ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਬਹੁ ਪੱਖੀ ਵਿਚਾਰ (1563-1686)

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਬਾਰੇ ਬਹੁ ਪੱਖੀ ਵਿਚਾਰ (1563 – 1606ਈ.)

ਸ਼ਹੀਦ: ਉਹ ਮਹਾਂਯੋਧਾ ਅਤੇ ਪਵਿੱਤਰ ਹਸਤੀ ਜੋ ਰੱਬ ਜਾਂ ਉਸ ਦੀ ਰਚਨਾ ਦੇ ਪਿਆਰ ਅਤੇ ਰੱਬੀ ਭਾਣੇ ਅੰਦਰ ਖੁਸ਼ੀ-ਖੁਸ਼ੀ, ਕਿਸੇ ਜਗਤ ਭਲਾਈ ਅਤੇ ਪਰਉਪਕਾਰ ਹਿੱਤ ਜੂਝਿਆ ਹੋਵੇ ਜਾਂ ਜਿਸ ਨੇ ਕਿਸੇ ਉੱਚੇ ਸੁੱਚੇ ਸਿਧਾਂਤ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ ਹੋਵੇ, ਉਸ ਨੂੰ ‘ਸ਼ਹੀਦ’ ਕਿਹਾ ਜਾਂਦਾ ਹੈ ।

ਪੰਜਵੇਂ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਨੇ ਬੜੇ ਭਿਆਨਕ ਅਤੇ ਦਿਲ-ਕੰਬਾਊ ਤਸੀਹੇ ਸਹਿੰਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਵਿਚ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੱਧਾ ਅਤੇ ਆਪ ਨੂੰ ਸ਼ਹੀਦਾਂ ਦੇ ਸਿਰਤਾਜ ਅਖਵਾਉਣ ਦਾ ਮਾਣ ਪ੍ਰਾਪਤ ਹੋਇਆ। ਪੁਰਾਤਨ ਇਤਿਹਾਸਕਾਰਾਂ ਨੇ ਆਪ ਜੀ ਦੀ ਸ਼ਹੀਦੀ ਅਤੇ ਇਹੋ ਜਿਹੇ ਨਿਰਦਈ ਦੰਡ ਦੇਣ ਦੀ ਵਿਧੀ ਨੂੰ ਅਪਣਾਉਣ ਦਾ ਮੁੱਖ ਕਾਰਨ ਦੀਵਾਨ ਚੰਦੂ ਸ਼ਾਹ ਦੀ ਨਿੱਜੀ ਦੁਸ਼ਮਣੀ ਦੱਸਿਆ ਹੈ, ਪਰੰਤੂ ਅਸਲੀਅਤ ਅਤੇ ਮੁੱਖ ਕਾਰਨ ਹੋਰ ਵੀ ਹਨ। ਪ੍ਰਿਥੀ ਚੰਦ ਅਤੇ ਚੰਦੂ ਸ਼ਾਹ ਗੁਰੂ ਜੀ ਦੀ ਸ਼ਹਾਦਤ ਦਾ ਇਕ ਨਿਗੂਣਾ ਜਿਹਾ ਕਾਰਨ ਜ਼ਰੂਰ ਸਨ ਪਰੰਤੂ ਸਤਿਗੁਰਾਂ ਦੀ ਸ਼ਹਾਦਤ ਦਾ ਮੁੱਖ ਕਾਰਨ; ਜਿਵੇਂ:

(1) ਸ਼ਰਾਬੀ ਅਤੇ ਅੱਯਾਸ਼ੀ ਮੁਗ਼ਲ ਬਾਦਸ਼ਾਹ ਜਹਾਂਗੀਰ ਜੋ ਆਪਣੀ ਬਾਦਸ਼ਾਹੀ ਸਥਾਪਤ ਕਰਨਾ ਚਾਹੁੰਦਾ ਸੀ।

(2) ਕੱਟੜ ਮੁਸਲਮਾਨ ਸ਼ੇਖ ਅਹਿਮਦ ਸਰਹੰਦੀ, ਜੋ ਕਿ ਇਸਲਾਮ ਦੀ ਨਕਸ਼ਬੰਦੀ ਸਿਲਸਿਲਹ ਦਾ ਮੁੱਖ ਆਗੂ ਸੀ

(3) ਉਸ ਦੇ ਚੇਲਿਆਂ ਦਾ ਨਾਪਾਕ ਗੱਠਜੋੜ ਸੀ ਜੋ ਇਸਲਾਮੀ ਹਕੂਮਤ ਸਥਾਪਤ ਕਰਨਾ ਚਾਹੁੰਦੇ ਸਨ, ਆਦਿ।

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਸ਼ਹੀਦੀ ਦੇ ਅਸਲ ਕਾਰਨ, ਦੰਡ ਦੇਣ ਦਾ ਢੰਗ ਅਤੇ ਅਸਲ ਦੋਸ਼ੀ ਦਾ ਪਤਾ ਕਰਨ ਲਈ ਸਾਨੂੰ ਇਤਿਹਾਸ ਦੇ ਪੰਨਿਆਂ ਨੂੰ ਸਾਰ ਵਿੱਚ ਪੜ੍ਹਨਾ ਪਵੇਗਾ।

ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਭਾਰਤੀ ਵਸੋਂ ਦੀ ਰਾਜਨੀਤਕ, ਧਾਰਿਮਕ, ਸਮਾਜਕ ਅਤੇ ਮਾਨਸਿਕ ਅਵਸਥਾ:- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਆਗਮਨ ਮੌਕੇ ਭਾਰਤੀ ਵਸੋਂ ਵਰਨ ਆਸ਼ਰਮ (ਜਾਤ-ਪਾਤ) ਕਰਕੇ ਵੰਡੀ ਹੋਈ ਸੀ, ਪੁਜਾਰੀ ਸ਼ਰੇਣੀ ਦੀ ਸਤਾਈ ਹੋਈ ਅਤੇ ਰਾਜ ਸੱਤਾ ਦੀ ਬੁਰੀ ਤਰ੍ਹਾਂ ਦਬਾਈ ਹੋਈ ਸੀ। ਸਮਾਜ ਅੰਦਰ ਜਾਤ-ਪਾਤ, ਛੂਤ-ਛਾਤ, ਸੁੱਚ-ਭਿੱਟ, ਈਰਖਾ, ਦਵੈਸ਼, ਨਫ਼ਰਤ ਆਦਿ ਬੁਰਾਈਆਂ ਬੜਾ ਭਿਆਨਕ ਰੂਪ ਧਾਰਨ ਕਰ ਚੁੱਕੀਆਂ ਸਨ, ਜਿਸ ਦੇ ਨਤੀਜੇ ਵਜੋਂ ਸਮਾਜ ਦੀ ਮਾਨਸਿਕ ਦਸ਼ਾ ਬਹੁਤ ਹੀ ਦੁਖਦਾਈ ਤੇ ਤਰਸਮਈ ਬਣ ਚੁੱਕੀ ਸੀ। ਔਰਤ ਜਾਤੀ ਦੀ ਸਮਾਜ ਵਿੱਚ ਕੋਈ ਥਾਂ ਨਹੀ ਸੀ ਅਤੇ ਤੀਂਵੀ ਨੂੰ ਮਰਦ ਦੀ ਜਾਇਦਾਦ ਸਮਝਿਆ ਜਾਂਦਾ ਸੀ। ਸਮਾਜ ਦੀ ਅਜਿਹੀ ਅਵਸਥਾ ਨੂੰ ਸੁਧਾਰਨ ਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਨਾਮ ਜਪਣ (ਭਾਵ ਰੱਬੀ ਗੁਣਾਂ ਅਤੇ ਗਿਆਨ ਨੂੰ ਅਪਣਾਉਣ) ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਉੱਥੇ ਨਾਲ ਹੀ ਲੋਕਾਂ ਦੇ ਮਨਾਂ ਵਿੱਚੋਂ ਨਫ਼ਰਤ ਅਤੇ ਵਿਤਕਰਿਆਂ ਦੀਆਂਵੰਡੀਆਂ ਨੂੰ ਮਿਟਾ ਕੇ ਆਪਸੀ ਪਿਆਰ, ਮਿਲਵਰਤਨ, ਏਕਤਾ, ਬਰਾਬਰੀ ਦੀਆਂ ਭਾਵਨਾਵਾਂ ਦੇ ਸੰਚਾਰ ਲਈ ਸੰਗਤ ਤੇ ਪੰਗਤ ਦੀਆਂ ਸੰਸਥਾਵਾਂ ਦਾ ਮੁੱਢਬੰਨ੍ਹਿਆ। ਇਨ੍ਹਾਂ ਦੋਹਾਂ ਸੰਸਥਾਵਾਂ ਨੇ ਸਮਾਜ ਅੰਦਰ ‘ਰਾਣਾ ਰੰਕੁ’ ਬਰਾਬਰੀ ਦੀ ਭਾਵਨਾ ਹੀ ਨਹੀਂ ਉਜਗਾਰ ਕੀਤੀ, ਸਗੋਂ ਮਾਨਵਤਾ ਦੀ ਏਕਤਾ ਅਤੇ ਬਰਾਬਰੀ ਦੇ ਵਿਚਾਰ ਨੂੰ ਇੰਨ-ਬਿੰਨ ਲਾਗੂ ਕਰ ਕੇ ਸਮਾਜ ਅੰਦਰ ਇਕ ਵੱਡੀ ਤਬਦੀਲੀ ਦਾ ਮੁੱਢ ਬੰਨ੍ਹਿਆ।

ਰਾਜ ਸੱਤਾ ਦੀ ਫਾਰਸੀ ਬੋਲੀ ਅਤੇ ਪੁਜਾਰੀ ਜਮਾਤ ਵਲੋਂ ਦੈਵੀ ਸਮਝੀ ਜਾਂਦੀ ਸੰਸਕ੍ਰਿਤ ਬੋਲੀ ਸਾਧਾਰਨ ਜਨਤਾ ਦੀ ਸਮਝ ਅਤੇ ਪਹੁੰਚ ਤੋਂ ਪਰੇ ਸਨ। ਵਿਦਿਆਲੈਣ ਦਾ ਅਤੇ ਪੁਜਾਰੀ ਜਮਾਤ ਵਲੋਂ ਦੈਵੀ ਸਮਝੀ ਜਾਂਦੀ ਸੰਸਕ੍ਰਿਤ ਬੋਲੀ ਪੜ੍ਹਨ ਦਾ ਆਮ ਜਨਤਾ ਨੂੰ ਕੋਈ ਹੱਕ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਆਮ ਲੋਕਾਂ ਵਿੱਚ ਬੋਲੀ ਜਾਂਦੀ ਪੰਜਾਬੀ ਭਾਸ਼ਾ ਨੂੰ ਅਪਣਾਇਆ। ਇਸ ਤਰ੍ਹਾਂ ਰਾਜ ਸੱਤਾ ਅਤੇ ਪੁਜਾਰੀ ਜਮਾਤ ਦੀਆਂ ਬੋਲੀਆਂ ਅਪਰਵਾਨ ਕਰ, ਜਨਤਾ ਵਿੱਚ ਬੋਲੀ ਜਾਂਦੀ ਭਾਸ਼ਾ ਨੂੰ ਪ੍ਰਫੁਲਤ ਕੀਤਾ। ਔਰਤ ਅਤੇ ਮਨੁੱਖ ਜਾਤੀ ਦੇ ਬਰਾਬਰ ਦੇ ਹੱਕਾਂ ਲਈ ਪਰਚਾਰਿਆ। ਔਰਤ ਜਾਤੀ ਨੂੰ ਉਸ ਦੇ ਬਰਾਬਰਤਾ ਦੇ ਦਰਜੇ ਬਾਰੇ ਜਾਣੂਕਰਵਾਇਆ।

ਪੁਜਾਰੀ ਜਮਾਤ ਵਲੋਂ ਸੂਤਕ ਅਤੇ ਸੁੱਚ ਦੇ ਬਹਾਨੇ ਔਰਤ ਜਾਤੀ ਨੂੰ ਹਿੰਦੂ ਮੰਦਰਾਂ ਵਿੱਚ ਜਾਣ ਦੀ ਅਤੇ ਪੂਜਾ ਪਾਠ ਕਰਨ ਦੀ ਮਨਾਹੀ ਸੀ। ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਉਸ ਦੇ ਹੱਕਾਂ ਬਾਰੇ ਜਾਣੂ ਕਰਾਇਆ, ਲੋਕਾਂ ਦੇ ਇਸ ਭਰਮ ਨੂੰ ਦੂਰ ਕੀਤਾ ਅਤੇ ਇਹ ਕਹਿ ਕੇ ਲੋਕਾਈ ਨੂੰ ਸਮਝਾਇਆ: ‘‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥’’ (ਮ 1, ਪੰਨਾ 473)

