ਇਤਿਹਾਸ – ਗੁਰੂ ਗੋਬਿੰਦ ਸਿੰਘ ਜੀ ਭਾਗ 4

ਗੁਰੂ ਗੋਬਿੰਦ ਸਿੰਘ ਜੀ ਭਾਗ 4
ਗੁਰੂ ਸਾਹਿਬ ਨੂੰ ਖੁਸ਼ ਕਰਨ ਲਈ ਬਹਾਦਰ ਸ਼ਾਹ ਇਕ ਕੀਮਤੀ ਹੀਰਾ ਤੇ ਕੁਛ ਹੋਰ ਚੀਜ਼ਾਂ ਤੋਫੇ ਵਜੋ ਲੇਕੇ ਆਇਆ । ਗੁਰੂ ਸਾਹਿਬ ਨੇ ਚੀਜ਼ਾ ਤਾਂ ਸਿਖਾਂ ਨੂੰ ਦੇ ਦਿਤੀਆਂ ਕਿ ਲੋੜਵੰਦਾ ਵਿਚ ਵੰਡ ਦਿਉ , ਹੀਰਾ ਨਦੀ ਵਿਚ ਸੁਟ ਦਿਤਾ । ਬਹਾਦਰ ਸ਼ਾਹ ਨੂੰ ਬੜੀ ਬੇਇਜ਼ਤੀ ਮਹਿਸੂਸ ਹੋਈ । ਕਹਿਣ ਲਗਾ ਇਹ ਹੀਰਾ ਬੜਾ ਕੀਮਤੀ ਸੀ ਮੈ ਇਸਨੂੰ ਬੜੀ ਦੇਰ ਦਾ ਸੰਭਾਲ ਕੇ ਰਖਿਆ ਸੀ । ਤੁਸੀਂ ਇਸ ਨੂੰ ਦਰਿਆ ਵਿਚ ਸੁਟ ਦਿਤਾ ਹੈ ? ਗੁਰੂ ਸਾਹਿਬ ਨੇ ਜਵਾਬ ਵਿਚ ਕਿਹਾ ,” ਤੁਸੀਂ ਮਨੁਖੀ ਹਿਰਦੇ ਜੋ ਹੀਰਿਆ ਤੋਂ ਵਧ ਕੀਮਤੀ ਹਨ ,ਹਥੋੜਿਆ ਨਾਲ ਤੋੜ ਰਹੇ ਹੋ ਤੇ ਪਥਰ ਨੂੰ ਸੰਭਾਲ ਕੇ ਰਖਦੇ ਹੋ, ਹਿੰਦ ਦੇ ਬਾਦਸ਼ਾਹ ਹੋ ,ਹਿੰਦੂਆਂ ਨੂੰ ਗੁਲਾਮ ਬਣਾ ਕੇ ਆਗਰੇ ਤੇ ਦਿਲੀ ਦੇ ਖ਼ਜ਼ਾਨੇ ਭਰਦੇ ਹੋ । ਪਰ ਕੁਦਰਤ ਕੋਲ ਤੁਹਾਡੇ ਤੋਂ ਵਡੇ ਖ਼ਜ਼ਾਨੇ ਹਨ । ਰਤਾ ਨਦੀ ਦੇ ਨਿਰਮਲ ਜਲ ਵਿਚ ਝਾਤ ਮਾਰਕੇ ਦੇਖੋ ਇਸਦੀ ਗੋਦ ਵਿਚ ਕਿਨੇ ਹੀਰੇ ,ਪੰਨੇ ਤੇ ਲਾਲ ਹਨ, ਲੋੜ ਹੈ ਤਾਂ ਚੁਕ ਲਵੋ। ਬਹਾਦਰ ਸ਼ਾਹ ਬੜਾ ਸ਼ਰਮਿੰਦਾ ਹੋਇਆ ।
ਉਸਨੇ ਬੰਦਾ ਬਹਾਦੁਰ ਬਾਰੇ ਪੁਛਿਆ ? ਗੁਰੂ ਸਾਹਿਬ ਨੇ ਕਿਹਾ ਕੀ ਧਰਮ ਤੇ ਮਨੁਖਤਾ ਦੇ ਵੇਰੀਆਂ ਨੂੰ ਸੋਧਣ ਦਾ ਕੰਮ ਜੋ ਤੁਸੀਂ ਬਾਦਸ਼ਾਹ ਹੋਕੇ ਨਹੀ ਕਰ ਸਕੇ ਓਹ ਬੰਦਾ ਬਹਾਦਰ ਕਰੇਗਾ । ਗੁਰੂ ਸਾਹਿਬ ਦਾ ਇਹ ਵਾਕ ਸਚ ਹੋਕੇ ਨਿਬੜਿਆ । ਬੰਦਾ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿਤੀ । 