ਜਾਣੋ ਇਤਿਹਾਸ – ਗੁਰਦੁਆਰਾ ਗਊ ਘਾਟ (ਬੜੀ ਸੰਗਤ) ਪਟਨਾ ਸਾਹਿਬ
ਸ੍ਰੀ ਪਟਨਾ ਸਾਹਿਬ ਦੀ ਪਾਵਨ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ, ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਦਾ ਮਾਣ ਹਾਸਿਲ ਹੈ | ਇਸ ਸ਼ਹਿਰ ‘ਚ ਸ਼ਾਮਿਲ ਗੁਰਦੁਆਰਾ ਗਊ ਘਾਟ ਸਾਹਿਬ, ਜਿਸ ਨੂੰ ਗਰਦੁਆਰਾ ਬੜੀ ਸਿੱਖ ਸੰਗਤ ਵੀ ਕਿਹਾ ਜਾਂਦਾ ਹੈ, ਨੂੰ ਪਹਿਲੀ ਤੇ ਨੌਵੀਂ ਪਾਤਸ਼ਾਹੀ ਦੇ ਚਰਨਾਂ ਦੀ ਛੋਹ ਹਾਸਿਲ ਹੈ | ਗੁਰੂ ਨਾਨਕ ਦੇਵ ਜੀ ਆਪਣੀ ਪੂਰਬ ਖੇਤਰ ਦੀ ਪਹਿਲੀ ਉਦਾਸੀ ਮੌਕੇ ਭਾਈ ਮਰਦਾਨਾ ਜੀ ਨਾਲ ਇਥੇ ਪੁੱਜੇ ਸਨ ਤੇ ਆਪਣੇ ਅਨਿੰਨ ਪੈਰੋਕਾਰ ਤੇ ਨਾਮਵਰ ਵਪਾਰੀ ਭਾਈ ਜੈਤਾਮੱਲ ਸੇਠ ਦੀ ਬੇਨਤੀ ‘ਤੇ ਉਸ ਦੀ ਹਵੇਲੀ ‘ਚ ਚਰਨ ਪਾ ਕੇ ਉਸ ਨੂੰ ਪਵਿੱਤਰ ਕੀਤਾ ਤੇ ਇਸ ਹਵੇਲੀ ਵਿਖੇ ਸੰਗਤਾਂ ਦੇ ਭਜਨ ਬੰਦਗੀ ਕਰਨ ਲਈ ਧਰਮਸਾਲਾ ਸਥਾਪਿਤ ਕਰਦਿਆਂ ਇਸ ਨੂੰ ਬੜੀ ਸੰਗਤ ਦਾ ਨਾਮ ਦਿੱਤਾ | ਬਾਅਦ ‘ਚ 1666 ਈਸਵੀ ‘ਚ ਨੌਵੇਂ ਪਾਤਸ਼ਾਹ ਸਿੱਖੀ ਦਾ ਪ੍ਰਚਾਰ ਕਰਦਿਆਂ ਪਰਿਵਾਰ ਸਮੇਤ ਪੂਰਬ ‘ਚ ਇਸ ਸਥਾਨ ‘ਤੇ ਪੁੱਜੇ ਸਨ | ਭਾਈ ਜੈਤਾਮੱਲ ਜਿਨ੍ਹਾਂ ਦੀ ਉਸ ਸਮੇਂ ਉਮਰ ਕਰੀਬ 350 ਸਾਲ ਦੱਸੀ ਜਾਂਦੀ ਸੀ, ਨੇ ਜਦੋਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਬਿਰਧ ਅਵਸਥਾ ਹੋਣ ਕਾਰਣ ਗੰਗਾ ਨਦੀ ‘ਤੇ ਇਸ਼ਨਾਨ ਕਰਨ ਨਹੀਂ ਜਾ ਸਕਦੇ ਤਾਂ ਗੁਰੂ ਸਾਹਿਬ ਨੇ ਅਜਿਹਾ ਕੌਤਕ ਕੀਤਾ ਕਿ ਗੰਗਾ ਗਊ ਰੂਪ ਵਿਚ ਖੁਦ ਉਨ੍ਹਾਂ ਦੇ ਅਸਥਾਨ ਨੇੜੇ ਕੁੰਡ ਵਿਚ ਆ ਕੇ ਇਸ਼ਨਾਨ ਕਰਾਉਣ ਲੱਗੀ | ਇਸ ਕਾਰਣ ਇਸ ਅਸਥਾਨ ਦਾ ਨਾਮ ਬੜੀ ਸਿੱਖ ਸੰਗਤ ਦੇ ਨਾਲ ਗਊ ਘਾਟ ਵੀ ਪ੍ਰਸਿੱਧ ਹੋ ਗਿਆ | ਇਸ ਅਸਥਾਨ ‘ਤੇ ਨੌਵੇਂ ਪਾਤਸ਼ਾਹ ਕਰੀਬ 4 ਮਹੀਨੇ ਰਹੇ | ਕਿਹਾ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜਿਸ ਖਿੜਕੀ ਰਾਹੀਂ ਘੋੜੇ ਸਮੇਤ ਧਰਮਸ਼ਾਲਾ ਅੰਦਰ ਦਾਖਲ ਹੋਏ ਸਨ, ਉਹ ਅਜੇ ਵੀ ਸੰਗਤਾਂ ਦੇ ਦਰਸ਼ਨਾਂ ਲਈ ਸੰਭਾਲੀ ਹੋਈ ਹੈ | ਇਸ ਤੋਂ ਇਲਾਵਾ ਇਥੇੇ ਭਾਈ ਮਰਦਾਨਾ ਜੀ ਦੀ ਰਬਾਬ, ਗੁਰੂ ਸਾਹਿਬ ਦੇ ਘੋੜਾ ਬੰਨਣ ਵਾਲੇ ਸਥਾਨ ‘ਤੇ ਉੱਗਿਆ ਦਰੱਖਤ, ਗੁਰੂ ਸਾਹਿਬ ਦੇ ਬੈਠਣ ਵਾਲਾ ਥੜਾ ਸਾਹਿਬ, ਮਾਤਾ ਗੁਜਰੀ ਜੀ ਦੀ ਚੱਕੀ ਤੇ ਲੱਕੜ ਦੇ ਥੰਮ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਇਸ ਅਸਥਾਨ ਦੀ ਪੁਨਰ ਉਸਾਰੀ ਚੱਲ ਰਹੀ ਸੀ ਤਾਂ ਕਾਰਗੀਰਾਂ ਨੇ ਕਿਹਾ ਕਿ ਥੰਮ ਬਹੁਤ ਛੋਟੇ ਹਨ, ਪਰ ਗੁਰੂ ਸਾਹਿਬ ਦੀ ਕ੍ਰਿਪਾ ਦਿ੍ਸ਼ਟੀ ਨਾਲ ਇਹ ਥੰਮ ਸਹੀ ਅਕਾਰ ਦੇ ਹੋ ਗਏ ਸਨ, ਵੀ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਗਏ ਹਨ | ਇਹ ਸੁੰਦਰ ਗੁਰਧਾਮ ਦਾ ਪ੍ਰਬੰਧ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਕੋਲ ਹੈ ਤੇ ਇਹ ਤਖ਼ਤ ਸਾਹਿਬ ਤੋਂ ਕਰੀਬ 4 ਕਿਲੋਮੀਟਰ ਦੀ ਦੂਰੀ ‘ਤੇ ਬਾਜ਼ਾਰ ਵਿਚ ਹੈ |



waheguru ji waheguru ji waheguru ji waheguru ji waheguru ji waheguru ji waheguru ji
waheguru ji waheguru ji waheguru ji waheguru ji waheguru ji waheguru ji waheguru ji