ਅਮ੍ਰਿਤ ਵੇਲੇ ਦਾ ਹੁਕਮਨਾਮਾ – 31 ਅਕਤੂਬਰ 2024
ਅੰਗ : 584
ਵਡਹੰਸੁ ਮਹਲਾ ੩ ॥ ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥ ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥ ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥ ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥ ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ ॥ ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ ॥੧॥
ਅਰਥ: ਇਹ ਸਰੀਰ ਨਾਸ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ ਆ ਦਬਾਂਦਾ ਹੈ। ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ (ਮੋਹ ਵਿਚ ਗ਼ਰਕ ਹੋਣ ਤੋਂ) ਬਚ ਜਾਂਦੇ ਹਨ ਪਰ ਹੋਰ ਜਮਦੇ ਤੇ ਮਰਦੇ ਹਨ। ਹੋਰ ਜਮਦੇ ਤੇ ਮਰਦੇ ਹਨ ਤੇ ਅੰਤ (ਮਰਨ) ਵੇਲੇ ਪਛਤਾਂਦੇ ਹਨ; ਹਰਿ-ਨਾਮ ਤੋਂ ਬਿਨਾ ਆਤਮਕ-ਜੀਵਨ ਦਾ ਸੁੱਖ ਨਹੀਂ ਮਿਲਦਾ। ਇਸ ਲੋਕ ਵਿਚ ਜੀਵ ਜੇਹੜੀ ਕਰਣੀ ਕਮਾਂਦਾ ਹੈ ਉਹੀ ਫਲ ਭੋਗਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪ੍ਰਭੂ-ਦਰਬਾਰ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ। (ਉਨ੍ਹਾਂ ਲਈ) ਜਮ ਰਾਜ ਦੀ ਪੁਰੀ ਵਿਚ ਵੀ ਘੁੱਪ ਹਨੇਰਾ, ਬਹੁਤ ਹਨੇਰਾ ਹੀ ਬਣਿਆ ਰਹਿੰਦਾ ਹੈ, ਉਥੇ ਭੈਣ ਜਾਂ ਭਰਾ ਕੋਈ ਸਹਾਇਤਾ ਨਹੀਂ ਕਰ ਸਕਦਾ। ਇਹ ਸਰੀਰ ਪੁਰਾਣਾ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ (ਜ਼ਰੂਰ) ਆ ਜਾਂਦਾ ਹੈ ॥੧॥