ਜਾਤ ਪਾਤ ਦੇ ਸਤਾਏ, ਗਰੀਬ ਅਤੇ ਅਖੌਤੀ ਬਣਾਈ ਨੀਵੀਂ ਜਾਤੀ ਦੇ ਲੋਕਾਂ ਨੂੰ ਇਹ ਕਹਿ ਕੇ ਮਾਣ ਅਤੇ ਪਿਆਰ ਦਿੱਤਾ: ‘‘ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥’’ (ਮਹਲਾ 1, ਪੰਨਾ 16)

‘‘ਅਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ ॥’’ (ਮ 1, ਪੰਨਾ 469)

‘‘ਸਾ ਜਾਤਿ ਸਾ ਪਤਿ ਹੈ, ਜੇਹੇ ਕਰਮ ਕਮਾਇ ॥’’ (ਮਹਲਾ 1, ਪੰਨਾ 1330) ਆਦਿ, ਅਤੇ ਸੂਤਕ ਪਾਤਕ ਦੇ ਵਹਿਮ ਨੂੰ ਇਉਂ ਰੱਦ ਕੀਤਾ:

‘‘ਜੇ ਕਰਿ ਸੂਤਕੁ ਮੰਨੀਐ, ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ, ਅੰਦਰਿ ਕੀੜਾ ਹੋਇ ॥’’ (ਮਹਲਾ 1, ਪੰਨਾ 472)

‘‘ਮਨ ਕਾ ਸੂਤਕੁ ਲੋਭੁ ਹੈ, ਜਿਹਵਾ ਸੂਤਕੁ ਕੂੜੁ ॥ ਅਖੀ ਸੂਤਕੁ ਵੇਖਣਾ, ਪਰ ਤ੍ਰਿਅ ਪਰ ਧਨ ਰੂਪੁ ॥’’ (ਮਹਲਾ 1, ਪੰਨਾ 472)

ਸਿੱਖੀ ਸਿਧਾਂਤ ਬ੍ਰਾਹਮਣੀ ਕਰਮਕਾਂਡਾਂ ਉੱਪਰ ਕਰੜੀ ਤਕੜੀ ਸੱਟ ਮਾਰਦੇ ਸਨ ਅਤੇ ਜਾਤ-ਪਾਤ ਦੀ ਕਾਣੀ ਵੰਡ ਨੂੰ ਮੁੱਢੋਂ ਰੱਦ ਕਰਦੇ ਸਨ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਆਪਣੇ ਨਿਆਰੇ, ਵਿਲੱਖਣ ਅਤੇ ਸਰਬੱਤ ਦੇ ਭਲੇ ਵਾਲੇ ਸਿਧਾਂਤਾਂ ਕਾਰਨ ਸਿੱਖੀ ਦੂਰ ਦੁਰਾਡੇ ਫੈਲ ਗਈ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਇਹ ਜਾਣਦਿਆਂ ਹੋਇਆਂ ਕਿ ਜਿਸ ਸਮਾਜ ਅੰਦਰ ਇਕ ਵੱਡੀ ਤਬਦੀਲੀ ਦਾ ਮੁੱਢ ਬੰਨ੍ਹਿਆ ਹੈ ਇਸ ਨੂੰ ਨੇਪਰੇ ਚਾੜ੍ਹਣ ਲਈ ਬਹੁਤ ਕੰਮਕਰਨਾ ਹੈ ਅਤੇ ਇਸ ਵਿੱਚ ਬੜੀਆਂ ਔਕੜਾਂ ਵੀ ਆਉਣਗੀਆਂ। ਇਸ ਲਈ ਆਪ ਜੀ ਨੇ ਆਪਨੇ ਪੈਰੋਕਾਰਾਂ ਅਤੇ ਸ਼ਰਧਾਲੂਆਂ ਨੂੰ ਇਹ ਕਹਿ ਕੇ ਅਗਾਉਂ ਚਿਤੰਨ ਕੀਤਾ: ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ, ਪੈਰੁ ਧਰੀਜੈ ॥ ਸਿਰੁ ਦੀਜੈ, ਕਾਣਿ ਨ ਕੀਜੈ ॥’’ (ਮਹਲਾ1, ਪੰਨਾ 1412)

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਨਵੇਂ ਚਲਾਏ ਨਿਰਮਲ ਪੰਥ ਨੂੰ ਪ੍ਰਪੱਕਤਾ ਅਤੇ ਵਿਕਾਸ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬੜੀ ਦ੍ਰਿੜਤਾ ਨਾਲ ਨਿਭਾਈ। ਆਉਣ ਵਾਲੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ, ਗੁਰੂ ਜੀ ਨੇ ਲੋਕਾਂ ਦੀ ਚੰਗੀ ਸਿਹਤ ਅਤੇ ਸਰੀਰਕ ਸਡੌਲਤਾ ਲਈ ਮੱਲ ਅਖਾੜੇ ਸ਼ੁਰੂ ਕੀਤੇ। ਉਦਾਸੀ ਪ੍ਰੰਪਰਾ ਨੂੰ ਠੱਲ ਪਾਇਆ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਿਸ਼ਨ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਾਸਤੇ ਅਨੇਕਾਂ ਮਹਾਨ ਕਾਰਜ ਕੀਤੇ। ਗੁਰੂ ਸਾਹਿਬ ਅਤੇ ਮਾਤਾ ਖੀਵੀ ਜੀ ਵੱਲੋਂ ਲੰਗਰ ਦੀ ਸੰਸਥਾ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਗਿਆ। ਗੁਰਤਾ ਗੱਦੀ ਦੀ ਪ੍ਰਾਪਤੀ ਉਪਰੰਤ ਆਪ ਜੀ ਖਡੂਰ ਸਾਹਿਬ ਆ ਗਏ ਜਿੱਥੇ ਗੁਰੂ ਦਰਸ਼ਨਾਂ ਲਈ ਸੰਗਤਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਅਤੇ ਸੰਗਤਾਂ ਵੱਲੋਂ ਗੁਰੂ ਅਰਪਣ ਕੀਤੀਆਂ ਭੇਟਾਵਾਂ ਅਤੇ ਮਾਇਆ ਦੀ ਵਰਤੋਂ ਲੰਗਰ ਤਿਆਰ ਕਰਨ ਲਈ ਕਰਨ ਲੱਗੇ, ਲੰਗਰ ਬਾਰੇ ਮਹਿਮਾ ਪ੍ਰਕਾਸ਼ ਦੇ ਕਰਤਾ ਬਾਵਾ ਸਰੂਪ ਦਾਸ ਭੱਲਾ ਜੀ ਲਿਖਦੇ ਹਨ: ‘ਸ੍ਰੀ ਗੁਰੂ ਅੰਗਦ ਦੇਵ ਜੀ ਜਿੱਥੇ ਆਪਣੇ ਪ੍ਰਬਚਨਾਂ ਦੁਆਰਾ ਗੁਰੂ ਦਰਬਾਰ ਵਿਚ ਆਉਣ ਵਾਲੇ ਜਗਿਆਸੂਆਂ ਨੂੰ ਆਤਮਕ ਗਿਆਨ ਦੇ ਭੋਜਨ ਦੁਆਰਾ ਤ੍ਰਿਪਤ ਕਰਕੇ ਉਨ੍ਹਾਂ ਦੇ ਮਨਾਂ ਦੀ ਭਟਕਣਾਂ ਨੂੰ ਦੂਰ ਕਰਦੇ ਸਨ, ਉੱਥੇ ਮਾਤਾ ਖੀਵੀ ਜੀ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਸਨ। ਭਾਈ ਸੱਤਾ ਤੇਬਲਵੰਡ ਦੁਆਰਾ ਰਾਮਕਲੀ ਕੀ ਵਾਰ ਅੰਦਰ ਵਰਣਨ ਕੀਤਾ ਗਿਆ ਹੈ: ‘‘ਬਲਵੰਡ ਖੀਵੀ ਨੇਕ ਜਨ, ਜਿਸੁ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ, ਰਸੁ ਅੰਮ੍ਰਿਤੁ ਖੀਰਿ ਘਿਆਲੀ॥’’ (ਪੰਨਾ 967)

