ਅਮ੍ਰਿਤ ਵੇਲੇ ਦਾ ਹੁਕਮਨਾਮਾ – 1 ਜੁਲਾਈ 2024
ਅੰਗ : 464
ਸਲੋਕ ਮਃ ੧
ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮ ਦੁਆਰੁ ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥ ਭੈ ਵਿਚਿ ਸਿਧ ਬੁਧ ਸੁਰ ਨਾਥ ॥ ਭੈ ਵਿਚਿ ਆਡਾਣੇ ਆਕਾਸ ॥ ਭੈ ਵਿਚਿ ਜੋਧ ਮਹਾਬਲ ਸੂਰ ॥ ਭੈ ਵਿਚਿ ਆਵਹਿ ਜਾਵਹਿ ਪੂਰ ॥ ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥
ਅਰਥ: ਹਵਾ ਸਦਾ ਹੀ ਰੱਬ ਦੇ ਡਰ ਵਿਚ ਚੱਲ ਰਹੀ ਹੈ। ਲੱਖਾਂ ਦਰੀਆਉ ਭੀ ਭੈ ਵਿਚ ਹੀ ਵਗ ਰਹੇ ਹਨ। ਅੱਗ ਜੋ ਸੇਵਾ ਕਰ ਰਹੀ ਹੈ, ਇਹ ਭੀ ਰੱਬ ਦੇ ਭੈ ਵਿਚ ਹੀ ਹੈ। ਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਹੀ ਭਾਰ ਹੇਠ ਨੱਪੀ ਪਈ ਹੈ। ਰੱਬ ਦੇ ਭੈ ਵਿਚ ਇੰਦਰ ਰਾਜਾ ਸਿਰ ਦੇ ਭਾਰ ਫਿਰ ਰਿਹਾ ਹੈ (ਭਾਵ, ਮੇਘ ਉਸ ਦੀ ਰਜ਼ਾ ਵਿਚ ਹੀ ਉੱਡ ਰਹੇ ਹਨ)। ਧਰਮ-ਰਾਜ ਦਾ ਦਰਬਾਰ ਭੀ ਰੱਬ ਦੇ ਡਰ ਵਿਚ ਹੈ। ਸੂਰਜ ਭੀ ਤੇ ਚੰਦ੍ਰਮਾ ਭੀ ਰੱਬ ਦੇ ਹੁਕਮ ਵਿਚ ਹਨ, ਕ੍ਰੋੜਾਂ ਕੋਹਾਂ ਚਲਦਿਆਂ ਦੇ ਪੈਂਡੇ ਦਾ ਓੜਕ ਨਹੀਂ ਆਉਂਦਾ। ਸਿੱਧ, ਬੁਧ, ਦੇਵਤੇ ਤੇ ਨਾਥ—ਸਾਰੇ ਰੱਬ ਦੇ ਭੈ ਵਿਚ ਹਨ। ਇਹ ਉੱਪਰ ਤਣੇ ਹੋਏ ਅਕਾਸ਼ (ਜੋ ਦਿੱਸਦੇ ਹਨ, ਇਹ ਭੀ) ਭੈ ਵਿਚ ਹੀ ਹਨ। ਬੜੇ ਬੜੇ ਬਲ ਵਾਲੇ ਜੋਧੇ ਤੇ ਸੂਰਮੇ ਸਭ ਰੱਬ ਦੇ ਭੈ ਵਿਚ ਹਨ। ਪੂਰਾਂ ਦੇ ਪੂਰ ਜੀਵ ਜੋ ਜਗਤ ਵਿਚ ਜੰਮਦੇ ਤੇ ਮਰਦੇ ਹਨ, ਸਭ ਭੈ ਵਿਚ ਹਨ। ਸਾਰੇ ਹੀ ਜੀਵਾਂ ਦੇ ਮੱਥੇ ਤੇ ਭਉ-ਰੂਪ ਲੇਖ ਲਿਖਿਆ ਹੋਇਆ ਹੈ, ਭਾਵ, ਪ੍ਰਭੂ ਦਾ ਨਿਯਮ ਹੀ ਐਸਾ ਹੈ ਕਿ ਸਾਰੇ ਉਸ ਦੇ ਭੈ ਵਿਚ ਹਨ। ਹੇ ਨਾਨਕ! ਕੇਵਲ ਇਕ ਸੱਚਾ ਨਿਰੰਕਾਰ ਹੀ ਭੈ-ਰਹਿਤ ਹੈ।1।


satnam waheguru ji
Waheguru ji. AkaL hi akaL hai