ਸੰਧਿਆ ਵੇਲੇ ਦਾ ਹੁਕਮਨਾਮਾ – 07 ਫ਼ਰਵਰੀ 2026

ਅੰਗ : 721
ਤਿਲੰਗ ਮਹਲਾ ੧ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥ ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥੧॥ਤਉ ਦਰਸਨ ਕੀ ਕਰਉ ਸਮਾਇ ॥ ਮੈ ਦਰਿ ਮਾਗਤੁ ਭੀਖਿਆ ਪਾਇ ॥੧॥ ਰਹਾਉ ॥ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹ੍ਹਣਾ ॥ ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥੨॥ਘਿਅ ਪਟ ਭਾਂਡਾ ਕਹੈ ਨ ਕੋਇ ॥ ਐਸਾ ਭਗਤੁ ਵਰਨ ਮਹਿ ਹੋਇ ॥ ਤੇਰੈ ਨਾਮਿ ਨਿਵੇ ਰਹੇ ਲਿਵ ਲਾਇ ॥ ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨॥
ਅਰਥ: ਰਾਗ ਤਿਲੰਗ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ।ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ ਰੱਖਣ ਲਈ) ਗੁੱਥੀ ਹੈ ।(ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ ।ਮੇਰੇ ਦੋਵੇਂ ਹੱਥ (ਤੇਰੇ ਦਰ ਤੋਂ ਖ਼ੈਰ ਲੈਣ ਵਾਸਤੇ) ਪਿਆਲਾ ਹਨ, (ਮੇਰੇ ਆਤਮਾ ਨੂੰ ਤੇਰੇ) ਦੀਦਾਰ ਦੀ ਭੁੱਖ (ਲੱਗੀ ਹੋਈ) ਹੈ ।(ਇਸ ਵਾਸਤੇ) ਮੈਂ (ਤੇਰੇ) ਦਰ ਤੇ ਸਦਾ (ਦੀਦਾਰ ਦੀ ਮੰਗ ਹੀ) ਮੰਗਦਾ ਹਾਂ ॥੧॥(ਹੇ ਪ੍ਰਭੂ!) ਮੈਂ ਤੇਰੇ ਦੀਦਾਰ ਦੀ ਸਦਾਅ ਕਰਦਾ ਹਾਂ,ਮੈਂ ਤੇਰੇ ਦਰ ਤੇ ਮੰਗਤਾ ਹਾਂ, ਮੈਨੂੰ (ਆਪਣੇ ਦੀਦਾਰ ਦਾ) ਖ਼ੈਰ ਪਾ ॥੧॥ ਰਹਾਉ ॥ਕੇਸਰ, ਫੁੱਲ, ਕਸਤੂਰੀ ਤੇ ਸੋਨਾ (ਇਹਨਾਂ ਦੀ ਭਿੱਟ ਕੋਈ ਨਹੀਂ ਮੰਨਦਾ, ਇਹ) ਸਭਨਾਂ ਦੇ ਸਰੀਰਾਂ ਤੇ ਵਰਤੇ ਜਾਂਦੇ ਹਨ ।ਚੰਦਨ ਸਭ ਨੂੰ ਸੁਗੰਧੀ ਦੇਂਦਾ ਹੈ, ਅਜੇਹਾ ਹੀ ਸੁਭਾਉ (ਤੇਰੇ) ਭਗਤਾਂ ਦਾ ਹੈ ॥੨॥ਰੇਸ਼ਮ ਤੇ ਘਿਉ ਦੇ ਭਾਂਡੇ ਬਾਰੇ ਕਦੇ ਕੋਈ ਮਨੁੱਖ ਪੁੱਛ ਨਹੀਂ ਕਰਦਾ (ਕਿ ਇਹਨਾਂ ਨੂੰ ਕਿਸ ਕਿਸ ਦਾ ਹੱਥ ਲੱਗ ਚੁਕਾ ਹੈ) ।(ਹੇ ਪ੍ਰਭੂ! ਤੇਰਾ) ਭਗਤ ਭੀ ਅਜੇਹਾ ਹੀ ਹੁੰਦਾ ਹੈ, ਭਾਵੇਂ ਉਹ ਕਿਸੇ ਹੀ ਜਾਤਿ ਵਿਚ (ਜੰਮਿਆ) ਹੋਵੇ ।ਜੋ ਬੰਦੇ ਤੇਰੇ ਨਾਮ ਵਿਚ ਲੀਨ ਰਹਿੰਦੇ ਹਨ ਲਿਵ ਲਾਈ ਰੱਖਦੇ ਹਨ,ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਉਹਨਾਂ ਦੇ ਦਰ ਤੇ (ਰੱਖ ਕੇ ਮੈਨੂੰ ਆਪਣੇ ਦਰਸਨ ਦਾ) ਖ਼ੈਰ ਪਾ ॥੩॥੧॥੨॥


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top