14 ਦਸੰਬਰ ਦਾ ਇਤਿਹਾਸ – ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦਾ
14 ਦਸੰਬਰ ਵਾਲੇ ਦਿਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜਾ ਹੈ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ।
ਸਾਹਿਬਜ਼ਾਦਾ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਬਾਦਸਾਹ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਬਾਦਸਾਹ ਦੇ ਬਾਦਸ਼ਾਹ ਹਨ ਇਸ ਲਈ ਉਹਨਾਂ ਦੇ ਪੁੱਤਰਾਂ ਨੂੰ ਵੀ ਸਾਹਿਬਜ਼ਾਦੇ ਆਖਿਆ ਜਾਂਦਾ ਹੈ।
ਬਾਬਾ ਫਤਹਿ ਸਿੰਘ ਜੀ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤ ਕੌਰ ਜੀ ਦੀ ਪਵਿੱਤਰ ਕੁੱਖੋਂ 14 ਦਸੰਬਰ 29 ਮੰਘਿਰਿ 1699 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਕਈ ਵਿਦਵਾਨ ਬਾਬਾ ਫਤਹਿ ਸਿੰਘ ਜੀ ਦਾ ਜਨਮ 1698 ਦਾ ਮੰਨਦੇ ਹਨ। ਬਾਬਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋ ਛੋਟੇ ਸਾਹਿਬਜ਼ਾਦੇ ਸਨ ਉਹ ਦੂਸਰੇ ਸਾਹਿਬਜ਼ਾਦਿਆਂ ਦੀ ਤਰਾਂ ਹੀ ਬਹੁਤ ਆਗਿਆਕਾਰੀ ਸਨ ਸਾਰੇ ਹੀ ਬਾਬਾ ਫਤਹਿ ਸਿੰਘ ਜੀ ਨੂੰ ਬਹੁਤ ਪਿਆਰ ਕਰਦੇ ਸਨ। ਨਿਹੰਗ ਸਿੰਘਾਂ ਦੇ ਮੋਢੀ ਵੀ ਬਾਬਾ ਫਤਹਿ ਸਿੰਘ ਜੀ ਸਨ ਹੋਇਆ ਇਉ ਕਿ ਵੱਡੇ ਸਾਹਿਬਜ਼ਾਦੇ ਸਿੰਘਾਂ ਨਾਲ ਟੋਲੀਆਂ ਬਣਾ ਕੇ ਜੰਗ ਕਰਨ ਦੀਆਂ ਖੇਡਾਂ ਖੇਡ ਰਹੇ ਸਨ । ਬਾਬਾ ਫਤਹਿ ਸਿੰਘ ਜੀ ਵੀ ਖੇਡਣ ਵਾਸਤੇ ਆਏ ਪਰ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾਂ ਨੇ ਉਹਨਾਂ ਨੂੰ ਆਖਿਆ ਤੁਸੀਂ ਅਜੇ ਛੋਟੇ ਹੋ ਤੁਸੀਂ ਨਹੀਂ ਖੇਡ ਸਕਦੇ ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਵੀ ਦੇਖ ਰਹੇ ਸਨ । ਬਾਬਾ ਫਤਹਿ ਸਿੰਘ ਜੀ ਨੇ ਅੰਦਰ ਜਾ ਕੇ ਵੱਡੀ ਸਾਰੀ ਦਸਤਾਰ ਸਜਾਈ ਤੇ ਆ ਕੇ ਆਖਿਆ ਦੇਖੋ ਹੁਣ ਮੈ ਵੱਡਾ ਹੋ ਗਿਆ ਹਾ ਹੁਣ ਮੈ ਵੀ ਇਸ ਖੇਡ ਵਿੱਚ ਹਿੱਸਾ ਲੈ ਸਕਦਾ ਹਾ । ਇਹ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਖੁਸ਼ ਹੋਏ ਤੇ ਆਪ ਜੀ ਨੂੰ ਇਕ ਅਲੱਗ ਫੌਜ ਦਿੱਤੀ ਜਿਸ ਨੂੰ ਗੁਰੂ ਦੀ ਲਾਡਲੀ ਫੌਜ ਦਾ ਖਿਤਾਬ ਪ੍ਰਾਪਤ ਹੋਇਆ। ਬਾਬਾ ਫਤਹਿ ਸਿੰਘ ਜੀ ਦੇ ਹੋਰ ਵੀ ਬਹੁਤ ਪਿਆਰੇ ਕੌਤਕ ਆਮ ਹੀ ਅਨੰਦਪੁਰ ਸਾਹਿਬ ਵਿਖੇ ਦੇਖਣ ਨੂੰ ਮਿਲ ਜਾਦੇ ਸਨ।