ਗੁਰਮੁਖੀ ਲਿਪੀ : ਗੁਰੂ ਸਾਹਿਬ ਦੇ ਸਮੇਂ ਪੰਜਾਬ ਅਤੇ ਲਾਗੇ-ਚਾਗੇ ਦੇ ਇਲਾਕੇ ਵਿਚ ਕਈ ਲਿੱਪੀਆਂ ਪ੍ਰਚਲਿਤ ਸਨ- ਸਿੱਧ ਮਾਤ੍ਰਿਕਾ, ਟਾਕਰੀ, ਭੱਟ-ਅੱਛਰੀ, ਲੰਡੇ, ਟਾਕਰੇ, ਆਦਿ। ਪਰ ਇਨ੍ਹਾਂ ਵਿਚੋਂ ਕੋਈ ਵੀ ਲਿੱਪੀ ਸੰਪੂਰਨ ਤੇ ਗੁਰਬਾਣੀ ਲਿਖਣ ਦੇ ਯੋਗ ਨਹੀਂ ਸੀ। ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਨ੍ਹਾਂ ਲਿੱਪੀਆਂ ਦੇ ਕੁਝ-ਕੁਝ ਗੁਣ ਅਪਣਾ ਕੇ, ਸੰਵਾਰ ਸ਼ਿੰਗਾਰ ਕੇ, ਨਵੀਂ ਤਰਤੀਬ ਦੇ ਕੇ ਅਤੇ ਕੁਝ ਕਮਜ਼ੋਰੀਆਂ ਦੂਰ ਕਰਕੇ ਇਕ ਨਵੀਂ ਲਿੱਪੀ ਤਿਆਰ ਕੀਤੀ, ਜਿਸ ਦਾ ਨਾਮ ਗੁਰਮੁਖੀ ਲਿੱਪੀ ਪ੍ਰਸਿੱਧ ਹੋਇਆ। ਗੁਰੂ ਜੀ ਨੇ ਗੁਰਮੁਖੀ ਲਿੱਪੀ ਵਿੱਚ ਬਾਲ ਬੋਧ ਦੇ ਕਈ ਉਤਾਰੇ ਕੀਤੇ ਅਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਖਡੂਰ ਸਾਹਿਬ ਕਸਬੇ ਨੂੰ ਵਸਾਇਆ।

