ਚਾਰੇ ਪਾਸੇ ਯੁੱਧ ਦਾ ਵਾਤਾਵਰਣ ਛਾਇਆ ਹੋਇਆ ਸੀ । ਐਸੇ ਵਿਚ ਕੋਈ ਸਲਾਹਕਾਰ ਠੀਕ ਹੋਵੇ ਤਾਂ ਯੁੱਧ ਦੇ ਨਤੀਜੇ ਸਾਫ਼ ਨਜ਼ਰ ਆਉਂਦੇ ਹਨ । ਵਜ਼ੀਰ ਖ਼ਾਨ ਐਸਾ ਸੀ ਜੋ ਗੱਲ ਮੁਕਾਂਦਾ ਰਿਹਾ । ਸ਼ਾਹਜਹਾਨ ਨੂੰ ਗੁਰੂ ਹਰਿਗੋਬਿੰਦ ਜੀ ਦੇ ਖ਼ਿਲਾਫ਼ ਚੁੱਕਣ ਵਾਲੇ ਬਹੁਤ ਸਨ ਪਰ ਸ਼ਾਹਜਹਾਨ ਨੂੰ ਸਹੀ ਤੇ ਠੀਕ ਸਲਾਹ ਦੇਣ ਵਾਲਾ ਵਜ਼ੀਰ ਖ਼ਾਨ ਹੀ ਸੀ ਤਾਂ ਹੀ ਤਾਂ ਯੁੱਧ ਦੇ ਨਤੀਜੇ ਐਨੇ ਸਪੱਸ਼ਟ ਤੇ ਸਾਫ਼ ਸਨ । ਵਜ਼ੀਰ ਖ਼ਾਨ ਉਨ੍ਹਾਂ ਨੂੰ ਸ਼ਾਹਜਹਾਨ ਵੱਲੋਂ ਮਿਲਿਆ ਲਕਬ ਸੀ । ਉਨ੍ਹਾਂ ਦਾ ਪੂਰਾ ਨਾਂ “ ਅਲੀਮ – ਉਦੀਨ ਅਨਸਾਰੀ ’ ਸੀ । ਥਾਮਸ ਵਿਲੀਅਮ ਬੇਐਲ ( Thomas William Beal ) ਨੇ ਓਰੀਐਂਟਲ ਬਾਇਓਗ੍ਰਾਫੀਕਲ ਡਿਕਸ਼ਨਰੀ ਵਿਚ ਇਹ ਹੀ ਲਿਖਿਆ ਹੈ , ਉਨ੍ਹਾਂ ਦੀ ਲਿਆਕਤ ਦੇ ਸਦਕੇ ਹੀ ਪੰਜਾਬ ਦੀ ਸੂਬੇਦਾਰੀ ਸ਼ਾਹਜਹਾਨ ਨੇ ਉਨ੍ਹਾਂ ਨੂੰ ਸੌਂਪੀ ਸੀ । ਉਹ ਚਿਨਉਟ ( ਜ਼ਿਲ੍ਹਾ ਝੰਗ ਦੇ ਰਹਿਣ ਵਾਲੇ ਸਨ । ਚਿਨਉਟ ਕਈ ਹੋਰ ਪ੍ਰਸਿੱਧ ਵਿਅਕਤੀਆਂ ਦਾ ਵੀ ਘਰ ਹੋਣ ਕਾਰਨ ਸਿੱਧ ਸੀ । ਅਲਾਮਾ ਸਯਦ ਅਲਾਹ ਖ਼ਾਨ ਵੀ ਉਥੋਂ ਦੇ ਰਹਿਣ ਵਾਲੇ ਸਨ । ਆਪ ਜੀ ਦਾ ਜਨਮ ਸੰਨ 1575 ਨੂੰ ਹੋਇਆ । ਚਿਨਉਟ ਵਿਚ ਵਜ਼ੀਰ ਖ਼ਾਨ ਦੇ ਵਡੇਰੇ ਕਾਫ਼ੀ ਸਮੇਂ ਤੋਂ ਰਹਿ ਰਹੇ ਸਨ । ਉਨ੍ਹਾਂ ਦੇ ਪਿਤਾ ਦਾ ਨਾਮ ਸ਼ੇਖ਼ ਅਬਦੁਲ ਲਤੀਫ਼ , ਤੇ ਦਾਦੇ ਦਾ ਨਾਂ ਸ਼ੇਖ਼ ਹਮ – ਉਦੀਨ ਸੀ । ਆਪ ਜੀ ਨੇ ਹਕੀਮੀ ਸਿੱਧ ਹਕੀਮ ਦਾਅਵੀਂ ਕੋਲੋਂ ਸਿੱਖੀ । ਵਜ਼ੀਰ ਖ਼ਾਨ ਨੇ ਅਰਬੀ ਫ਼ਾਰਸੀ ਦਾ ਗਿਆਨ ਵੀ ਹਾਸਲ ਕਰ ਲਿਆ ਸੀ । ਜਦ ਪੰਜਾਬ ਕਾਲ ਦੀ ਲਪੇਟ ਵਿਚ ਆ ਗਿਆ ਤਾਂ ਪੰਜਾਬ ਨੂੰ ਰਾਹਤ ਪਹੁੰਚਾਉਣ ਲਈ ਆਪ ਅਕਬਰ ਲਾਹੌਰ ਆਇਆ । ਉਸ ਸਮੇਂ ਗੁਰੂ ਅਰਜਨ ਦੇਵ ਜੀ ਭੁੱਖਿਆਂ ਨੂੰ ਅੰਨ ਤੇ ਦੁਖੀਆਂ ਦਾ ਦਰਦ ਵੰਡਾਉਣ ਲਈ ਲਾਹੌਰ ਆ ਟਿਕੇ ਸਨ । ਗੁਰੂ ਅਰਜਨ ਦੇਵ ਜੀ ਨੇ ਚਾਰੇ ਪਾਸੇ ਕਾਲ ਦਾ ਭਿਆਨਕ ਵਰਤਾਰਾ ਦੇਖ ਦਿਨ – ਰਾਤ ਇਕ ਕਰਕੇ ਲੋਕਾਂ ਦੀ ਪੀੜਾ ਹਰੀ । ਮੁਫ਼ਤ ਦਵਾਈਆਂ ਵੰਡੀਆਂ , ਤਸੱਲੀ ਤੇ ਦਾਨ ਦਿੱਤਾ , ਨਾਮ ਦੇ ਛੱਟੇ ਵੀ ਮਾਰੇ । ਥਾਂ – ਥਾਂ ਲੰਗਰ ਲਗਾਏ ਗਏ । ਉੱਥੇ ਹੀ ਵਜ਼ੀਰ ਖ਼ਾਨ ਦੀ ਪਹਿਲੀ ਮੁਲਾਕਾਤ ਗੁਰੂ ਅਰਜਨ ਦੇਵ ਜੀ ਨਾਲ ਹੋਈ ਤੇ ਸਿੱਖੀ ਵੱਲ ਪਰੇਰੇ ਗਏ । ਵਜ਼ੀਰ ਖ਼ਾਨ ਆਪ ਭਾਵੇਂ ਕਿੰਨੇ ਵੱਡੇ ਹਕੀਮ ਸਨ ਪਰ ਆਪਣੀ ਦਵਾ ਉਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਪਾਸੋਂ ਹੀ ਮਿਲੀ । ਜਲੌਧਰ ਦੇ ਰੋਗ ਨਾਲ ਪੀੜਤ ਜਦ ਅੰਮ੍ਰਿਤਸਰ ਪੁੱਜੇ ਤਾਂ ਗੁਰੂ ਅਰਜਨ ਦੇਵ ਜੀ ਉਸ ਸਮੇਂ ਦੁਖਭੰਜਨੀ ਪਾਸ ਅਠਸਠ ਤੀਰਥ ’ ਤੇ ਬੈਠੇ ਅੰਮ੍ਰਿਤਸਰ ਦੀ ਕਾਰ ਸੇਵਾ ਕਰਵਾ ਰਹੇ ਸਨ । ਵਜ਼ੀਰ ਖ਼ਾਨ ਦੀ ਪਾਲਕੀ ਦੁੱਖ ਭੰਜਨੀ ਹੇਠ ਰੱਖ ਦਿੱਤੀ ਗਈ ਤੇ ਕਹਾਰਾਂ ਭੁੰਜੇ ਲਿਟਾ ਦਿੱਤਾ । ਗੁਰੂ ਜੀ ਨੇ ਦੂਰੋਂ ਹੀ ਬਾਬਾ ਬੁੱਢਾ ਜੀ ਨੂੰ ਆਵਾਜ਼ ਮਾਰੀ ਤੇ ਕਿਹਾ , ਬਾਬਾ ਜੀਓ ! ਵਜ਼ੀਰ ਖ਼ਾਨੇ ਉੱਤੇ ਕਿਰਪਾ ਕਰੋ । ਬਾਬਾ ਬੁੱਢਾ ਜੀ ਨੇ ਮੁਸਕਰਾ ਦਿੱਤਾ । ਜਦ ਗੁਰੂ ਜੀ ਨੇ ਫਿਰ ਉਹ ਹੀ ਬਚਨ ਦੁਹਰਾਏ ਤਾਂ ਬੁੱਢਾ ਜੀ ਨੇ ਸਰੋਵਰ ਦੀ ਕਾਰ ਦੀ ਭਰੀ ਹੋਈ ਟੋਕਰੀ ਵਜ਼ੀਰ ਖ਼ਾਨ ਦੇ ਪੇਟ ਉੱਤੇ ਮਾਰੀ । ਸਾਰਾ ਪੇਟ ਸਾਫ਼ ਹੋ ਗਿਆ । ਗੁਰੂ ਜੀ ਨੇ ਆਪਣੇ ਹੱਥੀਂ ਕੜਾਹ ਪ੍ਰਸ਼ਾਦਿ ਦਿੱਤਾ । ਵਜ਼ੀਰ ਖ਼ਾਨ ਨੇ ਜਦ ਸਦਾ ਚਿੱਤ ਟਿਕੇ ਰਹਿਣ ਦੀ ਮੰਗ ਕੀਤੀ ਤਾਂ ਗੁਰੂ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਸੁਣਨ ਲਈ ਕਿਹਾ । ਐਸੀ ਲਿਵ ਸੁਖਮਨੀ ਸਾਹਿਬ ਦੀ ਲੱਗੀ ਕਿ ਰੋਜ਼ ਸਵੇਰੇ ਇਕ ਭਾਗੂ ਨਾਮ ਦੇ ਸਿੱਖ ਕੋਲੋਂ ਜਿਸ ਨੂੰ ਸੁਖਮਨੀ ਜ਼ਬਾਨੀ ਯਾਦ ਸੀ , ਸੁਣਦੇ । ਭਾਗੂ ਜੀ ਨੂੰ ਆਪਣੇ ਨਾਲ ਹੀ ਲੈ ਆਏ । ਪਾਠ ਪਿੱਛੋਂ ਕੜਾਹ ਪ੍ਰਸ਼ਾਦਿ ਵੀ ਵਰਤਾਉਂਦੇ । ਫਿਰ ਆਪਣੇ ਕੰਮ ਕਾਜ ਨੂੰ ਜਾਂਦੇ । ਵਜ਼ੀਰ ਖ਼ਾਨ ਦੀ ਹਕੀਮੀ ਜਦ ਲਾਹੌਰ ਵਿਚ ਨਾ ਚੱਲੀ ਤਾਂ ਉਹ ਦਿੱਲੀ ਆ ਗਏ । ਦਿੱਲੀ ਵਿਚ ਵੀ ਕਿਸਮਤ ਨੇ ਸਾਥ ਨਾ ਦਿੱਤਾ ਤਾਂ ਆਗਰੇ ਚਲੇ ਗਏ । ਇਸੇ ਦੌਰਾਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ । ਆਪ ਜੀ ਨੂੰ ਬੜਾ ਦੁੱਖ ਪਹੁੰਚਿਆ , ਪਰ ਕੁਝ ਕਰ ਨਹੀਂ ਸਨ ਸਕਦੇ । ਆਗਰੇ ਵਿਚ ਆਪ ਦੀ ਪ੍ਰਤਿਭਾ ਚਾਰੇ ਪਾਸੇ ਫੈਲਣ ਲੱਗੀ । ਸ਼ਹਿਜ਼ਾਦਾ ਖੁੱਰਮ ( ਸ਼ਾਹਜਹਾਨ ) ਨੇ ਆਪਣੇ ਪਾਸ ਰੱਖ ਲਿਆ । ਜਦ ਖੁੱਰਮ ਨੇ ਉਪਮਾ ਕੀਤੀ ਤਾਂ ਜਹਾਂਗੀਰ ਨੇ ਬੜੀ ਇੱਜ਼ਤ ਕੀਤੀ ਤੇ ਆਪਣੇ ਪਾਸ ਨਿੱਜੀ ਹਕੀਮ ਰੱਖ ਲਿਆ । ਸ਼ਹਿਨਸ਼ਾਹ , ਸ਼ਹਿਜ਼ਾਦਿਆਂ ਤੇ ਹਰਮ ਦੀਆਂ ਬੇਗਮਾਂ ਦਾ ਇਲਾਜ ਕਰਦੇ । ਆਪਣੇ ਕੰਮ ਨੂੰ ਬੜੀ ਲਗਨ ਨਾਲ ਕਰਦੇ । ਜਹਾਂਗੀਰ ਜਿੱਥੇ ਜਾਂਦਾ ਨਾਲ ਹੀ ਰੱਖਦਾ । ਵਜ਼ੀਰ ਖ਼ਾਨ ਨੇ ਕਦੀ ਕੁਝ ਮੰਗਿਆ ਹੀ ਨਹੀਂ ਸਗੋਂ ਜੋ ਵੀ ਕਮਾਇਆ ਦਵਾਖ਼ਾਨੇ , ਦਵਾਈਆਂ ਤੇ ਰੋਗੀਆਂ ਉੱਤੇ ਖਰਚ ਕੀਤਾ । ਆਪਣੇ ਕੰਮ ਵਿਚ ਬੜੀ ਸਿੱਧਤਾ ਖੱਟੀ । ਜਦ ਨੂਰ ਜਹਾਨ ਇਕ ਵਾਰੀ ਸਖ਼ਤ ਬਿਮਾਰ ਹੋ ਗਈ ਤਾਂ ਆਪ ਜੀ ਦੇ ਇਲਾਜ ਦੁਆਰਾ ਹੀ ਰਾਜ਼ੀ ਹੋਈ । ਜਦ ਨੂਰ ਜਹਾਨ ਨੇ “ ਗੁਸਲੇ ਸਿਹਤ ਕੀਤਾ ਤਾਂ ਪਿੱਛੋਂ ਉਨ੍ਹਾਂ ਨੂੰ ਬੜੇ ਇਨਾਮ ਅਕਰਾਮ ਦਿੱਤੇ ਗਏ । ਇਕ ਲੱਖ ਰੁਪਿਆ ਤਾਂ ਦਾਸੀਆਂ ਨੂੰ ਦਿੱਤਾ । ਲਿਖਿਆ ਮਿਲਦਾ ਹੈ ਕਿ ਉਸ ਦਿਨ 22 ਲੱਖ ਦੇ ਇਨਾਮ ਵਜ਼ੀਰ ਖ਼ਾਨ ਨੂੰ ਮਿਲੇ ਸਨ । ਉਹ ਲਾਹੌਰ ਆ ਗਏ ! ਜਦ ਗੁਰੂ ਹਰਿਗੋਬਿੰਦ ਜੀ ਦੀ ਗ੍ਰਿਫ਼ਤਾਰੀ ਹੋਈ ਤਾਂ ਵਜ਼ੀਰ ਖ਼ਾਨ ਦਿੱਲੀ ਕਿਸੇ ਕੰਮ ਆਇਆ ਹੋਇਆ ਸੀ । ਵਜ਼ੀਰ ਖ਼ਾਨ ਤੇ ਮੀਆਂ ਮੀਰ ਜੀ ਵਰਗੀਆਂ ਸ਼ਖ਼ਸੀਅਤਾਂ ਨੇ ਹੀ ਜਹਾਂਗੀਰ ਨੂੰ ਗੁਰੂ ਹਰਿਗੋਬਿੰਦ ਜੀ ਦੀ ਮਹਿਮਾ ਦੱਸ ਗਵਾਲੀਅਰ ਤੋਂ ਰਿਹਾਈ ਕਰਵਾਈ । ਨੂਰਜਹਾਨ ਨੇ ਜਹਾਂਗੀਰ ਨੂੰ ਕਿਹਾ ਸੀ ਕਿ ਸਾਈਂ ਦੀ ਜਾਤ ਸਾਈਂ ਜੈਸੀ ਹੁੰਦੀ ਹੈ ਸੋ ਕਿਸੇ ਦੇ ਕਹੇ ਕਹਾਏ ਰੰਗ ਨਹੀਂ ਕਰਨਾ ਚਾਹੀਦਾ । ਵਜ਼ੀਰ ਖ਼ਾਨ ਜੀ ਦੀ ਹਕੀਮੀ ਦੀ ਸ਼ੁਹਰਤ ਚਾਰੇ ਪਾਸੇ ਫੈਲ ਗਈ । ਉਨ੍ਹਾਂ ਨੂੰ ਕਾਫ਼ੀ ਧਨ ਤੇ ਮਾਲ ਲੋਕਾਂ ਦੇਣ ਲੱਗ ਪਏ , ਪਰ ਆਪ ਸਾਰਾ ਧਨ ਲੋਕਾਂ ਤੇ ਹੀ ਖ਼ਰਚ ਕਰਦੇ । ਗੁਰੂ ਹਰਿਗੋਬਿੰਦ ਜੀ ਨਾਲ ਵਜ਼ੀਰ ਖ਼ਾਨ ਦਾ ਕਾਫ਼ੀ ਪ੍ਰੇਮ ਪਿਆਰ ਵਧ ਗਿਆ । ਗੁਰੂ ਜੀ ਵੀ ਅੱਗੋਂ ਬੜਾ ਮਾਣ ਦੇਂਦੇ । ਸ਼ਾਹੀ ਦਰਬਾਰ ਵਿਚ ਜਦ ਵੀ ਕੋਈ ਗ਼ਲਤ ਗੱਲ ਗੁਰੂ ਹਰਿਗੋਬਿੰਦ ਜੀ ਬਾਰੇ ਕਰਦਾ ਤਾਂ ਵਜ਼ੀਰ ਖ਼ਾਨ ਤਦ ਉੱਥੇ ਟੋਕ ਪਾ ਸਹੀ ਗੱਲ ਦੱਸਦੇ । ਇਸੇ ਕਾਰਨ ਉਨ੍ਹਾਂ ਨੂੰ ਸਿੱਖ ਘਰ ਵਿਚ ਗੁਰੂ ਹਰਕਾਰਾ ਕਰਕੇ ਹੀ ਜਾਣਿਆ ਜਾਂਦਾ ਹੈ । ਜਦ ਗੁਰੂ ਹਰਿਗੋਬਿੰਦ ਜੀ ਕੀਰਤਪੁਰ ਵਸਾਉਣ ਲਈ ਉਧਰ ਚਲੇ ਗਏ ਤਾਂ ਵਜ਼ੀਰ ਖ਼ਾਨ ਕੀਰਤਪੁਰ ਪੁੱਜੇ ਤੇ ਬਹੁਤ ਹੀ ਭੇਟਾਵਾਂ ਪੇਸ਼ ਕੀਤੀਆਂ । ਇਤਿਹਾਸ ਵਿਚ ਜ਼ਿਕਰ ਹੈ । “ ਵਜ਼ੀਰ ਖਾਨ ਗੁਰੂ ਹੁਕਾਰਾ ਆਯੇ ਲੇਕਰ ਭੋਟ ਉਦਾਰਾ ” ਸ਼ਾਹਜਹਾਨ ਵੇਲੇ ਵਜ਼ੀਰ ਖ਼ਾਨ ਨੇ ਲਾਹੌਰ ਵਸੇਬਾ ਕਰ ਲਿਆ ਸੀ । ਸ਼ਾਹਜਹਾਨ ਜਦ ਗੱਦੀ ‘ ਤੇ ਬੈਠਦੇ ਸਾਰ ਪੰਜਾਬ ਨਾ ਆ ਸਕਿਆ ਤਾਂ ਮੌਕਾ ਜਾਣ ਸ਼ਾਹੀ ਫੌਜਾਂ ਨੇ ਗੁਰੂ ਨਾਲ ਝੜਪਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ , ਜੋ ਜੰਗ ਦੀ ਸ਼ਕਲ ਇਖ਼ਤਿਆਰ ਕਰ ਗਈਆਂ । ਪਹਿਲੀ ਜੰਗ ਸ਼ਾਹੀ ਬਾਜ਼ ਦਾ ਸ਼ਿਕਾਰ ਕਰਨ ਤੋਂ ਹੀ ਹੋ ਗਈ । ਮੁਖਲਸ ਖ਼ਾਨ ਫ਼ੌਜਾਂ ਅੰਮ੍ਰਿਤਸਰ ਚੜ੍ਹਾ ਲਿਆਇਆ । ਉਸ ਨੂੰ ਮੂੰਹ ਦੀ ਹਾਰ ਖਾਣੀ ਪਈ । ਜਿੱਤ ਗੁਰੂ ਜੀ ਦੀ ਹੋਈ । ਵਜ਼ੀਰ ਖ਼ਾਨ ਨੇ ਹੀ ਸਹੀ ਗੱਲ ਸ਼ਾਹਜਹਾਨ ਨੂੰ ਦੱਸੀ ਕਿ ਲਾਹੌਰ ਦੇ ਨਵਾਬ ਨੇ ਆਪ ਹੁਦਰੀ ਕੀਤੀ ਹੈ । ਇਸੇ ਤਰ੍ਹਾਂ ਦੂਜੀ ਜੰਗ ਵਿਚ ਵੀ ਜੋ ਹਰਿਗੋਬਿੰਦਪੁਰ ਵਿਖੇ ਹੋਈ , ਗੁਰੂ ਜੀ ਨੇ ਜਲੰਧਰ ਦੇ ਨਵਾਬ ਨੂੰ ਕਰੜੀ ਹਾਰ ਦਿੱਤੀ । ਸ਼ਾਹਜਹਾਨ ਇਤਨਾ ਤੜਫਿਆ ਕਿ ਹਰਿਗੋਬਿੰਦ ਦੇ ਨਗਰ ਢਾਹ ਦੇਣ ਦਾ ਹੁਕਮ ਵੀ ਦਿੱਤਾ । ਉਸ ਵਕਤ ਵਜ਼ੀਰ ਖ਼ਾਨ ਹੀ ਸੀ ਜਿਸ ਨੇ ਦੱਸਿਆ ਕਿ ਗੁਰੂ ਜੀ ਤਾਂ ਸੁਲਹੁ – ਕੁਲ ਹਨ । ਇਹ ਸਾਰੀ ਅੱਗ ਕਰਮਚੰਦ ਤੇ ਰਚਨਚੰਦ ਦੀ ਲਗਾਈ ਸੀ।