ਆਖਰ ਕਦੋਂ ਸ਼ੁਰੂ ਹੋਇਆ ਵਿਆਹ ਪੁਰਬ…?
ਬਟਾਲਾ ਸ਼ਹਿਰ ਹਰ ਸਾਲ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬੜੇ ਚਾਅ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਵਿਆਹ ਪੁਰਬ (ਬਾਬੇ ਦਾ ਵਿਆਹ) ਮਨਾਉਣ ਦੀ ਪਿਰਤ 100 ਤੋਂ ਵੀ ਪੁਰਾਣੀ ਹੈ।
ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ ਤਾਂ ਉਹ ਗੁਰੂ ਨਾਨਕ ਸਾਹਿਬ ਦੇ ਸਹੁਰਾ ਘਰ ਦੇ ਦਰਸ਼ਨਾਂ ਲਈ ਵੀ ਗਏ ਸਨ ਅਤੇ ਜਿਥੇ ਗੁਰੂ ਸਾਹਿਬ ਦਾ ਵਿਆਹ ਹੋਇਆ ਸੀ ਓਨਾਂ ਵੱਲੋਂ ਓਥੇ ਇੱਕ ਥੜਾ ਵੀ ਬਣਾਇਆ ਗਿਆ ਸੀ। ਉਸ ਸਮੇਂ ਤੋਂ ਹੀ ਸੰਗਤਾਂ ਦੀ ਆਮਦ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਲਈ ਵੱਧ ਗਈ ਸੀ। ਇਸ ਤੋਂ ਬਾਅਦ ਸਿੱਖ ਮਿਸਲਾਂ ਦੇ ਟਾਈਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ, ਰਾਣੀ ਸਦਾ ਕੌਰ ਦੇ ਸਮੇਂ ਵੀ ਗੁਰੂ ਸਾਹਿਬ ਦੇ ਵਿਆਹ ਅਸਥਾਨ ਦੀ ਮਹੱਤਤਾ ਸੰਗਤਾਂ ਵਿੱਚ ਵਧਦੀ ਗਈ। ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਇਥੇ ਖੂਬਸੂਰਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਉਸਾਰੀ ਕਰਵਾ ਦਿੱਤੀ ਅਤੇ ਨਾਨਕ ਨਾਮ ਲੇਵਾ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ। ਸਿੱਖ ਮਿਸਲਾਂ ਦੇ ਦੌਰ ਤੋਂ ਹੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਗੁਰੂ ਸਾਹਿਬ ਦਾ ਵਿਆਹ ਪੁਰਬ ਮਨਾਇਆ ਜਾਂਦਾ ਸੀ ਅਤੇ ਉਸ ਸਮੇਂ ਵਿਆਹ ਪੁਰਬ ਦੇ ਦਿਹਾੜੇ ’ਤੇ ਵਿਸ਼ੇਸ਼ ਕਥਾ ਕੀਰਤਨ ਹੁੰਦਾ ਸੀ।
ਸੰਨ 1917 ਵਿੱਚ ਵਿਆਹ ਪੁਰਬ ਮਨਾਉਣ ਲਈ ਸੰਗਤਾਂ ਅੰਮ੍ਰਿਤਸਰ ਤੋਂ ਜੰਝ ਬਣ ਕੇ ਰੇਲ ਗੱਡੀ ਰਾਹੀਂ ਬਟਾਲਾ ਸ਼ਹਿਰ ਪਹੁੰਚੀਆਂ। ਮਹੰਤ ਕੇਸਰਾ ਸਿੰਘ ਅਤੇ ਬਟਾਲਾ ਸ਼ਹਿਰ ਦੀ ਸੰਗਤ ਨੇ ਜੰਝ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਜੰਝ ਨੂੰ ਰੇਵਲੇ ਸਟੇਸ਼ਨ ਦੇ ਨੇੜੇ ਹੀ ਮੁਹੱਲਾ ਦਾਰਾ-ਉੱਲ-ਇਸਲਾਮ ਦੇ ਬਾਹਰਵਾਰ ਸ਼ਿਵਾਲੇ ਵਿਖੇ ੳਤਾਰਿਆ ਗਿਆ ਅਤੇ ਸੰਗਤਾਂ ਦੀ ਆਓ-ਭਗਤ ਕੀਤੀ ਗਈ। ਸੰਗਤ ਦੇ ਰਹਿਣ ਦਾ ਪ੍ਰਬੰਧ ਰੇਲਵੇ ਸਟੇਸ਼ਨ ਦੇ ਬਾਹਰਵਾਰ ਬਣੀ ਸਰਾਂ ਵਿੱਚ ਕੀਤਾ ਜਾਂਦਾ ਸੀ। ਉਪਰੰਤ ਮਹੰਤ ਕੇਸਰਾ ਸਿੰਘ ਨੇ ਆਪਣੇ ਸਿਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਚੁੱਕ ਕੇ ਸੰਗਤਾਂ ਦੇ ਨਾਲ ਕੀਰਤਨ ਕਰਦੇ ਹੋਏ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਪਹੁੰਚੇ। ਉਸ ਸਾਰੀ ਰਾਤ ਇਥੇ ਗੁਰਬਾਣੀ ਕੀਰਤਨ ਹੁੰਦਾ ਰਿਹਾ। ਅਗਲੇ ਦਿਨ ਸਵੇਰ ਹੁੰਦੇ, ਮਹੰਤ ਜੀ ਨੇ ਆਪਣੇ ਸਿਰ ’ਤੇ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਲਿਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਗਿਰਦ ਪ੍ਰਕਰਮਾਂ ਕੀਤੀਆਂ ਤੇ ਲਾਵਾਂ ਪੜ੍ਹੀਆਂ ਗਈਆਂ। ਇਸ ਤੋਂ ਬਾਅਦ ਇਹ ਰੀਤ ਕਈ ਸਾਲ ਤੱਕ ਜਾਰੀ ਰਹੀ। ਸਮਨ 1952 ਦੇ ਸਮੇਂ ਤੱਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਨਹੀਂ ਹੁੰਦਾ ਸੀ ਪਰ ਸੰਗਤਾਂ ਗੁਰੂ ਸਾਹਿਬ ਦੀ ਵਰਸੋਈ ਉਸ ਕੱਚੀ ਕੰਧ ਨੂੰ ਸਿਜਦਾ ਜਰੂਰ ਕਰਦੀਆਂ ਸਨ।
ਅੰਮ੍ਰਿਤਸਰ ਤੋਂ ਆਉਣ ਵਾਲਾ ਨਗਰ ਕੀਰਤਨ ਰੇਲ ਦੀ ਬਜਾਏ ਸੜਕ ਮਾਰਗ ਰਾਹੀਂ ਆਉਣ ਲੱਗਾ ਅਤੇ ਇਸਨੂੰ ‘ਸ਼ਬਦ ਚੌਂਕੀ’ ਦਾ ਨਾਮ ਦਿੱਤਾ ਗਿਆ। ਇਹ ਸ਼ਬਦ ਚੌਂਕੀ ਹਰ ਸਾਲ ਵਿਆਹ ਪੁਰਬ ਮੌਕੇ ਬਟਾਲਾ ਸ਼ਹਿਰ ਪਹੁੰਚਣੀ ਅਤੇ ਸੰਗਤਾਂ ਨੇ ਇਸਦਾ ਭਰਪੂਰ ਸਵਾਗਤ ਕਰਨਾ ਅਤੇ ਵਿਆਹ ਪੁਰਬ ਦੀਆਂ ਖੁਸ਼ੀਆਂ ਮਨਾਉਣੀਆਂ। ਹੁਣ ਵੀ ਇਹ ਸ਼ਬਦ ਚੌਂਕੀ ਵਿਆਹ ਪੁਰਬ ਵਾਲੇ ਦਿਨ ਬਟਾਲਾ ਸ਼ਹਿਰ ਪਹੁੰਚਦੀ ਹੈ।
ਵਿਆਹ ਪੁਰਬ ਦਾ ਆਧੁਨਿਕ ਰੂਪ ਕਰੀਬ 2 ਦਹਾਕੇ ਪਹਿਲਾਂ ਸ਼ੁਰੂ ਹੋਇਆ ਹੈ। ਸੰਨ 2000 ਦੇ ਕਰੀਬ ਬਟਾਲਾ ਦੇ ਸਰਦਾਰ ਬੂਟ ਹਾਊਸ ਵਾਲੇ ਬੇਦੀ ਹੁਰਾਂ ਨੇ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਪੈਦਲ ਯਾਤਰਾ ਰਾਹੀਂ ਬਰਾਤ ਰੂਪੀ ਨਗਰ ਕੀਰਤਨ ਲਿਆਉਣ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸੁਖਮਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਪਦਮ, ਗਿਆਨੀ ਹਰਬੰਸ ਸਿੰਘ ਅਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵੱਲੋਂ ਸੰਨ 2005 ਵਿੱਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਸ਼ਹਿਰ ਲਈ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਗਿਆ। ਓਦੋਂ ਤੋਂ ਲੈ ਕੇ ਹੁਣ ਤੱਕ ਇਹ ਨਗਰ ਕੀਰਤਨ ਵਿਆਹ ਪੁਰਬ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਬਟਾਲਾ ਸ਼ਹਿਰ ਵਿੱਚ ਪਹੁੰਚ ਜਾਂਦਾ ਹੈ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਸਤਿ ਕਰਤਾਰੀਆਂ ਵਿਖੇ ਹੁੰਦਾ ਹੈ। ਵਿਆਹ ਪੁਰਬ ਵਾਲੇ ਦਿਨ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਹੈ ਜੋ ਸਾਰਾ ਦਿਨ ਬਟਾਲਾ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਪਹੁੰਚਦਾ ਹੈ ਅਤੇ ਅਖੀਰ ਇਸ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਹੁੰਦੀ ਹੈ। ਜਦੋਂ ਬਰਾਤ ਰੂਪੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਪਹੁੰਚਦਾ ਹੈ ਤਾਂ ਸੰਗਤ ਵੱਲੋਂ ਇਸਦਾ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸ਼ਬਦ ਕੀਰਤਨ ਅਤੇ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ।
ਬਟਾਲਾ ਸ਼ਹਿਰ ਵਿੱਚ ‘ਬਾਬੇ ਦੇ ਵਿਆਹ’ ਪ੍ਰਤੀ ਸੰਗਤਾਂ ਵਿੱਚ ਹਰ ਸਾਲ ਜੋਸ਼ ਤੇ ਉਤਸ਼ਾਹ ਵੱਧਦਾ ਜਾ ਰਿਹਾ ਹੈ ਅਤੇ ਇਸ ਸਮੇਂ ਇਹ ਸਭ ਤੋਂ ਵੱਡੇ ਨਗਰ ਕੀਰਤਨ ਦੇ ਰੂਪ ਵਿੱਚ ਵੀ ਉਭਰਿਆ ਹੈ। ਦੇਸ਼-ਵਿਦੇਸ਼ ਤੋਂ ਸੰਗਤਾਂ ਵਿਆਹ ਪੁਰਬ ਮੌਕੇ ਬਟਾਲਾ ਸ਼ਹਿਰ ਸਥਿਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਕੀ ਅਸੀਸ ਲੈਂਦੀਆਂ ਹਨ।
– ਇੰਦਰਜੀਤ ਸਿੰਘ ਹਰਪੁਰਾ,
ਬਟਾਲਾ, ਪੰਜਾਬ।
waheguru ji waheguru ji waheguru ji waheguru ji waheguru ji waheguru ji waheguru ji
waheguru ji waheguru ji waheguru ji waheguru ji waheguru ji waheguru ji waheguru ji