ਅਮ੍ਰਿਤ ਵੇਲੇ ਦਾ ਹੁਕਮਨਾਮਾ – 21 ਅਗਸਤ 2025
ਅੰਗ : 700
ਜੈਤਸਰੀ ਮਹਲਾ ੫ ਘਰੁ ੩ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥ ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥ ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥ ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥ ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥
ਅਰਥ: ਰਾਗ ਜੈਤਸਰੀ, ਘਰ ੩ ਵਿੱਚ ਗੁਰੂ ਅਰਜਨ ਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ, ਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ। ਹੇ ਸੁਹਾਗਵਤੀ ਸਹੇਲੀਹੋ! (ਤੁਸੀਂ) ਦੱਸੋ (ਉਹ ਕਿਹੋ ਜਿਹਾ ਹੈ ?) ॥੧॥ ਰਹਾਉ ॥ ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ। ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਹੇ ਸੁਗਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ ॥੧॥ ਉਹ ਪਰਮਾਤਮਾ ਸਾਰਿਆਂ ਵਿਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ (ਫਿਰ ਭੀ, ਉਸ ਨੂੰ ਮਾਇਆ ਦਾ) ਰਤਾ ਭੀ ਲੇਪ ਨਹੀਂ ਹੈ। ਨਾਨਕ ਜੀ ਆਖਦੇ ਹਨ-ਹੇ ਲੋਕੋ! ਸੁਣੋ, ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ) ॥੨॥੧॥੨॥


🙏🙏🌼🌸🌺Satnam Sri Waheguru Ji Kirpa Kro Ha Kipalu Ha Dialu Tera Lakh Lakh Shukar Ha Waheguru Ji🌼🌸🌺🙏🙏