ਜਿਸ ਨਗਰ ਵਾਸੀਆਂ ਦੇ ਮੁਸਲਮਾਨ ਵਸਨੀਕਾਂ ਲਈ ਇਕ ਮਸੀਤ ਬਣਾਈ ਹੋਈ ਹੈ ਉਹ ਭਲਾ ਦੂਜੇ ਧਰਮ ਦਾ ਦੋਖੀ ਕਿਵੇਂ ਹੋ ਸਕਦਾ ਹੈ ? ਇਸ ਤਰ੍ਹਾਂ ਵਜ਼ੀਰ ਖ਼ਾਨ ਤੇ ਦਾਰਾ ਵਰਗਿਆਂ ਨੇ ਹੀ ਨਗਰ ਦੀ ਤਬਾਹੀ ਤੋਂ ਬਚਾਇਆ । ਤੀਜੀ ਜੰਗ ਵੇਲੇ ਵੀ ਜਦ ਸ਼ਾਹਜਹਾਨ ਪੰਜਾਬ ਆਇਆ ਤਾਂ ਬੜੀਆਂ ਬੇਥਵੀਆਂ ਊਜਾਂ ਲਗਾ ਕੇ ਸ਼ਾਹਜਹਾਨ ਦੇ ਕੰਨ ਭਰੇ । ਆਖਿਆ , ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਿਲਾਉਂਦਾ ਹੈ । ਉਸ ਨੇ ਇਕ ਥੜ੍ਹਾ ਬਣਾਇਆ ਹੈ ਨਾਮ ਅਕਾਲ ਤਖ਼ਤ ਰੱਖਿਆ ਹੋਇਆ ਹੈ । ਉਨ੍ਹਾਂ ਦਾ ਆਪਣਾ ਹੀ ਕਾਨੂੰਨ ਹੈ , ਵਿਚ ਪੈ ਕੇ ਫ਼ੈਸਲਾ ਕਰਾ ਦਿੰਦੇ ਹਨ , ਕਿਸੇ ਚੰਦੂ ਦੀ ਬੇਟੀ ਦੀ ਗੱਲ ਦੱਸੀ , ਕਿਸੇ ਕੌਲਾਂ ਦਾ ਕਿੱਸਾ ਫਿਰ ਉਠਾਇਆ । ਆਖ਼ਰ ਘੋੜਿਆਂ ਦੇ ਸ਼ਾਹੀ ਕਿਲ੍ਹੇ ਤੋਂ ਭਾਈ ਬਿਧੀ ਚੰਦ ਤੋਂ ਘੋੜਾ ਉੜਾ ਲੈ ਜਾਣ ਦੀ ਵਾਰਤਾ ਸੁਣੀ ਤਾਂ ਸ਼ਾਹਜਹਾਨ ਹਮਲਾ ਕਰਨ ਦਾ ਹੁਕਮ ਦੇਣ ਹੀ ਲੱਗਾ ਸੀ ਤਾਂ ਵਜ਼ੀਰ ਖ਼ਾਨ ਨੇ ਦੱਸਿਆ ਕਿ ਇਹ ਸਭ ਆਪੂੰ ਦੋਸ਼ੀ ਹਨ । ਇਹ ਘੋੜੇ ਕਾਬਲ ਤੋਂ ਗੁਰੂ ਨੂੰ ਹੀ ਸਿੱਖਾਂ ਨੇ ਭੇਟਾ ਵਜੋਂ ਭੇਜੇ ਸਨ ਤੇ ਨਵਾਬ ਨੇ ਖੋਹ ਲਏ ਸਨ । ਗੁਰੂ ਜੀ ਨੇ ਆਪਣੀ ਭੇਟ ਹੀ ਵਾਪਸ ਲਈ ਹੈ । ਦੋਸ਼ੀ ਦੋਸ਼ ਧਰ ਰਹੇ ਹਨ । ਇਸ ਤਰ੍ਹਾਂ ਵਜ਼ੀਰ ਖ਼ਾਨ ਨੇ ਕਿਸੇ ਦੀ ਚਾਲ ਨਾ ਚੱਲਣ ਦਿੱਤੀ । ਵਜ਼ੀਰ ਖ਼ਾਨ ਨੂੰ ਪੈਂਦੇ ਖ਼ਾਨ ਨੇ ਆਪਣੇ ਨਾਲ ਹੀ ਰਲਾਣਾ ਚਾਹਿਆ ਪਰ ਉਨ੍ਹਾਂ ਨੇ ਉਸ ਨੂੰ ਵੀ ਸਮਝਾਇਆ ਕਿ ਦਾਤੇ ਨਾਲ ਖਹਿਣਾ ਨਹੀਂ ਚਾਹੀਦਾ । ਪੈਂਦੇ ਖ਼ਾਨ ਨੇ ਕਿਹਾ , ਸ਼ਾਇਦ ਗੁਰੂ ਜੀ ਦੇ ਕੜਾਹ ਪ੍ਰਸ਼ਾਦਿ ਦਾ ਅਸਰ ਤੇਰੇ ‘ ਤੇ ਹੋ ਗਿਆ ਪਰ ਵਜ਼ੀਰ ਖ਼ਾਨ ਨੇ ਮੋੜਵਾਂ ਕਿਹਾ , ਮੈਂ ਤਾਂ ਨਿਰਾ ਕੜਾਹ ਪ੍ਰਸ਼ਾਦਿ ਲਿਆ ਹੈ , ਤੂੰ ਤਾਂ ਲੂਣ ਵੀ ਗੁਰੂ ਜੀ ਦਾ ਖਾਧਾ ਹੈ । ਹੁਣ ਉਸ ਨੂੰ ਹਰਾਮ ਕਰਕੇ ਆਕਬਤ ਖ਼ਰਾਬ ਨਾ ਕਰ | ਵਜ਼ੀਰ ਖ਼ਾਨ ਅਸਲ ਵਿਚ ਹੁਣ ਹਰੰਕਾਰੇ ਨਾਲੋਂ ਪਹਿਰੇਦਾਰ ਦਾ ਕੰਮ ਕਰ ਰਿਹਾ ਸੀ । ਗੁਰੂ ਜੀ ਉੱਤੇ ਹਮਲੇ ਬਾਰੇ ਮੁਗਲ ਦਰਬਾਰ ਵਿਚ ਕਈ ਵਾਰੀ ਹਮਲਾ ਕਰਨ ਦੀਆਂ ਵਿਉਂਤਾਂ ਬਣੀਆਂ ਪਰ ਵਜ਼ੀਰ ਖ਼ਾਨ ਇਹ ਕਹਿ ਚੁੱਪ ਕਰਾ ਦਿੰਦਾ ਕਿ ਗੁਰੂ ਘਰ ਤਾਂ ਹਰ ਇਕ ਲਈ ਖੁੱਲ੍ਹਾ ਹੈ । ਉੱਥੇ ਲੰਗਰ ਚਲਦੇ ਹਨ , ਪੀਰਾਂ ਫ਼ਕੀਰਾਂ ਦਾ ਜਿੱਤਣਾ ਕੀ ਔਖਾ ਹੈ । ਸਿਰ ਝੁਕਾ ਦੇਈਏ ਤਾਂ ਜਿੱਤ ਲਏ । ਫੇਰ ਜੋ ਮੰਗੋ ਸੋ ਲਵੋ । ਇਹ ਤਾਂ ਕਦੀਮੀ ਚਾਲ ਹੈ । ਫ਼ਕੀਰ ਦੁਨੀਆਦਾਰਾਂ ਅੱਗੇ ਕਦੀ ਨਹੀਂ ਨਿਉਂਦੇ ਕਿਉਂਕਿ ਉਹ ਬੇਗਰਜ਼ ਹੁੰਦੇ ਹਨ ਤੇ ਦੁਨੀਆਂਦਾਰ ਗ਼ਰਜ਼ਮੰਦ ਹਨ । ਉਹ ਕਹਿੰਦੇ ਕਿ ਗੁਰੂ ਹਰਿਗੋਬਿੰਦ ਅਲਾਹ ਦਾ ਰੂਪ ਹਨ । ਜਦ ਖੁਦਾ ਹੀ ਉਨ੍ਹਾਂ ਵੱਲ ਹੋਇਆ ਤਾਂ ਬੰਦਿਆਂ ਦੀ ਕੀ ਪੇਸ਼ ਜਾ ਸਕਦੀ ਹੈ । ਅਲਾਹ ਮਨ ਫਕਰ ਛਕਰ ਮਨ ਅਲਾ ਹੈ ਵਜ਼ੀਰ ਖ਼ਾਨ ਸਦਾ ਰੱਬ ਦੀ ਯਾਦ ਵਿਚ ਜੁੜਨ ਵਾਲੇ ਬੰਦੇ ਸਨ । ਹਮੇਸ਼ਾ ਜ਼ਿਕਰ ਵਿਚ ਰਹਿੰਦੇ । ਉਨ੍ਹਾਂ ਲਾਹੌਰ ਇਕ ਮਸੀਤ ਬਣਾਈ ਜਿਸ ਦੀ ਇਮਾਰਤ ਸਾਜ਼ੀ ਤੋਂ ਪਤਾ ਲਗਦਾ ਹੈ ਕਿ ਹਿੰਦ – ਈਰਾਨ ਦਾ ਸੁਮੇਲ ਹੈ । ਮਸੀਤ ਨਾਲ ਲੰਗਰ , ਲਾਇਬਰੇਰੀ , ਮਦਰਸਾ , ਦਵਾਖ਼ਾਨਾ ਤੇ ਮੁਸਾਫ਼ਰਾਂ ਦੇ ਟਿਕਣ ਲਈ ਸਰ੍ਹਾਂ ਵੀ ਬਣਾਈ । ਲੰਗਰ ਦੀ ਪ੍ਰਥਾ ਵੀ ਚਲਾਈ । ਇਹ ਸਭ ਉਨ੍ਹਾਂ ਗੁਰੂ ਘਰ ਤੋਂ ਹੀ ਪ੍ਰਭਾਵਿਤ ਹੋ ਕੇ ਕੀਤਾ ਸੀ । ਦੂਰੋਂ – ਦੂਰੋਂ ਵਿੱਦਿਆ ਹਾਸਲ ਕਰਨ ਲਈ ਲੋਕੀਂ ਆਉਂਦੇ । ਸਿੱਖ ਰਾਜ ਦੇ ਕਈ ਮੁਖੀਆਂ ਨੇ ਵੀ ਇੱਥੋਂ ਹੀ ਪਿੱਛੋਂ ਵਿੱਦਿਆ ਲਈ । ਅੱਜਕੱਲ੍ਹ ਉੱਥੇ ਲਾਹੌਰ ਦੀ . ਪਬਲਿਕ ਲਾਇਬਰੇਰੀ ਬਣੀ ਹੋਈ ਹੈ । 1641 ਈ : ਦੇ ਆਰੰਭ ਵਿਚ ਉਨ੍ਹਾਂ ਦੀ ਮ੍ਰਿਤੂ ਹੋ ਗਈ । ਸ਼ਾਹਜਹਾਨ ਨੇ ਕੀਮਤੀ ਤੌਹਫ਼ੇ ਭੇਜੇ ਤੇ ਗੁਰੂ ਹਰਿਗੋਬਿੰਦ ਜੀ ਨੇ ਵੀ ਕੀਰਤਪੁਰ ਤੋਂ ਖ਼ਾਸ ਪੁਸ਼ਾਕ , ਤੇ ਦਸਤਾਰ ਉਨ੍ਹਾਂ ਦੇ ਤਿੰਨ ਪੁੱਤਰਾਂ ਸਸ਼ੀਦ ਖ਼ਾਨ , ਸਲਾਹ – ਉਦੀਨ ਖ਼ਾਨ , ਮੀਰ ਤੋਜ਼ਕ ਲਈ ਭੇਜੀਆਂ । ਇਹ ਹੀ ਕਹਿਣਾ ਫਬਦਾ ਹੈ ਕਿ ਵਜ਼ੀਰ ਖ਼ਾਨ ਹੀ ਇਕ ਐਸਾ ਸ਼ਾਹੀ ਕਰਿੰਦਾ ਸੀ ਜਿਸ ਨੇ ਧਰਮ ਦੀਆਂ ਲੀਕਾਂ ਮੇਟ ਕੇ ਸੱਚ ਦੀ ਉਚਿੱਤਤਾ ਦਰਸਾਈ । ਐਸੇ ਜਿਸ ਸਮੇਂ ਵੀ ਹੁੰਦੇ ਹਨ ਉੱਥੇ ਗ਼ਲਤ ਕਦਮ ਚੁੱਕ ਧਰਮ ਅਸਥਾਨਾਂ ਤੇ ਬਲਿਊ ਸਟਾਰ ਵਰਗੇ ਕੁਕਰਮ ਨਹੀਂ ਹੁੰਦੇ ।

Begin typing your search term above and press enter to search. Press ESC to cancel.

Back To Top