬਾਦਸ਼ਾਹ ਤੇਰੇ ਕੋਲੋ ਬਹੁਤ ਵੱਡੀ ਭੁੱਲ ਹੋਈ ਹੈ ਤੂੰ ਪ੍ਰਮੇਸ਼ਰ ਨੂੰ ਗਵਾਲੀਅਰ ਦੇ ਕਿਲੇ ਵਿੱਚ ਰੱਖਿਆ ਹੈ ਉਸ ਨੂੰ ਜਲਦੀ ਨਾਲ ਛੱਡਣ ਦਾ ਹੁਕਮ ਦੇਣਾ ਕਰ ਫੇਰ ਤੂੰ ਠੀਕ ਹੋਵੇਗਾਂ । ਜਹਾਂਗੀਰ ਨੇ ਉਸੇ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਛੱਡਣ ਦਾ ਹੁਕਮ ਜਾਰੀ ਕਰ ਦਿਤਾ ਜਦੋ ਗੁਰੂ ਜੀ ਦੇ ਜਾਣ ਦੀ ਖਬਰ ਉਹਨਾਂ ਰਾਜਿਆ ਨੇ ਸੁਣੀ ਉਹ ਅੰਦਰੋ ਟੁੱਟ ਗਏ। ਸਾਡੇ ਕੋਲ ਇਕ ਹੀ ਸਹਾਰਾ ਸੀ ਜਿਉਣ ਦਾ ਜੇ ਗੁਰੂ ਜੀ ਵੀ ਚਲੇ ਗਏ ਅਸੀ ਤੇ ਜਿਉਦੇ ਹੀ ਮਰ ਜਾਵਾਗੇ । ਇਹ ਸੋਚ ਕੇ ਸਾਰੇ ਰਾਜੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਜਾ ਡਿਗੇ ਤੇ ਰੋਂਦੇ ਹੋਏ ਬੇਨਤੀ ਕਰਨ ਲੱਗੇ ਗੁਰੂ ਜੀ ਸਾਨੂੰ ਛੱਡ ਕੇ ਨਾ ਜਾਉ ਜੇ ਜਾਣਾ ਹੈ ਤਾਂ ਸਾਨੂੰ ਵੀ ਨਾਲ ਲੈ ਕੇ ਜਾਇਉ । ਨਹੀ ਤੇ ਅਸੀ ਜਿਉਦੇ ਜੀਅ ਹੀ ਮਰ ਜਾਵਾਗੇ ਇਕ ਤੁਸੀ ਹੀ ਸਾਡੇ ਜਿਉਣ ਦੇ ਆਸਰੇ ਹੋ । ਗੁਰੂ ਜੀ ਨੇ ਸਾਰਿਆ ਨੂੰ ਧਰਵਾਸ ਦਿੱਤੀ ਰੋਵੋ ਨਾ ਅਸੀ ਤਹਾਡੇ ਕਰਕੇ ਹੀ ਏਥੇ ਆਏ ਸੀ ਤੇ ਤਹਾਨੂੰ ਨਾਲ ਲੈ ਕੇ ਹੀ ਜਾਵਾਂਗੇ। ਇਹ ਕਹਿ ਕੇ ਗੁਰੂ ਜੀ ਨੇ ਉਸ ਅਧਿਕਾਰੀ ਨੂੰ ਆਖਿਆ ਜਾ ਕੇ ਜਹਾਂਗੀਰ ਨੂੰ ਸਾਡੇ ਵਲੋ ਕਹਿ ਦੇ ਗੁਰੂ ਜੀ ਆਖਦੇ ਹਨ ਅਸੀ ਕੱਲੇ ਨਹੀ ਜਾਵਾਂਗੇ ਸਾਡੇ ਨਾਲ ਇਹ 52 ਰਾਜੇ ਵੀ ਜਾਣਗੇ । ਇਹ ਸੁਣ ਕੇ ਜਹਾਂਗੀਰ ਬਹੁਤ ਉਦਾਸ ਹੋਇਆ ਪਰ ਮਰਦਾ ਕੀ ਨਾ ਕਰਦਾ ਫੇਰ ਇਕ ਸ਼ਰਤ ਰੱਖੀ ਜਿਹੜਾ ਗੁਰੂ ਜੀ ਦਾ ਪੱਲਾ ਫੜ ਕੇ ਬਾਹਰ ਆ ਜਾਵੇ ਉਸ ਨੂੰ ਛੱਡ ਦਿਓ। ਜਦੋ ਗੁਰੂ ਜੀ ਨੂੰ ਇਹ ਪਤਾ ਲੱਗਾ ਤਾ ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਸੁਵਾਇਆਂ । ਤੇ ਹਰ ਇਕ ਰਾਜੇ ਨੂੰ ਉਸ ਚੋਗੇ ਦੀ ਲੜੀ ਫੜ ਕੇ ਬਾਹਰ ਆਉਣ ਬਾਰੇ ਆਖਿਆ 52 ਰਾਜਿਆ ਨੇ 52 ਲੜੀਆ ਚੋਲੇ ਦੀਆਂ ਫੜੀਆਂ ਤੇ ਗੁਰੂ ਜੀ ਨਾਲ ਬਾਹਰ ਆ ਗਏ। ਆਪ ਸਭ ਸੋਚ ਹੀ ਸਕਦੇ ਹੋ ਉਸ ਸਮੇ ਜੋ ਰਾਜਿਆ ਨੂੰ ਖੁਸ਼ੀ ਹੋਵੇਗੀ ਉਸ ਦੀ ਕੋਈ ਸੀਮਾਂ ਹੋਵੇਗੀ । ਜਦੋ ਗੁਰੂ ਜੀ ਪੜਾਅ ਦਰ ਪੜਾਅ ਕਰਦੇ ਸੰਗਤਾਂ ਨੂੰ ਉਪਦੇਸ਼ ਦੇਂਦੇ ਅੰਮ੍ਰਿਤਸਰ ਸਾਹਿਬ ਆਏ ਸੰਗਤਾਂ ਨੇ ਖੁਸ਼ੀ ਵਿੱਚ ਦੇਸੀ ਘਿਉ ਦੇ ਦੀਵੇ ਜਗਾਏ । ਸਾਰੇ ਪਾਸੇ ਰੋਸ਼ਨੀ ਹੀ ਰੋਸ਼ਨੀ ਹੋ ਗਈ ਉਸ ਦਿਨ ਦਿਵਾਲੀ ਦਾ ਵੀ ਤਿਉਹਾਰ ਸੀ ਬੰਦੀ ਛੋੜ ਤੇ ਦਿਵਾਲੀ ਇਕ ਦਿਨ ਹੋਣ ਕਰਕੇ ਸੰਗਤਾਂ ਅੱਜ ਵੀ ਇਹ ਦਿਨ ਬਹੁਤ ਖੁਸ਼ੀ ਨਾਲ ਮਨਾਉਦੀਆਂ ਹਨ ।
ਜੋਰਾਵਰ ਸਿੰਘ ਤਰਸਿੱਕਾ ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top