ਜਗਤ ਮਾਤਾ ਸੁਲੱਖਣੀ ਜੀ

ਸੁਲਖਣੀ ਜੀ ਦਾ ਜਨਮ ਮਾਤਾ ਚੰਦੋ ਰਾਣੀ ਦੀ ਕੁੱਖੋਂ ਸ੍ਰੀ ਮੂਲ ਚੰਦ ਚੋਨਾ ਖੱਤਰੀ ਦੇ ਘਰ ਪਿੰਡ ਪਖੋਕੇ ਜ਼ਿਲ੍ਹਾ ਗੁਰਦਾਸਪੁਰ ਵਿਚ ੧੪੭੪ ਦੇ ਲਗਭਗ ਹੋਇਆ । ਮੂਲ ਚੰਦ ਪਖੋਕੇ ਰੰਧਾਵਾ ਪਟਵਾਰੀ ਲੱਗੇ ਹੋਏ ਸਨ । ਇਲਾਕੇ ਵਿਚ ਚੰਗੇ ਬਾਰਸੂਖ ਵਿਅਕਤੀ ਸਨ । ਆਪਣੀ ਰਿਹਾਇਸ਼ ਵੱਟਾਲੇ ਕਸਬੇ ਵਿਚ ਰੱਖਦੇ ਸਨ । ਜਿਵੇਂ ਜੈ ਰਾਮ ਰਾਇਬੁਲਾਰ ਦੀ ਭੋਂ ਦਾ ਹਿਸਾਬ ਕਿਤਾਬ ਪੜਤਾਲਦਾ ਇਸੇ ਤਰ੍ਹਾਂ ਹੀ ਪਖੋਕੇ ਪਿੰਡ ਦਾ ਹਿਸਾਬ ਕਿਤਾਬ ਵੇਖਦਾ ਏਥੇ ਵੀ ਆਉਂਦਾ ਰਹਿੰਦਾ । ਇਸ ਲਈ ਮੂਲ ਚੰਦ ਨਾਲ ਚੰਗੇ ਸੰਬੰਧ ਸਨ । ਪ੍ਰੋ . ਸਾਹਿਬ ਸਿੰਘ ਨੇ “ ਆਲੋਚਨਾ ਦੇ ਵਿਚ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਅੰਕ ਵਿਚ ਇਉਂ ਲਿਖਿਆ ਹੈ : “ ਖਾਨਪੁਰ ਨਿਵਾਸੀ ਭਾਈ ਜੈ ਰਾਮ ਨਿਵਾਸ ਦੌਲਤ ਖਾਂ ਦੇ ਕੋਲ ਮਾਲ ਦੇ ਮਹਿਕਮੇ ਵਿਚ ਆਮਿਲ ( ਪੈਮਾਇਸ਼ ਕਰਨ ਵਾਲਾ ) ਸਨ । ਸਰਕਾਰੀ ਕੰਮ ਵਿਚ ਉਨਾਂ ਨੂੰ ਪਖੋਕੇ ਜਾਣਾ ਪੈਂਦਾ ਸੀ । ਉਥੇ ਉਨ੍ਹਾਂ ਪਟਵਾਰੀ ਮੂਲ ਚੰਦ ਨੂੰ ਦਸ ਪਾ ਦਿੱਤੀ ਬਾਬਾ ਮੂਲ ਚੰਦ ਨੇ ਆਪਣੀ ਲੜਕੀ ਸੁਲਖਣੀ ਜੀ ਦਾ ਰਿਸ਼ਤਾ ਗੁਰੂ ਨਾਨਕ ਜੀ ਦੇ ਨਾਲ ਕਰ ਦਿੱਤਾ । ਕੁੜਮਾਈ ਹੋਈ ਵਦੀ ੯ ਸੰਮਤ ੧੫੪੨ ਨੂੰ ( ਵੈਸਾਖ ੫ ) ਵਿਆਹ ਹੋਇਆ ੨੪ ਜੇਠ ਸੰਮਤ ੧੫੪੪ ਨੂੰ । ‘ .
ਸੁਲਖਣੀ ਜੀ ਦੀ ਜੰਝ ਤਲਵੰਡੀ ਜਾਂ ਸੁਲਤਾਨਪੁਰੋਂ ਤੁਰੀ ਬਾਰੇ ਇਤਿਹਾਸਕਾਰਾਂ ਦੇ ਵੱਖ – ਵੱਖ ਵਿਚਾਰ ਹਨ । ਭਾਈ ਵੀਰ ਸਿੰਘ ਜੀ ਭਾਈ ਮਨੀ ਸਿੰਘ ਜੀ ਤੇ ਪ੍ਰੋ . ਸਤਿਬੀਰ ਸਿੰਘ ਗੁਰੂ ਨਾਨਕ ਦੇਵ ਜੀ ਦੀ ਜੰਝ ਤਲਵੰਡੀ ਤੋਂ ਤੁਰਦੀ ਦਸਦੇ ਹਨ । ਪਰ ਡਾ . ਗੰਡਾ ਸਿੰਘ ਤੇ ਤੇਜਾ ਸਿੰਘ , ਪ੍ਰੋ : ਪ੍ਰਿਥੀਪਾਲ ਸਿੰਘ ਕਪੂਰ , ਜੋਗਿੰਦਰ ਸਿੰਘ , ਪ੍ਰੋ . ਪਿਆਰਾ ਸਿੰਘ ਪਦਮ ਡਾ . ਤਰਲੋਚਨ ਸਿੰਘ ਆਦਿ ਜੰਝ ਸੁਲਤਾਨਪੁਰੋਂ ਤੁਰੀ ਲਿਖਦੇ ਹਨ । ਪ੍ਰੋ . ਪ੍ਰਿਥੀਪਾਲ ਸਿੰਘ ਕਪੂਰ ਤੇ ਜੋਗਿੰਦਰ ਸਿੰਘ ਪੰਜਾਬ ਦਾ ਇਤਿਹਾਸ ਵਿਚ ਇਉਂ ਲਿਖਿਆ ਹੈ ਕਿ “ ਜੈ ਰਾਮ ਨੇ ਆਪਣੇ ਰਸੂਖ ਨਾਲ ਨਾਨਕ ਜੀ ਨੂੰ ਮੋਦੀਖਾਨੇ ਦਾ ਮੁਖੀ ਨੀਅਤ ਕਰਵਾ ਦਿੱਤਾ । ਇੱਥੇ ਗੁਰੂ ਨਾਨਕ ਜੀ ਲੋਕਾਂ ਪਾਸੋਂ ਸਰਕਾਰੀ ਮਾਲੀਏ ਦੀ ਜਿਨਸ ਲੈ ਕੇ ਉਸ ਨੂੰ ਵੇਚਣ ਦਾ ਕੰਮ ਕਰਨ ਲੱਗੇ । ਗੁਰੂ ਨਾਨਕ ਜੀ ਆਪਣੀ ਜ਼ਿੰਮੇਵਾਰੀ ਪੂਰੀ ਯੋਗਤਾ ਨਾਲ ਨਿਭਾਈ । ਇਸ ਤੋਂ ਮਾਪਿਆਂ ਤੇ ਭੈਣ ਭਣਵੀਏ ਨੂੰ ਪ੍ਰਤੀਤ ਹੋਇਆ ਕਿ ਹੁਣ ਨਾਨਕ ਇਕ ਸਫਲ ਜਗਿਆਸੂ ਬਣ ਸਕੇਗਾ ਨਾਲ ਹੀ ਨਾਨਕ ਜੀ ਦੀ ਉਮਰ ਅਠਾਰਾਂ ਸਾਲ ਹੋ ਗਈ । ਇਸ ਲਈ ਉਸ ਦੇ ਵਿਆਹ ਦੀਆਂ ਵਿਉਂਤਾਂ ਬਨਾਉਣ ਲੱਗੇ । ਸੋ ਗੁਰੂ ਨਾਨਕ ਦਾ ਵਿਆਹ ਬਟਾਲਾ ਦੇ ਭਾਈ ਮੂਲੇ ਦੀ ਧੀ ਸੁਲਖਣੀ ਨਾਲ ਕਰ ਦਿੱਤਾ ਗਿਆ । ਗੁਰੂ ਨਾਨਕ ਨੇ ਇਸ ਪ੍ਰਕਾਰ ਸੁਲਤਾਨਪੁਰ ਵਿਚ ਲਗਭਗ ਦਸ ਸਾਲ ਇਕ ਆਦਰਸ਼ਕ ਗ੍ਰਹਿਸਥੀ ਜੀਵਨ ਬਤੀਤ ਕੀਤਾ । ‘ ਸੁਲਤਾਨਪੁਰ ਲੋਧੀ ਦਾ ਇਤਿਹਾਸਿਕ ਸਰਵੇਖਣ ‘ | ਸਰਕਾਰ ਨੇ ਪੰਜ ਸੌ ਸਾਲ ਗੁਰੂ ਨਾਨਕ ਦੇਵ ਜੀ ਦੇ ਬਾਰੇ ਪੁਸਤਕ ਛਪਵਾਈ । ਇਸ ਵਿਚ ਇਵੇਂ ਲਿਖਿਆ ਹੈ “ ਗੁਰੂ ਨਾਨਕ ਦੇਵ ਜੀ ੧੪੮੪ ਈ . ਵਿਚ ਤਲਵੰਡੀ ਤੋਂ ਸੁਲਤਾਨਪੁਰ ਆ ਗਏ । ਇਥੇ ੧੪੮੭ ਈ . ਨੂੰ ਉਨਾਂ ਦਾ ਵਿਆਹ ਬਟਾਲੇ ਦੇ ਮੂਲਚੰਦ ਖੱਤਰੀ ਦੀ ਸਪੁੱਤਰੀ ਸੁਲਖਣੀ ਜੀ ਨਾਲ ਹੋਇਆ ਤੇ ਸੁਲਖਣੀ ਜੀ ਆਪਣੇ ਪਤੀ ਦੇ ਘਰ ਆ ਗਈ । ਇਥੇ ਹੀ ਇਨ੍ਹਾਂ ਦੇ ਘਰ ਦੋ ਲੜਕਿਆਂ ਦਾ ਜਨਮ ਹੋਇਆ ਗੁਰੂ ਨਾਨਕ ਜੀ ਨੇ ਆਪਣੇ ਜੀਵਨ ਦੇ ੧੪ ਸਾਲ ਸੁਲਤਾਨਪੁਰ ਲੋਧੀ ਵਿਚ ਹੀ ਬਿਤਾਏ । ਇਥੋਂ ਹੀ ਜਗਤ ਨੂੰ ਕਲਿਆਣ ਦਾ ਸੰਦੇਸ਼ ਦੇਣ ਲਈ ਲੰਮੀਆਂ ਯਾਤਰਾਵਾਂ ਸ਼ੁਰੂ ਕੀਤੀਆਂ ਗਈਆਂ । ਡਾ . ਮਹਿੰਦਰ ਕੌਰ ਗਿੱਲ ਵੀ , “ ਗੁਰੂ ਮਹਿਲ ਗਾਥਾ ਵਿਚ ਇਸ ਤਰ੍ਹਾਂ ਲਿਖਿਆ ਹੈ ਕਿ “ ਇਕ ਦਿਨ ਜੈ ਰਾਮ ਨੇ ਬੇਬੇ ਨਾਨਕੀ ਨੂੰ ਦੱਸਿਆ । ਗੁਰਦਾਸਪੁਰ ਦੇ ਇਕ ਪਿੰਡ ਪਖੋਕੇ ਦਾ ਇਕ ਪਟਵਾਰੀ ਹੈ । ਜਿਸ ਦਾ ਨਾਂ ਹੈ ਮੂਲ ਚੰਦ , ਜੋ ਜਾਤ ਦਾ ਖੱਤਰੀ ਹੈ ਉਹ ਆਪਣੀ ਲੜਕੀ ਦਾ ਰਿਸ਼ਤਾ ਨਾਨਕ ਨਾਲ ਕਰਨ ਲਈ ਤਿਆਰ ਹੈ । ਬੇਬੇ ਨਾਨਕੀ ਜੀ ਬਹੁਤ ਖੁਸ਼ ਹੋਈ । ਇਹ ਖਬਰ ਉਸ ਨੇ ਤਲਵੰਡੀ ਆਪਣੇ ਮਾਪਿਆਂ ਨੂੰ ਭੇਜ ਦਿੱਤੀ । ਅਖੀਰ ਉਹ ਦਿਨ ਵੀ ਆ ਗਿਆ । ਬੀਬੀ ਨਾਨਕੀ ਜੀ ਦੇ ਵੀਰ ਦੀ ਕੁੜਮਾਈ ਹੋ ਗਈ । ਮਾਂ ਪਿਉ ਤਲਵੰਡੀ ਤੋਂ ਸੁਲਤਾਨਪੁਰ ਆ ਗਏ । ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ । ਸ਼ਗਨ ਕੀਤੇ ਗਏ ਖੈਰਾਇਤ ਵੰਡੀ ਗਈ । ਬਰਾਤ ਬੜੇ ਉਤਸ਼ਾਹ ਨਾਲ ਬਟਾਲੇ ਗਈ । ਇਸ ਬਰਾਤ ਵਿਚ ਰਾਇ ਬੁਲਾਰ ਸੀ , ਨਵਾਬ ਦੌਲਤ ਖਾਂ ਲੋਧੀ ਵੀ ਸੀ ਸਜੇ ਘੋੜਿਆਂ ਨਾਲ ਸਜੀ ਬਰਾਤ ਦੀ ਸ਼ਾਨ ਅਨੋਖੀ ਸੀ ।
ਵਿਆਹ ਵੇਲੇ ਝਗੜਾ : ਆਮ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਜੀ ਹੋਰਾਂ ਬਰਾਤ ਵਿਚ , ਸਾਧ ਫਕੀਰ ਲਿਆਉਣ ਕਰਕੇ ਮੂਲ ਚੰਦ ਨੇ ਆਪਣੀ ਹੇਠੀ ਸਮਝ ਲਾੜੇ ਨੂੰ ਢਠੈਣ ਵਾਲੀ ਕੰਧ ਹੇਠ ਬਿਠਾ ਦਿੱਤਾ । ਪਰ ਨਵੀਨ ਖੋਜ ਅਨੁਸਾਰ ਗੱਲ ਇਹ ਨਹੀਂ ਸੀ । ਗੱਲ ਲਾਵਾਂ ਕਰਨ ਤੋਂ ਵਧੀ । ਉਦੋਂ ਸਮਾਜ ਵਿਚ ਬਾਹਮਨ ਦਾ ਗਲਬਾ ਸੀ ਜੋ ਗੱਲ ਉਹ ਕਰਦਾ ਸੀ ਉਹ ਰੱਬੀ ਹੁਕਮ ਸਮਝਿਆ ਜਾਂਦਾ ਸੀ । ਗੁਰੂ ਜੀ ਪੁਰਾਣੇ ਰਸਮ ਅਨੁਸਾਰ ਵੇਦੀ ਦੁਆਲੇ ਲਾਵਾਂ ਕਰਾਉਣ ਤੇ ਵੇਦੀ ਮੰਤਰ ਪੜ੍ਹਣ ਦੇ ਵਿਰੁੱਧ ਸੀ । ਗੁਰੂ ਜੀ ਪੁਰਾਣੀਆਂ ਰੀਤਾਂ ਦਾ ਖੰਡਣ ਕਰਕੇ ਸਮਾਜ ਵਿਚ ਸੁਧਾਰ ਲਿਆਉਣਾ ਚਾਹੁੰਦੇ ਸਨ । ਇਸ ਲਈ ਬਾਹਮਨ ਦੀਆਂ ਰੀਤਾਂ ਮੰਨਣ ਤੋਂ ਬਾਗੀ ਹੋ ਗਏ । ਮੂਲ ਚੰਦ ਬਾਹਮਨੀ ਗਲਬੇ ਹੇਠ ਸੀ । ਉਸ ਨੇ ਸੁਲਖਣੀ ਦਾ ਵਿਆਹ ਗੁਰੂ ਨਾਨਕ ਨਾਲੋਂ ਕਰਨੋਂ ਨਾਂਹ ਕਰਕੇ ਜੰਝ ਵਾਪਸ ਖਾਲੀ ਘੱਲਣ ਘਲਾਉਣ ਦੀ ਧਮਕੀ ਵੀ ਦਿੱਤੀ।ਗੱਲ ਹੋਰ ਵਧ ਗਈ ਉਥੇ ਇਕ ਭੰਡਾਰੀ ਨੇ ਆਪਣੀ ਲੜਕੀ ਦਾ ਗੁਰੂ ਨਾਨਕ ਜੀ ਨੂੰ ਰਿਸ਼ਤਾ ਕਰਨ ਲਈ ਪੇਸ਼ਕਸ਼ ਕੀਤੀ । ਉਧਰ ਬ੍ਰਾਹਮਣਾਂ ਨੂੰ ਅੱਗੇ ਲਾ ਕੇ ਕਿ ਗੁਰੂ ਨਾਨਕ ਉਨਾਂ ( ਬ੍ਰਾਹਮਣਾਂ ) ਨਾਲ ਇਸ ਵਿਸ਼ੇ ਤੇ ਬਹਿਸ ਕਰ ਲਏ । ਜੇ ਜਿੱਤ ਜਾਏ ਤਾਂ ਨਵੇ ਤ੍ਰੀਕੇ ਅਨੁਸਾਰ ਵਿਆਹ ਹੋ ਜਾਵੇਗਾ । ਪਰ ਸਿਰਫ ਭੰਡਾਰੀ ਦੀ ਲੜਕੀ ਦੇ ਰਿਸ਼ਤੇ ਕਰਕੇ ਸੀ ਕਿ ਜੇ ਮੂਲ ਚੰਦ ਦੀ ਲੜਕੀ ਨਾਲ ਵਿਆਹ ਨਹੀਂ ਹੁੰਦਾ ਤਾਂ ਭੰਡਾਰੀ ਦੀ ਲੜਕੀ ਦਾ ਰਿਸ਼ਤਾ ਵੀ ਸਿਰੇ ਨਾ ਚੜੇ ਤੇ ਜੰਝ ਖਾਲੀ ਪਰਤੇ । ਇਸ ਸਾਜ਼ਸ਼ ਅਧੀਨ ਗੁਰੂ ਜੀ ਨੂੰ ਇਕ ਕੱਚੀ ਉਲਰੀ ਕੰਧ ਥੱਲੇ ਬਿਠਾਇਆ ਹੋਇਆ ਸੀ । ਉਤੋਂ ਮੀਂਹ ਵੀ ਪੈ ਰਿਹਾ ਹੈ । ਸਾਖੀ ਵਿਚ ਲਿਖਿਆ ਹੈ ਕਿ ਇਕ ਬੁਢੜੀ ਮਾਈ ਨੇ ਗੁਰੂ ਜੀ ਨੂੰ ਕਿਹਾ ਕਿ “ ਵੇਂ ਚੰਦ ਜਿਹੇ ਨੀਂਗਰਾ ! ਇਸ ਢਠੱਣ ਵਾਲੀ ਕੰਧ ਹੇਠੋਂ ਉਠ ਜਾ । ਵੀਰ ਇਹ ਡਿੱਗੀ ਕਿ ਡਿੱਗੀ । ” ਇਹ ਮਾਈ ਵੀ ਸਾਜ਼ਸ਼ ਦੀ ਕੰਨਸੋਂ ਸੁਣ ਕੇ ਆਈ ਹੋਵੇਗੀ । ਗੁਰੂ ਜੀ ਬਚਨ ਕੀਤਾ “ ਮਾਤਾ ! ਇਹ ਕੰਧ ਢੱਠਣ ਵਾਲੀ ਨਹੀਂ ਹੈ । ਇਹ ਜੁਗਾਂ ਜੁਗਾਂਤਰਾਂ ਤਾਈਂ ਏਵੇਂ ਰਹੇਗੀ । ਲੇਖਕ ਨੇ ਕਈ ਵਾਰ ਪਹਿਲਾਂ ਵੀ ਇਸ ਕੰਧ ਦੇ ਦਰਸ਼ਨ ਕੀਤੇ ਹਨ । ਪਰ ਹੁਣ ਇਸ ਨੂੰ ਸ਼ੀਸ਼ੇ ਵਿਚ ਮੱੜ ਕੇ ਸੁਰਖਿਅਤ ਕਰ ਲਿਆ ਗਿਆ ਹੈ । ਇਸ ਉਪਰ ਬੜਾ ਸੁੰਦਰ ਗੁਰਦੁਆਰਾ ਬਣਾ ਦਿੱਤਾ ਗਿਆ ਹੈ । ਇਥੇ ਹਰ ਸਾਲ ਗੁਰੂ ਜੀ ਦੇ ਵਿਆਹ ਵਾਲੇ ਦਿਨ ਬੜਾ ਤਕੜਾ ਮੇਲਾ ਲਗਦਾ ਹੈ । ਮਾਤਾ ਸੁਲੱਖਣੀ ਜੀ ਦਾ ਵਿਆਹ ਬੜਾ ਸਾਦੀ ਰਸਮ ਨਾਲ ਕੀਤਾ ਗਿਆ । ਇਕ ਚੌਂਕੀ ਤੇ ਜਪੁ ਜੀ ਦੀ ਪੋਥੀ ਰੱਖ ਕੇ ਗੁਰੂ ਜੀ ਨੇ ਚਾਰ ਲਾਵਾਂ ਲਈਆਂ । ਨਾਲ ਹੀ ਸਤਿਨਾਮ ਦਾ ਜਾਪ ਕੀਤਾ । ਇਹ ਪਹਿਲਾਂ ਸਿੱਖ ਸਮਾਜ ਦਾ ਅਨੰਦ ਕਾਰਜ ਸੀ ਇਸ ਤੋਂ ਬਾਅਦ ਸਾਰੇ ਜਾਂਝੀਆਂ ਨੇ ਜਿਸ ਵਿਚ ਸਾਰੇ ਵਰਣਾਂ ਦੇ ਪ੍ਰਾਣੀਆਂ ਨੇ ਸ਼ਰਕਤ ਕੀਤੀ ਸੀ । ਇਕੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ । ਇਸ ਤਰ੍ਹਾਂ ਸਮਾਜ ਵਿਚ ਨੀਚ ਸਮਝੇ ਜਾਂਦਿਆਂ ਨੂੰ ਇਕ ਪੰਗਤ ਵਿਚ ਬੈਠੇ ਤੱਕ ਮੂਲ ਚੰਦ ਤੇ ਬ੍ਰਾਹਮਣਾਂ ਨੂੰ ਇਹ ਗੱਲ ਚੁਭੀ ਤਾਂ ਹੋਵੇਗੀ । ਇਸ ਤਰ੍ਹਾਂ ਘਰਦਿਆਂ ਵਲੋਂ ਰੋਂਦਿਆਂ ਧੋਦਿਆਂ ਇਹ ਵਿਆਹ ਨੇਪਰੇ ਚੜ੍ਹ ਗਿਆ । ਵਿਆਹ ਪਿਛੋਂ ਸੁਲਖਣੀ ਜੀ ਨੂੰ ਤਲਵੰਡੀ ਦੀ ਥਾਂ ਸੁਲਤਾਨਪੁਰ ਹੀ ਲੈ ਆਂਦਾ ਗਿਆ ।
