ਸੰਧਿਆ ਵੇਲੇ ਦਾ ਹੁਕਮਨਾਮਾ – 13 ਨਵੰਬਰ 2022
ਧਨਾਸਰੀ ਮਹਲਾ ੫ ॥ ਨਾਮੁ ਗੁਰਿ ਦੀਓ ਹੈ ਅਪੁਨੈ ਜਾ ਕੈ ਮਸਤਕਿ ਕਰਮਾ ॥ ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ ਧਰਮਾ ॥੧॥ ਜਨ ਕਉ ਨਾਮੁ ਵਡਾਈ ਸੋਭ ॥ ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ ॥੧॥ ਰਹਾਉ ॥ ਨਾਮ ਧਨੁ ਜਿਸੁ ਜਨ ਕੈ ਪਾਲੈ ਸੋਈ ਪੂਰਾ ਸਾਹਾ ॥ ਨਾਮੁ ਬਿਉਹਾਰਾ ਨਾਨਕ ਆਧਾਰਾ ਨਾਮੁ ਪਰਾਪਤਿ ਲਾਹਾ ॥੨॥੬॥੩੭॥
ਅਰਥ : ਹੇ ਭਾਈ ! ਜਿਸ ਮਨੁੱਖ ਦੇ ਮੱਥੇ ਉਤੇ ਭਾਗ (ਜਾਗ ਪਏ) ਉਸ ਨੂੰ ਪਿਆਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ। ਉਸ ਮਨੁੱਖ ਦਾ (ਫਿਰ) ਸਦਾ ਦਾ ਕੰਮ ਹੀ ਜਗਤ ਵਿਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰਿ-ਨਾਮ ਦ੍ਰਿੜ੍ਹ ਕਰਾਂਦਾ ਹੈ ਜਪਾਂਦਾ ਹੈ (ਜਪਣ ਲਈ ਪ੍ਰੇਰਨਾ ਕਰਦਾ ਹੈ) ॥੧॥ ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਦਾ ਨਾਮ (ਹੀ) ਵਡਿਆਈ ਹੈ ਨਾਮ ਹੀ ਸੋਭਾ ਹੈ। ਹਰਿ-ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ, ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁਝ ਪਰਮਾਤਮਾ ਦੀ ਰਜ਼ਾ ਵਿਚ ਹੁੰਦਾ ਹੈ, ਸੇਵਕ ਉਸ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ॥੧॥ ਰਹਾਉ॥ ਪਰਮਾਤਮਾ ਦਾ ਨਾਮ-ਧਨ ਜਿਸ ਮਨੁੱਖ ਦੇ ਪਾਸ ਹੈ, ਉਹੀ ਪੂਰਾ ਸਾਹੂਕਾਰ ਹੈ। ਹੇ ਨਾਨਕ! ਉਹ ਮਨੁੱਖ ਹਰਿ-ਨਾਮ ਸਿਮਰਨ ਨੂੰ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ, ਨਾਮ ਦਾ ਹੀ ਉਸ ਨੂੰ ਆਸਰਾ ਰਹਿੰਦਾ ਹੈ, ਨਾਮ ਦੀ ਹੀ ਉਹ ਖੱਟੀ ਖੱਟਦਾ ਹੈ ॥੨॥੬॥੩੭॥
🙏🙏🌼🌸🌺Satnam Sri Waheguru Ji Kirpa Kro Ha Kipalu Ha Dialu Tera Lakh Lakh Shukar Ha Waheguru Ji🌼🌸🌺🙏🙏