ਅਮ੍ਰਿਤ ਵੇਲੇ ਦਾ ਹੁਕਮਨਾਮਾ – 19 ਮਈ 2023
ਅੰਗ : 499
ਗੂਜਰੀ ਮਹਲਾ ੫ ॥ ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥ ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥੧॥ ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥ ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਹ੍ਹਰਾ ਧੋਰਾ ॥੧॥ ਰਹਾਉ ॥ ਬਲਿ ਬਲਿ ਬਲਿ ਬਲਿ ਚਰਣ ਤੁਮ੍ਹ੍ਹਾਰੇ ਈਹਾ ਊਹਾ ਤੁਮ੍ਹ੍ਹਾਰਾ ਜੋਰਾ ॥ ਸਾਧਸੰਗਿ ਨਾਨਕ ਦਰਸੁ ਪਾਇਓ ਬਿਨਸਿਓ ਸਗਲ ਨਿਹੋਰਾ ॥੨॥੭॥੧੬॥
ਅਰਥ: ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ-ਇਹਨਾਂ ਦਾ ਆਸਰਾ ਕਮਜ਼ੋਰ ਆਸਰਾ ਹੈ। ਮੈਂ ਮਾਇਆ ਦੇ ਭੀ ਅਨੇਕਾਂ ਰੰਗ-ਤਮਾਸ਼ੇ ਵੇਖ ਲਏ ਹਨ (ਇਹਨਾਂ ਵਿਚੋਂ ਭੀ) ਕੁਝ ਰਤਾ ਭਰ ਭੀ (ਜੀਵ ਦੇ) ਨਾਲ ਨਹੀਂ ਜਾਂਦਾ ॥੧॥ ਹੇ ਮਾਲਕ ਪ੍ਰਭੂ! ਤੈਥੋਂ ਬਿਨਾ ਮੇਰਾ (ਹੋਰ ਕੋਈ ਆਸਰਾ) ਨਹੀਂ ਹੈ। ਮੈਂ ਨਿਆਸਰੇ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ। ਮੈਂ ਤੇਰਾ ਹੀ ਆਸਰਾ ਤੱਕਿਆ ਹੈ ॥੧॥ ਰਹਾਉ॥ ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਕੁਰਬਾਨ ਕੁਰਬਾਨ ਕੁਰਬਾਨ ਜਾਂਦਾ ਹਾਂ। ਇਸ ਲੋਕ ਤੇ ਪਰਲੋਕ ਵਿਚ ਮੈਨੂੰ ਤੇਰਾ ਹੀ ਸਹਾਰਾ ਹੈ। ਹੇ ਨਾਨਕ! (ਆਖ ਕਿ ਜਿਸ ਮਨੁੱਖ ਨੇ) ਸਾਧ ਸੰਗਤ ਵਿਚ ਟਿਕ ਕੇ ਪ੍ਰਭੂ ਦਾ ਦਰਸ਼ਨ ਕਰ ਲਿਆ, ਉਸ ਦੀ ਮੁਥਾਜੀ ਖ਼ਤਮ ਹੋ ਗਈ ॥੨॥੭॥੧੬॥
wahe guru mehar kre ji Sat shari akal ji