ਏਥੇ ਆ ਕੇ ਮਾਤਾ ਸੁਲੱਖਣੀ ਜੀ ਪਹਿਲਾਂ ਬੀਬੀ ਨਾਨਕੀ ਜੀ ਨੇ ਆਪਣੇ ਨਾਲ ਹੀ ਰੱਖਿਆ । ਵਿਆਹ ਤੋਂ ਪਹਿਲਾਂ ਭੈਣ ਨੇ ਵੀਰ ਲਈ ਇਕ ਵੱਖਰਾ ਖੁਲ੍ਹਾ ਮਕਾਨ ਤਿਆਰ ਕਰਾ ਦਿੱਤਾ ਸੀ । ਭੈਣ ਨੂੰ ਪਤਾ ਸੀ ਕਿ ਵੀਰ ਦੇ ਪ੍ਰਾਹੁਣਿਆਂ ਸਾਧਾਂ ਸੰਤਾਂ , ਪੀਰਾਂ , ਫਕੀਰਾਂ ਇਸ ਪਾਸ ਆਇਆ ਕਰਨਾ ਹੈ । ਸਤਿਸੰਗ ਵਿਚ ਚਹਿਲ , ਪਹਿਲ ਹੋਵੇਗੀ ਸੋ ਵਹਿੜਾ ਆਦਿ ਮੌਕਲਾ ਚਾਹੀਦਾ ਹੈ । ਡਾ . ਮਹਿੰਦਰ ਕੌਰ ਗਿੱਲ ਇਨ੍ਹਾਂ ਬਾਰੇ ਇਉਂ ਲਿਖਦੇ ਹਨ “ ਕੁਝ ਦਿਨ ਮਾਤਾ ਸੁਲਖਣੀ ਜੀ ਵੀ ਸੁਲਤਾਨਪੁਰ ਆ ਗਈ । ਬੇਬੇ ਜੀ ਨੇ ਭਰਾ ਭਰਜਾਈ ਨੂੰ ਵੱਖਰਾ ਕਰ ਦਿੱਤਾ । ਮਸਤ ਮਲੰਗ ਵੀਰ ਨਾਨਕ ਨੂੰ ਘਰ ਦਾ ਸਾਮਾਨ ਬਣਾਇਆ ਵੇਖ ਭੈਣ ਨਾਨਕੀ ਮਨ ਹੀ ਮਨ ਵਿਚ ਬਲਿਹਾਰ ਜਾਂਦੇ ਕਿ ਉਸ ਦਾ ਵੀਰ ਗ੍ਰਹਿਸਥੀ ਬਣ ਗਿਆ ਹੈ । ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ ਸ਼ੁਕਰ ਸ਼ੁਕਰ ਕਰਦੀ ਭੈਣ ਨਾਨਕੀ ਸੁਲਤਾਨਪੁਰ ਗੁਰੂ ਜੀ ਨੂੰ ਸਾਧੂ ਸੰਤ ਫਕੀਰ ਮਿਲਣ ਆਉਂਦੇ ਸਤਿ ਸੰਗ ਹੁੰਦਾ ਰਹਿੰਦਾ । ਮਾਤਾ ਸੁਲੱਖਣੀ ਜੀ ਪੂਰੀ ਤਨਦੇਹੀ ਨਾਲ ਆਏ ਗਏ ਦੀ ਸੇਵਾ ਸੰਭਾਲ ਕਰਦੇ । ਲੰਗਰ ਲੱਗਾ ਰਹਿੰਦਾ ਹਰ ਹੀਲਾ ਕਰ ਪਤੀ ਨੂੰ ਖੁਸ਼ ਕਰਦੀ।ਉਨਾਂ ਦੀ ਭਗਤੀ ਤੇ ਸਿਮਰਨ ਵਿਚ ਵੀ ਵਿਘਣ ਨਾ ਪੈਣ ਦਿੰਦੀ । ਏਥੇ ਹੀ ੧੪੮੯ ਈ . ਵਿਚ ਬਾਬਾ ਸ੍ਰੀ ਚੰਦ ਨੇ ਜਨਮ ਲਿਆ ਦੋ ਸਾਲ ਬਾਦ ਬਾਬਾ ਲਖਮੀ ਚੰਦ ਜੀ ਜਨਮੇ । ਮਾਤਾ ਜੀ ਤੇ ਭੂਆ ਨੇ ਬੜੇ ਲਾਡਾਂ ਤੇ ਚਾਵਾਂ ਨਾਲ ਪਾਲਿਆ । ਗੁਰੂ ਨਾਨਕ ਆਪ ਤਾਂ ਮੋਦੀਖਾਨੇ ਵਿਚ ਰੁਝੇ ਰਹਿੰਦੇ । ਗਰੀਬਾਂ ਨੂੰ ਤੇਰਾ ਤੇਰਾ ਤੇ ਅਟਕ ਤੋਲ ਉੱਲਟੀ ਜਾਂਦੇ । ਕਈ ਵਾਰ ਘਰੋਂ ਬਾਹਰ ਹੀ ਰਹਿ ਬਿਰਤੀ ਲਾ ਲੈਂਦੇ । ਘਰ ਨਾਂ ਆਉਂਦੇ । ਮਾਤਾ ਸੁਲੱਖਣੀ ਜੀ ਨੂੰ ਘੱਟ ਹੀ ਬੁਲਾਉਂਦੇ । ਭਾਈ ਵੀਰ ਸਿੰਘ ਜੀ ਇਕ ਥਾਂ ਲਿਖਦੇ ਹਨ ਕਿ ਇਕ ਵਾਰ ਉਨਾਂ ( ਮਾਤਾ ਸੁਲੱਖਣੀ ) ਦੀ ਮਾਂ ਚੰਦੋ ਰਾਣੀ ਨੇ ਬੇਬੇ ਨਾਨਕੀ ਜੀ ਨੂੰ ਆ ਅਲਾਂਭਾ ਦਿੱਤਾ । ਬੇਬੇ ਨਾਨਕੀ ਜੀ ਦੱਸਿਆ ਕਿ ਭਰਜਾਈ ਜੀ ਨੂੰ ਕਿਸੇ ਗੱਲ ਦੀ ਥੁੜ ਨਹੀਂ , ਮੇਰੇ ਵੀਰੇ ਨੇ ਸਾਰੇ ਸੁਖਾਂ ਦੇ ਸਾਮਾਨ ਕਰ ਦਿੱਤੇ ਹੋਏ ਹਨ । ਉਨਾਂ ਦਾ ਸੰਤ ਸੁਭਾਅ ਹੈ ਤੇ ਸੰਤ ਮਤੇ ਰਹਿੰਦੇ ਹਨ । ਭਾਬੀ ਜੀ ਨੂੰ ਸਮਝਾਉ ਕਿ ਸੰਤ ਜਾਣ ਕੇ ਸ਼ਰਧਾਧਾਰ ਸੇਵਾ ਕਰੇ ਹੋਰ ਸੁਖੀ ਹੋ ਜਾਸੀ । ‘ ਏਸੇ ਤਰ੍ਹਾਂ ਇਕ ਝਗੜੇ ਬਾਰੇ ਡਾ . ਮਹਿੰਦਰ ਕੌਰ ਗਿੱਲ ਵੀ ਗੁਰੂ ਮਹਿਲ ਗਾਥਾ ਵਿਚ ਇਕ ਘਟਨਾ ਇਵੇਂ ਲਿਖੀ ਹੈ ਕਿ ਇਕ ਦਿਨ ਬੇਬੇ ਨਾਨਕੀ ਜੀ ਬੈਠੀ ਹੋਈ ਸੀ ਕਿ ਉਸ ਦੀ ਭਰਜਾਈ ਸੁਲਖਣੀ ਆਈ , ਨਾਲ ਉਸ ਦੀ ਮਾਂ ਚੰਦੋ ਰਾਣੀ ਵੀ ਸੀ । ਮਾਵਾਂ ਧੀਆਂ ਆਣ ਕੇ ਲੜਨ ਲੱਗੀਆਂ ਸੁਲਖਣੀ ਜੀ ਨੇ ਕਿਹਾ ਕਿ ਮੇਰਾ ਪਤੀ ਤਾਂ ਕਈ ਕਈ ਦਿਨ ਘਰ ਹੀ ਨਹੀਂ ਵੜਦਾ । ਜੇ ਕਦੇ ਆ ਵੀ ਜਾਵੇ ਤਾਂ ਮੂੰਹੋਂ ਬੋਲਦਾ ਹੀ ਨਹੀਂ ਹੈ । ਚੁਪ ਕਰਕੇ ਬੈਠਾ ਰਹਿੰਦਾ ਹੈ । ਬੇਬੇ ਨਾਨਕੀ ਜੀ ਨੇ ਸਹਿਜੇ ਨਾਲ ਆਖਿਆ ਮਾਸੀ ਜੀ ! ਤੁਹਾਡੀ ਧੀ ਨੂੰ ਖਾਣ ਪੀਣ ਦੀ ਕਪੜੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਕਮੀ ਤਾਂ ਨਹੀਂ ਹੈ । ਜੇ ਉਹ ਘਰ ਆ ਕੇ ਚੁੱਪ ਕਰ ਜਾਂਦਾ ਹੈ ਤਾਂ ਇਹ ਤਾਂ ਉਸ ਦੀ ( ਮੁਢਲੀ ) ਆਦਤ ਹੈ । ਉਹ ਮੰਦਾ ਤਾਂ ਨਹੀਂ ਬੋਲਦਾ , ਦੁਖੀ ਤਾਂ ਨਹੀਂ ਕਰਦਾ | ਲੋੜ ਦੀ ਥੁੜੇ ਤਾਂ ਨਹੀਂ ਆਣ ਦੇਂਦਾ । ਬੇਬੇ ਨਾਨਕੀ ਦੀ ਗੱਲ ਸੁਣ ਮਾਵਾਂ ਧੀਆਂ ਚੁਪ ਹੋ ਗਈਆਂ ਆਪਣੇ ਘਰ ਪਰਤ ਗਈਆਂ ।