ਗੁਰੂ ਅਮਰਦਾਸ ਜੀ ਦਾ ਲੰਗਰ ਅਤੇ ਸਾਫ ਪਾਣੀ ਦੀ ਥੁੜ ਨੂੰ ਪੂਰਾ ਕਰਨਾ:-ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸ਼ਹਿਰ ਵਸਾਇਆ ਅਤੇ ਲੰਗਰ ਦੀ ਸੇਵਾਵਿੱਚ ਹੋਰ ਵਾਧਾ ਕੀਤਾ ਜਿਸ ਕਰਕੇ ਗੁਰੂ-ਘਰ ਦੀ ਸ਼ਾਨ ਵਿਚ ਚੋਖਾ ਵਾਧਾ ਹੋਇਆ ਹੈ। ਗੁਰੂ ਅਮਰਦਾਸ ਜੀ ਨੇ ਸੰਮਤ 1616 ਬਿ. ਵਿਚ ਗੋਇੰਦਵਾਲ ਬਾਉਲੀ ਦਾ ਪਾੜ ਪੁਟਾ ਕੇ ਲਗਭਗ ਛੇ ਸਾਲ ਪਿਛੋਂ ਸੰਮਤ 1621 ਬਿ. ਵਿੱਚ ਇਹ ਕੰਮ ਸਿਰੇ ਚਾੜ੍ਹਿਆ। ਗੁਰੂ ਸਾਹਿਬ ਨੇ ਬਾਉਲੀ ਬਣਨ ਸਾਰ ਹੀ ਇੱਥੇ ਵਿਸਾਖੀ ਦਾ ਮੇਲਾ ਲਗਵਾਉਣਾ ਸ਼ੁਰੂ ਕੀਤਾ ਜਿਸ ਕਰਕੇ ਇਸ ਸਥਾਨ ਦੀ ਰੌਣਕ ਹੋਰ ਵੀ ਵਧ ਗਈ। ਥੋੜ੍ਹੇ ਚਿਰ ਵਿਚ ਹੀ ਗੋਇੰਦਵਾਲ ਘੁੱਗ ਵੱਸਣ ਲੱਗਾ ਤੇ ਉੱਥੋਂ ਦੀ ਰੌਣਕ ਵਧ ਗਈ। ਗੁਰੂ ਅਮਰਦਾਸ ਜੀ ਦੇ ਸਮੇਂ ਤਕ ਸਿੱਖੀ ਵਿਚ ਇਤਨਾ ਵਾਧਾ ਹੋਇਆ ਕਿ ਗੁਰੂ ਜੀ ਨੇ ਧਰਮ ਪ੍ਰਚਾਰ ਦੇ 22 ਪ੍ਰਮੁੱਖ ਕੇਂਦਰ (ਮੰਜੀਆਂ) ਸਥਾਪਤ ਕੀਤੇ। ਇਨ੍ਹਾਂ ਵਿਚੋਂ ਕੁਝ ਧਰਮ ਪ੍ਰਚਾਰ ਕੇਂਦਰਾਂ ਦਾ ਪ੍ਰਬੰਧ ਬੀਬੀਆਂ ਨੇ ਸੰਭਾਲਿਆ। ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਕਥਨ ਅਨੁਸਾਰ ਇਸ ਬਾਉਲੀ ਦੇ ਨਾਂ ਮੁਗ਼ਲ ਬਾਦਸ਼ਾਹਾਂ ਦੇ ਵੇਲੇ ਦੀ ਜਾਗੀਰ ਗੋਇੰਦਵਾਲ, ਟੋਡੇਵਾਲ, ਦੁੱਗਲ ਵਾਲੇ ਅਤੇ ਫ਼ਤੇ ਚੱਕ ਪਿੰਡਾਂ ਵਿਚ ਹੈ। ਰਿਆਸਤਕਪੂਰਥਲਾ ਅਤੇ ਨਾਭਾ ਵੱਲੋਂ ਵੀ ਜਾਗੀਰਾਂ ਲੱਗੀਆਂ ਹੋਈਆਂ ਸਨ। ਇਸ ਤੋਂ ਇਲਾਵਾ ਇਸ ਸਥਾਨ ਦੇ ਨਾਂ ਲਾਗ-ਪਾਸ ਦੇ ਪਿੰਡਾਂ ਵਿਚ ਵੀ ਬਹੁਤ ਸਾਰੀ ਜ਼ਮੀਨ ਹੈ। ਗੁਰੂ ਅਮਰਦਾਸ ਜੀ ਦੂਰ ਦਰਾਡੇ ਸੰਗਤਾਂ ਵਿੱਚ ਜਾਣੇ ਪਛਾਣੇ ਅਤੇ ਸਤਿਕਾਰੇ ਜਾਂਦੇ ਸਨ। ਇੱਥੋਂ ਤਕ ਕਿ ਜਦ ਇਹਨਾਂ ਨੇ ਧਰਮ ਪਰਚਾਰ ਲਈ ਤੀਰਥਾਂ ਵਲ ਫੇਰੀ ਪਾਈ ਤਾਂ ਸੰਗਤਾਂ ਇਤਨੇ ਪਿਆਰ ਅਤੇ ਉਤਸ਼ਾਹ ਨਾਲ ਦਰਸ਼ਨਾਂ ਨੂੰ ਆਉਂਦੀਆਂ ਅਤੇ ਪਿੱਛੇ ਲਗ ਤੁਰਦੀਆਂ ਕਿ ਚੁੰਗੀਆਂ ਉੱਤੇ ਮਸੂਲ ਇਕੱਠਾ ਕਰਨ ਵਾਲੇਸ਼ਾਹੀ ਹਾਕਮ ਗੁਰੂ ਜੀ ਦੀ ਮਾਨਤਾ ਦੇਖ, ਗੁਰੂ ਅਮਰਦਾਸ ਜੀ ਪਿੱਛੇ ਆਉਂਦੇ ਸ਼ਰਦਾਲੂਆਂ ਕੋਲੋਂ ਮਸੂਲ ਇਕੱਠਾ ਕਰਨ ਦਾ ਹੀਆ ਨਹੀਂ ਸਨ ਕਰਦੇ, ਇਸ ਦਾ ਪ੍ਰਮਾਣ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤੇ ਗਏ ਸ਼ਬਦ ਰਾਹੀਂ ਮਿਲਦਾ ਹੈ: ‘‘ਪ੍ਰਥਮ ਆਏ ਕੁਲਖੇਤਿ, ਗੁਰ ਸਤਿਗੁਰ ਪੁਰਬੁ ਹੋਆ ॥ ਖਬਰਿ ਭਈ ਸੰਸਾਰਿ, ਆਏ ਤ੍ਰੈ ਲੋਆ ॥ ਦੇਖਣਿ ਆਏ ਤੀਨਿ ਲੋਕ, ਸੁਰਿ ਨਰ ਮੁਨਿ ਜਨ ਸਭਿ ਆਇਆ ॥.. ਤ੍ਰਿਤੀਆ ਆਏ ਸੁਰਸਰੀ, ਤਹ ਕਉਤਕੁ ਚਲਤੁ ਭਇਆ ॥ ਸਭ ਮੋਹੀ ਦੇਖਿ ਦਰਸਨੁ ਗੁਰ ਸੰਤ, ਕਿਨੈ ਆਢੁ ਨ ਦਾਮੁ ਲਇਆ ॥ ਆਢੁ ਦਾਮੁ ਕਿਛੁ ਪਇਆ ਨ ਬੋਲਕ, ਜਾਗਾਤੀਆ ਮੋਹਣ ਮੁੰਦਣਿ ਪਈ ॥ ਭਾਈ ਹਮ ਕਰਹ ਕਿਆ ? ਕਿਸੁ ਪਾਸਿ ਮਾਂਗਹ ? ਸਭ ਭਾਗਿ ਸਤਿਗੁਰ ਪਿਛੈ ਪਈ ॥ ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ, ਭੰਨਿ ਬੋਲਕਾ ਸਭਿ ਉਠਿ ਗਇਆ॥’’ (ਮਹਲਾ 4, ਪੰਨਾ 1116-1117) ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨੇ ਗੁਰੂ ਅਮਰਦਾਸ ਜੀ ਦੇ ਕਹਿਣ ਪਰ, ਚੱਕ ਰਾਮਦਾਸ ਸ਼ਹਿਰਵਸਾਇਆ ਜੋ ਕਿ ਹਰਮੰਦਰ ਸਾਹਿਬ ਅਤੇ ਸਰੋਵਰ ਬਨਣ ਪਿੱਛੋਂ ਅੰਮ੍ਰਿਤਸਰ ਸ਼ਹਿਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ।