26 ਨਵੰਬਰ 1708 ਬਾਬਾ ਬੰਦਾ ਸਿੰਘ ਬਹਾਦੁਰ ਸਿਖ ਫੌਜ਼ ਲੈਕੇ ਸਰਹੰਦ ਵਲ ਕੂਚ ਕੀਤਾ । ਸਮਾਣੇ ਪਹੁੰਚਿਆ । ਇਥੇ ਗੁਰੂ ਤੇਗ ਬਹਾਦਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ , ਸਯਦ ਜਲਾਲੁਦੀਨ ਤੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਕਤਲ ਕਰਕੇ , 24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜਾ ਕਰ ਲਿਆ । ਸ਼ਾਹਬਾਦ–ਡਸਕਾ –ਮੁਸਤਫਾਬਾਦ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਦਿਤਾ । ਫਿਰ ਕਪੂਰੇ ਕਸਬੇ ਵਲ ਵਧੇ ਜਿਥੋਂ ਦਾ ਹਾਕਮ ਕਦਾਮੁਦੀਨ ਸਿਖਾਂ ਦੇ ਖਿਲਾਫ਼ ਲੁਟਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ , ਭਿਆਨਕ ਸਜਾ ਦਿਤੀ । ਸਢੋਰੇ ਵਲ ਤੁਰ ਪਏ , ਇਥੋਂ ਦੇ ਸ਼ਾਸ਼ਕ ਉਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਮਿਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇਕੇ ਕਤਲ ਕੀਤਾ ਸੀ । ਉਸ ਨੂੰ ਉਸਦੀ ਕਰਨੀ ਦੀ ਸਜਾ ਦੇਕੇ ਮੁਖਲਿਸ ਖਾਨ ਦੇ ਕਿਲੇ ਤੇ ਕਬਜਾ ਕਰ ਲਿਆ । ਘੜਾਮ ਜੋ ਸਈਦ ਪਠਾਣਾ ਦਾ ਗੜ ਸੀ ਮਿਟੀ ਦੇ ਢੇਰ ਵਿਚ ਬਦਲ ਕੇ ਰਖ ਦਿਤਾ । ਇਸਤੋਂ ਬਾਦ ਸਰਹੰਦ ਦੀ ਵਾਰੀ ਆਈ । ਵਜ਼ੀਰ ਖਾਨ ਤੇ ਲੜਾਈ ਦੇ ਮੈਦਾਨ ਵਿਚ ਫਤਿਹ ਸਿੰਘ ਨੇ ਤਲਵਾਰ ਨਾਲ ਐਸਾ ਵਾਰ ਕੀਤਾ ਕੀ ਉਸਦੀ ਬਾਹ ਕਟੀ ਗਈ , ਓਹ ਜਮੀਨ ਤੇ ਡਿਗ ਪਿਆ,ਜਿਸ ਨੂੰ ਦੇਖੇਕੇ ਉਸਦੀਆਂ ਸਾਰੀਆਂ ਫੌਜਾਂ ਨਸ ਤੁਰੀਆਂ । ਵਜ਼ੀਰ ਖਾਨ ਦੀਆਂ ਲਤਾਂ ਵਿਚ ਰਸੀ ਬੰਨ ਕੇ ਘੋੜੇ ਦੇ ਪਿਛੇ ਬੰਨ ਦਿਤਾ ਤੇ ਸਾਰੇ ਸ਼ਹਿਰ ਵਿਚ ਘਸੀਟਿਆ । ਮਲੇਰਕੋਟਲੇ ਦੇ ਨਵਾਬ ਨੇ ਕਿਸੇ ਸਿਖ ਬੀਬੀ ਨੂੰ ਕਬਰ ਵਿਚ ਦਫਨ ਕੀਤਾ ਸੀ । ਕਬਰ ਪੁਟਵਾਕੇ ਬੀਬੀ ਦਾ ਸਿਖ ਮਰਿਆਦਾ ਨਾਲ ਸਸਕਾਰ ਕੀਤਾ । ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿਤਾ । ਬਸ ਇਥੇ ਸਿਖਾਂ ਤੇ ਮੁਗਲਾਂ ਵਲੋਂ ਹੋਏ ਅਤਿਆਚਾਰਾਂ ਦਾ ਬਦਲਾ ਪੂਰਾ ਹੋਇਆ ਜਿਸਦੀ ਮਾਫ਼ੀ ਵੀ ਬੰਦਾ ਬਹਾਦਰ ਨੇ ਗੁਰੂ ਸਹਿਬ ਅਗੇ ਅਰਦਾਸ ਕਰਕੇ ਮੰਗੀ ਕਿਓਕੀ ਬਦਲਾ ਲੈਣਾ ਨਾਂ ਗੁਰੂ ਸਾਹਿਬ ਦੀ ਬੰਦਾ ਬਹਾਦਰ ਨੂੰ ਹਿਦਾਇਤ ਸੀ ਨਾ ਉਹਨਾਂ ਦਾ ਕੋਈ ਮਕਸਦ !
ਸਰਹੰਦ ਤੇ ਖਾਲਸਾਈ ਫ਼ਤਿਹ ਦਾ ਕੇਸਰੀ ਨਿਸ਼ਾਨ ਸਾਹਿਬ ਬੁਲੰਦ ਹੋਏ। ਪਹਿਲੀ ਵਾਰੀ ਸਿਖ ਸਲਤਨਤ ਕਾਇਮ ਹੋਈ । ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਸਿਕਾ ਚਲਿਆ ।
ਦੇਗ ਤੇਗ ਫਤਿਹ ਨੁਸਰਤ ਬੇ ਦਰੰਗ
ਯਫਤ ਅਜ ਨਾਨਕ
ਗੁਰੂ ਗੋਬਿੰਦ ਸਿੰਘ ।।
ਮੇਕਗਰੇਗਰ ਲਿਖਦੇ ਹਨ” ਜੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਕੀਤੇ ਕੰਮਾਂ ਨੂੰ ਵਾਚੀਏ , ਉਨਾਂ ਦੇ ਧਾਰਮਿਕ ਸੁਧਾਰ , ਕੋਮੀ ਸ਼ਕਤੀ, ਉਨਾਂ ਦੀ ਨਿਜੀ ਬਹਾਦਰੀ, ਤੇ ਦੁਖਾਂ ਦਾ ਇਸਤਕਬਾਲ ਦਾ ਇਤਿਹਾਸ, ਦੁਖਾਂ ਦਾ ਟਾਕਰਾ ਕਰਦੇ ਵੇਖੀਏ , ਦੁਸ਼ਮਣ ਦਾ ਮੁਕਾਬਲਾ ਕਰਦੇ ਤੇ ਉਨਾਂ ਦੀਆਂ ਜਿਤਾ ਨੂੰ ਦੇਖੀਏ ਤਾਂ ਸਮਝ ਆ ਜਾਂਦੀ ਹੈ ਕਿ ਅਜ ਤਕ ਉਹਨਾਂ ਦੇ ਸਨਮਾਨ ਵਜੋਂ ਲੋਕੀ ਕਿਓਂ ਉਹਨਾਂ ਦਾ ਪੁਰਬ ਮਨਾਂਦੇ ਹਨ । ਦੌਲਤ ਰਾਇ ਲਿਖਦੇ ਹਨ ‘ ਗੁਰੂ ਗੋਬਿੰਦ ਸਿੰਘ ਯੋਧਾ ਕੋਮ ਪ੍ਰਸਤ ਲੋਕਾਂ ਦੇ ਮਦਦਗਾਰ , ਲੋਕਾਂ ਦਾ ਪਿਆਰ ਦਿਲ ਵਿਚ ਲੇਕੇ ਆਪਣੇ ਨਿਸ਼ਾਨੇ ਵਲ ਵਧੇ ਜਿਸ ਵਿਚ ਆਪਣੇ ਖਾਨਦਾਨ ਦੀ ਆਹੂਤੀ ਦੇਣ ਤੋਂ ਵੀ ਸੰਕੋਚ ਨਹੀ ਕੀਤਾ ।ਪਿਛਲੇ 350 ਸਾਲ ਤੋਂ ਗੁਰੂ ਸਾਹਿਬ ਦਾ ਜੀਵਨ, ਉਹਨਾਂ ਦਾ ਫਲਸਫਾ , ਉਹਨਾਂ ਦੇ ਕਾਰਨਾਮੇ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ । ਓਹ ਇਕ ਐਸੇ ਆਦਰਸ਼ਕ ਨਾਇਕ ਸਨ ਜਿਹਨਾਂ ਦਾ ਜੀਵਨ ਤੇ ਕੁਰਬਾਨੀਆਂ ਦੇਸ਼ ਲਈ ਸਦਾ ਪ੍ਰੇਰਨਾ ਬਣਿਆ ਰੇਹਾਗਾ ‘।
ਵਰਤਮਾਨ ਸਿਖ ਪੰਥ ਭਾਵੈਂ ਆਪਣੀ ਹਸਤੀ ,ਆਪਣੀ ਤਵਾਰੀਖ ਤੋ ਬੇਖਬਰ ਹੈ ਪਰ ਇਹ ਲਾਸਾਨੀ ਕੁਰਬਾਨੀਆਂ ਸਿਖਾਂ ਦੇ ਉਜਵਲ ਭਵਿਖ ਦੀਆਂ ਨਿਸ਼ਾਨੀਆਂ ਹਨ ਜਿਸ ਵਿਚ ਮਨੁਖਤਾ ਦਾ ਕਲਿਆਣ ਨਾ ਸਿਰਫ ਭਾਰਤਵਰਸ਼ ਵਿਚ ਹੋਇਆ ਹੈ ਸਗੋਂ ਉਸਤੋ ਬਾਅਦ ਦੁਨੀਆਂ ਵਿਚ ਅਉਣ ਵਾਲੀਆਂ ਸਾਰੀਆਂ ਕ੍ਰਾਂਤੀਆਂ ਤੇ ਦੇਸ਼ਵਾਸੀਆਂ ਓਪਰ ਹੋਇਆ ਹੈ । ਉਹਨਾਂ ਦੀਆ ਕੋਸ਼ਿਸ਼ਾ ਨੇ ਨਾ ਸਿਰਫ ਊਚ–ਨੀਚ, ਜਾਤ–ਪਾਤ ਤੇ ਕਰਮਕਾਂਡਾ ਦੇ ਭਰਮ–ਜਾਲ ਨੂੰ ਤੋੜਿਆ ਹੈ ਸਗੋਂ ਮੁਗਲ ਸਮਰਾਜ ਤੇ ਜਾਬਰ ਹਕੂਮਤ ਦੀਆ ਜੜਾਂ ਹਿਲਾਕੇ ਰਖ ਦਿਤੀਆਂ ।
ਇਕ ਮੁਸਲਿਮ ਨਾਮੀ ਸ਼ਾਇਰ ਅਲਾ ਯਾਰ ਖਾਨ ਜੋਗੀ ਲਿਖਦਾ ਹੈ ” ਦੁਨੀਆਂ ਦੇ ਲੋਕੋ ਅਗਰ ਤੁਸੀਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਤੇ ਬੋਲਦੇ ਰਹੋਗੇ ਤੇ ਬੋਲ ਨਹੀ ਸਕੋਗੇ । ਤੁਸੀਂ ਸਮੁੰਦਰ ਨੂੰ ਸ਼ਾਹੀ ਬਣਾ ਲਉ , ਸਾਰੇ ਦਰਖਤਾਂ ਨੂੰ ਕਲਮਾ ਬਣਾ ਲਉ , ਲਿਖ ਨਹੀ ਸਕੋਗੇ । ਉਸਨੇ ਬੋਲਣ ਵਾਲੇ ਦੇ ਵਜੂਦ ਦਾ ਇਕ ਬੁਲਬੁਲੇ ਨਾਲ ਮੁਕਾਬਲਾ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਗੁਣਾ ਦਾ ਸਮੁੰਦਰ ਨਾਲ।ਇਸ ਸ਼ਾਇਰ ਨੂੰ ਕਾਫ਼ਰ ਕਰਾਰ ਕੀਤਾ ਗਿਆ ਕਿਓਂਕਿ ਇਸਦੀ ਸਾਰੀ ਦੀ ਸਾਰੀ ਸ਼ਾਇਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸੀ । ਜਦੋ ਇਹ ਮੌਤ ਦੇ ਬਿਸਤਰ ਤੇ ਪਿਆ ਸੀ ਤਾਂ ਕਾਜ਼ੀ ਮਾਫੀਨਾਮਾ ਲੇਕੇ ਆਓਂਦਾ ਹੈ , ਕਹਿੰਦਾ ਹੈ ਕੀ ਤੂੰ ਸਾਰੀ ਜਿੰਦਗੀ ਆਪਣੀ ਸ਼ਾਇਰ ਵਿਚ ਇਕ ਕਾਫਰ ਦੀ ਤਰੀਫ ਕਰਦਾ ਰਿਹਾਂ ਹੈ ਹੁਣ ਮਰਨ ਵੇਲੇ ਇਸ ਮਾਫ਼ੀਨਾਮੇ ਤੇ ਦਸਖਤ ਕਰਦੇ ਤਾਕਿ ਤੇਰੀ , ਨਮਾਜ਼ੇ–ਮ੍ਯੀਤ ਤੇ ਨਮਾਜ਼ੇ– ਜਨਾਜਾ ਪੜਕੇ ਤੇਨੂੰ ਇਸਲਾਮੀ ਸ਼ਰਾ ਦੇ ਮੁਤਾਬਿਕ ਦਫਨ ਕੀਤਾ ਜਾਏ । ਉਸਨੇ ਜਵਾਬ ਦਿਤਾ , ਮੈਨੂੰ ਨਮਾਜ਼ੇ–ਮ੍ਯੀਤ ਤੇ ਨਮਾਜ਼ੇ– ਜਨਾਜਾ ਦੀ ਲੋੜ ਨਹੀ , ਨਾ ਹੀ ਇਸਲਾਮੀ ਸ਼ਰਾ ਦੇ ਮੁਤਾਬਿਕ ਕਫਨ ਦਫਨ ਦੀ ਲੋੜ ਹੈ, ਨਾ ਸ੍ਵਰਗ ਦੇ ਖੁਲੇ ਦਰਵਾਜ਼ੇ ਦੀ । ਮੇਰਾ ਗੁਰੂ ਗੋਬਿੰਦ ਸਿੰਘ ਦਰਵਾਜ਼ੇ ਖੋਲਕੇ ਮੈਨੂ ਉਡੀਕ ਰਿਹਾ ਹੋਣਾ ਹੈ।
ਅੱਲਾ ਯਾਰ ਖਾਨ ਜੋਗੀ ਨੇ ਚਮਕੋਰ ਨੂੰ ਹਿੰਦੁਆਂ ਦਾ ਇਕੋ–ਇਕ ਤੀਰਥ ਅਸਥਾਨ ਮੰਨਿਆ ਹੈ ।