੧੪੯੭ ਈ : ਵਿਚ ਗੁਰੂ ਨਾਨਕ ਦੇਵ ਇਸ਼ਨਾਨ ਕਰਨ ਗਏ ( ਕਾਲੀ ਵੇਈਂ ਵਿਚ ) ਡੁਬ ਗਏ ਪ੍ਰਤੀਤ ਹੋਏ । ਤਾਂ “ ਆਪ ( ਪੁਰਾਤਨ ਜਨਮ ਸਾਖੀ ਜਿਹੜੀ ੧੬੩੫ ਈ . ਵਿਚ ਗੁਰੂ ਹਰਿ ਗੋਬਿੰਦ ਸਾਹਿਬ ਵੇਲੇ ਲਿਖੀ ਗਈ ਹੈ ) ਨੂੰ ਪ੍ਰਮਾਤਮਾ ਨੇ ਆਪਣੇ ਪਾਸ ਸੱਦਿਆ ਤੇ ਇਕ ਅੰਮ੍ਰਿਤ ਦਾ ਪਿਆਲਾ ਆਪਣੇ ਵਲੋਂ ਦਿੱਤਾ । ਉਹ ਇਸ ਨੂੰ ਬੜੀ ਖੁਸ਼ੀ ਖੁਸ਼ੀ ਛਕ ਗਏ ਤਾਂ ਪ੍ਰਮਾਤਮਾ ਨੇ ਗੁਰੂ ਜੀ ਨੂੰ ਇਹ ਦੁਨਿਆਵੀਂ ਜਗਤ ਤਿਆਗ ਕੇ ਸੰਸਾਰ ਨੂੰ ਸਹੀ ਰਸਤੇ ਤੇ ਚਲ ਕੇ ਨੀਚਾਂ ਤੇ ਭੂਲੇ ਭਟਕੇ ਸਮਾਜ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ । ਜਦੋਂ ਗੁਰੂ ਜੀ ਤਿੰਨ ਦਿਨ ਬਾਅਦ ਵਾਪਿਸ ਪਰਤੇ ਤਾਂ ਆਉਂਦੇ ਹੀ ਆਪਣੇ ਧੰਦੇ ਮੋਦੀਖਾਨੇ ਨੂੰ ਛੱਡ ਦਿੱਤਾ ਹਿਸਾਬ ਕੀਤਾ । ਗੁਰੂ ਜੀ ਦੀ ਰਕਮ ਦੌਲਤ ਖਾਂ ਵੱਲ ਵਧੀ ਤਾਂ ਉਸ ਨੇ ਕਿਹਾ ਕਿ ਰਕਮ ਜੋ ਬਚਦੀ ਹੈ ਇਹ ਲਈ ਜਾ ਤੇਰੇ ਪ੍ਰਵਾਰ ਦੇ ਕੰਮ ਆਵੇਗੀ । ਗੁਰੂ ਜੀ ਉਤਰ ਦਿੱਤਾ ਕਿ ਇਹ ਰਕਮ ਗਰੀਬਾਂ ਵਿਚ ਵੰਡ ਦਿਉ । ( ਪਰਵਦਗਾਰ ) ਅਕਾਲ ਪੁਰਖ ਮੇਰੇ ਪ੍ਰਵਾਰ ਨੂੰ ਆਪੇ ਪਾਲੇਗਾ । ਲੋਕਾਈ ਨੂੰ ਸੋਧਣ ਲਈ ਜਦੋਂ ਗੁਰੂ ਨਾਨਕ ਅਕਾਲ ਪੁਰਖ ਦਾ ਹੁਕਮ ਮੰਨ ਕੇ ਤੁਰੇ ਤਾਂ ਪਹਿਲਾਂ ਸਮਸਾਨ ਘਾਟ ਵਿਚ ਵਾਸਾ ਕਰ ਲਿਆ ਤੇ ਫਿਰ ਗੁਰੂ ਜੀ ਦੇ ਘਰ ਬਾਰ ਛੱਡਣ ਦਾ ਇਸਦੇ ਮਾਪਿਆਂ , ਸਹੁਰਿਆਂ ਨੂੰ ਪਤਾ ਲੱਗਾ ਤੇ ਸੁਲਤਾਨਪੁਰ ਆ ਕੇ ਸਮਝਾਉਣ ਲੱਗੇ । ਬੇਬੇ ਨਾਨਕੀ ਜੀ ਦੇ ਨੈਣ ਭਰ ਆਏ । ਸਾਰੇ ਅੰਗਾਂ ਸ਼ਾਕਾਂ ਸਮਝਾਇਆ ਕਿ ਤੇਰੇ ਬੁੱਢੇ ਮਾਂ ਪਿਉ , ਬਾਲ ਬੱਚੇ ਕਿੱਥੇ ਜਾਣ ਤਾਂ ਪ੍ਰੋ . ਕਰਤਾਰ ਸਿੰਘ ਗੁਰੂ ਨਾਨਕ ਦੇਵਾ ” ਪੰਨਾ ੭੪ ਤੇ ਲਿਖਿਆ ਹੈ ਕਿ ਗੁਰੂ ਜੀ ਇਉਂ ਉਤਰ ਦਿੱਤਾ “ ਮੈਂ ਜਾਣਦਾ ਹਾਂ ਕਿ ਮੇਰੇ ਬੁੱਢੇ ਮਾਂ ਪਿਉ ਪ੍ਰਤੀ ਕੀ ਫਰਜ਼ ਹਨ । ਪਰ ਇਕ ਹੋਰ ਪਿਤਾ ਉਪਰ ਭੀ ਹੈ ਜਿਹੜਾ ਸਾਡੇ ਸਾਰਿਆਂ ਦਾ ਪਿਤਾ ਹੈ । ਉਸ ਦਾ ਹੁਕਮ ਹੈ ਘਰ ਛੱਡ ਬਾਹਰ ਨਿਕਲ ਜਾ , ਸੜ ਰਹੇ ਜਗਤ ਤੇ ਦੁਖੀ ਸੰਸਾਰ ਨੂੰ ਠੰਡ ਤੇ ਆਰਾਮ ਪੁਚਾ । ਇਹ ਇਲਾਹੀ ਸੱਦਾ ਹੈ ਇਹ ਇਤਨਾ ਬਲਵਾਨ ਤੇ ਜ਼ਰੂਰੀ ਹੈ ਕਿ ਮੇਰੇ ਲਈ ਟਾਲਣਾ ਅਸੰਭਵ ਹੈ । ਜਿਸ ਨੇ ਮੈਨੂੰ ਇਸ ਉਦੇਸ਼ ਲਈ ਭੇਜਿਆ ਹੈ ਉਹ ਹੀ ਤੁਹਾਡੀ ਬੁਢਾਪੇ ਵਿਚ ਸਹਾਇਤਾ ਕਰੇਗਾ । ਉਸ ( ਪ੍ਰਭੂ ) ਤੇ ਵਿਸ਼ਵਾਸ਼ ਧਾਰੋ । ਮੈਨੂੰ ਆਗਿਆ ਦਿਉ ਮੈਨੂੰ ਆਪਣੀ ਅਸ਼ੀਰਵਾਦ ਦੇ ਕੇ ਨਿਵਾਜੋ ਤਾਂ ਕਿ ਮੈਂ ਆਪਣੇ ਉਦੇਸ਼ ਵਿਚ ਸਫਲ ਹੋਵਾਂ । ‘ ‘ ਮਾਪਿਆਂ ਅੱਗੇ ਹੋ ਭਰਿਆਂ ਨੈਣਾਂ ਵਿਚ ਪਿਆਰ ਦੇਦਿਆਂ ‘ ਚੰਗਾ ਪ੍ਰਮਾਤਮਾ ਭਲੀ ਕਰੇਗਾ । ਕਿਹਾ । ਫਿਰ ਗੁਰੂ ਜੀ ਆਪਣੇ ਸੌਹਰੇ ਮੂਲ ਚੰਦ ਤੇ ਸੱਸ ਚੰਦੋ ਰਾਣੀ ਵੱਲ ਹੋ ਕੇ ਕਿਹਾ “ ਇਹ ਮਨੁੱਖ ਨਹੀਂ ਜਿਹੜਾ ਬੱਚਿਆਂ ਨੂੰ ਧਰਤੀ ਤੇ ਲਿਆਉਂਦਾ ਹੈ । ਇਹ ਉਸ ਪ੍ਰਦਗਾਰ ਦੇ ਭੇਜੇ ਇਸ ਸੰਸਾਰ ਵਿਚ ਆਉਂਦੇ ਹਨ । ਅਸੀਂ ਏਥੇ ਉਸ ਦੀ ਰਜ਼ਾ ਵਿਚ ਰਹਿਣਾ ਹੁੰਦਾ ਹੈ । ਆਪਣੇ ਦੋਹਤਿਆਂ ਤੇ ਲੜਕੀ ਦਾ ਕੋਈ ਫਿਕਰ ਨਾ ਕਰੋ । ਪ੍ਰਭੂ ਜਿਸ ਦੇ ਇਹ ਬੱਚੇ ਹਨ ਇਨ੍ਹਾਂ ਦਾ ਖਿਆਲ ਰੱਖੇਗਾ । ਹੋਰ ਥਾਵਾਂ ਦੇ ਰੁਲ ਰਹੇ ਅਕਾਲ ਪੁਰਖ ਦਾ ਬੱਚਿਆਂ ਦੀ ਰਾਖੀ ਤੇ ਸੇਵਾ ਦਾ ਸੱਦਾ ਆ ਗਿਆ ਹੈ । ਮੈਂ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਫਿਕਰ ਨਾ ਕਰੋ ਸਗੋਂ ਮੈਨੂੰ – ਆਪਣੀ ਅਸ਼ੀਰਵਾਦ ਦਿਓ । ਉਹ ਦੋਵੇਂ ਇਹ ਉਤਰ ਸੁਣ ਸ਼ਾਂਤ ਹੋ ਗਏ ।
ਹੁਣ ਗੁਰੂ ਜੀ ਅੱਗੇ ਹੋ ਕੇ ਮਾਤਾ ਸੁਲਖਣੀ ਨੂੰ ਮੁਖਾਤਿਬ ਹੋ ਕੇ ਬਚਨ ਕਰਨ ਲੱਗੇ ਕਿ ਉਹ ਪ੍ਰਮੇਸ਼ਵਰ ਦੀਏ । ਹੌਸਲਾ ਧਾਰ ਮੇਰਾ ਫਰਜ ਪੂਰਾ ਹੋ ਗਿਆ ਹੈ । ਜਿਸ ( ਪ੍ਰਭੂ ) ਨੇ ਮੈਨੂੰ ਤੁਹਾਨੂੰ ਸਾਰਿਆਂ ਨੂੰ ਛੱਡਣ ਲਈ ਮਜ਼ਬੂਰ ਕੀਤਾ । ਤੁਹਾਡਾ ਧਿਆਨ ਰੱਖੇਗਾ । ਤੇਰੀ ਸ਼ਰਧਾ ਤੇ ਪਿਆਰ ਮੇਰੇ ਲਈ ਮਹਾਨ ਹੈ।ਤੇਰੀ ਕੁਰਬਾਨੀ ਵੀ ਮਹਾਨ ਹੈ । ਪਰ ਯਾਦ ਰੱਖ ਪ੍ਰਮਾਤਮਾ ਤੈਨੂੰ ਇਸ ਦਾ ਫਲ ਵੀ ਮਹਾਨ ਬਖਸ਼ੇਗਾ ।ਉਹ ਤੇਰੇ ਪੁੱਤਰਾਂ ਤੇ ਤੇਰੇ ਅੰਗ ਸੰਗ ਰਹੇ । ਮੈਂ ਆਪਣੇ ਪਿਤਾ ( ਪ੍ਰਭੂ ) ਦੇ ਧੀਆਂ ਪੁੱਤਰਾਂ ਦਾ ਪਾਪਾਂ ਤੇ ਕਲੇਸ਼ਾਂ ਤੋਂ ਜ਼ਰੂਰ ਛੁਟਕਾਰਾ ਕਰਾਉਣਾ ਹੈ । ਮੈਨੂੰ ਸਾਰੇ ਖੁਸ਼ੀ ਖੁਸ਼ੀ ਅਲਵਿਦਾ ਕਰੋ । ਇਹ ਗੱਲਾਂ ਸੁਣ ਮਾਤਾ ਸੁਲੱਖਣੀ ਜੀ ਨੇ ਨੀਵੀਂ ਪਾ ਲਈ । ਤੇ ਅਕਾਲ ਪੁਰਖ ਦੇ ਭਾਣੇ ਵਿਚ ਰਹਿਣ ਦੀ ਹਾਂ ਕਰ ਦਿੱਤੀ । ਤੇ ਮੱਥੇ ਵੱਟ ਨਾ ਪਾਇਆ । ਹੁਣ ਗੁਰੂ ਜੀ ਦੋਵਾਂ ਬੱਚਿਆਂ ਨੂੰ ਆਪਣੀ ਬਾਹਾਂ ਵਿਚ ਘੁਟ ਲਿਆ ਫਿਰ ਵਾਰੀ ਵਾਰੀ ਦੋਹਾਂ ਨੂੰ ਚੁੱਕ ਕੇ ਗਲ ਲਾਇਆ ਉਨਾਂ ਦੇ ਮੁਖੜੇ ਚੁੰਮੇ ਤੇ ਪਿਆਰ ਕੀਤਾ ਤੇ ਫਿਰ ਸਿਰ ਤੇ ਪਿਆਰ ਦੇ ਮੁਸਕਰਾਉਂਦਿਆਂ ਮਾਤਾ ਸੁਲੱਖਣੀ ਜੀ ਦੇ ਹਵਾਲੇ ਕਰ ਦਿੱਤਾ । ਇਸ ਤਰ੍ਹਾਂ ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਮਾਤਾ ਸੁਲੱਖਣੀ ਜੀ ਪ੍ਰਭੂ ਦੇ ਭਾਣੇ ਵਿਚ ਰਹਿ ਕੇ ਆਪਣੀ ਗੁਰੂ ਜੀ ਦੇ ਅੰਤਮ ਉਪਦੇਸ਼ ਵਲ ਧਿਆਨ ਰੱਖਦੇ ਕਿ “ ਗੁਰੂ ਜੀ ਤਾਂ ਦੁਖੀਆਂ ਦਾ ਛੁਟਕਾਰਾ ਕਰਾਉਣ ਗਏ ਹੋਏ ਹਨ ਪਤਾ ਨਹੀਂ ਕਿ ਲੋਕੀਂ ਕਿੰਨੇ ਕੁ ਦੁਖੀ ਹਨ । ਕੁਝ ਚਿਰ ਮਾਤਾ ਸੁਲੱਖਣੀ ਜੀ ਬੀਬੀ ਨਾਨਕੀ ਜੀ ਪਾਸ ਰਹੇ । ਫਿਰ ਪਿਤਾ ਕਾਲੂ ਚੰਦ ਜੀ ਇਨਾਂ ਨੂੰ ਆਪਣੇ ਪਾਸ ਤਲਵੰਡੀ ਲੈ ਆਂਦਾ । ਪਰ ਬਾਬਾ ਸ੍ਰੀ ਚੰਦ ਨੂੰ ਬੀਬੀ ਜੀ ਪਾਸ ਰਹਿਣ ਦਿੱਤਾ । ਪਿੰਡ ਆ ਕੇ ਮਾਤਾ ਸੁਲੱਖਣੀ ਜੀ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਾਲੂ ਜੀ ਦੀ ਸੇਵਾ ਵਿਚ ਜੁਟ ਗਏ । ਇਹ ਵੀ ਪ੍ਰਵਾਰ ਇਕੱਠੇ ਹੋ ਜਾਣ ਕਰਕੇ ਬੜੇ ਖੁਸ਼ ਹੋਏ । ਪਹਿਲੀ ਉਦਾਸੀ ਬਾਦ ਗੁਰੂ ਜੀ ਪਹਿਲਾਂ ਭੈਣ ਨਾਨਕੀ ਜੀ ਪਾਸ ਆਏ । ਏਥੇ ਕੁਦਰਤੀ ਸਾਰਾ ਪ੍ਰਵਾਰ ਇਕੱਠਾ ਹੋਇਆ ਪਿਆ ਸੀ । ਇਥੇ ਗੁਰੂ ਜੀ ਪ੍ਰਵਾਰ ਲੈ ਤਲਵੰਡੀ ਚਲੇ ਗਏ । ਫਿਰ ਆਪਣੇ ਸਹੁਰਿਆਂ ਨੂੰ ਮਿਲਣ ਗਏ।