ਅਮ੍ਰਿਤ ਵੇਲੇ ਦਾ ਹੁਕਮਨਾਮਾ – 25 ਦਸੰਬਰ 2023
ਅੰਗ : 842
ਬਿਲਾਵਲੁ ਮਹਲਾ ੩ ॥ ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ ॥ ਜੀਅ ਜੰਤ ਮਾਇਆ ਮੋਹਿ ਪਾਜੇ ॥ ਦੂਜੈ ਭਾਇ ਪਰਪੰਚਿ ਲਾਗੇ ॥ ਆਵਹਿ ਜਾਵਹਿ ਮਰਹਿ ਅਭਾਗੇ ॥ ਸਤਿਗੁਰਿ ਭੇਟਿਐ ਸੋਝੀ ਪਾਇ ॥ ਪਰਪੰਚੁ ਚੂਕੈ ਸਚਿ ਸਮਾਇ ॥੧॥ ਜਾ ਕੈ ਮਸਤਕਿ ਲਿਖਿਆ ਲੇਖੁ ॥ ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥੧॥ ਰਹਾਉ ॥ ਸ੍ਰਿਸਟਿ ਉਪਾਇ ਆਪੇ ਸਭੁ ਵੇਖੈ ॥ ਕੋਇ ਨ ਮੇਟੈ ਤੇਰੈ ਲੇਖੈ ॥ ਸਿਧ ਸਾਧਿਕ ਜੇ ਕੋ ਕਹੈ ਕਹਾਏ ॥ ਭਰਮੇ ਭੂਲਾ ਆਵੈ ਜਾਏ ॥ ਸਤਿਗੁਰੁ ਸੇਵੈ ਸੋ ਜਨੁ ਬੂਝੈ ॥ ਹਉਮੈ ਮਾਰੇ ਤਾ ਦਰੁ ਸੂਝੈ ॥੨॥
ਅਰਥ: ਹੇ ਭਾਈ! ਜਿਸ ਮਨੁੱਖ ਦੇ ਮੱਥੇ ਉੱਤੇ (ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਵਲੋਂ) ਲੇਖ ਲਿਖਿਆ ਹੁੰਦਾ ਹੈ, ਉਸ (ਮਨੁੱਖ) ਦੇ ਮਨ ਵਿਚ ਇਕ ਪਰਮਾਤਮਾ (ਹੀ) ਟਿਕਿਆ ਰਹਿੰਦਾ ਹੈ।੧।ਰਹਾਉ। ਹੇ ਭਾਈ! ਸਾਰੇ ਜਗਤ ਦਾ ਮੂਲ ਅਕਾਲ ਪੁਰਖ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ, (ਕੀਤੇ ਕਰਮਾਂ ਅਨੁਸਾਰ) ਜੀਵਾਂ ਨੂੰ (ਉਸ ਨੇ) ਮਾਇਆ ਦੇ ਮੋਹ ਵਿਚ ਜੋੜਿਆ ਹੋਇਆ ਹੈ। (ਜੀਵ ਪਰਮਾਤਮਾ ਨੂੰ ਭੁਲਾ ਕੇ) ਹੋਰ ਪਿਆਰ ਵਿਚ ਦਿੱਸਦੇ ਜਗਤ ਦੇ ਮੋਹ ਵਿਚ ਫਸੇ ਰਹਿੰਦੇ ਹਨ, (ਇਹੋ ਜਿਹੇ) ਭਾਗਹੀਨ ਜੀਵ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਆਤਮਕ ਮੌਤ ਸਹੇੜੀ ਰੱਖਦੇ ਹਨ। ਜੇ (ਕਿਸੇ ਭਾਗਾਂ ਵਾਲੇ ਨੂੰ) ਗੁਰੂ ਮਿਲ ਪਏ, ਤਾਂ ਉਹ (ਆਤਮਕ ਜੀਵਨ ਦੀ) ਸਮਝ ਹਾਸਲ ਕਰ ਲੈਂਦਾ ਹੈ, (ਉਸ ਦੇ ਅੰਦਰੋਂ) ਜਗਤ ਦਾ ਮੋਹ ਮੁੱਕ ਜਾਂਦਾ ਹੈ, (ਉਹ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ।੧। ਹੇ ਭਾਈ! ਜਗਤ ਪੈਦਾ ਕਰ ਕੇ (ਪਰਮਾਤਮਾ) ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ। (ਹੇ ਪ੍ਰਭੂ! ਜੀਵ ਦੇ ਕੀਤੇ ਕਰਮਾਂ ਅਨੁਸਾਰ ਉਸ ਦੇ ਮੱਥੇ ਉੱਤੇ ਜਿਹੜਾ ਲੇਖ ਤੂੰ ਲਿਖਦਾ ਹੈਂ) ਤੇਰੇ (ਉਸ ਲਿਖੇ) ਲੇਖ ਨੂੰ ਕੋਈ ਜੀਵ (ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ। ਹੇ ਭਾਈ! ਆਪਣੀ ਹਉਮੈ ਦੇ ਆਸਰੇ) ਜੇ ਕੋਈ ਮਨੁੱਖ (ਆਪਣੇ ਆਪ ਨੂੰ) ਸਿੱਧ ਆਖਦਾ ਅਖਵਾਂਦਾ ਹੈ, ਸਾਧਿਕ ਆਖਦਾ ਅਖਵਾਂਦਾ ਹੈ, ਉਹ ਮਨੁੱਖ (ਹਉਮੈ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਹੇ ਭਾਈ! ਜਿਹੜਾ ਮਨੁੱਖ (ਆਪਣੀ ਹਉਮੈ ਦੀ ਟੇਕ ਛੱਡ ਕੇ) ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ ਸਮਝ ਪੈਂਦਾ ਹੈ। ਜਦੋਂ ਮਨੁੱਖ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ, ਤਦੋਂ (ਉਸ ਨੂੰ ਪਰਮਾਤਮਾ ਦਾ) ਦਰ ਦਿੱਸ ਪੈਂਦਾ ਹੈ।੨।