ਸੰਧਿਆ ਵੇਲੇ ਦਾ ਹੁਕਮਨਾਮਾ – 05 ਨਵੰਬਰ 2025
ਅੰਗ : 622
ਸੋਰਠਿ ਮਹਲਾ ੫ ॥ ਸੂਖ ਸਹਜ ਆਨੰਦਾ ॥ ਪ੍ਰਭੁ ਮਿਲਿਓ ਮਨਿ ਭਾਵੰਦਾ ॥ ਪੂਰੈ ਗੁਰਿ ਕਿਰਪਾ ਧਾਰੀ ॥ ਤਾ ਗਤਿ ਭਈ ਹਮਾਰੀ ॥੧॥ ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥ ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥ ਹਰਿ ਚਰਣ ਕੀ ਓਟ ਸਤਾਣੀ ॥ ਸਭ ਚੂਕੀ ਕਾਣਿ ਲੋਕਾਣੀ ॥ ਜਗਜੀਵਨੁ ਦਾਤਾ ਪਾਇਆ ॥ ਹਰਿ ਰਸਕਿ ਰਸਕਿ ਗੁਣ ਗਾਇਆ ॥੨॥ ਪ੍ਰਭ ਕਾਟਿਆ ਜਮ ਕਾ ਫਾਸਾ ॥ ਮਨ ਪੂਰਨ ਹੋਈ ਆਸਾ ॥ ਜਹ ਪੇਖਾ ਤਹ ਸੋਈ ॥ ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥੩॥ ਕਰਿ ਕਿਰਪਾ ਪ੍ਰਭਿ ਰਾਖੇ ॥ ਸਭਿ ਜਨਮ ਜਨਮ ਦੁਖ ਲਾਥੇ ॥ ਨਿਰਭਉ ਨਾਮੁ ਧਿਆਇਆ ॥ ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥
ਅਰਥ: ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਸਦਾ ਇਕ-ਰਸ (ਆਤਮਕ ਆਨੰਦ ਦੀ, ਮਾਨੋ,) ਬੀਣਾ ਵੱਜਦੀ ਰਹਿੰਦੀ ਹੈ।ਰਹਾਉ। (ਹੇ ਭਾਈ! ਜਦੋਂ ਤੋਂ) ਪੂਰੇ ਗੁਰੂ ਨੇ (ਮੇਰੇ ਉੱਤੇ) ਮੇਹਰ ਕੀਤੀ ਹੈ ਤਦੋਂ ਦੀ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ, (ਮੈਨੂੰ) ਮਨ ਵਿਚ ਪਿਆਰਾ ਲੱਗਣ ਵਾਲਾ ਪਰਮਾਤਮਾ ਮਿਲ ਪਿਆ ਹੈ, ਮੇਰੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ।੧। ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ-ਚਰਨਾਂ ਦਾ ਬਲਵਾਨ ਆਸਰਾ ਲੈ ਲਿਆ, ਦੁਨੀਆ ਦੇ ਲੋਕਾਂ ਵਾਲੀ ਉਸ ਦੀ ਸਾਰੀ ਮੁਥਾਜੀ ਮੁੱਕ ਗਈ। ਉਸ ਨੂੰ ਜਗਤ ਦਾ ਸਹਾਰਾ ਦਾਤਾਰ ਪ੍ਰਭੂ ਮਿਲ ਪੈਂਦਾ ਹੈ। ਉਹ ਸਦਾ ਬੜੇ ਪ੍ਰੇਮ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।੨। ਹੇ ਭਾਈ! ਮੇਰੀ ਭੀ ਪ੍ਰਭੂ ਨੇ ਜਮ ਦੀ ਫਾਹੀ ਕੱਟ ਦਿੱਤੀ ਹੈ, ਮੇਰੇ ਮਨ ਦੀ (ਇਹ ਚਿਰਾਂ ਦੀ) ਆਸ ਪੂਰੀ ਹੋ ਗਈ ਹੈ। ਹੁਣ ਮੈਂ ਜਿਧਰ ਵੇਖਦਾ ਹਾਂ, ਮੈਨੂੰ ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦਿਖਾਈ ਨਹੀਂ ਦੇਂਦਾ।੩। ਹੇ ਨਾਨਕ! ਪ੍ਰਭੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ, ਉਹਨਾਂ ਦੇ ਅਨੇਕਾਂ ਜਨਮਾਂ ਦੇ ਸਾਰੇ ਦੁੱਖ ਦੂਰ ਹੋ ਗਏ। ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ, ਉਹਨਾਂ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਕਦੇ ਦੂਰ ਨਹੀਂ ਹੁੰਦਾ।੪।੫।੫੫।