ਉਥੇ ਅਜਿੱਤੇ ਰੰਧਾਵਾ ਦੇ ਬਾਗ ਵਿਚ ਜਾ ਡੇਰੇ ਲਾਏ । ( ਅਜਿੱਤਾ ਰੰਧਾਵਾ ਚੌਧਰੀ ਵੀ ਗੁਰੂ ਦਾ ਅਨਿਨ ਸਿੱਖ ਹੋ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਇਆ ) ਏਥੇ ਹੀ ਆਪਣੇ ਸੱਸ ਸੌਹਰੇ ਨੂੰ ਸੱਦ ਭੇਜਿਆ । ਏਥੇ ਬੈਠ ਅਜਿੱਤੇ ਰੰਧਾਵੇ ਨਾਲ ਵਿਉਂਤ ਤੇ ਸਲਾਹ ਕਰਕੇ ਇਕ ਨਵਾਂ ਪਿੰਡ ਵਸਾਉਣ ਦੀ ਵਿਚਾਰ ਬਣਾਈ ।
ਰਾਵੀ ਦੇ ਪਾਰ ਕਰਤਾਰਪੁਰ ( ਪ੍ਰਭੂ ਦਾ ਪਿੰਡ ) ਨਾਂ ਦਾ ਪਿੰਡ ਵਸਾ ਲਿਆ ਗਿਆ । ਮਾਤਾ ਸੁਲੱਖਣੀ ਜੀ ਤੇ ਬੱਚਿਆਂ ਨੂੰ ਵੀ ਏਥੇ ਸੱਦ ਲਿਆ । ਗੁਰੂ ਜੀ ਦੇ ਏਥੇ ਸੁਣ ਸੰਗਤ ਇਥੇ ਆਉਣਾ ਸ਼ੁਰੂ ਕਰ ਦਿੱਤਾ ਲੰਗਰ ਚਾਲੂ ਹੋ ਗਿਆ । ਮਾਤਾ ਸੁਲੱਖਣੀ ਜੀ ਹੰਸੂ ਹੰਸੂ ਕਰਦੇ ਖਿੜੇ ਮੱਥੇ ਲੰਗਰ ਦੀ ਸੇਵਾ ਕਰਦੇ ਨਾ ਥਕਦੇ । ਫਿਰ ਦੂਸਰੀਆਂ ਉਦਾਸੀਆਂ ਖਤਮ ਕਰ ਕੇ ਹੀ ਏਥੇ ਰਹਿਣ ਲੱਗ ਪਏ । ਇਥੇ ਰਹਿ ਕੇ ਸਿੱਖ ਸਿਧਾਂਤ ਦੀ ਨੀਂਹ ਰੱਖੀ ” ਕਿਰਤ ਕਰੋ , ਨਾਮ ਜਪੋ ਤੇ ਵੰਡ ਕੇ ਛਕੋ । ” ਸਾਂਝੀ ਖੇਤੀ ਹੋਣ ਲੱਗੀ ਗੁਰੂ ਜੀ ਆਪ ਵਾਹੀ ਕਰਨ ਲੱਗੇ ਸੰਗਤ ਨੂੰ ਕੰਮ ਕਰਦਿਆਂ ਨਾਮ ਜਪਣ ਦੀ ਪਿਰਤ ਪਾਈ।ਹੱਥ ਕਾਰ ਵਲ ਮਨ ਯਾਰ ( ਪ੍ਰਭੂ ) ਵੱਲ ਦਾ ਉਪਦੇਸ਼ ਦਿੱਤਾ । ਹਰ ਇਕ ਨੂੰ ਕੰਮ ਕਰਨ ਤੋਂ ਬਾਅਦ ਬਿਨਾਂ ਜਾਤ ਪਾਤ ਦੇ ਭਿੰਨ ਭੇਤ ਦੇ ਇਕੋ ਪੰਗਤ ਵਿਚ ਇਕੋ ਜਿਹਾ ਖਾਣਾ ਮਿਲਣ ਲੱਗਾ । ਇਸ ਲੰਗਰ ਦਾ ਸਾਰਾ ਪ੍ਰਬੰਧ ਮਾਤਾ ਸੁਲੱਖਣੀ ਜੀ ਆਪਣੀ ਹੱਥੀਂ ਕਰਦੇ । ਆਪਣੀ ਹੱਥੀਂ ਆਟਾ ਚੱਕੀਆਂ ਤੇ ਪੀਹਣਾ ਪੈਂਦਾ ਸੀ । ਗੁਰੂ ਜੀ ਹੋਰਾਂ ਹੱਥੀਂ ਕਿਰਤ ਕਰਨ ਨੂੰ ਵਡਿਆਇਆ । ਏਥੇ ਹੀ ਪਹਿਲੀ ਵਾਰ ਭਾਈ ਲਹਿਣਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਜਦੋਂ ਦੇਵੀ ਦੇ ਦਰਸ਼ਨ ਕਰਨ ਗਏ ਸਨ ਤੇ ਏਥੇ ਹੀ ਰਹਿ ਪਏ । ਫਿਰ ਜਦੋਂ ਆਏ ਤੇ ਬੜੇ ਸੁੰਦਰ ਕਪੜੇ ਪਹਿਣੇ ਗੁਰੂ ਜੀ ਦੇ ਖੇਤਾਂ ਵਿਚ ਦਰਸ਼ਨ ਕਰਨ ਗਏ।ਤਾਂ ਘਰ ਆਉਣ ਲੱਗਿਆਂ ਗੁਰੂ ਨਾਨਕ ਦੇਵ ਜੀ ਨੇ ਲਿਬੜੇ ਘਾਹ ਦੀ ਪੰਡ ਸਿਰ ਤੇ ਚੁੱਕਾ ਵਾਪਸ ਪਿੰਡ ਵੱਲ ਤੋਰਿਆ । ਰਾਹ ਵਿਚ ਚਿੱਕੜ ਵਾਲਾ ਪਾਣੀ ਚੋ ਕੇ ਭਾਈ ਲਹਿਣਾ ਜੀ ਦੇ ਸੁੰਦਰ ਕੀਮਤੀ ਬਸਤਰ ਤੇ ਮੁਖੜਾ ਲਿੱਬੜ ਗਿਆ । ਘਰ ਆਉਣ ਤੇ ਮਾਤਾ ਸੁਲਖਣੀ ਜੀ ਇਨਾਂ ਦੀ ਇਹ ਦਸ਼ਾ ਵੇਖ ਕੇ ਰਹਿ ਨਾ ਸਕੀ ਤੇ ਗੁਰੂ ਜੀ ਨੂੰ ਆਉਂਦਿਆਂ ਕਿਹਾ ਕਿ “ ਇਸ ਤਰ੍ਹਾਂ ਨਵੀਂ ਆਈ ਸੰਗਤ ਕੇ ਕਪੜੇ ਖਰਾਬ ਨਹੀਂ ਕਰੀਦੇ । ‘ ਪਰ ਗੁਰੂ ਜੀ ਅੱਗੋਂ ਮਾਤਾ ਸੁਲਖਣੀ ਨੂੰ ਕਿਹਾ ਪ੍ਰਮੇਸ਼ਵਰ ਦੀਏ ! ਇਸ ਨੇ ਲਿਬੜੀ ਪੰਡ ਨਹੀਂ ਉਠਾਈ ਇਸ ਨੇ ਦੁਖੀ ਲੋਕਾਂ ਦੇ ਭਾਰ ਦੀ ਪੰਡ ਸਿਰ ਤੇ ਚੁੱਕੀ ਹੈ । ਇਹ ਚਿੱਕੜ ਦੇ ਛਿੱਟੇ ਮੁਖੜੇ ਤੇ ਕਪੜਿਆਂ ਤੇ ਨਹੀਂ ਹਨ ਇਹ ਤਾਂ ਕੇਸਰ ਦੇ ਛਿੱਟੇ ਹਨ । ਜਿਹੜੇ ਅਕਾਲ ਪੁਰਖ ਨੇ ਇਸ ਨੂੰ ਦੀਨ ਦੁਨੀ ਦੇ ਦੁਖਾਂ ਨੂੰ ਹਰਨ ਲਈ ਚੁਣਕੇ ਇਸ ਤੇ ਮਾਰੇ ਹਨ । ਗੁਰੂ ਜੀ ਨੇ ਗੁਰਗੱਦੀ ਭਾਈ ਲਹਿਣਾ ਜੀ ਨੂੰ ਦੇ ਦਿੱਤੀ ਤਾਂ ਮਾਤਾ ਸੁਲੱਖਣੀ ਜੀ ਨੇ ਰਤਾ ਰੋਸ ਨਹੀਂ ਕੀਤਾ । ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਬਾਅਦ ਕਰਤਾਰਪੁਰ ਦੀ ਸਾਰੀ ਜ਼ਮੀਨ ਦਾ ਪ੍ਰਬੰਧ ਬਾਬਾ ਲਖਮੀ ਚੰਦ ਕਰਦਾ । ਮਾਤਾ ਸੁਲੱਖਣੀ ਜੀ ਗੁਰੂ ਜੀ ਪਿਛੋਂ ਸੰਗਤ ਵਿਚ ਉਸੇ ਤਰ੍ਹਾਂ ਧਰਮ ਪ੍ਰਚਾਰ ਕਰਦੇ ਸਤਿ ਸੰਗ ਕਰਦੇ ਕੀਰਤਨ ਹੁੰਦਾ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜੀ ਰੱਖਦੇ ਕੁਝ ਸਾਲ ਬਾਅਦ ਮਾਤਾ ਸੁਲੱਖਣੀ ਜੀ ਵੀ ਆਪਣੇ ਗੁਰੂ ਪਤੀ ਦੇ ਚਰਨਾਂ ਵਿਚ ਸੱਚ ਖੰਡ ਵਾਸ ਕਰ ਗਏ।ਇਨਾਂ ਦਾ ਸਸਕਾਰ ਵੀ ਕਰਤਾਰਪੁਰ ਰਾਵੀ ਦੇ ਕੰਢੇ ਕੀਤਾ ਗਿਆ । ਮਾਤਾ ਸੁਲੱਖਣੀ ਜੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਵੇਲੇ ਵਿਛੋੜੇ ਝਲ ਕਦੀ ਮਾਪਿਆਂ ( ਪਿਤਾ ਕੁਲੂ ਜੀ ਤੇ ਮਾਤਾ ਤ੍ਰਿਪਤਾ ) ਦੇ ਸਾਹਮਣੇ ਨਹੀਂ ਉਭਾਸਰੇ । ਸਗੋਂ ਉਨ੍ਹਾਂ ਨੂੰ ਹੌਸਲਾ ਦੇਂਦੇ ਤੇ ਸੰਗਤਾਂ ਦੀ ਸੇਵਾ ਕਰਦੇ ਥਕਦੇ ਨਾ | ਅੰਤ ਵਿਚ ਡਾ ਰਤਨ ਸਿੰਘ ਜੱਗੀ ਦੇ ਮਾਤਾ ਸੁਲਖਣੀ ਬਾਰੇ ਵਿਚਾਰ ਦੱਸਦੇ ਹਾਂ ਉਹ ਲਿਖਦੇ ਹਨ ਕਿ “ ਇਸ ਯੁਗ ਪੁਰਸ਼ ( ਗੁਰੂ ਨਾਨਕ ਦੇਵ ਜੀ ) ਦੀ ਸੁਪਤਨੀ ਸੁਲਖਣੀ ਵੀ ਸ਼ੁਰੂ ਵਿਚ ਗੁਰੂ ਨਾਨਕ ਦੇਵ ਦਾ ਰਾਹ ਰੋਕਣ ਲਈ ਪ੍ਰਵਾਰਿਕ ਜ਼ਿੰਮੇਵਾਰੀਆਂ ਦੇ ਵਾਸਤੇ ਪਾਂਦੀ । ਪਰ ਆਖਰ ਉਸ ਨੇ ਸਥਿਤੀਆਂ ਨਾਲ ਸਮਝੌਤਾ ਕਰ ਹੀ ਲਿਆ ਅਤੇ ਗੁਰੂ ਜੀ ਦੇ ਮਹਾਨ ਅੰਦੋਲਨ ਦੀ ਪੂਰਕ ਬਣ ਗਈ । ਮਾਤਾ ਸੁਲਖਣੀ ਸਿੱਖ ਇਤਿਹਾਸ ਦਾ ਉਪੇਖਿਅਤ ਚਰਿਤ੍ਰ ਹੈ ਜਿਸ ਨੇ ਆਪਣੀਆਂ ਖੁਸ਼ੀਆਂ , ਆਪਣਾ ਸੁਖ , ਆਪਣਾ ਸਰਵ ਹੋਮ ਕਰ ਦਿੱਤਾ । ਪਰ ਇਕ ਪਤੀ ਬਰਤਾ ਗੁਰੂ ਜੀ ਦੀ ਕਾਰਜ ਸਿੱਧੀ ਵਿਚ ਰੋੜਾ ਨਾ ਬਣੀ । ਸੋ ਮਾਤਾ ਸੁਲੱਖਣੀ ਜੀ ਦਾ ਯੋਗਦਾਨ ਸਿੱਖੀ ਲਈ ਮਹਾਨ ਹੈ।ਜਿਸ ਨੇ ਆਪਣੇ ਪਤੀ ਨਾਲ ਪੂਰੀ ਮਿਲਵਰਤਣ ਦੇ ਸਿੱਖੀ ਪੌਦੇ ਨੂੰ ਪੂਰੇ ਧਿਆਨ ਨਾਲ ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਪਾਲਦੀ ਰਹੀ ਤੇ ਇਸ ਨੂੰ ਠੰਡ ਤੇ ਧੁੱਪ ਦੀ ਗਰਮੀ ਤੋਂ ਬਚਾਉਂਦੀ ਰਹੀ ਤੇ ਬੱਚਿਆਂ ਵਾਂਗ ਪਿਆਰਦੀ ਸੰਭਾਲ ਕਰਦੀ ਰਹੀ।ਤੇ ਇਹ ਪੌਦਾ ਫਿਰ ਮਾਤਾ ਖੀਵੀ ਜੀ ਦੇ ਹਵਾਲੇ ਕਰ ਦਿੱਤਾ ।
ਜੋਰਾਵਰ ਸਿੰਘ ਤਰਸਿੱਕਾ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top