ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ – ਵਿਛੋੜਾ ਭਾਗ 5

ਪੂਰਨ ਮਸੰਦ ਦੇ ਘਰੋਂ ਚੱਲ ਕੇ ਭਾਈ ਜੀਊਣੇ ਦੇ ਰਾਹ ਦੱਸਣ ‘ ਤੇ ਗੁਰੂ ਜੀ ਜੰਗਲ ਨੂੰ ਹੋਏ । ਉਸ ਵੇਲੇ ਦਿਨ ਚੜ੍ਹ ਰਿਹਾ ਸੀ ਉਹ ਪਿੰਡੋਂ ਬਾਹਰ ਹੋਣ ਲੱਗੇ ਤਾਂ ਬੱਕਰੀਆਂ ਦੇ ਮਿਆਂਕਣ ਦੀ ਆਵਾਜ਼ ਸੁਣੀ।ਪਹਿਲਾਂ ਤਾਂ ਖ਼ਿਆਲ ਕੀਤਾ , ਬੱਕਰੀਆਂ ਦੇ ਅਯਾਲੀ ਪਾਸੋਂ ਦੁੱਧ ਲੈਣ । ਪਰ ਨਾ ਖਲੋਤੇ । ਅੱਗੇ ਨਿਕਲੇ । ਜੰਗਲ ਵਿਚ ਪੁੱਜੇ । ਸੰਘਣੇ ਜੰਗਲ ਵਿਚ ਇਕ ਜੰਡ ਆਇਆ । ਉਸ ਜੰਡ ਦੇ ਹੇਠਾਂ – ਥਾਂ ਸਾਫ਼ ਸੀ । ਇਕ ਉਭਰੀ ਜੜ੍ਹ ਉੱਤੇ ਸਿਰ ਰੱਖ ਕੇ ਲੇਟ ਗਏ । * ਜੰਡ ਦੇ ਹੇਠਾਂ ਸੌਂ ਗਏ । ਨੀਂਦ ਆ ਗਈ । ਕ੍ਰਿਪਾਨ ਨੂੰ ਹੱਥ ਵਿਚ ਰੱਖ ਲਿਆ । ਫ਼ਰੀਦ ਜੀ ਦੇ ਕਥਨ ਅਨੁਸਾਰ , “ ਇਟ ਸਰਹਾਣੇ ਭੋਏਂ ਸਵਣ ਕੀਤਾ । ਮਖ਼ਮਲੀ ਸੇਜਾਂ ‘ ਤੇ ਆਰਾਮ ਕਰਨ ਵਾਲੇ ਧਰਤੀ ‘ ਤੇ ਲੇਟੇ — ਸਮਾਂ ਵੀ ਉਹ ਜਦੋਂ ਕਿ ਵੈਰੀ ਕਈ ਲੱਖ ਦੀ ਗਿਣਤੀ ਵਿਚ ਭਾਲ ਕਰ ਰਿਹਾ ਸੀ । ਝਾੜੀ ਝਾੜੀ ਵਿਚੋਂ ਆਵਾਜ਼ ਆ ਰਹੀ ਸੀ , “ ਦੱਸੋ ਕਿਤੇ ਸਿੱਖ ਪੀਰ ਦੇਖਿਆ | ਗੁਰੂ ਜੀ ਦੀ ਜੰਡ ਹੇਠਾਂ ਅੱਖ ਲੱਗ ਗਈ । ਵਾਹਵਾ ਚਿਰ ਆਰਾਮ ਕਰ ਲਿਆ ਤਾਂ ਅੱਖ ਖੁੱਲ੍ਹਣ ਦੇ ਨਾਲ ਹੀ ਮਨੁੱਖੀ ਆਵਾਜ਼ਾਂ ਸੁਣਾਈ ਦਿੱਤੀਆਂ , ਉੱਠ ਕੇ ਖਲੋ ਗਏ ਤੇ ਵੌੜ ਲਈ । “ ਦੇਖੋ ! ਔਹ ਜਾਂਦੇ ਜੇ ? … ਰਹੀਮ ਬਖ਼ਸ਼ – ਔਧਰ ਹੋ । ” ਇਉਂ ਭਾਂਤ ਭਾਂਤ ਦੀਆਂ ਆਵਾਜ਼ਾਂ ਕੱਸੀਆਂ ਜਾਂਦੀਆਂ ਸੁਣਾਈ ਦਿੱਤੀਆਂ । ਦੀਨ ਦੁਨੀ ਦੇ ਮਾਲਕ , ਜਿਨ੍ਹਾਂ ਨੇ ਭਾਰਤ ਦੀ ਗ਼ੁਲਾਮੀ ਦੇ ਸੰਗਲ ਕੱਟਣ ਲਈ ਇਕ ਸ਼ਕਤੀ ਪੈਦਾ ਕੀਤੀ , ਮਹਾਨ ਇਨਕਲਾਬ ਲਿਆਂਦਾ । ਜਿਹੜੇ ਤਲਵਾਰ ਕੋਲੋਂ ਡਰਦੇ ਸਨ , ਜਿਨ੍ਹਾਂ ਨੇ ਰਾਤ ਬਾਹਰ ਨਿਕਲ ਕੇ ਨਹੀਂ ਸੀ ਤੱਕਿਆ , ਉਹਨਾਂ ਨੂੰ ਤੀਰ ਕਮਾਨ ਕ੍ਰਿਪਾਨ ਫੜਾ ਦਿੱਤੀ । ਘੋੜ – ਸਵਾਰੀ ਸਿਖਾਈ ਤੇ ਜੰਗਜੂ ਬਣਾਇਆ । ਖ਼ਾਲਸਾ ਸਾਜਿਆ , ਘਸੀਟੇ ਦਾ ਨਾਂ ਬਦਲ ਕੇ ਪਹਾੜ ਸਿੰਘ ਰੱਖਿਆ ਤੇ ਆਜ਼ਾਦੀ ਦੀ ਜੰਗ ਆਰੰਭ ਕੀਤੀ । ਧਰਮ ਤੇ ਕੌਮ ਤੋਂ ਕੁਝ ਵੀ ਲੁਕਾ ਕੇ ਨਾ ਰੱਖਿਆ । ਰੌਲਾ ਮਿਟਿਆ । ਲੱਭਣ ਵਾਲੇ ਪਰੇ ਨੂੰ ਚਲੇ ਗਏ ਤਾਂ ਪੂਰਬ ਦੱਖਣ ਦਿਸ਼ਾ ਵੱਲ ਚਲੇ ਗਏ । ਪੈਰਾਂ ਵਿਚ ਛਾਲੇ ਪੈ ਗਏ ਸੀ । ਗੁਲਾਬੀ ਰੰਗ ਦੀਆਂ ਪੈਰਾਂ ਦੀਆਂ ਤਲੀਆਂ ਲਹੂ ਨਾਲ ਲਾਲ ਹੋ ਗਈਆਂ । ਭਲ ਪੈ ਗਈ । ਤੁਰਨਾ ਕਠਨ ਸੀ । ਭਾਈ ਜੀਊਣੇ ਦੀ ਦਿੱਤੀ ਟਿੰਡ ਤੇ ਉਸ ਵਿਚਲੀ ਅੱਗ ਨਾਲ ਹੋਰ ਅੱਗ ਬਾਲ ਕੇ ਸੇਕੀ । ਸਰੀਰ ਨੂੰ ਗਰਮ ਕੀਤਾ ਸੀ , ਚਰਨਾਂ ਨੂੰ ਵੀ ਸੇਕਿਆ ਸੀ , ਚਰਨਾਂ ਦੀ ਸੋਜ ਮੱਠੀ ਨਾ ਹੋਈ । ਪੂਰਬ ਦੱਖਣ ਵੱਲ ਮਾਹੀ ਚੱਲ ਪਿਆ । ਜੰਗਲ ਸੰਘਣਾ ਸੀ । ਕਰੀਰ ਮਲ੍ਹੇ , ਕਿੱਕਰ ਦੇ ਕਬੂਟੇ ਕੰਡਿਆਂ ਵਾਲੇ , ਲੰਘਣਾ ਔਖਾ ਸੀ , ਫਿਰ ਵੀ ਤੁਰੇ ਗਏ , ਜਾਮਾ ਕੰਡਿਆਂ ਨਾਲ ਅੜਦਾ , ਕਿਤੇ ਬਚਾ ਲੈਂਦੇ ਤੇ ਕਿਤੇ ਖਿੱਚ ਕੇ ਅੱਗੇ ਵਧਦੇ ਤਾਂ ਉਸ ਦੀ ਲੀਰ ਲੱਥ ਜਾਂਦੀ । ਆ ਗਏ ਦੂਰ — ਬਲੋਲ ਪੁਰ ਤੇ ਕਿੜੀ ਤੋਂ ਦੂਰ । ਆਪਣੀ ਵੱਲੋਂ ਤਾਂ ਪੈਂਡਾ ਬਹੁਤ ਕੀਤਾ – ਪਰ ਜੰਗਲ ਹੋਣ ਕਰਕੇ ਬਹੁਤ ਦੂਰ ਨਾ ਜਾ ਸਕੇ । ਕਰੀਰਾਂ ਤੇ ਬੇਰੀਆਂ ਦਾ ਝਾੜ ਆਇਆ , ਭਾਰੀ ਝਾੜ । ਉਸ ਝਾੜ ਵਿਚ ਮੁੜ ਆਸਣ ਲਾਇਆ । * ਉਸ ਝਾੜ ਵਿਚ ਅੱਕ ਲੱਗਾ , ਅੱਕ ਵੀ ਖੇੜੇ ਉੱਤੇ ਸੀ , ਫੁੱਲ ਲੱਗੇ ਸਨ । ਅੱਕ ਦੇ ਫੁੱਲਾਂ ਨੂੰ ਤੋੜਿਆ । ਕਮਰਕੱਸਾ ਖੋਲ੍ਹ ਕੇ ਉਹਨਾਂ ਨੂੰ ਸਾਫ਼ ਕੀਤਾ ਤੇ ਅਕਾਲ ਪੁਰਖ ਦਾ ਨਾਮ ਲੈ ਕੇ ਛਕ ਗਏ । ਅੱਕਾਂ ਦੇ ਫੁੱਲ ਗਰਮ ਹੁੰਦੇ ਹਨ । ਸਿਆਲ ਦੇ ਵਿਚ ਗਰਮੀ ਪਹੁੰਚਾਉਂਦੇ ਤੇ ਸਰੀਰ ਦੀ ਭੁੱਖ ਨੂੰ ਘਟਾਉਂਦੇ ਤੇ ਸ਼ਕਤੀ ਦਿੰਦੇ ਹਨ । ਭਾਈ ਗੁਰਦਾਸ ਜੀ ਨੇ ਜੋ ਸਤਿਗੁਰੂ ਨਾਨਕ ਦੇਵ ਜੀ ਦੇ ਬਾਬਤ ਉਚਾਰਿਆ ਹੈ : ਰੇਤ ਅੱਕ ਆਹਾਰੁ ਕਰਿ , ਰੋੜਾ ਕੀ ਗੁਰ ਕਰੀ ਵਿਛਾਈ । ਭਾਰੀ ਕਰੀ ਤਪਸਿਆ , ਬਡੇ ਭਾਗੁ ਹਰਿ ਸਿਉ ਬਣਿ ਆਈ । ( ਵਾਰ ੧ , ਪਉੜੀ ੨੪ ) ਉਹਨਾਂ ਨੇ ਭਾਰੀ ਤਪਸਿਆ ਕੀਤੀ – ਅੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੀ ਐਸਾ ਹੀ ਆਹਾਰ ਕਰਨਾ ਪਿਆ । ਹੇਠਾਂ ਧਰਤੀ ਕਰੜੀ ਸੀ । ਘਾਹ ਨਹੀਂ ਸੀ , ਕਰੀਰਾਂ ਦੀ ਛਾਂ ਕਰ ਕੇ ਰੋੜਾਂ ਵਾਲੀ ਪੱਕੀ ਥੋੜ੍ਹੀ ਸੀ । ਘੱਟਾ ਮੀਂਹ ਨਾਲ ਬੈਠ ਗਿਆ ਸੀ । ਦਾਤਾ ਬਾਂਹ ਸਿਰਹਾਣੇ ਰੱਖ ਕੇ ਲੇਟ ਗਿਆ । ਹਨੇਰੇ ਦੀ ਉਡੀਕ ਕਰਨੀ ਸੀ । ਕਿਉਂਕਿ ਦਿਨੇ ਚੱਲਣਾ ਔਖਾ ਸੀ । ਫ਼ੌਜ ਫਿਰਦੀ ਸੀ । ਰੋਪੜ ਤੋਂ ਸਮਰਾਲੇ ਤਕ ਮੁਗ਼ਲ ਲਸ਼ਕਰ ਪਾਗ਼ਲ ਹੋਇਆ ਫਿਰਦਾ ਸੀ । ਕਿਉਂਕਿ ਚਮਕੌਰ ਵਿਚ ਭਾਈ ਸੰਗਤ ਸਿੰਘ ਜੀ ਨੂੰ ਦੇਖ ਕੇ ਮੁਗ਼ਲਾਂ ਨੂੰ ਭਰੋਸਾ ਹੋ ਗਿਆ ਸੀ ਕਿ ਗੁਰੂ ਜੀ ਅੱਗੇ ਚਲੇ ਗਏ । ‘ ਅੱਗੇ ਕਿਥੇ ਕੁ ਜਾਣਗੇ ? ਉਹਨਾਂ ਦੇ ਕਿਆਸ ਸਨ । ਉਹ ਭਾਲਦੇ ਫਿਰਦੇ ਸੀ । ਧਰਮ ਤੇ ਦੇਸ਼ ਬਦਲੇ ਅਸਾਡੇ ਵੱਡਿਆਂ ਨੂੰ ਕਿੰਨੇ ਕਸ਼ਟ ਉਠਾਉਣੇ ਪਏ ? ਦੇਖੋ ਮਖ਼ਮਲੀ ਸੇਜ ਉੱਤੇ ਲੇਟਣ ਵਾਲੇ ਕਰੜੀ ਧਰਤੀ ਉੱਤੇ ਲੇਟ ਗਏ , ਸੱਪ ‘ ਤੇ ਬਿੱਛੂ ਦੂਰ ਖਲੋ ਗਏ । ਕੀੜੇ – ਮਕੌੜੇ ਤੇ ਪੰਛੀ ਚੁੱਪ ਹੋ ਗਏ । ਉਹ ਵੀ ਹੈਰਾਨ ਸਨ । ਦੀਨ – ਦੁਨੀ ਦਾ ਮਾਲਕ ਉਹਨਾਂ ਕੋਲ ਚੱਲ ਕੇ ਆਇਆ । ਧਰਤੀ ਨੂੰ ਭਾਗ ਲਾਉਣ । ਜੁਗਾਂ ਤੋਂ ਚਲੀ ਆ ਰਹੀ ਅਨ – ਸਤਿਕਾਰੀ ਧਰਤੀ । ਦਾਤੇ ਦੇ ਚਰਨ ਪੈਣ ਨਾਲ ਭਾਗਾਂ ਵਾਲੀ ਬਣ ਗਈ । ਉਥੇ ਲੇਟਿਆਂ ਹੋਇਆਂ ਸਤਿਗੁਰੂ ਜੀ ਨੇ ਅਨੰਦਪੁਰ ਤੇ ਅਨੰਦਪੁਰ ਤੋਂ ਚੱਲ ਕੇ ਝਾੜ ਤਕ ਪਹੁੰਚਣ ਦੇ ਸਾਰੇ ਹਾਲਾਤ ਉੱਤੇ ਵੀਚਾਰ ਕੀਤੀ — ਇਕ ਫ਼ਿਲਮ ਬਣ ਕੇ ਸਾਰੇ ਹਾਲਾਤ ਨੇਤਰਾਂ ਅੱਗੋਂ ਦੀ ਲੰਘੇ । – “ ਮਾਤਾ ਜੀ ! ” ਉਹਨਾਂ ਨੇ ਖ਼ਿਆਲ ਕੀਤਾ , “ ਬਿਰਧ ਮਾਤਾ ਜੀ ਤੇ ਛੋਟੇ ਬਾਬੇ ( ਸਾਹਿਬਜ਼ਾਦੇ ) ਕਿਧਰ ਗਏ ਹੋਣਗੇ ? ਕਿਤੇ ਸਰਸਾ ਦੀ ਭੇਟ ਨਾ ਹੋ ਗਏ ਹੋਣ । ਆਤਮਾ ਦੀ ਉਡਾਰੀ ਹੋਰ ਉੱਚੀ ਹੋਈ — ਅੱਗੇ ਵਧੀ । ਧਨ , ਮਾਲ , ਡੰਗਰ , ਅਨੰਦਪੁਰ , ਸਿੱਖ ਸੇਵਕ , ਆਪਣੇ ਮਹਿਲ , ਮਾਤਾ ਜੀ , ਸਾਹਿਬਜ਼ਾਦੇ , ਸਾਰੇ ਹੀ ਨੇਤਰਾਂ ਅੱਗੇ ਆਏ ਤੇ ਇਹੋ ਆਖੀ ਗਏ , “ ਤੇਰਾ ਭਾਣਾ ਮੀਠਾ ਲਾਗੇ । ” ਗੁਰੂ ਜੀ ਦੀ ਸੁਰਤਿ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਗਈ । ਸੰਸਾਰਕ ਤੇ ਧਰਤੀ ਦੇ ਜੀਵਨ ਨੂੰ ਭੁੱਲ ਗਏ , ਸੁਰਤਿ ਜੁੜੀ ਤਾਂ ਅਕਾਲ ਉਸਤਤ ਕਰਨ ਨਮਸਤੰ ਅਕਰਮੰ ॥ ਨਮਸਤੰ ਅਧਰਮੰ ॥ ਨਮਸਤੰ ਅਨਾਮੰ ॥ ਨਮਸਤੰ ਅਧਾਮੰ ॥ —– ***** —– ***** ਜਲੇ ਹਰੀ ॥ ਥਲੇ ਹਰੀ ॥ ਉਰੇ ਹਰੀ…ਬਨੇ ਹਰੀ ॥੧॥੫੧ ॥ ਗਿਰੇ ਹਰੀ ॥ ਗੁਫੇ ਹਰੀ ॥ ਛਿਤੇ ਹਰੀ ॥ ਨਭੈ ਹਰੀ ॥੨॥੫੨ ॥ ਈਹਾਂ ਹਰੀ ॥ ਊਹਾਂ ਹਰੀ ॥ ਜਿਮੀ ਹਰੀ ॥ ਜਮਾਂ ਹਰੀ ॥੩॥੫੩ ॥ ਸੁਰਤਿ ਹੋਰ ਜੁੜ ਗਈ , ਐਨੀ ਜੁੜੀ ਕਿ ਹਰੀ ਤੋਂ ਬਿਨਾਂ ਕੁਝ ਵੀ ਨਜ਼ਰ ਨਾ ਆਉਣ ਲੱਗਾ । ਸੁਰਤੀ ਹਰੀ ( ਅਕਾਲ ਪੁਰਖ ) ਨੂੰ ਸੰਬੋਧਨ ਕਰ ਕੇ ਜਿਵੇਂ ਦਾਤੇ ਦੇ ਕੋਲ ਹਰੀ ਆ ਗਿਆ ਸੀ- “ ਤੂਹੀ ਤੂੰ ” ਦਾ ਜਪਨ ਕਰਨ ਲੱਗ ਪਏ । ਜਲਸ ਤੁਹੀ ॥ ਥਲਸ ਤੁਹੀ ॥ ਨਦਿਸ ਤੂਹੀ ਨਦਸੁ ਤੂਹੀ ਬ੍ਰਿਛਸ ਤੁਹੀ । ਪਤਸ ਤੁਹੀ ॥ ਛਿਤਸ ਤੁਹੀ ॥ ਉਰਧਸ ਤੁਹੀ ॥ ਭਜਮ ਤੁਅੰ ॥ ਭਜਸ ਤੁਅੰ ॥ ਰਟਸ ਤੁਅੰ । ਨਤਮ ਤੁਅੰ ॥੧੫॥੬੫ ॥ ਜਿਮੀ ਤੁਹੀ ॥ ਜਮਾ ਤੁਹੀ ॥ ਮਕੀ ਤੁਹੀ ॥ ਮਕਾ ਤੁਹੀ ॥੧੬॥੬੬ ॥ ਅਭੂ ਤੂਹੀ ॥ ਅਛੈ ਤੁਹੀ ॥ ਅਛੂ ਤੁਹੀ ॥ ਅਛੇ ਤੁਹੀ ॥ ਜਤਸ ਤੁਹੀ ॥ ਬ੍ਰਤਸ ਤੁਹੀ ॥ ਗਤਸ ਤੂਹੀ ॥ ਮਤਸ ਤੂਹੀ ॥੧੮॥੬੮ ॥ ਸੂਰਤ ਐਸੀ ਵਜਦ ਵਿਚ ਆਈ , ਇਕ ਦਮ ਆਪਾ ਭੁੱਲ ਕੇ ਉਹ ਤੁਹੀ ਤੁਹੀ ॥ ਤੁਹੀ ਤੁਹੀ ॥ ਤੂਹੀ ਤੂਹੀ ॥ ਤੁਹੀ ਤੁਹੀ ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥ ( ਅਕਾਲ ਉਸਤਤਿ , ੨੦-੭੦ ) ਉਸ ਦਾ ਸਿਮਰਨ ਕਰਨ ਲੱਗ ਪਈ । ਐਸਾ ਸਿਮਰਨ ਕਰਦਿਆਂ ਹੋਇਆਂ ਸਰੀਰ ਨੂੰ ਨਿੰਦਰਾ ਨੇ ਅਹੱਲ ਕਰ ਦਿੱਤਾ , ਆਪ ਦੀ ਅੱਖ ਲੱਗ ਗਈ । ਜਦੋਂ ਸ੍ਰੀ ਕਲਗੀਧਰ ਪਿਤਾ ਨੀਂਦਰਾਂ ਵਿਚ ਆਰਾਮ ਕਰਨ ਲੱਗੇ ਤੇ ਸੂਰਤ ਨੇ ਹਰੀ ਪਰਮਾਤਮਾ ਦਾ ਜਾਪ ਕੀਤਾ ਤਾਂ ਹਰੀ ਨੇ ਆਪਣੀਆਂ ਉਤਪੰਨ ਕੀਤੀਆਂ , ਨਾਨਾ ਰੂਪ ਜੀਵ – ਜੰਤੂ ਨੂੰ ਹੁਕਮ ਕੀਤਾ , ‘ ‘ ਮੇਰੇ ਬੇਟੇ ਦੀ ਰਾਖੀ ਕਰੋ ਬੇਟਾ ਹੀ ਨਹੀਂ ਸਗੋਂ ਦਾਸ …… ਮੈਂ ਹੋਂ ਪਰਮ ਪੁਰਖ ਕੋ ਦਾਸਾ ॥ ਦੇਖਨਿ ਆਇਓ ਜਗਤ ਤਮਾਸਾ ॥ “ ਸੇਵਕ ਹੈ , ਸੱਚਾ ਸੇਵਕ , ਜਿਸ ਨੂੰ ਮੈਂ ਭੇਜਿਆ , ਕਰੋ ਰਾਖੀ , ਸੁੱਤੇ ਨੂੰ ਕੋਈ ਨਾ ਜਗਾਏ । ਕੋਈ ਕੋਲ ਨਾ ਜਾਏ । ਘੜੀ ਆਰਾਮ ਕਰ ਲਵੇ । ” ਹਰੀ ਪਰਮਾਤਮਾ ਹੁਕਮ ਦਿੰਦਾ ਵੀ ਕਿਉਂ ਨਾ , ਸਤਿਗੁਰੂ ਜੀ ਤਾਂ ਆਪਣੇ ਆਪ ਨੂੰ ਹਰੀ ਪਰਮਾਤਮਾ ਦੇ ਹੀ ਸਭ ਕੁਝ ਸਮਝਦੇ ਸਨ ਸਰਬ ਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਕਾ ਮਾਤ ਹਮਾਰਾ ॥ ਮਨੂਆ ਗੁਰ ਮੁਰਿ ਮਮਸਾ ਮਾਈ ॥ ਜਿਨ ਮੋ ਕੋ ਸਭ ਕਿਰਆ ਪੜਾਈ ॥ ( ਬਚਿੱਤ੍ਰ ਨਾਟਕ ) ਮਨੁੱਖ ਮਾਰੂ ਮਹਾਨ ਸ਼ਕਤੀਆਂ ਪ੍ਰਗਟ ਹੋ ਗਈਆਂ । ਦੂਰ ਤਕ ਜੰਗਲ ਵਿਚ ਸ਼ੇਰ ਫਿਰਨ ਲੱਗੇ , ਇਕ ਸ਼ੇਰ ਗੁਰੂ ਜੀ ਦੇ ਚਰਨਾਂ ਕੋਲ ਬੈਠ ਗਿਆ । ਨਾਗ ਰਾਖੀ ਕਰਨ ਲੱਗੇ । ਗੁਰੂ ਜੀ ਜਿਸ ਝਾੜ ਵਿਚ ਬਿਰਾਜੇ ਸਨ , ਉਥੇ ਕੋਈ ਪੰਜ ਕੋਹ ਤਕ ਕਿਸੇ ਨੂੰ ਹੌਸਲਾ ਨਾ ਪਿਆ ਦੇਖਣ ਜਾਣ । ਸੂਰਜ ਚੜ੍ਹਨ ਤੋਂ ਸੂਰਜ ਅਸਤ ਹੋਣ ਤਕ ਭਾਲ ਕੀਤੀ ਜਾਂਦੀ ਸੀ । ਜਨਾਬ ! ਅੱਗੇ ਨਾ ਜਾਣਾ । ਸ਼ੇਰ ਗਰਜ ਰਿਹਾ ਹੈ , ਸੁਣ ਆਵਾਜ਼ ‘ ਇਕ ਪਠਾਨ ਨੇ ਫ਼ੌਜਦਾਰ ਨੂੰ ਅੱਗੇ ਵਧਣੋ ਰੋਕਿਆ । ਉਹ ਚਾਲੀ ਬੰਦੇ ਲੈ ਕੇ ਇਨਾਮ ਪ੍ਰਾਪਤ ਕਰਨ ਲਈ ਮਾਰ ਮਾਰ ਕਰਦਾ ਫਿਰਦਾ ਸੀ । ਬਲੋਲਪੁਰ ਵਾਲੇ ਪਾਸੇ ਵਲੋਂ ਵਧਿਆ । ਉਸ ਨੂੰ ਰੋਕਿਆ ਉਸ ਥਾਂ ਗਿਆ , ਜਿਥੇ ਅੱਜ ਕਲ ਨਹਿਰ ਦਾ ਪੁਲ ਤੇ ਹੱਟੀਆਂ ਹਨ । ਉਥੋਂ ਗੁਰੂ ਜੀ ਇਕ ਮੀਲ ਉੱਤੇ ਸਨ । ਸ਼ੇਰਾਂ ਦੇ ਬੁੱਕਣ ਦੀ ਆਵਾਜ਼ ਇਉਂ ਆਉਂਦੀ ਸੀ , ਜਿਵੇਂ ਬੱਦਲ ਗੱਜਦਾ ਹੈ । “ ਤੂੰ ਗੁਰੂ ਦਾ ਚੇਲਾ ਤਾਂ ਨਹੀਂ ? ” ਫ਼ੌਜਦਾਰ ਦਾ ਦਿਮਾਗ ਖ਼ਰਾਬ ਸੀ । ਉਸ ਨੂੰ ਜੇ ਕੋਈ ਸਿੱਧੀ ਗੱਲ ਆਖਦਾ ਤਾਂ ਉਹ ਪੁੱਠੀ ਸਮਝਦਾ । “ ਸ਼ੇਰਾਂ ਤੇ ਰਿੱਛਾਂ ਕੋਲੋਂ ਡਰਦੇ ਹੋਏ ਬਾਗ਼ੀ ਗੁਰੂ ਨੂੰ ਨਾ ਲੱਭੀਏ ਤਾਂ ਬਾਦਸ਼ਾਹ ਦੀ ਕਰੋਪੀ ਦਾ ਸ਼ਿਕਾਰ ਹੋਈਏ ? ” “ ਦੇਖ ਲਉਂ ….. ਮੈਂ ਤਾਂ ਅਕਲ ਦੀ ਗੱਲ ਦੱਸੀ ਹੈ । ਖ਼ਤਰੇ ਤੋਂ ਜਾਣੂ ਕਰਾਇਆ ਹੈ । ” “ ਚੱਲ ਹੁਣ ਪਿੱਛੇ ! ਤੇਰੇ ਵਰਗੇ ਕਾਇਰਾਂ ਕਾਰਨ ਤਾਂ ਅਸੀਂ ਜੰਗਲਾਂ ਵਿਚ ਖੱਜਲ ਹੁੰਦੇ ਫਿਰਦੇ ਹਾਂ । ” “ ਜਾਉ । ਪੈੜ ਵੀ ਦੱਸਦੀ ਹੈ , ਹਿੰਦੂਆਂ ਦਾ ਪੀਰ ਏਧਰੇ ਗਿਆ ਹੈ — ਮੇਰਾ ਮਾਲਕ ਤਾਂ ਮਾਰਿਆ ਗਿਆ । ਇਕ ਪਾਸੇ ਸ਼ੇਰ ਨੇ ਹਮਲਾ ਕੀਤਾ , ਪਿੱਛੇ ਹਟਣ ਲੱਗਾ ਤਾਂ ਸੱਪ ਨੇ ਡੰਗ ਮਾਰਿਆ …..। ” “ ਕੌਣ ਸੀ ? ” ਜ਼ਾਫ਼ਰ ਅਲੀ ਰੁਹੇਲਾ । ” “ ਕਿਥੇ ਪਿਆ ਹੈ ? ” ਰਤਾ ਕੁ ਅੱਗੇ ਹੋਵੋ । ” “ ਮੈਂ ਤਾਂ ਉਸ ਦੇ ਘਰ ਦੱਸਣ ਜਾ ਰਿਹਾ ਹਾਂ । ’ ’ ਹੰਕਾਰ ਤੇ ਲਾਲਚ ਮਨੁੱਖ ਨੂੰ ਅੰਨ੍ਹਿਆਂ ਕਰ ਦਿੰਦਾ ਹੈ । ਉਸ ਫ਼ੌਜਦਾਰ ਨੇ ਕੋਈ ਗੱਲ ਨਾ ਸੁਣੀ । ਬੱਸ ਏਹੋ ਸੁਣਿਆ ਹਿੰਦੂਆਂ ਦਾ ਪੀਰ ‘ ਅੱਗੇ ਗਿਆ ਹੈ — ਨੰਗੇ ਪੈਰਾਂ ਦਾ ਪੈੜ ਹੈ । ਉਹ ਅੱਗੇ ਵਧਿਆ । ਘੋੜੇ ਉੱਤੇ ਸਵਾਰ ਸੀ । ਉਹ ਅਜੇ ਸੌ ਗਜ਼ ਹੀ ਗਿਆ ਸੀ ਕਿ ਵੱਡੇ ਰੁੱਖ ਤੋਂ ਇਕ ਰਿੱਛ ਨੇ ਉਸ ਦੇ ਉਪਰ ਛਾਲ ਮਾਰੀ ਤੇ ਉਸ ਨੂੰ ਹੇਠਾਂ ਸੁੱਟ ਲਿਆ । ਬੰਦਿਆਂ ਨੂੰ ਸੁਰਤ ਵੀ ਨਾ ਲੈਣ ਦਿੱਤੀ । ਅਚਾਨਕ ਆਫ਼ਤ ਆਈ ਦੇਖ ਕੇ ਬੰਦੇ ਡਰ ਗਏ । ਉਹਨਾਂ ਵਿਚੋਂ ਦੋਂਹਾਂ ਨੇ ਰਿੱਛ ਉੱਤੇ ਹਮਲਾ ਕੀਤਾ , ਤਲਵਾਰਾਂ ਦੇ ਵਾਰ ਕੀਤੇ , ਪਰ ਬਣਿਆ ਕੁਝ ਨਾ । ਉਨੇ ਨੂੰ ਸ਼ੇਰ ਬੁੱਕਦੇ ਆ ਗਏ । ਉਹ ਘੋੜੇ ਨਠਾ ਕੇ ਚਲੇ ਗਏ । ਫ਼ੌਜਦਾਰ ਦੀ ਲਾਸ਼ ਵੀ ਨਾ ਚੁੱਕੀ । ਉਸ ਦੇ ਪਿੱਛੋਂ ਉਸ ਜੰਗਲ ਵੱਲ ਕੋਈ ਮੁਗ਼ਲ ਪਠਾਣ ਨਾ ਵਧਿਆ । ਉਹ ਪਰੇ ਪਰੇ ਨਿਕਲ ਗਏ । ਗੁਰੂ ਜੀ ਆਰਾਮ ਕਰਦੇ ਰਹੇ । ਪਿਛਲੇ ਪਹਿਰ ਜਾਗੇ । ਉਠੇ ਤਾਂ ਸਾਰੇ ਚੌਗਿਰਦੇ ਨੂੰ ਸ਼ਾਂਤ ਪਾਇਆ । ਆਪਣੇ ਕਮਰਕੱਸੇ ਨਾਲੋਂ ਕੁਝ ਕੱਪੜਾ ਪਾੜ ਕੇ ਝਾੜੀ ਉੱਤੇ ਸੁੱਟ ਦਿੱਤਾ , ਜਿਥੇ ਬੈਠੇ ਸਨ । ਸ਼ਾਇਦ ਨਿਸ਼ਾਨੀ ਰੱਖੀ ਸੀ ਆਪਣੇ ਵਿਛੜੇ ਸਾਥੀਆਂ ਨੂੰ ਸੇਧ ਦੇਣ ਲਈ । ਉਹਨਾਂ ਦੇ ਸਾਥੀ ਭਾਈ ਧਰਮ ਸਿੰਘ , ਭਾਈ ਦਇਆ ਸਿੰਘ ਤੇ ਮਾਨ ਸਿੰਘ ਜਿਹੜੇ ਨਾਲ ਤੁਰੇ ਸਨ , ਪਰ ਚਮਕੌਰ ਤੋਂ ਬਾਹਰ ਹਨੇਰੇ ਵਿਚ ਵਿੱਛੜ ਗਏ ਸਨ । ਮੁੜ ਮੇਲ ਨਹੀਂ ਸੀ ਹੋਇਆ । ਸ਼ਾਮ ਤਕ ਉਥੇ ਰਹੇ । ਜਦੋਂ ਹਨੇਰਾ ਹੋਇਆ ਤਾਂ ਤਾਰਿਆਂ ਦੀ ਸੇਧ ਰੱਖ ਕੇ ਮੁੜ ਚੱਲ ਪਏ । ਇਕੱਲੇ ਭੁੱਖੇ ਤੇ ਹਨੇਰੇ ਵਿਚ ਨੰਗੀ ਪੈਰੀਂ , ਬੱਸ ਇਕ ਅਕਾਲ ਪੁਰਖ ਦਾ ਆਸਰਾ , ਜਿਵੇਂ ਆਪ ਜੀ ਦਾ ਹੁਕਮ ਹੈ : ਪ੍ਰਾਨ ਕੇ ਬਚਯਾ , ਦੂਧ ਪੂਤ ਕੇ ਦਿਵਯਾ , ਰੋਗ ਸੋਗ ਕੋ ਮਿਟਯਾ , ਕਿਧੌ ਮਾਨੀ ਮਹਾ ਮਾਨ ਹੌ ॥
( ਚਲਦਾ )
ਜੋਰਾਵਰ ਸਿੰਘ ਤਰਸਿੱਕਾ


Related Posts

3 thoughts on “ਕੀ ਹੁੰਦੈ ਹੈ ਚੌਪਹਿਰਾ ਸਾਹਿਬ ? ਜਾਣੋ ਘਰ ਵਿਚ ਚੌਪਹਿਰਾ ਸਾਹਿਬ ਕੱਟਣ ਦੀ ਮਰਿਆਦਾ ਤੇ ਵਿਧੀ

  1. Viah karaj karaun lai te change jiven sathi nu paun lai kehra path kar sakde ha te Kehri seva guru ghar kiti ja sakdi hai ji vaise mein Jodha ghar ch seva kar rahi ha ji

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top