ਬੁਲੇ ਸ਼ਾਹ ਜੋ ਇਕ ਮਹਾਨ ਮੁਸਲਿਮ ਸੂਫ਼ੀ ਸ਼ਾਇਰ ਹੋਏ ਹਨ ਓਹ ਗੁਰੂ ਸਾਹਿਬ ਬਾਰੇ ਲਿਖਦੇ ਹਨ:
ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ
ਬਾਤ ਕਹੂੰ ਮੈਂ ਅਬ ਕੀ
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ
ਤੋ ਸੁਨਤ ਹੋਤਿ ਸਭ ਕੀ ।
ਇੰਦੂ ਭੂਸ਼ਣ ਬੇਨਰਜੀ ਲਿਖਦੇ ਹਨ ਕੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਅਧਿਆਤਮਿਕ ਨੇਤਾ ਸਨ ਜਿਹਨਾਂ ਨੇ ਆਪਣੇ ਰੂਹਾਨੀ ਕਮਾਲਾਂ ਸਦਕੇ ਲਾਸਾਨੀ ਕਾਰਨਾਮੇ ਕਰ ਵਿਖਾਏ। ਲੜਾਈਆਂ ਲੜਨਾ ਉਹਨਾਂ ਦਾ ਪੇਸ਼ਾ ਨਹੀਂ ਸੀ ਨਾਂ ਇਮਪਾਇਰ ਖੜਾ ਕਰਨਾ ਕੋਈ ਮਕਸਦ । ਉਹਨਾਂ ਨੇ ਤਲਵਾਰ ਕਿਸੇ ਵੈਰ ਵਿਰੋਧ ਲਈ ਨਹੀਂ ਸਗੋਂ ਸਵੇ ਤੇ ਮਜ਼ਲੂਮਾ ਦੀ ਰਖਿਆ ਲਈ ਚੁਕੀ । ਉਹਨਾਂ ਨੇ ਆਪਣੇ ਜੀਵਨ ਵਿਚ ਕਿਸੇ ਵੀ ਪੜਾਵ ਤੇ ਆਪਣੇ ਰੂਹਾਨੀ ਅਤੇ ਧਾਰਮਿਕ ਫਰਜ਼ ਨੂੰ ਪਿਛੇ ਨਹੀ ਪੈਣ ਦਿਤਾ। ਕਈ ਇਤਿਹਾਸਕਾਰ ਆਪਣੀ ਸਧਾਰਨ ਸੋਚ ਤੇ ਨਿਜੀ ਪੈਮਾਨੇ ਨਾਲ ਗੁਰੂ ਸਾਹਿਬ ਦੀਆਂ ਸਫਲਤਾਵਾਂ ਤੇ ਅਸਫਲਤਾਵਾਂ ਦਾ ਨਾਪ ਤੋਲ ਕਰਦੇ ਰਹਿੰਦੇ ਹਨ । ਕੁਨਿੰਘਮ ਲਿਖਦੇ ਹਨ ” ਸਿਰਫ ਸੰਸਾਰਿਕ ਕਾਮਯਾਬੀ ਕਿਸੇ ਦੀ ਵਡੀਆਈ ਦਾ ਨਿਸ਼ਾਨਾ ਨਹੀਂ ਹੁੰਦੀ । ਵਡੀਤਣ ਤੇ ਆਦਰਸ਼ ਦੇ ਨਿਸ਼ਾਨੇ ਦੀ ਹੁੰਦੀ ਹੈ । ਇਸ ਵਿਚ ਕੋਈ ਸ਼ਕ ਨਹੀ ਸੀ ਕੀ ਉਹਨਾਂ ਦੇ ਆਦਰਸ਼ ਇਤਨੇ ਉਚੇ ਤੇ ਮਹਾਨ ਸਨ ਕੀ ਵਕ਼ਤ ਦੀ ਹਕੂਮਤ ਵੀ ਝੁਕਾ ਨਹੀ ਸਕੀ । ਲਤੀਫ ਲਿਖਦਾ ਹੈ ਕਿ ਉਹਨਾਂ ਦਾ ਨਿਸ਼ਾਨਾ ਉਚਾ ਸੀ । ਉਹਨਾਂ ਨੇ ਜਿਸ ਕੰਮ ਵਿਚ ਵੀ ਹਥ ਪਾਇਆ ਓਹ ਮਹਾਨ ਸੀ । ਉਹਨਾਂ ਨੇ ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਇਸਤਕਬਾਲ ਦਾ ਪਲਾ ਨਹੀ ਛਡਿਆ । ਹਿੰਦੁਸਤਾਨ ਦੇ ਬਾਦਸ਼ਾਹ ਨੂੰ ਫਿਟਕਾਰਾਂ ਭਰੀ ਚਿਠੀ ਲਿਖਣੀ ਜਿਸ ਨੂੰ ਜਫਰਨਾਮਾ ਤੇ ਗੁਰੂ ਸਾਹਿਬ ਦਾ ਫਤਿਹ ਨਾਮਾ ਕਿਹਾ ਜਾਂਦਾ ਹੈ ,ਇਕ ਵਡੇਰੀ ਜੁਰਤ ਦੀ ਮਿਸਾਲ ਹੈ । ਉਸ ਨੂੰ ਟਕੇ ਦਾ ਮੁਰੀਦ ਤੇ ਈਮਾਂ–ਸ਼ਿਕਨ (ਬੇਈਮਾਨ) ਕਿਹਾ । ਉਸ ਨੂੰ ਵੰਗਾਰ ਕੇ ਕਿਹਾ ਕਿ ਜੇਕਰ ਹੁਣ ਤੂੰ ਪੰਜਾਬ ਵਲ ਮੂੰਹ ਕਰੇਗਾਂ ਤਾਂ ਤੇਰੇ ਘੋੜੇ ਦੇ ਖੁਰਾਂ ਹੇਠ ਅਜਿਹੀ ਅਗ ਬਾਲ ਦਿਆਂਗਾ ਕਿ ਪੰਜਾਬ ਵਿਚ ਤੇਨੂੰ ਪਾਣੀ ਨਸੀਬ ਨਹੀਂ ਹੋਵੇਗਾ. ਕੋਈ ਛੋਟੀ ਗਲ ਨਹੀਂ । ਇਹ ਜਫਰਨਾਮਾ ਸਿੰਘਾਂ ਨੇ ਜਦ ਔਰੰਗਜ਼ੇਬ ਦੇ ਹਥ ਵਿਚ ਇਹ ਕਹਿਕੇ ਪਕੜਾਇਆ ਕੀ ਗੁਰੂ ਸਾਹਿਬ ਨੇ ਤੁਹਾਡੇ ਲਈ ਇਕ ਬੜਾ ਕੀਮਤੀ ਕੁਰਾਨ ਭੇਜਿਆ ਹੈ ਤਾਂ ਉਸਨੇ ਬੜੀ ਅਕੀਦਤ ਨਾਲ ਉਸਨੂੰ ਸਿਰ ਨਿਵਾ ਕੇ ਖੋਲਿਆ ਤੇ ਜਦ ਪੜਿਆ ,ਉਸਦਾ ਰੰਗ ਪੀਲਾ ਪੇ ਗਿਆ ,ਚੇਹਰਾ ਦੀਆਂ ਹਵਾਈੰਆਂ ਉਡ ਗਈਆਂ ਉਸ ਨੂੰ ਆਪਣੇ, ਅਹਿਲਕਾਰਾਂ ਦੀਆ ਵਧੀਕੀਆਂ ਤੇ ਗਲਤ ਨੀਤੀਆਂ ਦਾ ਪਤਾ ਚਲਿਆ। ਉਸਦੀ ਆਤਮਾ ਝਨਝੋਰ ਉਠੀ ਜਿਸਦਾ ਉਲੇਖ ਉਸਦੇ ਵਸੀਅਤ ਨਾਮੇ ਵਿਚ ਸਾਫ਼ ਨਜਰ ਆਓਂਦਾ ਹੈ ।ਮੌਤ ਤੋ ਪਹਿਲਾਂ ਉਸਨੇ ਇਕ ਚਿਠੀ ਲਿਖੀ ਜਿਸ ਵਿਚ ਉਸਨੇ ਆਪਣੇ ਗੁਨਾਹਾਂ ਦਾ ਇਕਬਾਲ ਕੀਤਾ ,” ਮੈ ਦੁਨਿਆ ਵਿਚ ਖਾਲੀ ਹਥ ਆਇਆ ਸੀ, ਪਾਪਾਂ ਦੀ ਪੰਡ ਲੇਕੇ ਜਾ ਰਿਹਾਂ ਹਾਂ ਮੈ ਇਤਨੇ ਪਾਪ ਕਰ ਚੁਕਾ ਹਾਂ ਕੀ ਪਰਮਾਤਮਾ ਨੂੰ ਮੂੰਹ ਦਿਖਾਣ ਜੋਗਾ ਨਹੀ ਰਿਹਾ ”
