ਇਤਿਹਾਸ – ਗੁਰਦੁਆਰਾ ਗੁਰੂ ਕਾ ਬਾਗ਼ (ਪਟਨਾ ਸਾਹਿਬ)
ਪਟਨਾ ਸ਼ਹਿਰ ਦੀ ਧਰਤੀ ਨੂੰ ਤਿੰਨ ਸਿੱਖ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ | ਇਸੇ ਸ਼ਹਿਰ ਵਿਚ ਹੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਤਿੰਨ-ਚਾਰ ਕਿਲੋਮੀਟਰ ਦੀ ਦੂਰੀ ‘ਤੇ ਪੂੂਰਬ ਵੱਲ ਸਥਿਤ ਗੁਰਦੁਆਰਾ ਗੁਰੂ ਕਾ ਬਾਗ (ਪਾਤਸ਼ਾਹੀ 9ਵੀਂ ਤੇ ਪਾਤਸ਼ਾਹੀ 10ਵੀਂ) ਵਿਖੇ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1670 ਈਸਵੀ ‘ਚ ਚਰਨ ਪਾਏ ਸਨ | ਨੌਵੇਂ ਪਾਤਸ਼ਾਹ ਆਸਾਮ ਤੇ ਹੋਰ ਇਲਾਕਿਆਂ ਵਿਚ ਸਿੱਖੀ ਦਾ ਪ੍ਰਚਾਰ ਕਰਦਿਆਂ ਵਾਪਸੀ ਸਮੇਂ ਪਟਨਾ ਸ਼ਹਿਰ ਤੋਂ ਬਾਹਰਵਾਰ ਨਵਾਬ ਰਹੀਮ ਬਖ਼ਸ਼ ਤੇ ਕਰੀਮ ਬਖਸ਼ ਨਾਂਅ ਦੇ ਦੋ ਮੁਸਲਮਾਨ ਭਰਾਵਾਂ ਦੇ ਇਕ ਸੁੱਕੇ ਬਾਗ ਵਿਚ ਕੁਝ ਸਮਾਂ ਆਰਾਮ ਕਰਨ ਲਈ ਬਿਰਾਜੇ | ਕਿਹਾ ਜਾਂਦਾ ਹੈ ਕਿ ਇਹ ਸੁੱਕਾ ਪਿਆ ਬਾਗ-ਬਗੀਚਾ ਇਕਦਮ ਹਰਿਆ-ਭਰਿਆ ਹੋ ਗਿਆ | ਪਤਾ ਲੱਗਣ ‘ਤੇ ਜਦੋਂ ਗੁਰੂ ਘਰ ਦੇ ਸ਼ਰਧਾਲੂ ਦੋਵਾਂ ਨਵਾਬ ਭਰਾਵਾਂ ਦੇ ਇੱਥੇ ਦਰਸ਼ਨ ਕਰਨ ਆਉਣ ‘ਤੇ ਗੁਰੂ ਸਾਹਿਬ ਨੇ ਪੱੁਛਿਆ ਕਿ ਇਹ ਬਾਗ ਕਿਸਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਆਪ ਜੀ ਦਾ ਹੀ, ਭਾਵ ਗੁਰੂ ਕਾ ਬਾਗ ਹੈ | ਇਸ ਬਾਗ ਦੀ ਨਵਾਬ ਪਰਿਵਾਰ ਵਲੋਂ ਚਾਰਦੀਵਾਰੀ ਕਰਵਾ ਕੇ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਗਿਆ | ਇਸੇ ਪਾਵਨ ਅਸਥਾਨ ‘ਤੇ ਹੀ ਗੁਰੂ ਤੇਗ ਬਹਾਦਰ ਜੀ ਦਾ ਪਹਿਲੀ ਵਾਰ ਆਪਣੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨਾਲ 17 ਅਪ੍ਰੈਲ 1670 ਨੂੰ , ਵਿਸਾਖ ਸੁਦੀ ਸਤਵੀਂ ਵਾਲੇ ਦਿਨ ਮਿਲਾਪ ਹੋਇਆ | ਇਸ ਅਸਥਾਨ ‘ਤੇ ਹੁਣ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਸੁਭਾਇਮਾਨ ਹੈ ਤੇ ਪ੍ਰਬੰਧ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਪਾਸ ਹੈ | ਬਾਗ ‘ਚ ਗੁਰੂ ਸਾਹਿਬ ਇਮਲੀ ਦੇ ਰੁੱਖ ਹੇਠ ਜਿਸ ਥੜੇ ‘ਤੇ ਬਿਰਾਜਮਾਨ ਹੋਏ ਸਨ, ਉਹ ਥੜਾ ਅਤੇ ਇਮਲੀ ਦੇ ਪੁਰਾਤਨ ਰੁੱਖ ਸਮੇਤ ਨਵਾਂ ਲਗਾਇਆ ਗਿਆ ਰੁੱਖ ਵੀ ਦਰਸ਼ਨਾਂ ਲਈ ਮੌਜੂਦ ਹਨ | ਉਸ ਸਮੇਂ ਗੁਰੂ ਸਾਹਿਬ ਵਲੋਂ ਕੀਤੀ ਦਾਤਣ ਤੋਂ ਉੱਗਿਆ ਨਿੰਮ ਦਾ ਰੁੱਖ, ਪੁਰਾਤਨ ਇਤਿਹਾਸਕ ਖੂਹ ਅਤੇ ਨੌਵੇਂ ਪਾਤਸ਼ਾਹ ਦੇ ਪਵਿੱਤਰ ਹੱਥ ਦਾ ਸਰਵਲੋਹ ਦਾ ਕੜਾ ਅੱਜ ਵੀ ਇੱਥੇ ਦਰਸ਼ਨਾਂ ਲਈ ਸੰਭਾਲ ਕੇ ਰੱਖੇ ਹੋਏ ਹਨ |



waheguru ji ka khalsa Waheguru ji ki Fateh ji 🙏🏻