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਸਲ ਕਾਰਨ, ਅਸਲ ਦੋਸ਼ੀ ਅਤੇ ਨਿਰਦਈ ਦੰਡ ਵਿੱਧੀ ਨੂੰ ਅਪਣਾਉਣਾ: ਉਕਤ ਕੀਤੀ ਗਈ ਵਿਚਾਰ ਕਿ ਸਿੱਖੀ ਸਿਧਾਂਤਬ੍ਰਾਹਮਣੀ ਕਰਮਕਾਂਡਾਂ ਉੱਪਰ ਕਰੜੀ ਤਕੜੀ ਸੱਟ ਮਾਰਦੇ ਸਨ ਅਤੇ ਜਾਤ-ਪਾਤ ਦੀ ਕਾਣੀ ਵੰਡ ਨੂੰ ਮੁੱਢੋਂ ਰੱਦ ਕਰਦੇ ਸਨ, ਇਸ ਕਾਰਨ ਹਿੰਦੂਆਂ ਵਿੱਚੋਂ ਉੱਚ-ਜਾਤੀਏ ਅਤੇ ਖਾਸ ਕਰ ਬ੍ਰਾਹਮਣ, ਜੋ ਸਾਰੀ ਹਿੰਦੂ ਕੌਮ ਨੂੰ ਲੁੱਟ ਕੇ ਖਾ ਰਹੇ ਸਨ, ਸਿੱਖੀ ਲਹਿਰ ਦੇ ਸਖ਼ਤ ਵਿਰੋਧੀ ਬਣਨੇ ਸ਼ੁਰੂ ਹੋ ਗਏ। ਇਸ ਦੇ ਉਲਟ ਬ੍ਰਾਹਮਣਾਂ ਦੀ ਵਰਣ-ਵੰਡ ਦੇ ਸਤਾਏ ਅਖੌਤੀ ਸ਼ੂਦਰ, ਸਿੱਖੀ ਦੇ ਜਾਤ-ਪਾਤ ਵਿਰੋਧੀ ਸਿਧਾਂਤਾਂ ਕਾਰਨ, ਧੜਾ-ਧੜ ਸਿੱਖ ਬਣਨੇ ਸ਼ੁਰੂ ਹੋ ਗਏ।

(1). ਪੰਜਵੇਂ ਪਾਤਸ਼ਾਹ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਕ ਸਮਕਾਲੀ ਮੁਸਲਮਾਨ ਇਤਿਹਾਸਕਾਰ, ਮੁਹਸਿਨ ਫ਼ਾਨੀ (1615-1670 ਈ.) ਦੇ ਤਵਾਰੀਖ਼ੀਬਿਆਨ ਅਨੁਸਾਰ: ‘ਹਰ ਗੁਰੂ ਸਾਹਿਬ ਦੀ ਗੁਰਿਆਈ ਸਮੇਂ ਸਿੱਖਾਂ ਦੀ ਗਿਣਤੀ ਵਧਦੀ ਹੀ ਰਹੀ ਹੈ ਪਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਾਂ ਇਹ ਬਹੁਤ ਵਧਗਈ ਸੀ। ਉਹ ਅਕਸਰ ਸ਼ਹਿਰਾਂ ਵਿਚ ਰਹਿ ਰਹੇ ਸਨ ਅਤੇ ਕੋਈ ਵੀ ਅਜਿਹਾ ਸ਼ਹਿਰ ਨਹੀਂ ਸੀ, ਜਿਸ ਵਿਚ ਕੁਝ ਨਾ ਕੁਝ ਸਿੱਖ ਨਾ ਵੱਸ ਰਹੇ ਹੋਣ।’ (ਦਬਿਸਤਾਨੇ ਮਜ਼ਾਹਿਬ, 1645 ਈ., ਪੰ. 233)।

(2). ਸਿੱਖ–ਸਿਧਾਂਤ ਅਤੇ ਆਚਾਰ-ਵਿਹਾਰ ਦਾ ਨਿਆਰਾਪਨ ਅਤੇ ਉਸ ਦਾ ਦਿਨੋਂ-ਦਿਨ ਵਧ ਰਿਹਾ ਅਸਰ-ਰਸੂਖ਼ ਸਮੇਂ ਦੀ ਇਸਲਾਮੀ ਸਰਕਾਰ, ਉਸ ਦੇ ਤੁਅੱਸਬੀ ਬਾਦਸ਼ਾਹ, ਕਰਮਕਾਂਡੀ ਸਿਸਟਮ ਅਤੇ ਕੱਟੜਪੰਥੀ ਸਲਾਹਕਾਰਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਚੁੱਕਾ ਸੀ। ਗੁਰੂ ਅਰਜਨ ਦੇਵ ਜੀ ਦਾ ਸਮਾਜ ਵਿੱਚਸਾਂਝੀਵਾਲਤਾ, ਹਰ ਇੱਕ ਦੀ ਬਰਾਬਰਤਾ ਅਤੇ ਮਨੁੱਖਤਾ ਦੇ ਹੱਕ ਅਤੇ ਸੱਚ ਲਈ ਦ੍ਰਿੜਤਾ ਪੂਰਵਕ ਪਰਚਾਰ ਆਪਣੇ ਆਪ ਵਿੱਚ ਚੜ੍ਹਦੀ-ਕਲਾ-ਪੂਰਤ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਹੇਠ ਲਿਖਿਆ ਗੁਰਬਾਣੀ ਵਿੱਚ ਬੇਬਾਕ ਬਿਆਨ ਤੇ ਨਿਧੜਕ ਐਲਾਨ ਜਿੱਥੇ ਉਨ੍ਹਾਂ ਦੇ ਧਰਮ-ਕਰਮ ਦੀ ਵਿਲੱਖਣਤਾ, ਆਚਾਰ-ਸਦਾਚਾਰ ਦਾ ਨਿਆਰਾਪਨ, ਕਥਨੀ-ਕਰਨੀ ਦੀ ਸੂਰਮਤਾ, ਸੁਭਾਅ ਦੀ ਨਿਰਭੈਤਾ ਅਤੇ ਸਿੱਖ-ਲਹਿਰ ਦੀ ਅੱਗੇ-ਵਧਤਾ ਦਾ ਸੂਚਕ ਸੀ, ਉੱਥੇ ਉਪਰੋਕਤ ਤੁਅੱਸਬੀ ਸ਼ਕਤੀਆਂ ਨੂੰ ਇਕ ਭਾਰੀ ਵੰਗਾਰ ਵੀ ਪ੍ਰਤੀਤ ਹੋਇਆ ਸੀ: ‘‘ਵਰਤ ਨ ਰਹਉ ਨ ਮਹ ਰਮਦਾਨਾ॥ ਤਿਸੁ ਸੇਵੀ, ਜੋ ਰਖੈ ਨਿਦਾਨਾ॥ ਏਕੁ ਗੁਸਾਈ ਅਲਹੁ ਮੇਰਾ॥ ਹਿੰਦੂ ਤੁਰਕ ਦੁਹਾਂ ਨੇਬੇਰਾ॥ ਹਜ ਕਾਬੈ ਜਾਉ, ਨ ਤੀਰਥ ਪੂਜਾ॥ ਏਕੋ ਸੇਵੀ, ਅਵਰੁ ਨ ਦੂਜਾ॥ ਪੂਜਾ ਕਰਉ ਨ ਨਿਵਾਜ ਗੁਜਾਰਉ॥ ਏਕ ਨਿਰੰਕਾਰ ਲੇ, ਰਿਦੈ ਨਮਸਕਾਰਉ॥ ਨਾ ਹਮ ਹਿੰਦੂ, ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥’’ (ਪੰਨਾ 1136)

