ਅਮ੍ਰਿਤ ਵੇਲੇ ਦਾ ਹੁਕਮਨਾਮਾ – 17 ਜਨਵਰੀ 2023
ਅੰਗ : 646
ਸਲੋਕੁ ਮਃ ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ ਮਃ ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥
ਅਰਥ:- ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ।1। ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ।2। (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ)।11।