ਕੜਾਹ ਪ੍ਰਸ਼ਾਦ ਦੀ ਮਹਿਮਾ
ਕੜਾਹ ਪ੍ਰਸ਼ਾਦ ਦੀ ਮਹਿਮਾ
ਦੋ ਸਿੱਖ ਭਾਈ ਅਨੰਤਾ ਜੀ ਤੇ ਭਾਈ ਕੁੱਕੋ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੱਥ ਜੋੜ ਬੇਨਤੀ ਕੀਤੀ , ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੜਾਹ ਪ੍ਰਸ਼ਾਦ ਨੂੰ ਹੀ ਕਿਉਂ ਪ੍ਰਵਾਨਿਆ ਹੈ ?? ਜਦ ਕਿ ਹੋਰ ਬੜੀਆਂ ਮਠਿਆਈਆਂ ਹਨ , ਕਿੰਨੇ ਤਰ੍ਹਾਂ ਦਾ ਮਿੱਠਾ ਹੈ , ਪਰ ਗੁਰੂ ਘਰ ਚ ਕੜਾਹ ਪ੍ਰਸ਼ਾਦ ਦੀ ਹੀ ਮਹਾਨਤਾ ਕਿਉਂ ਹੈ ??
ਮੀਰੀ ਪੀਰੀ ਦੇ ਮਾਲਕ ਨੇ ਜੁਆਬ ਦੇਂਦਿਆਂ ਕਿਹਾ , ਜਿਵੇਂ ਕੜਾਹ ਪ੍ਰਸ਼ਾਦ ਚ ਸਭ ਕੁਝ ਛਕਣ ਵਾਲਾ ਹੈ , ਕੋਈ ਵੀ ਚੀਜ਼ ਸੁੱਟਣ ਜਾਂ ਛੱਡਣ ਵਾਲੀ ਨਹੀਂ।
ਇਸੇ ਤਰ੍ਹਾਂ ਗੁਰੂ ਦੇ ਸ਼ਬਦ ਚ ਕੋਈ ਵੀ ਚੀਜ਼ ਛੱਡਣ ਵਾਲੀ ਨਹੀਂ ਹੈ ਕਥਾ ਕੀਰਤਨ ਸੰਪੂਰਨ ਸੁਣਨ ਵਾਲਾ ਹੈ।
ਫਿਰ ਹੋਰ ਸੁਣੋ ਜੋ ਸਿੱਖ ਨੇਕ ਕਿਰਤ ਕਮਾਈ ਕਰਦਾ , ਗੁਰੂ ਉਸ ਨੂੰ ਪੂਰੀ ਤਰ੍ਹਾਂ ਥਾਏਂ ਪਾਉਂਦਾ ਹੈ ਭੋਰਾ ਵੀ ਛੱਡਦਾ ਨਹੀਂ।
ਅਕਾਲ ਪੁਰਖ ਦਾ ਨਾਂ ਹਰ ਸਮੇਂ ਯਾਦ ਕਰਨਾ ਕਦੇ ਵੀ ਛੱਡਣ ਵਾਲਾ ਨਹੀਂ , ਇਹੀ ਕਾਰਨ ਹੈ ਕੇ ਗੁਰੂ ਘਰ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਮਹਾਨਤਾ ਹੈ।
ਇਹ ਦੋਵਾਂ ਸਿੱਖਾਂ ਦਾ ਨਾਮ ਭਾਈ ਗੁਰਦਾਸ ਜੀ ਨੇ 11 ਵਾਰ ਦੀ 29 ਪੌੜੀ ਦੇ ਵਿੱਚ ਵਾਰ ਵਿੱਚ ਵੀ ਦਰਜ ਕੀਤਾ ਹੈ।
ਆਨੰਤਾ ਕੁਕੋ ਭਲੇ ਸੋਭ ਵਧਾਵਣ ਹਨਿ ਸਿਰਦਾਰਾ॥
ਕਲਗੀਧਰ ਪਿਤਾ ਜੀ ਨੇ ਤਾਂ ਬਚਨ ਵੀ ਕੀਤੇ ਹਨ ਜੇਕਰ ਕਿਧਰੇ ਕੋਈ ਕੰਮ ਅੜ ਜਾਵੇ , ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਨੀ , ਗੁਰੂ ਕਿਰਪਾ ਕਰੇਗਾ।
ਨੋਟ ਨਿੱਕੇ ਹੁੰਦਿਆਂ ਜਦੋਂ ਕਿਤੇ ਪ੍ਰਸ਼ਾਦ ਦਾ ਭੋਰਾ ਵੀ ਥੱਲੇ ਡਿੱਗ ਜਾਣਾ ਤਾਂ ਮਾਂ ਨੇ ਕਹਿਣਾ ਚੁੱਕ ਲੈ ਗੁਰੂ ਦਾ ਪ੍ਰਸ਼ਾਦ ਹੈ , ਸੁੱਟਣ ਵਾਲਾ ਨਹੀਂ। ਪਰ ਅੱਜ ਤੱਕ ਸਮਝ ਨਹੀਂ ਸੀ ਇਹ ਕਿਉਂ ਕਿਹਾ ਜਾਂਦਾ ਆ। ਸਾਖੀ ਪੜ੍ਹ ਕੇ ਸਮਝ ਆਈ ਵਾਕਿਆ ਈ ਗੁਰੂ ਦਾ ਦਿੱਤਾ ਹੋਇਆ ਕੁਝ ਵੀ ਸੁੱਟਣ ਵਾਲਾ ਨਹੀਂ।
ਮੇਜਰ ਸਿੰਘ
ਗੁਰੂ ਕ੍ਰਿਪਾ ਕਰੇ