(3). ਗੁਰੂ ਅਤੇ ਗੁਰੂ ਦੀ ਸਿੱਖੀ ਦਾ ਇਉਂ ਦਿਨੋਂ-ਦਿਨ ਵਧ ਰਿਹਾ ਪਾਸਾਰ ਅਤੇ ਤੇਜ-ਪਰਤਾਪ ਉਨ੍ਹਾਂ ਦੇ ਵੱਡੇ ਭਰਾ, ਪ੍ਰਿਥੀ ਚੰਦ ਦੇ ਹਿਰਦੇ ਅੰਦਰ ਈਰਖਾ ਤੇ ਦਵੈਖ ਦਾ ਭਾਂਬੜ ਬਾਲ ਰਿਹਾ ਸੀ। ਗੁਰਗੱਦੀ ਦੀ ਖੁੰਝਾਈ ਦਾ ਅਰਮਾਨ ਜੋ ਗੁਰੂ-ਪਿਤਾ, ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਸਮਾਉਣ ਉਪਰੰਤ, ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸਿਰੀ ਚੰਦ ਜੀ ਵੱਲੋਂ ਹੋਏ ਸੰਕੇਤ, ਜੋ ਭਾਈ ਕੇਸਰ ਸਿੰਘ ਛਿੱਬਰ ਦੇ ਲਫ਼ਜ਼ਾਂ ਵਿਚ, ਹੇਠ-ਲਿਖੇ ਨਿਰਣੇ ਕਾਰਨ ਹੋਰ ਉਤੇਜਿਤ ਹੋ ਗਿਆ ਸੀ, ਉਸ ਨੂੰ ਉਸੇ ਦਿਨ ਤੋਂ ਬਹੁਤ ਕਲਪਾ ਤੇ ਤੜਫ਼ਾ ਰਿਹਾ ਸੀ: ‘ਸਿਰੀ ਚੰਦ ਸਾਹਿਬ ਜੀ ਪੱਗ ਭਿਜਵਾਈ। ਇਕ ਪ੍ਰਿਥੀਏ ਨੂੰ, ਇਕ ਅਰਜਨ ਨੂੰ ਆਈ। ਮਰਨੇ ਦੀ ਪੱਗ ਪ੍ਰਿਥੀਏ ਬੱਧੀ। ਗੁਰਿਆਈ ਪੱਗ ਗੁਰੂ ਅਰਜਨ ਬੱਧੀ।’ (ਬੰਸਾਵਲੀ ਨਾਮਾ 1769 ਈ., ਪੰਨਾ 41) ਪ੍ਰਿਥੀ ਚੰਦ ਮਸੰਦਾਂ, ਗੁਰੂ-ਦੋਖੀਆਂ ਤੇ ਸਰਕਾਰੀ ਕਰਮਚਾਰੀਆਂ ਨਾਲ ਗੰਢ-ਤੁਪ ਕਰ ਕੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਤੋਂ ਹਟਾਉਣ ਅਤੇ ਉਸ ਉੱਤੇ ਆਪਣਾ ਹੱਕ ਜਮਾਉਣ ਲਈ ਹਰ ਹੀਲਾ ਵਸੀਲਾ ਵਰਤ ਰਿਹਾ ਸੀ ਅਤੇ ਨਿੱਤ-ਨਵੀਆਂ ਸਾਜ਼ਿਸ਼ਾਂ ਵੀ ਵਿਉਂਤ ਰਿਹਾ ਸੀ।

(4) ਬਟਾਲੇ ਦਾ ਮੁਗ਼ਲ ਹਾਕਮ ਸੁਲਹੀ ਖ਼ਾਨ, ਪ੍ਰਿਥੀ ਚੰਦ ਦੀ ਚੁੱਕ ’ਤੇ ਅੰਮ੍ਰਿਤਸਰ ਉੱਤੇ ਹੱਲਾ ਕਰਨ ਲਈ ਇਹ ਧਾਰ ਕੇ ਚੱਲਿਆ ਸੀ ਕਿ ਉਹ ਗੁਰੂ ਅਰਜਨ ਦੇਵ ਜੀ ਨੂੰ ਗੱਦੀਉਂ ਉਤਾਰ ਕੇ ਉਨ੍ਹਾਂ ਦੀ ਥਾਂ ਪ੍ਰਿਥੀ ਚੰਦ ਨੂੰ ਗੁਰੂ ਬਣਾ ਕੇ ਹੀ ਬਟਾਲੇ ਮੁੜੇਗਾ। ਪਰ, ਗੁਰੂ ਸਾਹਿਬ ਦੇ ਆਪਣੇ ਹੇਠ-ਲਿਖੇ ਸ਼ਬਦਾਂ ਵਿਚ ਪ੍ਰਭੂ ਦੀ ਬਖ਼ਸ਼ਿਸ਼ ਤੇ ਨਿਆਂਸ਼ੀਲਤਾ ਸਦਕੇ, ਉਹ ਅੰਮ੍ਰਿਤਸਰ ਦਾਖ਼ਲ ਹੋਣ ਤੋਂ ਪਹਿਲਾਂ ਹੀ ਆਪਣੇ ਘੋੜੇ ਸਮੇਤ ਭਖਦੇ ਆਵੇ ਦੀ ਅੱਗ ਵਿਚ ਸੜ ਕੇ ਨਾ-ਪਾਕ ਮੌਤੇ ਮੋਇਆ ਸੀ: ‘‘ਸੁਲਹੀ ਤੇ ਨਾਰਾਇਣ ਰਾਖੁ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ, ਸੁਲਹੀ ਹੋਇ ਮੂਆ ਨਾਪਾਕੁ॥… ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ, ਜਿਨਿ ਜਨ ਕਾ ਕੀਨੋ ਪੂਰਨ ਵਾਕੁ॥’’ (ਪੰਨਾ 825) ਕਿਸੇ ਮੁਸਲਮਾਨ ਦਾ ਅੱਗ ਵਿਚ ਸੜਕੇ ਮਰਨਾ ਮੁਸਲਮਾਨਾਂ ਵਿੱਚ ਬੜਾ ਨਾ-ਪਾਕ ਜਾਣਿਆ ਜਾਂਦਾ ਹੈ।

(5) ਜਾਤ -ਅਭਿਮਾਨੀ ਬ੍ਰਾਹਮਣਾਂ ਨੇ ਸਮੇਂ ਦੇ ਬਾਦਸ਼ਾਹ, ਜਲਾਲ-ਉਦ-ਦੀਨ ਅਕਬਰ (1556-1605 ਈ.) ਦੇ ਇਕ ਉੱਘੇ ਵਜ਼ੀਰ, ਰਾਜ ਦਰਬਾਰ ਵਿਚ ਬੈਠੇ ਕੱਟੜ ਬ੍ਰਾਹਮਣ ਮਹੇਸ਼ ਦਾਸ (ਬੀਰਬਲ) ਰਾਹੀਂ ਅਕਬਰ ਕੋਲ ਗੁਰੂ ਜੀ ਵਿਰੁੱਧ ਸ਼ਿਕਾਇਤਾਂ ਕੀਤੀਆਂ, ਪਰੰਤੂ ਡਾ. ਸਮਿਥ ਅਨੁਸਾਰ, ‘ਅਕਬਰ ਉਸ ਦੀ ਅਜਿਹੀ ਨੀਤ ਤੇ ਨੀਤੀ ਨਾਲ ਸਹਿਮਤ ਨਹੀਂ ਸੀ। ਉਸ ਨੂੰ ਤਾਂ ਸਿੱਖ ਸਿਧਾਂਤ ਭਰਵੀਂ ਸ਼ਲਾਘਾ ਦੇ ਹੱਕਦਾਰ ਜਾਪਦੇ ਸਨ।’ (ਅਕਬਰ, 1923 ਈ. ਪੰਨਾ 171)। ਇਸ ਲਈ ਇਨ੍ਹਾਂ ਦੀ ਦਾਲ਼ ਨਾ ਗਲ਼ੀ। ਬੀਰਬਲ ਦੀ ਈਰਖਾ ਤੇ ਵਿਰੋਧ ਦਾ ਕਾਰਨ ਵੀ ਸਿੱਖ ਲਹਿਰ ਦਾ ਬੜੀ ਤੇਜ਼ੀ ਨਾਲ ਵਧ ਰਿਹਾ ਅਸਰ ਤੇ ਰਸੂਖ ਹੀ ਸੀ। ਇਸ ਦੇ ਬਾਵਜੂਦ ਬੀਰਬਲ ਨੇ ਸੰਨ 1586 ਵਿਚ ਅੰਮ੍ਰਿਤਸਰ ਵੱਲ ਕੂਚ ਕਰਦਿਆਂ, ਸਾਰੇ ਸ਼ਹਿਰ ਨੂੰ ਉਜਾੜ ਦੇਣ ਦੀ ਧਮਕੀ ਦਿੱਤੀ ਸੀ। ਪਰ ਉਸ ਨੂੰ ਯੂਸਫ਼ਜ਼ਈਆਂ ਦੀ ਬਗ਼ਾਵਤ ਦਬਾਉਣ ਲਈ ਬਾਦਸ਼ਾਹ ਵੱਲੋਂ ਆਏ ਫ਼ੌਰੀ ਹੁਕਮ ਮੁਤਾਬਕ, ਆਪਣੀ ਮੁਹਾਰ ਅਚਾਨਕ ਉਧਰ ਮੋੜਨੀ ਪੈ ਗਈ ਸੀ ਜਿਸ ਕਰਕੇ ਪੰਜਾਬ ਅਤੇ ਗੁਰੂ-ਘਰ ਉੱਤੇ ਮੰਡਰਾਅ ਰਿਹਾ ਉਹ ਹੱਲਾ ਵੀ ਟਲ ਗਿਆ ਸੀ।’ (ਮੈਕਾਲਿਫ਼, ਸਿੱਖ ਰਿਲਿਜ਼ਨ, 1909 ਈ., ਪੰਨਾ 15-17)

ਬਿਪਰਵਾਦੀ ਖਸਲਤਾਂ ਨਾਲ ਭਰਪੂਰ ਮਹੇਸ਼ ਦਾਸ 1586 ਈ: ਵਿਚ ਪਠਾਣਾਂ ਦੀ ਬਗ਼ਾਵਤ ਦਬਾਉਣ ਗਿਆ, ਫਰੰਟੀਅਰ ਸੂਬੇ ਵਿਚ ਫੌਜ ਸਮੇਤ ਮਾਰਿਆ ਗਿਆ। ਪਰੰਤੂ ਬ੍ਰਾਹਮਣਾਂ ਨੇ ਫਿਰ ਵੀ ਗੁਰੂ-ਘਰ ਦਾ ਵਿਰੋਧ ਕਰਨ ਦਾ ਕੋਈ ਮੌਕਾ ਹੱਥੋਂ ਨਾ ਜਾਣ ਦਿੱਤਾ ਅਤੇ ਸਦਾ ਇਸ ਤਾਕ ਵਿਚ ਰਹੇ ਕਿ ਸ਼ਾਹੀ ਤਾਕਤ ਨੂੰ ਗੁਰੂ ਜੀ ਦੇ ਗ਼ਲ ਪਾਇਆ ਜਾਵੇ ਕਿਉਂਕਿ ਆਪ ਉਹ ਗੁਰੂ-ਘਰ ਦਾ ਸਿੱਧਾ ਵਿਰੋਧ ਕਰਨ ਤੋਂ ਅਸਮਰੱਥ ਸਨ। ਚਲਦਾ ..

ਸਿਮਰਨਜੀਤ ਸਿੰਘ ਖ਼ਾਲਸਾ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top