ਆਖਰ ਇਕ ਦਿਨ ਐਸਾ ਵੀ ਆਇਆ ਜਦੋ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਸੰਨ 1704 ਦੀ ਰਾਤ ਦਸਵੇਂ ਗੁਰੂ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ। ਹਾਕਮਾਂ ਨੇ ਗਊ-ਕੁਰਾਨ ਦੀਆਂ ਖਾਧੀਆਂ ਸਾਰੀਆਂ ਕਸਮਾਂ-ਵਾਇਦੇ ਭੁੱਲ ਕੇ ਪਿਛੋਂ ਭਿਅੰਕਰ ਹਮਲਾ ਬੋਲ ਦਿੱਤਾ। ਉਸ ਵਕਤ ਸਰਸਾ ਨਦੀ ਵਿੱਚ ਹੜ ਆਇਆ ਹੋਇਆ ਸੀ। ਸਰਸਾ ਨਦੀ ਤੇ ਜੰਗ ਹੋਈ। ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਲੋੜ ਅਨੁਸਾਰ ਜੱਥਿਆਂ ’ਚ ਵੰਡਿਆ। ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਭਾਈ ਊਦੈ ਸਿੰਘ ਨੇ ਜੰਗ ਦੀ ਕਮਾਨ ਸੰਭਾਲੀ। ਘਮਾਸਾਨ ਜੰਗ ਵਿੱਚ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ। ਇਥੇ ਦਸਵੇਂ ਪਾਤਸ਼ਾਹ ਦਾ ਪਰਵਾਰ ਵੀ ਤਿੰਨ ਹਿਸਿਆਂ ’ਚ ਵੰਡਿਆ ਗਿਆ ਅਤੇ ਸਾਥੀ ਸਿੰਘ ਵੀ ਵਿਛੜ ਗਏ। ਉਸ ਯਾਦ ਵਿੱਚ ਇੱਥੇ ਗੁਰਦੁਆਰਾ “ਪਰਵਾਰ ਵਿਛੋੜਾ” ਕਾਇਮ ਹੈ।
ਪਾਤਸ਼ਾਹ ਤੋਂ ਵਿਛੜ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ਼ ਦਿੱਲੀ ਨੂੰ ਆ ਗਏ। ਮਾਤਾ ਗੁਜਰ ਕੌਰ ਜੀ ਦੋ ਛੋਟੇ ਸਾਹਿਬਜ਼ਾਦਿਆਂ ਨਾਲ਼, ਸਰਸਾ ਦੇ ਕੰਡੇ ਚਲਦੇ-ਚਲਦੇ ਮੋਰਿੰਡੇ ਪੁੱਜੇ। ਇਹਨਾਂ ਦਾ ਰਸੋਈਆਂ ਗੰਗੂ ਬ੍ਰਾਹਮਣ ਇਹਨਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ ਜੋ ਉਥੋਂ ਵੀਹ ਕੁ ਮੀਲ ਦੀ ਵਿੱਥ ਤੇ ਪੈਂਦਾ ਸੀ। ਅਨੰਦਪੁਰ ਸਾਹਿਬ ਤੋਂ ਚਲਣ ਸਮੇਂ ਗੁਰੂ ਗੋਬਿੰਦ ਸਿੰਘ ਦੇ ਨਾਲ਼ ਡੇਢ ਕੁ ਹਜ਼ਾਰ ਸਿੰਘ ਸਨ ਪਰ ਸਰਸਾ ਦੀ ਜੰਗ ਸਮੇਂ ਕੁੱਝ ਸ਼ਹੀਦ ਹੋ ਗਏ ਅਤੇ ਕੁੱਝ ਨਦੀ ’ਚ ਰੁੜ ਜਾਣ ਕਾਰਣ ਵਿਛੱੜ ਗਏ। ਸਰਸਾ ਨਦੀ ਪਾਰ ਕਰਨ ਤੇ ਦਸਵੇਂ ਗੁਰੂ ਨਾਲ਼ ਚਾਲ਼ੀ ਦੇ ਕਰੀਬ ਸਿੰਘ ਅਤੇ ਦੋ ਵੱਡੇ ਸਾਹਿਬਜ਼ਾਦੇ ਸਨ।
ਦੂਜੇ ਪਾਸੇ ਗੁਰੂ ਦਰ ਦਾ ਰਸੋਈਆ ਗੰਗੂ ਬ੍ਰਾਹਮਣ, ਜਿਹੜਾ ਮਾਤਾ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਸੀ, ਨੀਯਤ ਦਾ ਵੱਡਾ ਬੇਈਮਾਨ ਸਾਬਤ ਹੋਇਆ। ਉਸ ਨੇ ਪਹਿਲਾਂ ਤਾਂ ਮਾਤਾ ਜੀ ਦੀ ਮੋਹਰਾਂ ਦੀ ਥੈਲੀ ਚੋਰੀ ਕੀਤੀ ਫਿਰ ਹੋਰ ਇਨਾਮ ਦੇ ਲਾਲਚ ਵਿੱਚ ਸੂਬਾ ਸਰਹੰਦ ਨੂੰ ਇਤਲਾਹ ਦੇ ਦਿੱਤੀ। ਦਿਨ ਚੜ੍ਹਦੇ ਤਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਵਜ਼ੀਦ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ। ਮਾਤਾ ਗੁਜਰ ਕੌਰ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿਨ੍ਹਾਂ ਨੂੰ ਸਾਰੀ ਰਾਤ ਠੰਡੇ ਬੁਰਜ ’ਚ ਭੁੱਖੇ-ਤਿਹਾਏ ਰੱਖਿਆ ਗਿਆ। ਭਾਈ ਮੋਤੀ ਰਾਮ ਨੇ, ਆਪਣੇ ਪਰਵਾਰ ਨੂੰ ਖ਼ਤਰੇ ਵਿੱਚ ਪਾ ਕੇ ਉਹਨਾਂ ਵਾਸੇ ਦੁੱਧ ਪਹੁੰਚਾਇਆ। ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਕਚਿਹਰੀ ਵਿੱਚ ਪੇਸ਼ ਕਰ ਕੇ ਇਸਲਾਮ ਕਬੂਲ ਕਰਾਉਣ ਲਈ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਅਡਿੱਗ ਰਹੇ। ਮਲੇਰਕੋਟ ਵਾਲੇ ਸੂਬੇ ਦਾ ਉਹਨਾਂ ਦੀ ਮਾਸੂਮੀਅਤ ਉੱਪਰ ਦਿਲ ਪਸੀਜਿਆ ਵੇਖ ਕਾਜ਼ੀ ਨੂੰ ਵੀ ਕਿਹਾ ਕਿ ਇਸਲਾਮ ਬੱਚਿਆਂ ’ਤੇ ਇਸ ਤਰ੍ਹਾਂ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ ਪਰ ਦੀਵਾਨ ਸੁੱਚਾ ਨੰਦ ਬ੍ਰਾਹਮਣ ਉਹਨਾਂ ਨੂੰ “ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਹਨ” ਦਸਦਿਆਂ ਸਖ਼ਤ ਸਜ਼ਾ ਦੀ ਗੱਲ ਕਹੀ ਅਤੇ ਅਖ਼ੀਰ ਫ਼ਤਵਾ ਆਇਦ ਕਰਕੇ ਵਜ਼ੀਦੇ ਦੇ ਹੁਕਮ ਨਾਲ਼ ਉਹਨਾਂ ਨੂੰ ਜੀਉਂਦੇ ਜੀਅ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਦੀਵਾਰ ਦੇ ਢਹਿ ਜਾਣ ਤੇ ਉਹਨਾਂ ਦੇ ਸਿਰ ਤਲਵਾਰ ਨਾਲ਼ ਧੱੜਾਂ ਤੋਂ ਜੁੱਦਾ ਕਰ ਦਿੱਤੇ।
ਇਸ ਜ਼ੁਲਮੀ ਹੁਕਮ ਤੇ ਨਵਾਬ ਮਲੇਰਕੋਟਲਾ ਸ਼ੇਰ ਮੁਹੱਮਦ ਖਾਂ ਨੇ ਉੱਠ ਕੇ ‘ਹਾ’ ਦਾ ਨਾਹਰਾ ਮਾਰਿਆ। ਸ਼ਹਾਦਤ ਤੋਂ ਬਾਅਦ ਹਕੂਮਤ ਨੇ ਬੱਚਿਆਂ ਦੇ ਸਸਕਾਰ ਲਈ ਦੋ ਗਜ਼ ਜ਼ਮੀਨ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਤਾਂ ਸੇਠ ਟੋਡਰਮਲ ਨੇ ਜ਼ਮੀਨ ਤੇ ਖੜੇ ਰੁਖ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹਨਾਂ ਲਈ ਜਗ੍ਹਾ ਪ੍ਰਾਪਤ ਕੀਤੀ। ਜਿਸ ਥਾਂ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ ਉਥੇ ਅੱਜ “ਗੁਰਦੁਆਰਾ ਜੋਤੀ ਸਰੂਪ” ਮੌਜੂਦ ਹੈ। ਉਪ੍ਰੰਤ ਜ਼ਾਲਮਾ ਨੇ ਬਜ਼ੁਰਗ ਮਾਤਾ ਗੁਜਰ ਕੌਰ ਜੀ ਨੂੰ ਵੀ ਠੰਡੇ ਬੁਰਜ ਤੋਂ ਧੱਕਾ ਦੇ ਕੇ, ਸ਼ਹੀਦ ਕਰ ਦਿੱਤਾ। ਦਸੰਬਰ ਦੇ ਮਹੀਨੇ ਨੂੰ ਗੁਰੂ ਜੀ ਦੇ ਸਿੰਘ ਬਾਣੀ ਪੜਦਿਆ ਤੇ ਗੁਰੂ ਜੀ ਦੇ ਪਰਿਵਾਰ ਨੂੰ ਯਾਦ ਕਰਦਿਆ ਮਨਾਉਦੇ ਹਨ ।



waheguru ji waheguru ji waheguru ji waheguru ji waheguru ji waheguru ji waheguru ji
waheguru ji waheguru ji waheguru ji waheguru ji waheguru ji waheguru ji waheguru ji