ਭਾਈ ਦਾਇਆ ਸਿੰਘ ਜੀ ਨੂੰ ਸ਼ਾਹੀ ਸਨਮਾਨਾ ਨਾਲ , ਸੁਰਖਿਆ ਦਾ ਪਰਵਾਨਾ ਦੇਕੇ ਵਿਦਾ ਕੀਤਾ । ਉਸਨੇ ਆਪਣੀ ਕੀਤੀ ਤੇ ਪਛਤਾਵਾ ਜਹਿਰ ਕਰਦਿਆਂ ਆਪਣੇ ਅਹਿਲ੍ਕਾਰਾਂ ਨੂੰ ਹੁਕਮਨਾਮਾ ਭੇਜਿਆ ਕਿ ਗੁਰੂ ਸਾਹਿਬ ਜਿਥੇ ਵੀ ਰਹਿਣ , ਜੋ ਵੀ ਕਰਨ ਉਸ ਵਿਚ ਕੋਈ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ । ਇਹਨਾਂ ਹੁਕਮਾ ਤੇ ਅਮਲ ਵੀ ਹੋਣਾ ਸ਼ੁਰੂ ਹੋ ਗਿਆ ।
ਇਕ ਚਿਠੀ ਵਿਚ ਉਸਨੇ ਗੁਰੂ ਸਾਹਿਬ ਨੂੰ ਤਰਲਿਆਂ ਮਿਨਤਾਂ ਨਾਲ ਆਪਣੇ ਕੋਲ ਸਦਿਆ । ਮਿਲਣ ਦੀ ਖਾਹਿਸ਼ ਤੇ ਆਪਣੀ ਨਾ ਆ ਸਕਣ ਦੀ ਮਜਬੂਰੀ ਜਾਹਿਰ ਕੀਤੀ। ਉਸਨੇ ਨੇ ਲਿਖਿਆ ਕੀ ਮੈ ਤੁਹਾਡੇ ਕੋਲ ਖੁਦ ਚਲ ਕੇ ਆਓਦਾ ਪਰ ਬੀਮਾਰੀ ਮੈਨੂ ਇਜਾਜ਼ਤ ਨਹੀਂ ਦਿੰਦੀ । ਗੁਰੂ ਸਾਹਿਬ ਨੇ ਜਦ ਚਿਠੀ ਪੜੀ ਤਾਂ ਸਭ ਕੁਝ ਭੁਲਾ ਕੇ ਜਾਣ ਦੀ ਤਿਆਰੀ ਕਰ ਲਈ ਪਰ ਉਹ ਵਖਰੀ ਗਲ ਹੈ ਕੀ ਉਸ ਦੇ ਨਾਲ ਮੇਲ ਨਾ ਹੋ ਸਕਿਆ , ਪਛਤਾਵੇ ਦੀ ਅਗ ਵਿਚ ਸੜਦਾ ਤੇ ਗੁਰੂ ਸਾਹਿਬ ਦੀਆਂ ਫਿਟਕਾਰਾਂ ਦੀ ਤਾਬ ਨਾ ਝਲਦਾ ਸ਼ਹਿਨਸ਼ਾਹ ਔਰੰਗਜੇਬ 1707 ਈਸਵੀ ਵਿਚ ਬਿਨਾਂ ਆਪਣੇ ਗੁਨਾਹ ਬਖ਼ਸ਼ਾਏ ਇਸ ਦੁਨਿਆ ਤੋ ਕੂਚ ਕਰ ਗਿਆ ।
( ਚਲਦਾ )


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top